Monday, August 29, 2016

ਪੀਏਯੂ ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

Mon, Aug 29, 2016 at 9:33 AM
ਭ੍ਰਿਸ਼ਟ ਹੋ ਚੁੱਕੇ ਸਮਾਜ ਲਈ ਬਣ ਕੇ ਆਏ ਇੱਕ ਮਿਸਾਲ 
ਤਸਵੀਰ ਵਿੱਚ ਵੇਖ ਸਕਦੇ ਹੋ ਵਿਦਿਆਰਥੀ ਪੁਲਿਸ ਕਰਮਚਾਰੀ ਨੂੰ ਮੋਬਾਈਲ ਵਾਪਿਸ ਕਰਦੇ ਹੋਏ, ਨਾਲ ਹਨ ਪੀਏਯੂ ਦੇ ਵਧੀਕ ਨਿਰਦੇਸ਼ਕ ਦੂਰਸੰਚਾਰ ਪੀਏਯੂ ਡਾ (ਸ਼੍ਰੀਮਤੀ) ਜਗਦੀਸ਼ ਕੌਰ ਅਤੇ ਓਹਨਾ ਦੇ ਨਿੱਜੀ ਸਹਾਇਕ ਸ਼੍ਰੀ ਸੋਹਣ ਸਿੰਘ
ਲੁਧਿਆਣਾ: 29 ਅਗਸਤ 2016:(ਪੰਜਾਬ ਸਕਰੀਨ ਬਿਊਰੋ):
ਪੀਏਯੂ ਲੁਧਿਆਣਾ ਦੇ ਵਿਦਿਆਰਥੀ ਜਿਥੇ ਪੜਾਈ, ਖੇਤੀਬਾੜੀ, ਸਾਹਿਤ ਅਤੇ ਖੇਡਾਂ ਆਦਿ ਵਿਚ ਮੱਲਾ ਮਾਰਦੇ ਹਨ ਉਥੇ ਹੀ ਇਸ ਯੂਨੀਵਰਸਿਟੀ ਦੇ ਕਾਬਿਲ ਵਿਦਿਆਰਥੀਆਂ ਵੱਲੋਂ ਇਮਾਨਦਾਰ ਦੇ ਰਾਹ ਚੱਲਦਿਆਂ ਅੱਜ ਦੇ ਭ੍ਰਸ਼ਟ ਹੋ ਚੁੱਕੇ ਸਮਾਜ ਲਈ ਇੱਕ ਮਿਸਾਲ ਵਜੋਂ ਉਭਰ ਕੇ ਆਉਂਦੇ ਹਨ। ਤਾਜ਼ਾ ਉਦਾਹਰਣ ਪੀਏਯੂ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਵਿਦਿਆਰਥੀ ਪੀਐਚਡੀ ਸਕਾਲਰ ਨਿਰਮਲ ਸਿੰਘ ਅਤੇ ਐਮਐਸਸੀ ਵਿਦਿਆਰਥੀ ਵਰਿੰਦਰ ਸਿੰਘ ਨੇ ਇੱਕ ਪੁਲਿਸ ਕਰਮਚਾਰੀ ਦਾ ਬਜਾਰ ਵਿੱਚ ਸੜਕ‘ਤੇ ਡਿਗਿਆ ਮੋਬਾਈਲ ਚੁੱਕ ਕੇ ਇਮਾਨਦਾਰੀ ਨਾਲ ਵਾਪਿਸ ਕਰਨ ਦੀ ਹੈ। ਦੋਨੋ ਵਿਦਿਆਰਥੀ ਆਪਣੇ ਨਿਜੀ ਕੰਮ ਕਾਰ ਦੇ ਚੱਲਦਿਆਂ ਬਜਾਰ ਗਏ ਸਨ ਜਿਥੇ ਸੜਕ ਉੱਪਰ ਡਿਗਿਆ ਇੱਕ ਕੀਮਤੀ ਫੋਨ ਵਿਦਿਆਰਥੀ ਨਿਰਮਲ ਸਿੰਘ ਦੀ ਨਜ਼ਰੇ ਪਿਆ ਅਤੇ ਉਸਨੇ ਮੋਬਾਈਲ ਨੂੰ ਆਉਂਦੇ ਵਾਹਨਾਂ ਹੇਂਠ ਆਉਣ ਤੋਂ ਬਚਾਉਂਦੇ ਹੋਏ ਭੱਜ ਕੇ ਫੋਨ ਆਪਣੀ ਹਿਫਾਜ਼ਤ ਵਿੱਚ ਲੈ ਲਿਆ। ਫੋਨ ਦੇ ਕੀਮਤੀ ਹੋਣ ਦੇ ਬਾਵਜੂਦ ਕਿਸੇ ਪ੍ਰਕਾਰ ਦੀ ਹੇਰਾਫੇਰੀ ਦਾ ਖਿਆਲ ਦੋਹਾਂ ਵਿਦਿਆਰਥੀਆਂ ਦੇ ਮਨ ਵਿੱਚ ਭੋਰਾ ਨਹੀਂ ਆਇਆ ਅਤੇ ਉਹਨਾ ਫੋਨ ਉੱਪਰ ਮਾਲਿਕ ਦੀ ਕਾੱਲ ਆਉਣ ਦਾ ਇੰਤਜ਼ਾਰ ਕੀਤਾ। ਜਲਦ ਹੀ ਇੱਕ ਮਹਿਲਾ ਦੀ ਫੋਨ ਦੇ ਮਾਲਿਕ ਵਜੋਂ ਕਾੱਲ ਆਈ ਅਤੇ ਉਹਨਾਂ ਮਾਲਿਕ ਨੂੰ ਪੀਏਯੂ ਵਿੱਚ ਆਕੇ ਆਪਣਾ ਫੋਨ ਸਹੀ ਸਲਾਮਤ ਵਾਪਿਸ ਲੈ ਜਾਣ ਲਈ ਕਿਹਾ। ਯੂਨੀਵਰਸਿਟੀ ਪਹੁੰਚਣ ਉੱਪਰ ਪਤਾ ਲੱਗਿਆ ਕਿ ਉਹ ਫੋਨ ਇੱਕ ਪੁਲਿਸ ਵਿਭਾਗ ਵਿੱਚ ਕਰਮਚਾਰੀ ਮਹਿਲਾ ਦਾ ਸੀ ਉਹ ਆਪਣੀ ਇੱਕ ਹੋਰ ਸਾਥਣ ਸਮੇਤ ਫੋਨ ਲੈਣ ਪੁੱਜੀ। ਦੋਹਾਂ ਵਿਦਿਆਰਥੀਆਂ ਦੀ ਇਮਾਨਦਾਰੀ ਨੂੰ ਦੇਖ ਕੇ ਬਹੁਤ ਭਾਵੁਕ ਹੋ ਰਹੀ ਸੀ ਅਤੇ ਬਾਰ ਬਾਰ ਓਹਨਾ ਦਾ ਸ਼ੁਕਰੀਆ ਅਦਾ ਕਰ ਰਹੀ ਸੀ। ਹਾਲਾਂਕਿ ਦੋਹਾਂ ਵਿਦਿਆਰਥੀਆਂ ਵੱਲੋਂ ਇਸ ਕਾਰਜ ਨੂੰ ਮਾਨਵੀ ਹਿਤ ਦੱਸਦੇ ਹੋਏ ਆਪਣਾ ਫਰਜ਼ ਦੱਸਿਆ ਗਿਆ। ਪੀਏਯੂ ਨੂੰ ਨਿਰਮਲ ਸਿੰਘ ਅਤੇ ਵਰਿੰਦਰ ਸਿੰਘ ਜਿਹੇ ਇਮਾਨਦਾਰ ਵਿਦਿਆਰਥੀਆਂ ਉੱਪਰ ਸਦਾ ਮਾਨ ਰਹੇਗਾ।   

No comments: