Monday, August 29, 2016

ਖੁਦਕੁਸ਼ੀਆਂ ਨੂੰ ਰੋਕਣ ਲਈ ਵੀ ਕੁਝ ਕਰੋ ਸਿਰਫ ਅਕਾਲੀਆਂ ਨੂੰ ਨਾ ਭੰਡੋ

ਵਿਦੇਸ਼ਾਂ ਵਿੱਚ ਜ਼ਿਆਦਾ ਕੁਰੱਪਸ਼ਨ ਅਤੇ ਜ਼ਿਆਦਾ ਜੁਰਮ -ਠਾਕੁਰ ਦਲੀਪ ਸਿੰਘ 
ਲੁਧਿਆਣਾ: 28 ਅਗਸਤ 2016: (ਪੰਜਾਬ ਸਕਰੀਨ ਟੀਮ):
ਅੱਜ ਲੁਧਿਆਣਾ ਦੀ ਨਵੀਂ ਦਾਣਾ ਮੰਡੀ ਵਿਖੇ ਭਗਵਾਨ ਕ੍ਰਿਸ਼ਨ ਦੀ ਭਗਤੀ ਦਾ ਰੰਗ ਛਾਇਆ ਹੋਇਆ ਸੀ। ਜਨਮਅਸ਼ਟਮੀ ਦਾ ਮੇਲਾ ਹਿੰਦੂ ਸਿੱਖ ਏਕਤਾ ਦੇ ਸੁਨੇਹੇ ਨਾਲ ਪੰਜਾਬ ਦੇ ਲੋਕਾਂ, ਸਿਆਸਤਦਾਨਾਂ ਅਤੇ ਨਾਮਧਾਰੀਆਂ ਲਈ ਕਈ ਸੁਆਲ ਵੀ ਖੜੇ ਕਰ ਗਿਆ। ਠਾਕੁਰ ਦਲੀਪ ਸਿੰਘ ਦੀ ਅਗਵਾਈ ਹੇਠ ਹੋਏ ਇਸ ਮੇਲੇ ਵਿੱਚ ਜਿੱਥੇ ਉਹਨਾਂ ਲੋਕਾਂ ਨੂੰ ਲੰਮੇ ਹੱਥੀ ਲਿਆ ਗਿਆ ਜਿਹੜੇ ਹਿੰਦੂ ਦੇਵਤਿਆਂ ਨੂੰ ਮਿਥਿਹਾਸ ਦੱਸਦੇ ਹਨ ਉੱਥੇ ਉਹਨਾਂ ਲੋਕਾਂ ਦੇ ਦੋਸ਼ਾਂ ਨੂੰ ਵੀ ਚੁਣੌਤੀ ਦਿੱਤੀ ਗਈ ਜਿਹੜੇ ਇਹ ਆਖਦੇ ਨਹੀਂ ਥੱਕਦੇ ਕਿ ਭਾਰਤ ਵਿੱਚ ਤਾਂ ਬਹੁਤ ਬੁਰੀ ਹਾਲਤ ਹੈ। ਇਸ ਮੇਲੇ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦਾ ਸੰਦੇਸ਼ ਵੀ ਦਿੱਤਾ ਗਿਆ। ਈਸਾਈਅਤ ਅਤੇ ਇਸਲਾਮ ਨਿਸ਼ਾਨੇ 'ਤੇ ਰਹੇ। ਇਹ ਆਯੋਜਨ ਇੱੱਕ ਵਿਸ਼ਾਲ ਪੰਡਾਲ ਹੇਠ ਨਾਮਧਾਰੀ ਸੰਪਰਦਾ ਨੇ ਆਪਣੇ ਮੌਜੂਦਾ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਜੀ ਦਾ ਪ੍ਰਕਾਸ਼ ਪੁਰਬ ਜਨਮਅਸ਼ਟਮੀ ਦੇ ਨਿਰੂਪ ਵਿੱਚ ਬੜੀ ਹੀ ਧੁਮ-ਧਾਮ ਨਾਲ ਮਨਾਇਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਲ ਹੋਕੇ ਹਿੰਦੂ  ਸਿੱੱਖ ਏਕਤਾ ਦੇ ਨਾਅਰੇ ਨੂੰ ਹੋਰ ਪ੍ਰਪੱੱਕ ਕੀਤਾ।
ਇਸ ਮੇਲੇ ਦੇ ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਮੁਤਾਬਿਕ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਹਨ, ਹਿੰਦੂ ਸਿਖਾਂ ਦਾ ਆਪਸ ਵਿੱਚ ਵਿਰੋਧ ਵੱਧ ਰਿਹਾ ਹੈ। ਇਸ ਆਪਸੀ ਵਿਰੋਧ ਨੂੰ ਖਤਮ ਕਰਨ ਵਾਸਤੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਜਨਮ ਅਸ਼ਟਮੀ ਸਾਂਝੇ ਤੋਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਪੁਰਬ ਨਾਮਧਾਰੀ ਸੰਗਤ ਪਹਿਲਾਂ ਵੀ ਮਨਾਉਂਦੀ ਆ ਰਹੀ ਹੈ, ਪਰ ਇਸ ਵਾਰ ਪੰਜਾਬ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਵੱਡੇ ਪੱਧਰ ਉਤੇ ਲੁਧਿਆਣੇ ਵਿੱਚ ਮਨਾਇਆ ਗਿਆ। 
ਉਹਨਾਂ ਨੇ ਬਾਣੀ ਦੇ ਪਰਮਾਣ ਦੇ ਕੇ ਇਹ ਵੀ ਸਿੱਧ ਕੀਤਾ ਹੈ ਕਿ ਭਗਵਾਨ ਸ੍ਰੀ ਕਿਸ਼੍ਰਨ ਚੰਦਰ ਜੀ ਬਾਣੀ ਅਨੁਸਾਰ ਸਿੱਖਾਂ ਲਈ ਪੁਜਨੀਕ ਹਨ ਕਿਉਂਕਿ ਬਾਣੀ ਵਿੱਚ ਉਹਨਾਂ ਨੂੰ ਦੁਆਪਰ ਦੇ ਸਤਿਗੁਰੂ ਅਤੇ ਅਵਤਾਰ ਮੰਨਿਆ ਹੈ ਅਤੇ ਉਸੇ ਲੜੀ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੂੰ ਕਲਯੁਗ ਦੇ ਅਵਤਾਰ ਮੰਨਿਆ ਹੈ। ਬਾਣੀ ਵਿਚ ਵੀ ਲਿਖਿਆ ਹੈ: 
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ
ਭਗਵਾਨ ਸ੍ਰੀ ਕਿਸ਼੍ਰਨ ਚੰਦਰ ਜੀ ਦੇ ਭਾਰਤ ਦੇਸ਼ ਵਿਚ ਅੱਜ ਹਮਲਾਵਰ ਵਿਦੇਸ਼ੀ-ਪੰਥ ਛਾ ਗਏ ਹਨ ਅਤੇ ਅਸਾਨੂੰ ਹਿੰਦੂ ਸਿਖਾਂ ਨੂੰ ਆਪਸ ਵਿਚ ਲੜਨ ਤੋਂ ਵਿਹਲ ਹੀ ਨਹੀਂ, ਨਾ ਹੀ ਕੋਈ ਇਹਨਾਂ ਵਿਦੇਸ਼ੀ ਹਮਲਾਵਰਾ ਵਿਰੋਧ ਮੂੰਹ ਖੋਲਣ ਲਈ ਤਿਆਰ ਹੈ। ਹਿੰਦੂ (ਮਾਈਥੋਲੋਜੀ) ਮਿਥਿਹਾਸ (ਝੂਠਾ ਇਤਿਹਾਸ) ਬਾਰੇ ਤਾਂ ਬਹੁਤ ਸਾਰੇ ਵਿਦਵਾਨ ਲਿਖਦੇ ਹਨ, ਪਰ ਕਿਸੇ ਨੇ ਕਦੀ ਵੀ ਇਸਾਈ ਅਤੇ ਮੁਸਲਿਮ ਮਾਈਥੋਲੋਜੀ (ਝੂਠਾ ਇਤਿਹਾਸ) ਬਾਰੇ ਨਹੀਂ ਲਿਖਿਆ। ਇਹ ਸਭ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਅੰਗਰੇਜ ਇਸਾਈਆਂ ਨੇ ਸਾਡੇ ਭਾਰਤ ਵਿਚ ਐਸੀ ਪੜੀ ਲਿੱਖੀ ਪੀੜੀ ਪੈਦਾ ਕਰ ਦਿਤੀ ਹੈ ਜੋ ਦੇਖਣ ਨੂੰ ਭਾਰਤੀ ਲਗਦੇ ਹਨ, ਪਰ ਸੋਚ ਕਰਕੇ ਉਹ ਭਾਰਤ ਵਿਰੋਧੀ ਹਨ। ਇਸ ਕਰਕੇ ਇਹਨਾਂ ਹੀ ਕਥਿਤ ਵਿਦਵਾਨਾਂ ਨੇ ਆਪਣੇ ਹੀ ਭਾਰਤ ਵਾਸੀਆਂ ਦਾ ਆਤਮ ਸਨਮਾਨ ਸਮਾਪਤ ਕਰ ਦਿਤਾ ਹੈ ਅਤੇ ਭਾਰਤੀਆਂ ਨੂੰ ਇਹ ਦ੍ਰਿੜਾ ਦਿਤਾ ਹੈ ਕਿ ਵਿਦੇਸ਼ੀ ਬਹੁਤ ਵਿਦਵਾਨ ਅਤੇ ਲੋਕ ਇਮਾਨਦਾਰ ਹਨ ਅਤੇ ਸੱਚੇ ਹਨ। ਭਾਰਤੀ ਪਹਿਲੋਂ ਵੀ ਬੁਧੂ ਅਤੇ ਭ੍ਰਸ਼ਟ ਸਨ ਅਤੇ ਅੱਜ ਵੀ ਬੁਧੂ ਅਤੇ ਭ੍ਰਸ਼ਟ ਹਨ। ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਜਨਮ ਅਸ਼ਟਮੀ ਦੇ ਮੋਕੇ ਉਤੇ ਸਾਰੇ ਭਾਰਤਵਾਸੀ ਨੂੰ ਬੇਨਤੀ ਕੀਤੀ ਕਿ ਆਪਣੇ ਅੰਦਰ ਆਤਮ ਸਨਮਾਨ ਲਿਆਓ। ਆਪਣੇ ਪੂਰਵਜਾਂ ਨੂੰ, ਆਪਣੀ ਸੰਸਕ੍ਰਿਤੀ ਨੂੰ, ਆਪਣੇ ਲੋਕਾਂ ਅਤੇ ਆਪਣੇ ਦੇਸ਼ ਨੂੰ ਭ੍ਰਸ਼ਟ ਨਾ ਸਮਝੋ। ਇਸ ਨੂੰ ਕਿਸੇ ਤੋਂ ਵੀ ਘੱਟ ਨਾ ਸਮਝੋ। ਆਪਣੀ ਇਸ ਗੱਲ ਨੂੰ ਸਿੱਧ ਕਰਨ ਲਈ ਉਹਨਾਂ ਨੇ ਕਈ ਤੱਤ ਪੇਸ਼ ਕੀਤੇ ਜਿਵੇਂ ਕਿ ਵਿਕਸ਼ਤ ਦੇਸ਼ਾਂ ਦਾ ਭ੍ਰਿਸ਼ਟਾਚਾਰ, ਉਹਨਾਂ ਦੇਸ਼ਾਂ ਦਾ ਸਿਰ ਤੇ ਕਰਜਾਂ ਤੇ ਉਥੋਂ ਦੀ ਆਤਮਘਾਤ ਦਰ ਸਾਡੇ ਦੇਸ਼ ਤੋਂ ਕਿਤੇ ਵੱਧ ਹੈ।
ਉਹਨਾਂ ਇਸ ਮਕਸਦ ਦੇ  ਵੇਰਵੇ ਅੰਕੜਿਆਂ ਸਮੇਤ ਬੋਲੇ ਅਤੇ ਸਪਸ਼ਟ ਕਿਹਾ ਕਿ  ਕਰ ਕਿ ਵਿਦੇਸ਼ਾਂ ਵਿੱਚ ਕੁਰੱਪਸ਼ਨ, ਜੁਰਮ ਅਤੇ ਬੁਰਾਈਆਂ ਸਾਡੇ ਦੇਸ਼ ਤੋਂ ਕਿਤੇ  ਵੱਧ ਹਨ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਪਣੇ ਦੇਸ਼ 'ਤੇ ਫਖਰ ਕਰਨਾ ਸਿੱਖੋ।  ਇਸਨੂੰ ਹਰ ਗੱਲ ਵਿੱਚ ਮਾੜਾ ਆਖਣਾ ਛੱਡ ਦਿਓ। ਉਹਨਾਂ ਕਿਹਾ ਕਿ ਆਬਾਦੀ ਚੀਨ ਦੀ ਜ਼ਿਆਦਾ ਹੈ ਪਰ ਕੈਦੀ ਅਮਰੀਕਾ ਵਿੱਚ ਜ਼ਿਆਦਾ ਹਨ। ਸਾਫ ਜ਼ਾਹਿਰ ਹੈ ਕਿ ਉੱਥੇ ਅਪਰਾਧ ਵੀ ਜ਼ਿਆਦਾ ਹਨ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਅਮਰੀਕਾ ਵਿੱਚ ਪ੍ਰਾਈਵੇਟ ਜੇਲ੍ਹਾਂ ਵੀ ਹਨ ਜਿਹਨਾਂ ਨਾਲ ਬਾਕਾਇਦਾ ਠੇਕਾ ਹੋਇਆ ਹੁੰਦਾ ਹੈ ਕਿ ਤੁਸੀਂ ਏਨੇ ਬੰਦੇ ਅੰਦਰ ਕਰਨੇ ਹੀ ਕਰਨੇ ਹਨ। ਉਹਨਾਂ ਜੇਲ੍ਹਾਂ ਵਿੱਚੋਂ ਕੈਦੀਆਂ ਕੋਲੋਂ ਬੇਤਹਾਸ਼ਾ ਕੰਮ ਲਿਆ ਜਾਂਦਾ ਹੈ ਅਤੇ ਉਸ ਉਤਪਾਦਨ ਦੀ ਕਮਾਈ ਵਿੱਚੋਂ ਚੋਣਾਂ ਵਾਸਤੇ ਫ਼ੰਡ ਵੀ ਦਿੱਤਾ ਜਾਂਦਾ ਹੈ। 
ਉਹਨਾਂ ਨੇ ਹਿੰਦੂ ਅਤੇ ਸਿੱਖਾਂ ਨੂੰ ਬਹੁੱਤ ਜੋਰ ਦੇ ਕੇ ਕਿਹਾ ਗੁਰਦੂਆਰੇ ਅਤੇ ਮੰਦਿਰਾ ਉਤੇ ਸੋਨਾ ਲਗਾਉਣ ਦੀ ਬਜਾਏ ਅਤੇ ਨਵੇਂ ਗੁਰਦੁਆਰੇ ਅਤੇ ਮੰਦਿਰ ਬਣਾਉਣ ਦੀ ਬਜਾਏ ਆਪਣੇ ਦੇਸ਼ ਦੇ ਗਰੀਬ ਲੋਕਾਂ ਨੂੰ ਅਪਣਾਓ ਤਾਂ ਜੋ ਉਹ ਆਪਣਾ ਧਰਮ ਪ੍ਰਵਰਤਨ ਨਾ ਕਰਨ। ਭਾਵ: ਉਹ ਹਿੰਦੂ ਸਿੱਖ ਤੋਂ ਇਸਾਈ ਜਾਂ ਮੁਸਲਮਾਨ ਨ ਬਨਣ। ਉਹਨਾਂ ਸਭ ਤੋਂ ਜ਼ਿਆਦਾ ਕਲਾਸ ਸਾਰੀਆਂ ਸਾਹਮਣੇ ਨਾਮਧਾਰੀਆਂ ਦੀ ਲਾਈ ਅਤੇ ਕਿਹਾ ਕਿ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਕੇ ਉਹਨਾਂ ਨੂੰ ਪੈਰਾਂ ਤੇ ਖੜੇ ਕਰਨਾ ਤੁਹਾਡੀ ਡਿਊਟੀ ਬੰਦੀ ਹੈ? ਤੁਸੀਂ ਕਿ ਕਰਦੇ ਹੋ? ਸਿਰਫ ਗੁਰਦੁਆਰੇ ਜਾ ਕੇ ਛੈਣੇ ਖੜਕਾਉਣ ਜੋਗੇ ਹੋ?
ਇਸ ਮੌਕੇ ਪੁਲਿਸ ਬੰਦੋਬਸਤ ਤੋਂ ਇਲਾਵਾ ਨਿਜੀ ਸੁਰੱਖਿਆ ਦਾ ਵੀ ਪੂਰਾ ਇੰਤਜ਼ਾਮ ਸੀ। ਕਿਰਪਾਨਾਂ ਤੋਂ ਲੈ ਕੇ ਬੰਦੂਕਾਂ ਪਿਸਤੌਲਾਂ ਵਾਲੇ ਉੱਚੇ ਲੰਮੇ ਜਵਾਨ ਵੀ ਸਟੇਜ ਦੇ ਨੇੜੇ ਤੇੜੇ ਰਹੇ ਪਰ ਉਹ ਇੱਕ ਵਿਸ਼ੇਸ਼ ਓਹਲੇ ਵਿੱਚ ਰਹੇ। ਉਹਨਾਂ ਦੀ ਨਿਗਰਾਨੀ ਨਾਲ ਸੰਗਤਾਂ ਨੂੰ ਜ਼ਰਾ ਵੀ ਪ੍ਰੇਸ਼ਾਨੀ ਮਹਿਸੂਸ ਨਹੀਂ ਹੋਈ। ਹਾਂ ਕੁਝ "ਵੀਆਈਪੀ ਕਿਸਮ" ਦੇ ਲੋਕ ਇਸ ਧਾਰਮਿਕ ਆਯੋਜਨ ਵਿੱਚ ਵੀ ਆਪਣੀਆਂ ਚਲਾਕੀਆਂ ਤੋਂ ਨਹੀਂ ਹਟੇ ਅਤੇ ਜੁੱਤੀਆਂ ਪੰਡਾਲ ਤੋਂ ਬਾਹਰ ਲਾਹੁਣ ਦੀ ਬਜਾਏ ਸਟੇਜ ਦੇ ਥੱਲੇ ਲਾਹ ਕੇ ਹੀ ਸਟੇਜ ਤੇ ਚੜ੍ਹ ਗਏ। ਵਿਜੇ ਚੋਪੜਾ ਜੀ ਵਰਗੇ ਕੁਝ ਖਾਸ ਮਹਿਮਾਨਾਂ ਨੇ ਰੁਝੇਵਿਆਂ ਭਰਿਆ ਰੂਟੀਨ ਹੋਣ ਦੇ ਬਾਵਜੂਦ ਕਾਫੀ ਦੇਰ ਤੱਕ ਪ੍ਰੋਗਰਾਮ ਸੁਣਿਆ ਪਰ ਨਵੇਂ ਨਵੇਂ ਉੱਠੇ ਲੀਡਰ ਸਨਮਾਨ ਲੈਂਦਿਆਂ ਸਾਰ ਹੀ  ਸਟੇਜ ਤੋਂ ਉਤਰ ਕੇ ਪੰਡਾਲ ਤੋਂ ਬਾਹਰ ਤੁਰ ਪੈਂਦੇ। ਲੰਗਰ ਦਾ ਇੰਤਜ਼ਾਮ ਬਹੁਤ ਸ਼ਾਨਦਾਰ ਸੀ। 
ਅਖੀਰ ਤੇ ਸਤਿਗੁਰੂ ਦਲੀਪ ਸਿੰਘ ਜੀ ਨੇ ਸਾਰੇ ਹਿੰਦੂ ਅਤੇ ਸਿੱਖਾਂ ਨੂੰ ਆਪਸ ਵਿੱਚ ਪ੍ਰੇਮ ਭਾਵ ਰੱਖਣ ਉਤੇ ਜੋਰ ਦਿਤਾ। 
ਇਸ ਮੋਕੇ ਤੇ ਕਈ ਰਾਜਨਿਤਿਕ ਅਤੇ ਧਾਰਮਿਕ ਮਹਾਨ ਹਸਤੀਆਂ ਨੇ ਭਾਗ ਲਿਆ ਜਿਵੇਂ ਕਿ ਸੰਤ ਤੇਜਾ ਸਿੰਘ ਜੀ, ਦਾਦਾ ਲਛਮਣ ਚੇਲਾ ਰਾਮ ਜੀ , ਸੰਤ ਬਾਬਾ ਜਸਵਿੰਦਰ ਸਿੰਘ ਜੀ ਡੇਰਾ ਬਸ਼ੀਰਪੁਰਾ ਜਲੰਧਰ, ਨਿਰਮਲ ਸੰਤ ਬਾਬਾ ਪਾਲ ਸਿੰਘ ਜੀ ਡੇਰਾ ਲੋਹੀਆਂ ਖਾਸ, ਸ਼੍ਰੀ ਭਗੀਸ਼ ਸ਼ਾਸਤਰੀ ਜੀ ਕਾਸ਼ੀ ਮੱੱਠ, ਸ਼੍ਰੀ ਵਿਜੈ ਚੋਪੜਾ ਜੀ ਪੰਜਾਬ ਕੇਸਰੀ, ਸ਼੍ਰੀ ਮਦਨ ਲਾਲ ਚੋਪੜਾ ਜੀ ਹਿੰਦੂ ਸਭਾ, ਸੰਤ ਦਰਸ਼ਨ ਸਿੰਘ ਜੀ, ਸ਼੍ਰੀ ਅਜੀਤ ਗੁਪਤਾ ਭਾਜਪਾ, ਬਲਦੇਵ ਮਲਹੋਤਰਾ ਕਾਨਪੁਰ, ਸ੍ਰ. ਬਚਨ ਸਿੰਘ ਪ੍ਰਧਾਨ ਰਾਸ਼ਟਰੀ ਸਿੱੱਖ ਸੰਗਤ ਮੋਹਾਲੀ, ਸੁਨੀਤਾ ਅਗਰਵਾਲ ਡਿਪਟੀ ਮੇਅਰ, ਸਰਿਤਾ ਰਾਣੀ ਪ੍ਰਜਾਪਤੀ ਬ੍ਰਹਮਕੁਮਾਰੀ, ਡਾ. ਵਿਨੋਦ ਕਪੂਰ ਸੀਨੀਅਰ ਸਿਮਰਨ ਸੋਸਾਇਟੀ, ਸ਼੍ਰੀ ਆਸ਼ੂਤੋਸ਼ ਪਾਂਡੇ ਜੀ ਪ੍ਰਧਾਨ ਬ੍ਰਾਹਮਣ ਸਭਾ ਭਾਰਤ, ਬਾਬਾ ਅਜੀਤ ਸਿੰਘ ਜੀ ਚੇਅਰਮੈਨ ਟਰੇਡਰ ਬੋਰਡ, ਭਜਨ ਮੰਡਲੀ ਲੁਧਿਆਣਾ, ਸ਼੍ਰੀ ਅਸ਼ੋਕ ਪਟਾਕਾ ਜੀ, ਸ਼੍ਰੀ ਰਣਜੀਤ ਸਿੰਘ ਜੀ ਐਮ.ਐਲ.ਏ., ਬੀਬੀ ਨਿਰਮਲ ਕੌਰ ‘ਆਪ’ ਆਗੂ ਸਮੇਤ ਕਈ ਪ੍ਰਸਿੱੱਧ ਹਸਤੀਆਂ ਨੇ ਆਪਣੀ ਹਾਜ਼ਰੀ ਭਰੀ। ਅਖੀਰ ਵਿੱਚ ਕੁਝ ਯਾਦਗਾਰੀ ਫ਼ਿਲਮੀ ਧੁਨਾਂ ਤੇ ਕ੍ਰਿਸ਼ਨ ਭਗਵਾਨ ਦੀ ਮਸਤੀ ਅਤੇ ਰਾਸ ਵਾਲਾ ਰੰਗ ਵੀ ਛਾਇਆ ਰਿਹਾ। 

No comments: