Tuesday, August 30, 2016

''ਤੇ ਹੁਣ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਨੂੰ ਧਮਕੀ....

ਭੈਣੀ ਸਾਹਿਬ ਤੋਂ ਹੀ ਇੱਕ ਗਰੁੱਪ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ-ਸਰਪੰਚ 
ਸਰਪੰਚ:ਹਰ ਹਾਲਤ ਵਿੱਚ ਕੀਤੀ ਜਾਏਗੀ ਪੈਰਵੀ--ਨਹੀਂ ਡਰਾਂਗਾ ਧਮਕੀਆਂ ਤੋਂ 
ਲੁਧਿਆਣਾ: 29 ਅਗਸਤ 2016: (ਪੰਜਾਬ ਸਕਰੀਨ ਸਰਵਿਸ):
ਅੱਸੀਵਿਆਂ ਦੇ ਦੌਰ ਵਾਂਗ ਧਿਸ਼ਟਗੇੜੀ ਫਿਰ ਦਸਤਕ ਦੇ ਰਹੀ ਹੈ। ਜਲੰਧਰ ਵਿੱਚ ਆਰ ਐਸ ਐਸ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ 'ਤੇ ਹਮਲੇ ਮਗਰੋਂ ਹੁਣ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਸੁਖਦੇਵ ਸਿੰਘ ਨੂੰ ਧਮਕੀ ਪੱਤਰ ਮਿਲਿਆ ਹੈ। ਨਾਮਧਾਰੀ ਸੰਪਰਦਾ ਦੀ ਗੁਰੂ ਮਾਤਾ ਚੰਦ ਕੌਰ ਦੇ ਕਤਲ ਕਾਂਡ ਸਬੰਧੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਲਈ ਅਦਾਲਤ ਵਿੱਚ ਕੇਸ ਦਾਇਰ ਕਰਨ ਵਾਲੇ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਨੂੰ ਅਣਪਛਾਤੇ ਲੋਕਾਂ ਵੱਲੋਂ ਇੱਕ ਧਮਕੀ ਵਾਲੀ ਚਿੱਠੀ ਭੇਜੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਕੇਸ ਦੀ ਪੈਰਵੀ ਕਰਨ ਤੋਂ ਪਿੱਛੇ ਹਟ ਜਾਣ ਅਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ਨਾਲ ਚੰਗਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਬੀਤੀ ਚਾਰ ਅਪਰੈਲ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਮਾਤਾ ਚੰਦ ਕੌਰ ਦਾ ਦੋ ਮੋਟਰਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਸੀ। ਇਸ ਵਹਿਸ਼ੀਆਨਾ ਕਤਲ ਦੀ ਗੁੱਥੀ ਹਾਲੇ ਤੱਕ ਉਲਝੀ ਹੋਈ ਹੈ। ਇਸ ਸਬੰਧੀ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਮਾਮਲੇ ਦੀ ਸੂਹ ਦੇਣ ਵਾਲੇ ਨੂੰ 10 ਲੱਖ ਅਤੇ ਨਾਮਧਾਰੀ ਸਮਾਜ ਨੇ 20 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਹੈ। ਅਜੇ ਤੱਕ ਕਾਤਲਾਂ ਦਾ ਪਤਾ ਨਾ ਲੱਗਣਾ ਕਈ ਇਸ਼ਾਰੇ ਕਰਦਾ ਹੈ ਵਰਨਾ ਪੰਜਾਬ ਪੁਲਿਸ ਲਈ ਇਹ ਕੇਸ ਕੋਈ ਵੱਡੀ ਚੁਣੌਤੀ ਨਹੀਂ ਸੀ।
ਅੱਸੀਵਿਆਂ ਦੇ ਦੌਰ ਵਾਂਗ ਜਦੋਂ ਧਮਕੀਆਂ ਅਤੇ ਕਤਲ ਆਮ ਹੋਣ ਲੱਗ ਪੈਸਾਂ ਹੁਣ ਤਾਜ਼ਾ ਧਮਕੀ ਪੱਤਰ ਮਿਲਣ ਨਾਲ ਮਾਮਲਾ ਨਾਜ਼ੁਕ ਹਾਲਾਤ ਵਾਲੇ ਮੋੜ ਕੱਟਦਾ ਮਹਿਸੂਸ ਹੋ ਰਿਹਾ ਹੈ। ਇਹ ਧਮਕੀ ਪੱਤਰ ਮਿਲਣ ਦੇ ਮਾਮਲੇ ਵਿੱਚ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਬੀਤੀ 25 ਅਗਸਤ ਵਾਲੇ ਦਿਨ ਉਨ੍ਹਾਂ ਨੂੰ ਇੱਕ ਰਜਿਸਟਰ ਪੋਸਟ ਮਿਲੀ, ਜਿਸ ਵਿੱਚ ਲਿਖਿਆ ਗਿਆ ਹੈ ਕਿ ਮਾਤਾ ਚੰਦ ਕੌਰ ਦੇ ਕਤਲ ਦੀ ਸੀਬੀਆਈ ਜਾਂਚ ਸਬੰਧੀ ਹਾਈ ਕੋਰਟ ਵਿੱਚ ਦਾਇਰ ਕੀਤਾ ਗਿਆ ਕੇਸ ਵਾਪਸ ਲੈ ਲਿਆ ਜਾਵੇ। ਨਾਲ ਹੀ ਧਮਕੀ ਦਿੱਤੀ ਗਈ ਹੈ ਕਿ ਉਹ ਅਦਾਲਤ ਵਿੱਚ ਇਸ ਕੇਸ ਸਬੰਧੀ ਕਿਸੇ ਵੀ ਸੁਣਵਾਈ ਦਾ ਹਿੱਸਾ ਨਾ ਬਣਨ। ਉਨ੍ਹਾਂ ਦੱਸਿਆ ਕਿ ਇਸ ਪੱਤਰ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਸਬੰਧੀ ਏਡੀਸੀਪੀ ਜਸਵਿੰਦਰ ਸਿੰਘ ਪੜਤਾਲ ਕਰ ਰਹੇ ਹਨ।
ਏਡੀਸੀਪੀ ਕਰਨਗੇ ਮਾਮਲੇ ਦੀ ਪੜਤਾਲ 
ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਸਰਪੰਚ ਨੂੰ ਆਏ ਧਮਕੇ ਭਰੇ ਪੱਤਰ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਦੇ ਲਈ ਉਨ੍ਹਾਂ ਨੇ ਏਡੀਸੀਪੀ ਨੂੰ ਪੜਤਾਲ ਕਰਨ ਲਈ ਕਿਹਾ ਹੈ। ਉਸ ਤੋਂ ਬਾਅਦ ਇਸ ਮਾਮਲੇ ਵਿੱਚ ਜੋ ਵੀ ਜ਼ਰੂਰੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਇਸ ਕਤਲ ਨੂੰ ਲੈ ਕੇ ਸਿਆਸੀ ਅਤੇ ਧਾਰਮਿਕ ਹਲਕਿਆਂ ਵਿੱਚ ਵੀ ਸਨਸਨੀ ਵਰਗਾ ਮਾਹੌਲ ਹੈ।
ਹਰ ਹਾਲਤ ਵਿੱਚ ਕਰਾਂਗਾ ਪੈਰਵੀ-ਸਰਪੰਚ ਸੁਖਦੇਵ ਸਿੰਘ 
ਇਸੇ ਦੌਰਾਨ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਹ ਹਰ ਹਾਲ ਵਿੱਚ ਇਸ ਮਾਮਲੇ ਦੀ ਪੈਰਵੀ ਕਰਦੇ ਰਹਿਣਗੇ। ਸਰਪੰਚ ਨੇ ਸ਼ੱਕ ਦਾਇਰ ਕੀਤਾ ਕਿ ਭੈਣੀ ਸਾਹਿਬ ਤੋਂ ਹੀ ਇੱਕ ਗਰੁੱਪ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਤੀ 9 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਅਗਲੀ ਤਰੀਕ 20 ਸਤੰਬਰ ਮੁਕਰਰ ਕੀਤੀ ਗਈ ਹੈ, ਜਿਸ ਵਿੱਚ ਪੁਲੀਸ ਨੇ ਸਟੇਟਸ ਰਿਪੋਰਟ ਦੇਣੀ ਹੈ। ਸਰਪੰਚ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਕਾਰਵਾਈ ਦੇ ਪਿੱਛੇ ਲੱਗੇ ਰਹਿਣਗੇ।

No comments: