Friday, August 26, 2016

ਜਨਮ ਅਸ਼ਟਮੀ ਮੌਕੇ ਮਹਿੰਗਾਈ ਵਾਲੇ ਕਾਲੀਆ ਨਾਗ ਨੂੰ ਨੱਥਣ ਦੀਆਂ ਅਰਜੋਈਆਂ

ਲੋਕਾਂ ਨੇ ਆਪੋ ਆਪਣੇ ਬੱਚਿਆਂ ਚੋਂ ਵੀ ਦੇਖਿਆ ਭਗਵਾਨ ਕ੍ਰਿਸ਼ਨ ਦਾ ਰੂਪ 
ਡੀਏਵੀ ਸਕੂਲ ਬੀ ਆਰ ਐਸ ਨਗਰ ਲੁਧਿਆਣਾ ਦੇ ਬੱਚੇ 
ਲੁਧਿਆਣਾ//ਖਰੜ//ਮੋਹਾਲੀ: 25 ਅਗਸਤ 2016: (ਪੁਸ਼ਪਿੰਦਰ ਕੌਰ/ਪੰਜਾਬ ਸਕਰੀਨ):
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਕੰਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮੁੱਖ ਰੱਖਦਿਆਂ ਦੇਸ਼ ਦੇ ਹੋਰਨਾਂ ਭਾਗਾਂ ਵਣ ਇਹਨਾਂ ਇਲਾਕਿਆਂ ਵਿੱਚ ਵੀ ਅੱਜ ਵੱਖ-ਵੱਖ ਮੰਦਰਾਂ 'ਚ ਸਜਾਵਟ ਕੀਤੀ ਅਤੇ ਰਾਤ ਸਮੇਂ ਪੂਜਾ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾੂਲਆਂ ਨੇ ਸ਼ਿਰਕਤ ਕੀਤੀ ਅਤੇ ਕਥਾ ਕੀਰਤਨ ਦੀਆਂ ਵਿਚਾਰਾਂ ਵਾਲੀ ਸੰਗਤ ਨਾਲ ਸਤਸੰਗ ਕੀਤਾ। ਭਗਵਾਨ ਕ੍ਰਿਸ਼ਨ ਦੇ ਜੀਵਨ ਦੀ ਲੀਲਾ ਅਤੇ ਘਟਨਾਵਾਂ ਅੱਜ ਦੇ ਯੁਗ ਵਿੱਚ ਪ੍ਰਸੰਗਿਕ ਬਣੀਆਂ ਹੋਇਆ ਹਨ। ਲੋਕਾਂ ਨੇ ਕੁਰੱਪਸ਼ਨ, ਗੁੰਡਾਗਰਦੀ, ਮਹਿੰਗਾਈ ਅਤੇ ਪ੍ਰਦੂਸ਼ਣ ਦੇ ਰੂਪ ਵਿੱਚ ਫ਼ੁੰਕਾਰਾਂ ਮਾਰ ਰਹੇ ਕਾਲੀਆ ਨਾਗ ਨੂੰ ਨੱਥ ਪਾਉਣ ਲਈ ਵੀ ਭਗਵਾਨ ਕ੍ਰਿਸ਼ਨ ਅੱਗੇ ਅਰਜੋਈਆਂ ਕੀਤੀਆਂ। ਲੋਕਾਂ ਨੇ ਕਾਮਨਾ ਕੀਤੀ ਕਿ ਇਸ ਵਾਰ ਜਨਮ ਅਸ਼ਟਮੀ ਦਾ ਤਿਓਹਾਰ ਮੌਸਮ ਵਿੱਚ ਸੀਤਲਤਾ ਲਿਆਉਣ ਦੇ ਨਾਲ ਨਾਲ ਦੁੱਖਾਂ ਕਲੇਸ਼ਾਂ ਅਤੇ ਤਕਲੀਫ਼ਾਂ ਦੀ ਅੱਗ ਵਿੱਚ ਸੜ ਰਹੇ ਆਮ ਲੋਕਾਂ ਦੇ ਜੀਵਨ ਵਿੱਚ ਵੀ ਸੁੱਖਾਂ ਦੇ ਅੰਮ੍ਰਿਤ ਦੀ ਵਰਖਾ ਕਰੇ। 
ਲੁਧਿਆਣਾ: ਇਥੋਂ ਦੇ ਵੱਖ ਮੰਦਰਾਂ ਦੇ ਨਾਲ ਨਾਲ ਬਹੁਤ ਸਾਰੇ ਸਕੂਲਾਂ ਵਿੱਚ ਵੀ ਜਨਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਭਗਵਾਨ ਸ਼੍ਰੀ ਕ੍ਰਿਸ਼ਨ ਦੇ   ਕਰਮ ਵਾਲੇ ਗੀਤ ਉਪਦੇਸ਼ ਅਤੇ ਬਾਲ ਲੀਲਾ ਦੀ ਵੀ ਚਰਚਾ ਹੋਇਆ।  ਉਪਦੇਸ਼ਾਂ ਵਿੱਚ ਯਾਦ ਕਰਾਇਆ ਗਿਆ ਕਿ ਕਿਵੈਂ ਭਗਵਾਨ ਦੀ ਪੂਰੀ ਜ਼ਿੰਦਗੀ ਕਦਮ ਕਦਮ 'ਤੇ ਸਾਨੂੰ ਹਰ ਖੇਤਰ ਵਿੱਚ ਪ੍ਰੇਰਨਾ ਦੇਂਦੀ ਹੈ। 
ਖਰੜ ਅਤੇ ਸੰਨੀ ਐਨਕਲੇਵ ਇਲਾਕੇ ਦੇ ਮੰਦਰਾਂ ਵਿੱਚ ਬਹੁਤ ਸ਼ਾਨਦਾਰ ਸਜਾਵਟ ਕੀਤੀ ਗਈ। ਜਨਮ ਅਸ਼ਟਮੀ ਮੌਕੇ ਸਥਾਨਕ ਦਸਮੇਸ਼ ਨਗਰ ਵਿਚਲੇ ਸ਼ਿਵ ਮੰਦਿਰ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਹਲਕਾ ਵਿਧਾਇਕ ਜਗਮੋਹਨ ਸਿੰਘ ਕੰਗ ਦੇ ਪੁੱਤਰ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਜੀਤੀ ਪਡਿਆਲਾ ਸਕੱਤਰ ਪੰਜਾਬ, ਡਾ: ਰਘੁਵੀਰ ਸਿੰਘ ਬੰਗੜ, ਬਲਜੀਤ ਚੌਧਰੀ ਪੁਸੂ ਪ੍ਰਧਾਨ, ਸ਼ਿਵਮ ਚੌਹਾਨ, ਰੱਬੀ ਟਾਂਡਾ, ਗੁਲਜਾਰ ਸਿੰਘ, ਹੈਪੀ, ਦਿਲਬਾਗ ਸਿੰਘ ਸਮੇਤ ਮੰਦਿਰ ਦੇ ਸਮੂਹ ਪ੍ਰਬੰਧਕ ਹਾਜ਼ਰ ਸਨ।
ਮੋਹਾਲੀ ਦੇ ਫੇਜ਼, 5 ਦੇ ਮੰਦਰ 'ਚ ਕਰਵਾਏ ਸਮਾਗਮ ਵਿਚ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਮੁੱਚੀ ਮੰਦਿਰ ਕਮੇਟੀ ਨੇ ਕਾਹਲੋਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਫੇਜ਼ 2ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਤੇ ਧਰਮਸ਼ਾਲਾ ਵਿੱਚ ਜਨਮ ਅਸ਼ਟਮੀ ਮੌਕੇ ਬੱਚਿਆਂ ਦੇ ਡਰਾਇੰਗ, ਭਜਨ ਅਤੇ ਧਾਰਮਿਕ ਵੇਸ਼ਭੁੂਸ਼ਾ, ਡਾਂਸ ਤੇ ਡਾਂਡੀਆ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦੇ ਸੰਚਾਲਕ ਯੂਥ ਕਲੱਬ ਮੁਹਾਲੀ ਦੇ ਪ੍ਰਧਾਨ ਵਰੁਣ ਚੱਢਾ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ 14 ਸਕੂਲਾਂ ਦੇ ਤਕਰੀਬਨ 250 ਬੱਚਿਆਂ ਨੇ ਹਿੱਸਾ ਲਿਆ। ਡਰਾਇੰਗ ਮੁਕਾਬਲੇ 'ਚ ਛੋਟੇ ਵਰਗ 'ਚ ਜੀਵਨ ਜੋਤ ਸਕੂਲ ਦੀ ਖੁਸ਼ਬੂ, ਵੱਡੇ ਵਰਗ 'ਚ ਲੜਕੀਆਂ ਦੇ ਕਾਲਜ ਚੱਬਾ ਦੀ ਸ਼ਰਮਿਤਾ ਸ਼ਰਮਾ ਪਹਿਲੇ ਸਥਾਨ 'ਤੇ ਰਹੀ। ਭਜਨ ਮੁਕਾਬਲੇ 'ਚ ਵਿਦਿਅਕ ਨਿਕੇਤਨ ਸਕੂਲ ਦੀ ਚਰਨਪ੍ਰੀਤ ਤੇ ਭਵਨ ਵਿਦਿਆਲਿਆ ਦੀ ਪਾਂਖੂਰੀ ਪਹਿਲੇ ਸਥਾਨ 'ਤੇ ਰਹੀ। ਵੇਸ਼ਭੂਸ਼ਾ ਵਿੱਚ ਅਜੀਤ ਕਰਮ ਸਕੂਲ ਦੇ ਵਿਕਾਸ ਗੋਇਲ ਅਤੇ ਡਾਂਸ ਵਿੱਚ ਏਂਜਲ ਪਬਲਿਕ ਸਕੂਲ ਬਹਿਲੋਲਪੁਰ ਦੀ ਮਾਨਸੀ ਪਹਿਲੇ ਸਥਾਨ 'ਤੇ ਰਹੀ। ਇਨ੍ਹਾਂ ਤੋਂ ਇਲਾਵਾ ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਅੱਛੀ ਭੂਮਿਕਾ ਨਿਭਾਉਣ ਲਈ ਅੰਸ਼ਿਕਾ, ਪਰਨੀਤ, ਸਨਪ੍ਰੀਤ, ਮਨੀਸ਼ਾ, ਰਜਨੀ, ਅਮ੍ਰਿਤ ਕੌਰ, ਸਿਮਰਨ, ਸ਼ਾਨ 'ਤੇ ਰਾਧਿਕਾ ਤੇ ਹੋਰਨਾਂ ਬੱਚਿਆਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੀ ਜੱਜ ਕੁਮਾਰੀ ਕਨਵਰਦੀਪ ਕੌਰ (ਏ. ਐਸ. ਪੀ) ਚਮਕੌਰ ਸਾਹਿਬ ਨੇ ਇਨਾਮ ਵੰਡੇ। ਇਸ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਸਮਾਗਮ ਕਰਵਾਏ ਗਏ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।
ਪੰਚਕੂਲਾ ਵਿੱਚ ਵੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਨੂੰ ਲੈ ਕੇ ਮੰਦਿਰਾਂ ਨੂੰ ਸਜਾਇਆ ਗਿਆ ਤੇ ਸ੍ਰੀ ਕ੍ਰਿਸ਼ਨ ਜੀ ਦੇ ਦਰਸ਼ਨਾਂ ਲਈ ਮੰਦਿਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਜਨਮ ਅਸ਼ਟਮੀ ਨੂੰ ਲੈ ਕੇ ਕੁਝ ਥਾਵਾਂ ਉਤੇ ਕੱਲ੍ਹ ਰਾਤ ਹੀ ਜਨਮ ਅਸ਼ਟਮੀ ਮਨਾਈ ਗਈ, ਜਦਕਿ ਕੁਝ ਮੰਦਿਰਾਂ ਵਿਚ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜਨਮ ਅਸ਼ਟਮੀ ਨੂੰ ਲੈ ਕੇ ਲੋਕ ਵਰਤ ਰੱਖਦੇ ਹਨ ਅਤੇ ਕ੍ਰਿਸ਼ਨ ਭਗਵਾਨ ਦੇ ਜਨਮ ਹੋਣ ਤੋਂ ਬਾਅਦ ਹੀ ਖਾਣਾ ਖਾਂਦੇ ਹਨ। ਮੰਡੀ ਵਿੱਚ ਸੰਗਤਾਂ ਦੀ ਬਹੁਤ ਭੀੜ ਸੀ। ਮਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਰਧਾਲੂ ਸਵੇਰ ਤੋਂ ਆ ਹੀ ਰਹੇ ਹਨ। ਇਸ ਮੌਕੇ ਮੰਦਿਰਾਂ ਵਿਚ ਵਿਚ ਲੰਗਰ ਵੀ ਲਗਾਏ ਗਏ।
ਨਾਮਧਾਰੀ 28  ਅਗਸਤ  ਨੂੰ ਲੁਧਿਆਣਾ ਵਿੱਚ ਮਨਾਉਣਗੇ ਜਨਮ ਅਸ਼ਟਮੀ 
ਲਾਲੜੂ: ਲਾਲੜੂ ਵਿੱਚ ਵੀ ਜਨਮ ਅਸ਼ਟਮੀ ਦਾ ਜ਼ੋਰ ਰਿਹਾ।  ਮੰਦਰ ਸਜਾਏ ਗਏ, ਪੂਜਾ ਕੀਤੀ ਗਈ ਅਤੇ ਭਗਵਾਨ ਕ੍ਰਿਸ਼ਨ ਦੇ ਜੀਵਨ ਦੀ ਲੀਲਾ ਦੀਆਂ ਕਹਾਣੀਆਂ ਸੁਣਾਈਆਂ ਗਈਆਂ। ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਵਿਖੇ ਜਨਮ ਅਸ਼ਟਮੀ ਸ਼ਰਧਾਪੂਰਵਕ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਰਾਧਾ-ਕ੍ਰਿਸ਼ਨ, ਬਲਰਾਮ, ਸੁਦਾਮਾ, ਗੋਪੀਆਂ ਅਤੇ ਗਵਾਲੇ ਦੇ ਪਹਿਰਾਵਿਆਂ 'ਚ ਬ੍ਰਿੰਦਾਵਨ ਦਾ ਦ੍ਰਿਸ਼ ਪੇਸ਼ ਕੀਤਾ ਅਤੇ ਨਾਲ ਹੀ ਬੱਚਿਆਂ ਦੇ ਰਾਧਾ-ਕ੍ਰਿਸ਼ਨ ਦੇ ਪਹਿਰਾਵੇ ਵਿਚ ਮੁਕਾਬਲੇ ਵੀ ਕਰਵਾਏ ਗਏ। ਸ੍ਰੀ ਕ੍ਰਿਸ਼ਨ ਦਾ ਪਹਿਰਾਵੇ 'ਚ ਆਏ ਗੁਰਕੀਰਤ ਸਿੰਘ (ਕੇ. ਜੀ), ਸੁਮਿਤ (ਪਹਿਲੀ) ਅਤੇ ਅਰਮਾਨ (ਨਰਸਰੀ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ ਰਾਧਾ ਦੇ ਪਹਿਰਾਵੇ 'ਚ ਆਈਆਂ ਨੇਹਾ (ਕੇ. ਜੀ), ਅਮਨਪ੍ਰੀਤ ਪਹਿਲੀ ਅਤੇ ਨਮਨਜੋਤ (ਕੇ. ਜੀ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸ੍ਰੀ ਕ੍ਰਿਸ਼ਨ ਅਤੇ ਸੁਦਾਮਾ 'ਤੇ ਆਧਾਰਿਤ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਸੁਦਾਮਾ ਦੀ ਅਦਾਕਾਰੀ ਨੂੰ ਸਭ ਨੇ ਪਸੰਦ ਕੀਤਾ। ਇਸ ਮੌਕੇ ਸਕੂਲ ਦੇ ਐਮ. ਡੀ. ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਨੀਲਮ ਬਖਸ਼ੀ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਅਧਿਆਪਕ ਸਿਓ ਰਾਮ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਸਿੰਘ, ਮੈਡਮ ਕਲਪਨਾ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਗੁਰਦੀਪ ਕੌਰ ਤੇ ਬਲਜਿੰਦਰ ਕੌਰ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਸੀ।
ਕੁਰਾਲੀ: ਕੁਰਾਲੀ ਵਿੱਚ ਵੀ ਜਨਮ ਅਸ਼ਟਮੀ ਦੀਆਂ ਭਾਰੀ ਰੌਣਕਾਂ ਦੇਖੀਆਂ ਗਈਆਂ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸਵੇਰ ਤੋਂ ਹੀ ਕ੍ਰਿਸ਼ਨ ਭਗਤਾਂ ਦੀਆਂ ਮੰਦਿਰਾਂ 'ਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਭਗਤਾਂ ਵੱਲੋਂ ਪੂਜਾ ਕਰਨ ਦੇ ਨਾਲ-ਨਾਲ ਕਥਾ ਸਰਵਣ ਕੀਤੀ ਗਈ। ਇਸੇ ਤਰ੍ਹਾਂ ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਪ੍ਰੀ ਪ੍ਰਾਇਮਰੀ ਵਿੰਗ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਨਿੱਕੇ ਨਿੱਕੇ ਬੱਚਿਆਂ ਨੇ ਕ੍ਰਿਸ਼ਨ ਭਗਵਾਨ ਦੀ ਡਰੈਸ ਵਿੱਚ ਸੱਜਕੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਅਤੇ ਕੇ. ਜੀ ਜਮਾਤ ਦੇ ਵਿਦਿਆਰਥੀਆਂ ਨੇ ਯਸ਼ੋਮਤੀ ਮਈਆ ਗੀਤ 'ਤੇ ਕੋਰਿਓਗ੍ਰਾਫੀ ਕਰਕੇ ਸਭਨਾਂ ਦਾ ਮਨ ਮੋਹ ਲਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਸ੍ਰੀ ਭਗਵਾਨ ਦੀਆਂ ਬੰਸਰੀਆਂ ਵੀ ਗਿਫਟ ਵਜੋਂ ਦਿੱਤੀਆਂ ਗਈਆਂ। ਸਕੂਲ ਪ੍ਰਿੰ: ਅਨੂੰ ਸ਼ਰਮਾ ਨੇ ਬੱਚਿਆਂ ਤੇ ਅਧਿਆਪਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸੇ ਤਰ੍ਹਾਂ ਡੀ. ਈ. ਵੀ. ਸਕੂਲ ਵਿਚ ਵੀ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਆਪ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਬੀਬੀ ਲਖਵਿੰਦਰ ਕੌਰ ਗਰਚਾ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਕ੍ਰਿਸ਼ਨਾ ਦੇਵੀ ਧੀਮਾਨ ਪ੍ਰਧਾਨ ਨਗਰ ਕੌਂਸਲ, ਜਥੇ.ਸਾਹਿਬ ਸਿੰਘ ਬਡਾਲੀ, ਦਵਿੰਦਰ ਠਾਕੁਰ, ਸ਼ਿਵ ਵਰਮਾ, ਵਿਨੀਤ ਕਾਲੀਆ, ਰਾਜਦੀਪ ਸਿੰਘ ਹੈਪੀ, ਰਾਕੇਸ਼ ਕਾਲੀਆ, ਹਰੀਸ਼ ਕੌਸ਼ਲ, ਹਿਮਾਂਸ਼ੂ ਧੀਮਾਨ, ਲੱਕੀ ਕਲਸੀ, ਰਮਾਂਕਾਤ ਕਾਲੀਆ, ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਮੰਦਿਰਾਂ ਵਿੱਚ ਨਤਮਸਤਕ ਹੁੰਦੇ ਹੋਏ ਹਾਜ਼ਰੀ ਭਰੀ।
ਮੰਦਰਾਂ ਦੇ ਨਾਲ ਨਾਲ ਘਰਾਂ ਵਿੱਚ ਵੀ ਜਨਮ ਅਸ਼ਟਮੀ ਦਾ ਉਤਸ਼ਾਹ ਦੇਖਿਆ ਗਿਆ। ਲੋਕਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਸਜਾਇਆ। ਇਸ ਵਾਰ ਵੀ ਜਨਮ ਅਸ਼ਟਮੀ ਦੇ ਮੌਕੇ 'ਤੇ ਲੋਕਾਂ ਦਾ ਆਪਸੀ ਪ੍ਰੇਮ ਪਿਆਰ ਅਤੇ ਸਦਭਾਵ ਦੇਖਣ ਵਾਲਾ ਸੀ। ਇਸ ਤਿਓਹਾਰ ਤੇ ਭਵਨ ਦੇ ਬਾਲ ਰੂਪ ਦੀ ਬਹੁਤ ਪੂਜਾ ਹੋਈ। 

No comments: