Monday, August 15, 2016

ਘਰੇਲੂ ਕੰਮ ਕਾਜੀ ਔਰਤਾਂ ਦੀ ਲੜਾਈ ਜੰਗੀ ਪੱਧਰ 'ਤੇ ਲੜਨੀ ਪਵੇਗੀ- ਬੱਬਲੀ ਰਾਵਤ

Monday 15 August 2016 at 21:43
2 ਸਤੰਬਰ ਦੀ ਹੜਤਾਲ ਸਰਕਾਰ ਦੀਆ ਚੂਲਾਂ ਹਿਲਾ ਦੇਵੇਗੀ- ਅਮਰਜੀਤ ਕੌਰ
ਜਗਸੀਰ ਜੀਦਾ:''ਸਾਡੀ ਪੱਗ ਨੂੰ ਫਰਾਂਸ ਤੋਂ ਖਤਰਾ, ਪੱਗੋ ਪੱਗੀ ਹੋ ਗਏ ਖਾਲਸੇ
ਅੰਮ੍ਰਿਤਸਰ 15 ਅਗਸਤ 2016: (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਕਾਮਰੇਡ ਪਰਦੁਮਣ ਸਿੰਘ ਅਤੇ ਕਾਮਰੇਡ ਸਤਪਾਲ ਡਾਂਗ ਵਰਗੇ ਮਿਸਾਲੀ ਕਾਮਰੇਡਾਂ ਦੇ ਦੇਹਾਂਤ ਤੋਂ ਬਾਅਦ ਅੰਮ੍ਰਿਤਸਰ ਦੀ ਮਜ਼ਦੂਰ ਲਹਿਰ ਵਿੱਚ ਆਏ ਖਿਲਾਅ ਨੂੰ ਪੂਰਾ ਕਰਨ ਦੀ ਇੱਕ ਹੋਰ ਠੋਸ ਕੋਸ਼ਿਸ਼ ਹੋਈ ਹੈ ਖੱਬੇ ਪੱਖੀ ਟਰੇਡ ਯੂਨੀਅਨ ਏਟਕ ਵੱਲੋਂ। ਇਸ ਮਕਸਦ ਲਈ ਦਿੱਲੀ ਤੋਂ ਕਾਮਰੇਡ ਅਮਰਜੀਤ ਕੌਰ, ਮੁੰਬਈ ਤੋਂ ਕਾਮਰੇਡ ਬਬਲੀ ਰਾਵਤ ਅਤੇ ਚੰਡੀਗੜ੍ਹ ਤੋਂ ਕਾਮਰੇਡ ਬੰਤ ਬਰਾੜ ਉਚੇਚੇ ਤੌਰ ਤੇ ਪੁਜੇ।  ਏਟਕ ਨੇ ਹੁਣ ਜਿਹਨਾਂ ਗੈਰ ਜੱਥੇਬੰਦ ਖੇਤਰਾਂ ਵੱਲ ਧਿਆਨ ਕੇਂਦਰਿਤ ਕੀਤਾ ਹੈ ਉਹਨਾਂ ਵਿੱਚ ਘਰੇਲੂ ਵਰਕਰ ਪਹਿਲੇ ਨੰਬਰ 'ਤੇ ਹਨ। ਇਹਨਾਂ ਦੀ ਗਿਣਤੀ ਸ਼ਾਇਦ ਸਭ ਤੋਂ ਵੱਧ ਹੈ ਅਤੇ ਇਹਨਾਂ ਦੀ ਲੋੜ ਹਰ ਥਾਂ ਮਹਿਸੂਸ ਕੀਤੀ ਜਾਂਦੀ ਹੈ। ਇਹਨਾਂ ਦੀ ਇੱਕ ਛੁੱਟੀ ਸਬੰਧਤ ਘਰ ਦਾ ਪੂਰਾ ਰੁਟੀਨ ਹਿਲਾ ਦੇਂਦੀ ਹੈ। ਕਾਮਰੇਡ ਬਬਲੀ ਰਾਵਤ ਵੱਲੋਂ ਮੁੰਬਈ ਵਰਗੀ ਥਾਂ 'ਤੇ ਇਹਨਾਂ ਨੂੰ ਸੰਗਠਿਤ ਕਰਕੇ ਇਹਨਾਂ ਦੇ ਅਧਿਕਾਰਾਂ ਦੀ ਜੰਗ ਬੜੀ ਸਫਲਤਾ ਨਾਲ ਲੜੀ ਜਾ ਰਹੀ ਹੈ। ਬਬਲੀ ਰਾਵਤ ਦੀ ਪੰਜਾਬ ਫੇਰੀ ਇਸ ਸਬੰਧ ਵਿੱਚ ਛੇਤੀ ਹੀ ਜ਼ਬਰਦਸਤ ਨਤੀਜੇ ਸਾਹਮਣੇ ਲਿਆਵੇਗੀ। 
ਏਟਕ ਵੱਲੋ ਕਰਵਾਏ ਗਏ ਅਜ਼ਾਦੀ ਦਿਵਸ ਦੇ ਸਮਾਗਮ ਨੂੰ ਸੰਬੋਧਨ ਕਰਦਿਆ ਸੀ.ਪੀ.ਆਈ ਦੀ ਕੇਂਦਰੀ ਆਗੂ ਬੀਬੀ ਅਮਰਜੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਲੰਮੇ ਹੱਥੀ ਲੈਦਿਆ ਜਿਥੇ ਪਾਣੀ ਪੀ ਪੀ ਕੇ ਕੋਸਿਆ ਉਥੇ ਸਮੂਹ ਲੋਕਾਂ ਨੂੰ 2 ਸਤੰਬਰ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਉਹਨਾਂ ਕਿਹਾ ਕਿ ਇਹ ਹੜਾਤਲ ਜਿਥੇ ਮਹਿੰਗਾਈ ਨੂੰ ਘੱਟ ਕਰਨ ਦਾ ਬਾਨਣੂ ਬੰਨੇਗੀ ਉਥੇ ਮੋਦੀਆਂ ਤੇ ਬਾਦਲਾਂ ਦੀਆ ਦੇਸ਼ ਮਾਰੂ ਨੀਤੀਆ ਵੀ ਜੱਗ ਜਾਹਿਰ ਕਰਕੇ ਇਹਨਾਂ ਨੂੰ ਗੱਦੀਆ ਤੋਂ ਲਾਂਭੇ ਕਰਨ ਲਈ ਮੁੱਢ ਵੀ ਬੰਨੇਗੀ। 
         ਸਥਾਨਕ ਪੁਤੀਲਘਰ ਚੌਕ ਵਿਖੇ ਘਰੇਲੂ ਮਜ਼ਦੂਰ ਔਰਤਾਂ ਤੇ ਹੋਰ ਸਬੰਧਿਤ ਖੇਤਰ ਦੇ ਮਜਦੂਰਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦੀ ਅੱਜ 69 ਵੀ ਵਰੇਗੰਢ ਤੇ 70 ਵਾਂ ਅਜਾਦੀ ਦਿਵਸ ਸਾਰੇ ਦੇਸ਼ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਾਕਮ ਧਿਰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪਣੇ ਅੰਦਾਜ਼ ਵਿੱਚ ਅੰਡਾਨੀਆ ਅੰਬਾਨੀਆ ਨੂੰ ਫਾਇਦੇ ਪਹੁੰਚਾਉਣ ਦੇ ਐਲਾਨ ਕਰ ਚੁੱਕੇ ਹੋਣਗੇ ਕਿਉਕਿ ਇਸ ਸਰਮਾਏਦਾਰ ਜਮਾਤ ਨੇ ਅਜ਼ਾਦੀ ਤੋ ਪਹਿਲਾਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਕਾਰਜ ਕੀਤੇ ਤੇ ਅੱਜ ਵੀ ਪੁੰਜੀਪਤੀਆ ਤੇ ਵਿਦੇਸ਼ ਕੰਪਨੀਆ ਨੂੰ ਬੁਲਾ ਕੇ ਲੁੱਟਣ ਦਾ ਖੁੱਲਾ ਮੌਕਾ ਦੇ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਵਿਦੇਸ਼ੀ ਕੰਪਨੀਆ ਧੜਾ ਧੜ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਆ ਰਹੀਆ ਹਨ ਜਿਸ ਨਾਲ ਸਾਡਾ ਪਰਚੂਨ ਦਾ ਕਾਰੋਬਾਰ ਪੂਰੀ ਤਰਾਂ ਬੰਦ ਹੋਣ ਕਿਨਾਰੇ ਪੁੱਜ ਗਿਆ ਹੈ। ਉਹਨਾਂ ਕਿਹਾ ਕਿ ਅੰਗਰੇਜ਼ਾਂ ਦੀ ਇੱਕ ਈਸਟ ਕੰਪਨੀ ਆਈ ਤਾਂ ਉਸ ਨੇ ਦੇਸ਼ ਤੇ ਤਿੰਨ ਦਹਾਕੇ ਦੇ ਕਰੀਬ ਰਾਜ ਕੀਤਾ ਪਰ ਹੁਣ ਜਿਸ ਤਰੀਕੇ ਨਾਲ ਵਿਦੇਸ਼ੀ ਕੰਪਨੀਆ ਨੂੰ ਖੁੱਲੇ ਰੂਪ ਵਿੱਚ ਵਪਾਰ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ ਉਹ ਦੇਸ਼ ਦੀ ਅਜ਼ਾਦੀ ਲਈ ਵੱਡਾ ਖਤਰਾ ਹਨ ਅਤੇ ਇਸ ਖਤਰੇ ਦਾ ਟਾਕਰਾ ਕਰਨ ਲਈ ਮਿਹਨਤਕਸ਼ ਲੋਕਾਂ ਨੂੰ ਇੱਕ ਮੁੱਠ ਹੋਣਾ ਪਵੇਗਾ। ਉਹਨਾਂ ਕਿਹਾ ਕਿ ਸਿਆਸੀ ਆਗੂ ਜਿਸ ਸੰਵਿਧਾਨ ਨੂੰ ਪਵਿੱਤਰ ਦਸਤਾਵੇਜ਼ ਮੰਨ ਕੇ ਉਸ ਦੀ ਸਹੁੰ ਖਾ ਕੇ ਲੋਕ ਸਭਾ ਵਿੱਚ ਜਾਂਦੇ ਹਨ ਫਿਰ ਉਸ ਸੰਵਿਧਾਨ ਵਿੱਚ ਤੋੜ ਫੋੜ ਕਰਨ ਤੋ ਬਾਜ ਨਹੀ ਆਉਦੇ।
           ਘਰੇਲੂ ਮਹਿਲਾਂ ਮਜਦੂਰਾਂ ਦੀਆ ਮੁਸ਼ਕਲਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਘਰੇਲੂ ਮਹਿਲਾਂ ਮਜਦੂਰਾਂ ਦਾ ਅੱਜ ਵੀ ਸ਼ੋਸ਼ਣ ਹੋ ਰਿਹਾ ਹੈ ਜਿਸ ਨੂੰ ਖਤਮ ਕਰਨ ਲਈ ਸਾਂਝੇ ਰੂਪ ਵਿੱਚ ਸੰਘਰਸ਼ ਕਰਨਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਲੜਾਈ ਉਹ ਅੰਮ੍ਰਿਤਸਰ ਤੋ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡੀ ਮੰਗ ਮਹਿੰਗਾਈ ਨੂੰ ਠੱਲ ਪਾਈ ਜਾਵੇ ਤੇ ਵਿਦੇਸ਼ਾ ਵਿੱਚੋ ਕਾਲਾ ਧੰਨ ਵਾਪਸ ਲਿਆ ਕੇ ਵਾਅਦੇ ਮੁਤਾਬਕ ਹਰੇਕ ਭਾਰਤ ਵਾਸੀ ਦੇ ਖਾਤੇ ਵਿੱਚ 15-15 ਲੱਖ ਜਮਾ ਕਰਵਾਇਆ ਜਾਵੇ। ਹਰੇਕ ਸ਼ਹਿਰੀ ਨੂੰ ਘੱਟੋ ਘੱਟ ਉਜਰਤ ਤੇ ਪੈਨਸ਼ਨ ਦੀ ਵਿਵਸਥਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸਿਆਸਤਦਾਨਾਂ ਨੂੰ ਪੈਨਸ਼ਨ ਮਿਲ ਸਕਦੀ ਹੈ ਤਾਂ ਫਿਰ ਮਜਦੂਰ ਨੂੰ ਕਿਉ ਨਹੀ। ਉਹਨਾਂ ਕਿਹਾ ਕਿ 2 ਸਤੰਬਰ ਨੂੰ 12 ਮੁੱਖ ਮੰਗਾਂ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ।  
       Êਸੀ.ਪੀ.ਆਈ ਦੇ ਸਾਬਕਾ ਪੰਜਾਬ ਸਕੱਤਰ ਤੇ ਕਿਸਾਨ ਆਗੂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਦੇਸ਼ ਤਾਂ ਅਜ਼ਾਦ ਜਰੂਰ ਹੋ ਗਿਆ ਹੈ ਪਰ ਦੇਸ਼ ਦਾ ਮਜਦੂਰ ਵਰਗ ਅੱਜ ਵੀ ਗੁਲਾਮ ਹੈ ਤੇ ਮਜਦੂਰ ਦੀ ਅਜ਼ਾਦੀ ਦੀ ਲੜਾਈ ਜੰਗੀ ਪੱਧਰ ਤੇ ਲੜਨੀ ਪਵੇਗੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪਿੱਤਰੀ ਸੂਬੇ ਗੁਜਰਾਤ ਵਿੱਚ ਮੋਦੀ ਦੇ ਅਖੌਤੀ ਗਊ ਰੱਖਿਅਕ ਗੁੰਡਿਆ ਨੇ ਜਿਸ ਤਰੀਕੇ ਨਾਲ ਮਰੀਆ ਗਊਆ ਦੀ ਖੱਲ ਰਹੇ ਦਲਿੱਤਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਅਧਮੋਇਆ ਕਰ ਦਿੱਤਾ ਉਹ ਗੁਲਾਮੀ ਦੀ ਨਹੀ ਸਗੋ ਜ਼ਾਲਮਆਨਾ ਰਾਜ ਦੀ ਤਸਵੀਰ ਪੇਸ਼ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਉਹਨਾਂ ਨੌਜਵਾਨਾਂ ਨੂੰ ਨਾ ਬਚਾਉਦੇ ਤੇ ਉਹਨਾਂ ਤੇ ਤੇਲ ਪਾ ਕੇ ਸਾੜ ਦਿੱਤਾ ਜਾਣਾ ਸੀ। ਉਹਨਾਂ ਕਿਹਾ ਕਿ ਇੰਨੀ ਜਾਲਮਾਨਾਂ ਕਾਰਵਾਈ ਤਾਂ ਕਿਸੇ ਤਾਨਾਸ਼ਾਹ ਨੇ ਵੀ ਨਹੀ ਕੀਤੀ ਸੀ। ਉਹਨਾਂ ਕਿਹਾ ਕਿ ਜਦੋ ਦਲਿੱਤਾਂ ਨੇ ਏਕਾ ਕਰਕੇ ਮਰੇ ਪਸ਼ੂ ਚੁੱਕਣ ਤੇ ਸਫਾਈ ਕਰਨ ਤੋ ਇਨਕਾਰ ਕਰਕੇ ਹੜਤਾਲ ਕਰ ਦਿੱਤੀ ਤੇ ਨਾਸਾਂ ਵਿੱਚੋ ਧੂੰਆ ਕੱਢ ਦਿੱਤਾ ਤਾਂ ਦਲਿੱਤਾਂ ਦੇ ਏਕੇ ਅੱਗੇ ਮੋਦੀ ਤੇ ਗੁਜਰਾਤ ਦੀ ਮੁੱਖ ਮੰਤਰੀ ਨੂੰ ਝੁਕਣਾ ਪਿਆ। ਉਹਨਾਂ ਕਿਹਾ ਕਿ ਦਲਿੱਤਾਂ ਨੂੰ ਲਾਲ ਝੰਡੇ ਥੱਲੇ ਜਥੇਬੰਦ ਹੋਣਾ ਪਵੇਗਾ ਤੇ ਚੋਰਾਂ ਦਾ ਬਾਈਕਾਟ ਕਰਕੇ ਸ਼ਹੀਦ ਭਗਤ ਸਿੰਘ ਤੋ ਹੋਰ ਅਜ਼ਾਦੀ ਘੁਲਾਟੀਆ ਦੇ ਸੁਫਨਿਆ ਦਾ ਦੇਸ਼ ਸਿਰਜਣਾ ਪਵੇਗਾ। ਉਹਨਾਂ ਕਿਹਾ ਕਿ ਗਰੀਬ ਨੂੰ ਮਕਾਨ ਬਣਾਉਣ ਲਈ ਪਲਾਟ ਤੇ ਪੰਜ ਪੰਜ ਲੱਖ ਰੁਪਈਆ ਗਰਾਂਟ ਮਕਾਨਾਂ ਦੀ ਉਸਾਰੀ ਲਈ ਦਿੱਤੀ ਜਾਵੇ। ਉਹਨਾਂ ਪੰਜਾਬ ਸਰਕਾਰ ਦੇ ਖਾਸਮ ਖਾਸ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ੇ ਵੇਚਣ ਦਾ ਆਪਣਾ ਗੌਰਖ ਧੰਦਾ ਤੁਰੰਤ ਬੰਦ ਕਰੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਦੇ ਦਰਿਆ ਵਿੱਚ ਰੁੜਣ ਤੋ ਬਚਾਇਆ ਜਾ ਸਕੇ। 
          ਮਹਾਂਰਾਸ਼ਟਰ ਤੋ ਵਿਸ਼ੇਸ਼ ਤੌਰ ਤੇ ਮਹਾਂਰਾਸ਼ਟਰ ਘਰੇਲੂ ਮਹਿਲਾਂ ਮਜਦੂਰ ਯੂਨੀਅਨ ਦੀ ਆਗੂ ਬੱਬਲੀ ਰਾਵਤ ਨੇ ਆਪਣੇ ਜੌਸ਼ੀਲੇ ਭਾਸ਼ਨ ਵਿੱਚ ਕਿਹਾ ਕਿ ਔਰਤ ਅਜ਼ਾਦ ਦੇਸ਼  ਵਿੱਚ ਵੀ ਗੁਲਾਮ ਹੈ ਅਤੇ ਗੁਲਾਮੀ ਸਭ ਤੋ ਵੱਡਾ ਸਰਾਪ ਹੁੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਮਹਾਂਰਾਸ਼ਟਰ ਵਿੱਚ 2002 ਵਿੱਚ ਘਰੇਲੂ ਕੰਮਕਾਜੀ ਔਰਤਾਂ ਦੀ ਅਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ ਤੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਸੀ ਕਿ ਉਹ ਔਰਤ ਦੇ ਵਿਕਾਸ ਲਈ ਇੱਕ ਬੋਰਡ ਬਣਾਏ । ਉਹਨਾਂ ਕਿਹਾ ਕਿ 2008 ਵਿੱਚ ਸਰਕਾਰ ਨੇ ਉਹਨਾਂ ਦੀ ਮੰਗ ਪ੍ਰਵਾਨ ਕਰ ਲਈ ਪਰ ਸੰਘਰਸ਼ ਜਾਰੀ ਰੱਖਣਾ ਪਿਆ ਕਿਉਕਿ ਬੋਰਡ ਬਣਾਉਣ ਨਾਲ ਹੀ ਕੰਮ ਮੁੱਕ ਨਹੀ ਜਾਂਦਾ। ਉਹਨਾਂ ਕਿਹਾ ਕਿ ਉਹਨਾਂ ਨੇ ਸਰਕਾਰ ਦੇ ਖਿਲਾਫ ਜਦੋ ਜੰਗ ਹੋਰ ਤੇਜ ਕਰ ਦਿੱਤੀ ਤਾਂ ਸਰਕਾਰ ਨੇ ਘਰਾਂ ਵਿੱਚ ਮਜਦੂਰੀ ਕਰਨ ਵਾਲੀਆ ਔਰਤਾਂ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਸਰਕਾਰ ਦੇ ਕਾਨੂੰਨ ਮੁਤਾਬਕ ਘਰਾਂ ਵਿੱਚ ਕੰਮ ਕਰਨ ਵਾਲੀਆ ਔਰਤਾਂ ਨੂੰ ਘੱਟੋ ਘੱਟ ਵੇਜ ਬੋਰਡ ਨਾਲ ਜੋੜ ਦਿੱਤਾ ਗਿਆ ਤੇ ਮਹੀਨੇ ਵਿੱਚ ਦੋ ਛੁੱਟੀਆ ਉਹਨਾਂ ਨੂੰ ਮਿਲਣ ਲੱਗ ਪਈਆਂ ਹਨ। ਉਹਨਾਂ ਕਿਹਾ ਕਿ ਛੁੱਟੀਆ ਵਧਾ ਕੇ ਚਾਰ ਕਰਾਉਣ ਲਈ ਉਹਨਾਂ ਦਾ ਸੰਘਰਸ਼ ਜਾਰੀ ਹੈ। ਉਹਨਾਂ ਕਿਹਾ ਕਿ ਪ੍ਰਸੂਤੀ ਛੁੱਟੀ ਦੇ ਪੈਸੇ ਸਰਕਾਰੀ ਖਜ਼ਾਨੇ ਵਿੱਚੋ ਦਿੱਤੇ ਜਾਣ ਅਤੇ ਪੈਨਸ਼ਨ ਵੀ ਦਿਵਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆ ਔਰਤਾਂ ਅੱਜ ਇਥੇ ਪ੍ਰਣ ਕਰਕੇ ਜਾਣ ਕਿ ਉਹ ਵੀ ਮਹਾਰਾਸ਼ਟਰ ਵਾਂਗ ਸੰਘਰਸ਼ ਸ਼ੁਰੂ ਕਰਕੇ ਪੰਜਾਬ ਵਿੱਚ ਵੀ ਸਰਕਾਰ ਨੂੰ ਬੋਰਡ ਬਣਾਉਣ ਲਈ ਲਾਲ ਝੰਡੇ ਦੀ ਕਮਾਂਡ ਹੇਠ ਮਜਬੂਰ ਕਰ ਦੇਣਗੀਆਂ। ਇਸਤਰੀ ਸਭਾ ਦੀ ਆਗੂ ਬੀਬੀ ਦਸਵਿੰਦਰ ਕੌਰ ਨੇ ਜਿਥੇ ਹੱਥ ਖੜੇ ਕਰਵਾ ਤੇ ਬੀਬੀਆ ਕੋਲੋ ਸੰਘਰਸ਼ ਸ਼ੁਰੂ ਕਰਨ ਦਾ ਪ੍ਰਣ ਲਿਆ ਉਥੇ ਆਏ ਆਗੂਆਂ ਦਾ ਧੰਨਵਾਦ ਵੀ ਕੀਤਾ।
          ਇਸ ਤੋ ਪਹਿਲਾਂ ਜਗਸੀਰ ਸਿੰਘ ਜੀਦਾ ਬਠਿੰਡਾ ਦੀ ਪਾਰਟੀ ਨੇ ਇਨਕਲਾਬੀ ਗੀਤ ਗਾ ਕੇ ਬੀਬੀਆ ਦਾ ਜਿਥੇ ਮੰਨੋਰੰਜਨ ਕੀਤਾ ਉਥੇ ਉਹਨਾਂ ਨੂੰ ਸ਼ਹੀਦਾਂ ਦੇ ਸੁਫਨਿਆ ਨੂੰ ਸਕਾਰ ਕਰਨ ਲਈ ਪ੍ਰੇਰਿਤ ਵੀ ਕੀਤਾ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਜਦੋਂ ਸਮਾਗਮ ਦੇ ਲਾਗੋ ਦੀ ਗੁਜਰਿਆ ਤੇ ਉਹ ਲਾਲ ਝੰਡੇ ਵਾਲਿਆ ਦੇ ਇਕੱਠ ਵੇਖ ਕੇ ਦੰਗ ਰਹੇ ਗਏ। ਜਦੋ ਸੁਖਬੀਰ ਸਿੰਘ ਬਾਦਲ ਲੰਘ ਰਹੇ ਸਨ ਤਾਂ ਜਗਸੀਰ ਸਿੰਘ ਨੇ ਸਰਕਾਰ ਤੋ ਵਿਅੰਗ ਭਰੀ ਟਿੱਪਣੀ ਕਰਦਿਆ ਕਿਹਾ ਕਿ, ''ਮੁੱਖ ਮੰਤਰੀ ਦੀ ਕੁਰਸੀ ਹੈ ਪੁੱਤ ਲਈ, ਲੋਕਾਂ ਲਈ ਸਹਾਇਕ ਧੰਦੇ ਨੇ।" ਇਸੇ ਤਰਾਂ ਝੂਠੇ ਪਰਚਿਆ ਦੀ ਗੱਲ ਕਰਦਿਆ ਉਸ ਨੇ ਕਿਹਾ ਕਿ, ''ਬਾਗੀ ਨਾ ਹੋ ਜਾਈ ਜਥੇਦਾਰਾ ਪੰਥ ਕੋਲੋ, ਪਿਉ ਪੁੱਤ ਰੋਲ ਦੇਣਗੇ।'' ਫਰਾਂਸ ਵਾਲੇ ਪੱਗ ਦੇ ਮਸਲੇ ਤੇ ਸ਼ੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਵੱਲ ਮੱਕੜ ਵੱਲ ਇਸ਼ਾਰਾ ਕਰਦਿਆ ਤੇ ਉਹਨਾਂ ਦੀ ਲੱਥੀ ਪੱਗ ਦਾ ਜ਼ਿਕਰ ਆਪਣੇ ਅੰਦਾਜ਼ ਵਿੱਚ ਕਰਦਿਆ ਕਿਹਾ ਕਿ,''ਸਾਡੀ ਪੱਗ ਨੂੰ ਫਰਾਂਸ ਤੋਂ ਖਤਰਾ, ਪੱਗੋ ਪੱਗੀ ਹੋ ਗਏ ਖਾਲਸੇ।'' ਵੋਟਾਂ ਦੀ ਰਾਜਨੀਤੀ ਤੇ ਟਿੱਪਣੀ ਕਰਦਿਆ ਉਹਨਾਂ ਕਿਹਾ ਕਿ, ''ਦਿਲ ਜਿੱਤਣਾ ਭਾਂਵੇ ਨਹੀ ਆਉਦਾ, ਵੋਟਾਂ ਲੈ ਕੇ ਜਿੱਤ ਜਾਣਗੇ।'' 
        ਸਮਾਗਮ ਵਿੱਚ ਏਟਕ ਦੇ ਆਗੂ ਅਮਰਜੀਤ ਸਿੰਘ ਆਸਲ, ਪ੍ਰੋ ਬਲਦੇਵ ਸਿੰਘ ਵੇਰਕਾ, ਕਾਮਰੇਡ ਦੇਸ ਰਾਜ, ਕਾਮਰੇਡ ਦਰਸ਼ਨ ਦਰਦ, ਕਾਮਰੇਡ ਜੋਗਿੰਦਰ ਲਾਲ, ਬੀਬੀ ਪਰਵੀਨ ਕੌਰ, ਪਰਮਜੀਤ ਸਿੰਘ ਸੀ.ਪੀ.ਡਬਲਯੂ.ਡੀ, ਕਾਮਰੇਡ ਗਿਆਨੀ ਗੁਰਦੀਪ ਸਿੰਘ ਛੇਹਰਟਾ, ਏਕਤਾ ਭਵਨ ਛੇਹਰਟਾ ਦੇ ਇੰਚਾਰਜ ਵਿਜੇ ਕੁਮਾਰ, ਬੀਬੀ ਪਰਮਜੀਤ ਕੌਰ, ਬੀਬੀ ਗੁਰਬਖਸ਼ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਕਲਵਿੰਦਰ ਕੌਰ ਕੋਟ ਖਾਲਸਾ, ਬਲਜਿੰਦਰ ਕੌਰ ਕੋਟ ਖਾਲਸਾ, ਨਰਿੰਦਰ ਕੌਰ, ਬੇਬੀ, ਮਨਦੀਪ ਕੌਰ, ਰਾਵੀਨ ਆਦਿ ਵੀ ਹਾਜ਼ਰ ਸਨ। ਕੁਲ ਮਿਲਾ ਕੇ ਘਰੇਲੂ ਮਹਿਲਾ ਵਰਕਰਾਂ ਦੇ ਹੱਕਾਂ ਲਈ ਸ਼ੁਰੂ ਕੀਤੀ ਗਈ ਜੰਗ ਪੰਜਾਬ ਦੀ ਸਮੁੱਚੀ ਮਜ਼ਦੂਰ ਲਹਿਰ ਨੂੰ ਫਾਇਦਾ ਪਹੁੰਚਾਏਗੀ। ਹੁਣ ਦੇਖਣਾ ਹੈ ਕਿ ਕਾਮਰੇਡ ਬਬਲੀ ਰਾਵਤ ਅਤੇ ਕਾਮਰੇਡ ਅਮਰਜੀਤ ਕੌਰ ਦਾ ਇਹ ਜ਼ੋਰਦਾਰ ਸੰਘਰਸ਼ ਮੁੰਬਈ ਨੂੰ ਪੰਜਾਬ ਕਦੋਂ ਬਣਾਉਂਦਾ ਹੈ। 
ਅੰਮ੍ਰਿਤਸਰ ਦੀ ਧਰਤੀ ਤੋਂ ਕਿਰਤੀ ਔਰਤਾਂ ਵੱਲੋਂ ਸੰਘਰਸ਼ ਦਾ ਬਿਗਲ 

No comments: