Sunday, August 07, 2016

ਉਮਰ ਖਾਲਿਦ ਵੱਲੋਂ "ਸੱਚੀ ਆਜ਼ਾਦੀ" ਲਈ "ਜੱਦੋਜਹਿਦ" ਦੀ ਹਮਾਇਤ ਦਾ ਸੱਦਾ

ਅਜਿਹੀ ਹਮਾਇਤ ਹੀ ਫਾਸ਼ੀਵਾਦ ਦੇ ਹਮਲੇ ਨੂੰ ਠੱਲ ਪਾ ਸਕਦੀ ਹੈ 
ਪੱਤਰਕਾਰ ਮਾਲਿਨੀ ਸੁਬਰਾਮਨੀਅਮ ਨੇ ਬਿਆਨ ਕੀਤੀ ਬਸਤਰ ਵਿਚਲੀ ਹਕੀਕਤ
ਲੁਧਿਆਣਾ: 7 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਅੱਜ ਵੀ ਪੰਜਾਬੀ ਭਵਨ ਵਿੱਚ ਆਮ ਦਿਨਾਂ ਵਰਗੀ ਚਹਿਲ ਪਹਿਲ ਸੀ। ਬਾਹਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਸਨ ਅਤੇ ਅੰਦਰ ਵੀ।  ਪਤਾ ਲੱਗਿਆ ਕਿ ਅੱਜ ਜੇ ਐਨ ਯੂ ਤੋਂ ਉਮਰ ਖਾਲਿਦ ਅਤੇ ਬਸਤਰ ਤੋਂ ਮਾਲਿਨੀ ਸੁਬਰਾਮਨੀਅਮ ਆਏ ਹੋਏ ਸਨ। ਮਾਲਿਨੀ ਨੇ ਬਸਤਰ ਦੀਆਂ ਮੌਜੂਦਾ ਹਾਲਤਾਂ ਅਤੇ ਉੱਥੋਂ ਦੀ ਔਖੀ ਪੱਤਰਕਾਰੀ ਬਾਰੇ ਦੱਸਿਆ ਜਦਕਿ ਉਮਰ ਖਾਲਿਦ ਨੇ ਆਜ਼ਾਦੀ ਅਤੇ ਜਮਹੂਰੀਅਤ ਦੀ ਹਕੀਕਤ ਬਾਰੇ ਤੱਥਾਂ ਅਤੇ ਅੰਕੜਿਆਂ ਸਮੇਤ ਵੱਖ ਵੱਖ ਸਮੇਂ ਵਾਪਰੀਆਂ ਸੱਚੀਆਂ ਦਾਸਤਾਨਾਂ ਨਾਲ ਆਪਣਾ ਸੁਨੇਹਾ ਦਿੱਤਾ। ਹਾਲ ਪੂਰੀ ਤਰਾਂ ਭਰਿਆ ਹੋਇਆ ਸੀ।  ਮੀਡੀਆ ਦੇ ਫੋਟੋਗ੍ਰਾਫਰਾਂ ਲਈ ਵੀ ਇੱਕ ਇੱਕ ਕਦਮ ਚੁੱਕ ਕੇ ਏਧਰੋਂ ਓਧਰ ਜਾਣਾ ਬੇਹੱਦ ਮੁਸ਼ਕਿਲ ਵਾਲਾ ਕੰਮ ਸੀ। ਸਰੋਤਿਆਂ ਵਿੱਚ ਛੋਟੀ ਉਮਰ ਦੇ ਲੋਕ ਵੀ ਸਨ ਅਤੇ ਵੱਡੀ ਵਡੇਰੀ ਉਮਰ ਦੇ ਵਿਅਕਤੀ ਵੀ ਜਿਹਨਾਂ ਨੂੰ ਮਗਰ ਲਾਉਣਾ ਸੌਖਾ ਨਹੀਂ ਹੁੰਦਾ। ਗੱਲ ਗੱਲ 'ਤੇ ਨੁਕਤਾਚੀਨੀ ਕਰਨ ਵਾਲੇ ਗਿਆਨਵਾਨ ਬੁਧੀਜੀਵੀ ਵੀ ਸਨ।  ਪਾਰ ਹੈਰਾਨੀ ਦੀ ਗੱਲ ਕਿ ਸਾਰੇ ਇੱਕ ਸਾਹ ਹੋ ਕੇ ਸੁਣ ਰਹੇ ਸਨ। ਇਹਨਾਂ ਦਰਸ਼ਕਾਂ ਸਰੋਤਿਆਂ ਨੇ ਪਾਣੀ ਵੀ ਉਦੋਂ ਪੀਤਾ ਜਦੋਂ ਪ੍ਰਬੰਧਕਾਂ ਨੇ ਮਾਲਿਨੀ ਸੁਬਰਾਮਨੀਅਮ ਦੇ ਬੋਲ ਹਟਣ ਮਗਰੋਂ ਪੰਜਾਂ ਕੁ ਮਿੰਟਾਂ ਦੀ ਬ੍ਰੇਕ ਦਾ ਐਲਾਨ ਕੀਤਾ। ਮਾਲਿਨੀ ਅਤੇ ਉਮਰ-ਦੋਹਾਂ ਨੇ ਬੜੇ ਹੀ ਸੰਤੁਲਿਤ ਸ਼ਬਦਾਂ ਵਿੱਚ ਅਸੰਤੁਲਿਤ ਹਾਲਤਾਂ ਦਾ ਵੇਰਵਾ ਦਿੱਤਾ। ਉਹਨਾਂ ਬੇਹੱਦ ਆਉਦੀਆਂ ਹਕੀਕਤਾਂ ਬਾਰੇ ਦੱਸਿਆ।
ਉਹਨਾਂ ਕਿਹਾ-ਜਿਸ ਰਾਜ ਪ੍ਰਬੰਧ ਵਿਚ ਸੋਨੀ ਸੋਰੀ ਨੂੰ ਜਿਣਸੀ ਤਸੀਹੇ ਦੇਣ ਵਾਲਾ ਬਹਾਦਰੀ ਮੈਡਲ ਨਾਲ ਸਨਮਾਨਤ ਕੀਤਾ ਜਾਂਦਾ ਹੈ ਅਤੇ 2000 ਲੋਕਾਂ ਦਾ ਕਾਤਲ ਜੇਲ੍ਹ ਦੀ ਬਜਾਏ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੁੰਦਾ ਹੈ ਤਾਂ ਇਹ ਸਹੀ ਮਾਇਨਿਆਂ ਵਿਚ ਜਮਹੂਰੀਅਤ ਅਤੇ ਆਜ਼ਾਦੀ ਨਹੀਂ ਹੈ ਚਾਹੇ ਇਹ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਕਿਉਂ ਨਾ ਹੋਵੇ, ਸਾਨੂੰ ਸੱਚੀ ਜਮਹੂਰੀਅਤ ਅਤੇ ਆਜ਼ਾਦੀ ਲਈ ਲੜਨਾ ਹੋਵੇਗਾ।”  
ਇਹ ਵਿਚਾਰ ਅੱਜ ਇਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵਲੋਂ ਅੱਜ ਸਥਾਨਕ ਪੰਜਾਬੀ ਭਵਨ ਵਿਖੇ ਹਿੰਦੂਤਵੀ ਫ਼ਾਸ਼ੀਵਾਦ ਦਾ ਟਾਕਰਾ ਅਤੇ ਬਸਤਰ ਵਿਚ ਦਮਨ” ਵਿਸ਼ੇ ਬਾਰੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜੇ.ਐਨ.ਯੂ. ਤੋਂ ਵਿਦਿਆਰਥੀ ਆਗੂ ਉਮਰ ਖ਼ਾਲਿਦ ਨੇ ਪ੍ਰਗਟ ਕੀਤੇ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਉਮਰ ਖ਼ਾਲਿਦ, ਮਾਲਿਨੀ ਸੁਬਰਾਮਨੀਅਤ, ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਸਤੀਸ਼ ਸਚਦੇਵਾ ਸ਼ੁਸ਼ੋਭਿਤ ਸਨ। ਉਨ੍ਹਾਂ ਕਿਹਾ ਕਿ ਅਸੀਂ ਤੈਅ ਕਰਨਾ ਹੈ ਕਿ ਕਿਸ ਤਰ੍ਹਾਂ ਦੀ ਆਜ਼ਾਦੀ ਨੂੰ ਮਨਜ਼ੂਰ ਕਰਨਾ ਹੈ। ਲਾਲ ਕਿਲ੍ਹੇ ਤੋਂ ਆਜ਼ਾਦੀ ਦੇ ਖੋਖਲੇ ਭਾਸ਼ਣਾਂ ਨੂੰ ਜਾਂ ਸੱਚੀ ਆਜ਼ਾਦੀ ਲਈ ਸੰਘਰਸ਼ਾਂ ਨੂੰ। ਬਸਤਰ ਦੇ ਵਿਕਾਸ ਮਾਡਲ ਦੇ ਦਾਅਵਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਲਈ ਆਦਿਵਾਸੀਆਂ ਦੀ ਬਲੀ ਨੂੰ ਜਾਇਜ਼ ਠਹਿਰਾਉਣ ਵਾਲਾ ਵਿਕਾਸ ਮਾਡਲ ਹੱਲ ਨਹੀਂ ਦਰਅਸਲ ਖ਼ੁਦ ਹੀ ਸਮੱਸਿਆ ਹੈ ਜਿਸ ਤਹਿਤ ਚਾਰ­-ਮਾਰਗੀ ਸੜਕਾਂ ਉਥੇ ਤੇਜ਼ੀ ਨਾਲ ਸੁਰੱਖਿਆ ਤਾਕਤਾਂ ਭੇਜਣ ਲਈ ਵਿਛਾਈਆਂ ਜਾ ਰਹੀਆਂ ਹਨ, ਜੋ ਲੋਕਾਂ ਲਈ ਸਿਹਤ ਤੇ ਸਿਖਿਆ ਸਹੂਲਤਾਂ ਨਹੀਂ ਸਗੋਂ ਵਿਨਾਸ਼ ਅਤੇ ਤਬਾਹੀ ਦਾ ਸਾਧਨ ਹਨ। ਜਿਥੇ ਹੁਣ ਮਿਸ਼ਨ-2016 ਤਹਿਤ ਹਵਾਈ ਬੰਬਾਰੀ ਰਾਹੀਂ ਆਦਿਵਾਸੀ ਵਸੋਂ ਨੂੰ ਨੇਸਤੋਨਾਬੂਦ ਕੀਤਾ ਜਾ ਰਿਹਾ ਹੈ। ਇਹ ਕਹਿਣਾ ਗ਼ਲਤ ਹੈ ਕਿ ਲੋਕ ਮਾਓਵਾਦੀਆਂ ਅਤੇ ਸੁਰੱਖਿਆ ਤਾਕਤਾਂ ਦਰਮਿਆਨ ਪਿਸ ਰਹੇ ਹਨ, ਲੋਕ ਆਪਣੇ ਜੀਵਨ-ਵਸੀਲਿਆਂ ਅਤੇ ਸਵੈਮਾਣ ਦੀ ਰਾਖੀ ਲਈ ਲੜ ਰਹੇ ਹਨ। ਇਹ ਲੜਾਈ ਹੀ ਅਖਾਉਤੀ ਵਿਕਾਸ ਮਾਡਲ ਅਤੇ ਹਿੰਦੂਤਵੀ ਫਾਸ਼ੀਵਾਦ ਦੇ ਜੁੜਵੇਂ ਹਮਲੇ ਨੂੰ ਠੱਲ ਪਾ ਸਕਦੀ ਹੈ। ਸਾਨੂੰ ਇਸ ਲੜਾਈ ਦੀ ਡੱਟਕੇ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਸਰਕਾਰੀ ਪ੍ਰਾਪੇਗੰਡੇ ਤੋਂ ਸੁਚੇਤ ਕਰਦਿਆਂ ਕਿਹਾ ਕਿ ਜੇ ਲੋਕਾਂ ਦੇ ਟੈਕਸਾਂ ਦਾ ਪੈਸਾ ਜੇ ਗ਼ਰੀਬੀ, ਭੁੱਖਮਰੀ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਬਜਾਏ ਲੋਕਾਂ ਦੀ ਹੱਕ­-ਜਤਾਈ ਨੂੰ ਦਬਾਉਣ ਲਈ ਸੁਰੱਖਿਆ ਤਾਕਤਾਂ ਉੱਪਰ ਖ਼ਰਚਿਆ ਜਾ ਰਿਹਾ ਹੈ ਤਾਂ ਇਹ ਸਭ ਤੋਂ ਵੱਡਾ ਘਪਲਾ ਹੈ ਜਿਸ ਉੱਪਰ ਹਰ ਜਾਗਰੂਕ ਨਾਗਰਿਕ ਨੂੰ ਸਵਾਲ ਉਠਾਉਣਾ ਚਾਹੀਦਾ ਹੈ। ਮੁੱਖਧਾਰਾ ਦੀ ਸੁਰੱਖਿਆ ਕੇਂਦਰਤ ਰਾਸ਼ਟਰਵਾਦੀ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਵਿਚ ਅੱਜ ਤਕ ਐਸੀ ਕੋਈ ਫ਼ੌਜ ਨਹੀਂ ਜੋ ਅਵਾਮ ਦੀ ਆਜ਼ਾਦੀ ਦੀ ਰੀਝ ਨੂੰ ਖ਼ਤਮ ਕਰ ਸਕੇ। ਕਸ਼ਮੀਰ ਵਿਚ ਹਾਲੀਆ ਵਿਰੋਧ ਲਹਿਰ ਦੀ ਗੱਲ ਕਰਦਿਆਂ ਉਨ੍ਹਾਂ ਕਿ ਸਥਾਪਤੀ ਦਾ ਪ੍ਰਚਾਰ ਹਮੇਸ਼ਾ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿਚ ਨਹੀਂ ਰੱਖ ਸਕਦਾ।
ਕੌਮਾਂਤਰੀ ਪੱਤਰਕਾਰ ਸਨਮਾਨ ਨਾਲ ਸਨਮਾਨਿਤ ਪੱਤਰਕਾਰ ਮਾਲਿਨੀ ਸੁਬਰਾਮਨੀਅਮ ਨੇ ਬਸਤਰ ਵਿਚ ਆਦਿਵਾਸੀਆਂ ਵਿਰੁੱਧ ਲੜੀ ਜਾ ਰਹੀ ਨਹੱਕੀ ਜੰਗ ਬਾਰੇ ਆਪਣੇ ਸਿੱਧੇ ਅਨੁਭਵ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਪ੍ਰੈੱਸ ਦੀ ਆਜ਼ਾਦੀ ਸਹਿਮ ਦੇ ਸਾਏ ਹੇਠ ਹੈ ਜਿਥੇ ਜਾਂ ਤਾਂ ਪੁਲਿਸ ਦੇ ਪ੍ਰੈੱਸ ਨੋਟ ਖ਼ਬਰ ਵਜੋਂ ਛਾਪਣੇ ਪੈਂਦੇ ਹਨ ਜਾਂ ਫਿਰ ਬਸਤਰ ਛੱਡਣਾ ਪੈਂਦਾ ਹੈ। ਇਸ ਅਖਾਉਤੀ ਵਿਕਾਸ ਮਾਡਲ ਨੂੰ ਰੱਦ ਕਰਦੇ ਹੋਏ ਵਿਕਾਸ ਨੂੰ ਮੁੜ ਪ੍ਰੀਭਾਸ਼ਤ ਕਰਨਾ ਹੋਵੇਗਾ। ਵਿਕਾਸ ਲਈ ਕੁਦਰਤੀ ਵਸੀਲਿਆਂ ਦੀ ਵਰਤੋਂ ਦੇ ਨਾਂ ਹੇਠ ਐਸੇ ਵਿਕਾਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਜੋ ਵਿਸ਼ਾਲ ਅਵਾਮ ਦੇ ਉਜਾੜੇ, ਬਰਬਾਦੀ ਅਤੇ ਮਨੁੱਖੀ ਹੱਕਾਂ ਦੇ ਘਾਣ ਦੀ ਵਾਹਕ ਹੋਵੇ। ਐਸੇ ਮਾਡਲ ਵਿਰੁੱਧ ਲੋਕਾਂ ਦੀ ਜੱਦੋਜਹਿਦ ਦਾ ਸਾਥ ਦੇਕੇ ਹੀ ਕਾਰਪੋਰੇਟ ਵਿਕਾਸ ਦੀ ਦਰਿੰਦਗੀ ਨੂੰ ਰੋਕਿਆ ਜਾ ਸਕਦਾ ਹੈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਫਾਸ਼ੀਵਾਦ ਦੀ ਬੁਨਿਆਦ ਝੂਠ ਦੇ ਪ੍ਰਚਾਰ ਅਤੇ ਅਫ਼ਵਾਹਾਂ ਉੱਪਰ ਹੁੰਦੀ ਹੈ ਜਿਸ ਨੂੰ ਬੇਨਕਾਬ ਕਰਨ ਲਈ ਹਰ ਵਰਤਾਰੇ ਦੇ ਸਹੀ ਤੱਥ ਲੋਕਾਂ ਵਿਚ ਲਿਜਾਕੇ ਲੋਕਰਾਇ ਬਣਾਉਣ ਜ਼ਰੂਰੀ ਹੈ, ਤੱਥਾਂ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਪੱਤਰਕਾਰਾਂ, ਵਕੀਲਾਂ ਅਤੇ ਜਮਹੂਰੀਅਤ ਪਸੰਦ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰੋਫੈਸਰ ਮਲੇਰੀ ਵਲੋਂ ਪੇਸ਼ ਕੀਤੇ ਮਤਿਆਂ ਵਿਚ ਕਸ਼ਮੀਰ ਵਿਚ ਢਾਹੇ ਜਾ ਰਹੇ ਜਬਰ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਕਸ਼ਮੀਰੀ ਲੋਕਾਂ ਨੂੰ ਸਵੈਨਿਰਣੇ ਦਾ ਹੱਕ ਦੇਣ, ਉਥੋਂ ਫ਼ੌਜੀ ਤਾਕਤਾਂ ਬਾਹਰ ਕੱਢਣ, ਅਫ਼ਸਪਾ ਅਤੇ ਹੋਰ ਜ਼ਾਲਮ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਗੁਜਰਾਤ ਵਿਚ ਗਊ ਹੱਤਿਆ ਦੇ ਨਾਂ ਹੇਠ ਦਲਿਤਾਂ ਉੱਪਰ ਢਾਹੇ ਵਹਿਸ਼ੀ ਤਸ਼ੱਦਦ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਇਸ ਦੇ ਖਿ਼ਲਾਫ਼ ਦਲਿਤਾਂ ਦੇ ਸੰਘਰਸ਼ ਅਤੇ ਫ਼ਗਵਾੜਾ ਵਿਚ ਦਲਿਤ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵਲੋਂ ਹਿੰਦੂ ਫਾਸ਼ੀਵਾਦ ਦੇ ਸਾਂਝੇ ਵਿਰੋਧ ਨਾਲ ਇਕਮੁੱਠਤਾ ਪ੍ਰਗਟਾਈ ਗਈ।

No comments: