Saturday, July 23, 2016

ਸੰਘ ਪਰਿਵਾਰ ਦੀ ਇਹ ਖਤਰਨਾਕ ਸਾਜ਼ਿਸ਼ ਨਾਕਾਮ ਕਰਾਂਗੇ--CPI

ਸਮਾਜ ਨੂੰ  ਜਾਤ ਤੇ ਧਰਮ ਦੇ ਅਧਾਰ ਤੇ ਵੰਡਣ ਨਹੀਂ ਦਿੱਤਾ ਜਾਏਗਾ
ਸੀ ਪੀ ਆਈ ਵੱਲੋਂ ਲੁਧਿਆਣਾ ਵਿੱਚ ਵੀ ਰੋਹ ਭਰਿਆ ਰੋਸ ਪ੍ਰਗਟਾਵਾ 
ਲੁਧਿਆਣਾ: 23 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਰੋਹਿਤ ਵੈਮੁਲਾ ਦੀ ਮੌਤ  ਤੋ ਲੈ ਕੇ ਗੁਜਰਾਤ ਦੇ ਨਗਰ ਊਨਾ ਵਿਖੇ ਆਰ ਐਸ ਐਸ ਦੀ ਵਿਚਾਰਧਾਰਾ ਨਾਲ ਸਬੰਧਤ ਜੱਥੇਬੰਦੀਆਂ ਅਤੇ ਹੁਣ ਉੱਤਰ ਪ੍ਰਦੇਸ਼ ਦੇ ਭਾਜਪਾ ਦੇ ਇੱਕ ਪ੍ਰਮੁੱਖ ਆਗੂ ਦਯਾਸ਼ੰਕਰ ਵਲੋ ਮਾਯਾਵਤੀ ਬਾਰੇ ਘਟੀਆ ਸ਼ਬਦ ਵਰਤਣ  ਦੇ ਵਿਰੋਧ ਵਿੱਚ ਭਾਰਤੀ ਕਮਿਉਨਿਸਟ ਪਾਰਟੀ ਵਲੋ ਇੱਕ ਜੋਰਦਾਰ ਰੈਲੀ ਅਤੇ ਸਟੇਸ਼ਨ ਤੋ ਲੈ ਕੇ ਘੰਟਾਘਰ ਤੱਕ ਜਲੂਸ ਕੱਢਿਆ ਗਿਆ। ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਆਰ ਐਸ ਐਸ ਤੇ ਭਾਜਪਾ ਦੀ ਕੱਟੜਵਾਦੀ ਸੋਚ ਤੇ ਦਲਿਤ ਅਤੇ ਘਟਗਿਣਤੀਆਂ ਵਿਰੋਧੀ ਮਾਨਸਿਕਤਾ ਨੰੂ ਦਰਸਾੳਦੀਆਂ ਹਨ ਅਤੇ ਇਸੇ ਦਾ ਹੀ ਨਤੀਜਾ ਹਨ। ਇਸ ਕਿਸਮ ਦੀਆਂ ਕਾਰਗੁਜਾਰੀਆਂ ਸਮਾਜ ਨੂੰ ਧਰਮ ਅਤੇ ਜਾਤਪਾਤ ਤੇ ਵੰਡ ਰਹੀਆਂ ਹਨ ਤੇ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ। ਜਦੋ ਤੋ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ, ਇਤਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ, ਨਹਿਰੂ ਤੇ ਗਾਂਧੀ ਦੇ ਨਾਮ ਨੂੰ ਖਤਮ ਕਰ ਕੇ ਅਤੇ ਭਗਤ ਸਿੰਘ ਦੀ ਧਰਮ ਨਿਰਪੱਖਤਾ ਦੀ ਵਿਚਾਰਧਾਰਾ ਨੂੰ ਛਿੱਕੇ ਟੰਗ ਕੇ ਕਟੱੜਪੰਥੀ ਹਿੰਦੂਵਾਦੀ ਭਗੌੜੇ ਸਾਵਰਕਰ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ ਤੇ ਮਹਾਤਮਾ ਗਾਂਧੀ ਦੇ ਕਾਤਿਲ ਨਾਥੂ ਰਾਮ ਗੌਡਸੇ ਦੀਆਂ ਵਡਿਆਈਆਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਨੂੰ ਪੂਰੀ ਖੱੁਲ੍ਹ ਦਿੱਤੀ ਗਈ ਹੈ।  ਦਾਦਰੀ ਵਿਖੇ ਗੌ ਰਕਸ਼ਾ ਦੇ ਨਾਮ ਤੇ ਅਖ਼ਲਾਕ ਨਾਮ ਦੇ ਵਿਅਕਤੀ ਦਾ ਕਤਲ ਤੇ ਬਾਅਦ ਵਿੱਚ ਪੀੜਿਤ ਪਰਿਵਾਰ ਤੇ ਕੇਸ ਬਨਾਉਣੇ; ਮਰੀ ਹੋਈ ਗਾਂ ਦਾ ਚਮੜਾ ਉਤਾਰਨ ਵਾਲਿਆਂ ਨੂੰ ਘਿਨੌਣੇ ਢੰਗ ਦੇ ਨਾਲ ਕੁੱਟਨਾ ਮਾਰਨਾ; ਗਾਂ ਦਾ ਵਪਾਰ ਕਰਨ ਦੇ ਮਨਘੜੰਤ ਦੋਸ਼ ਲਗਾ ਕੇ  ਫੜ ਕੇ ਬੰਦਿਆਂ ਨੂੰ ਗੋਹਾ ਖਾਣ ਤੇ ਮਜਬੂਰ ਕਰਨ ਵਰਗੀਆਂ ਗੱਲਾਂ ਆਮ ਹੋ ਗਈਆ ਹਨ। ਵੱਖ ਵੱਖ ਇਦਾਰਿਆਂ ਵਿੱਚ ਉੱਚ ਪਦਵੀਆਂ ਤੇ ਹਿੰਦੂਤਵਵਾਦੀ ਸੋਚ ਦੇ ਬੰਦੇ ਫਿਟ ਕੀਤੇ ਜਾ ਰਹੇ ਹਨ। ਯੂਨੀਵਰਸਿਟੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੇ ਹਮਲੇ ਕੀਤੇ ਗ਼ਹੇ ਤੇ ਵਿਡੀਓ ਨੂੰ ਤੋੜ ਮਰੋੜ ਕੇ ਦਿਖਾ ਕੇ ਵਿਦਿਅਰਥੀ ਆਗੂ ਕਨਹਈਆ ਤੇ ਝੂਠਾ ਕੇਸ ਦਰਜ ਕੀਤਾ ਗਿਆ। ਵਿਗਿਆਨ ਤੇ ਮਿੱਥਿਆ ਨੂੰ ਰਲਗੱਢ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਧ ਵਿਸ਼ਵਾਸ ਬੜੀ ਤੇਜੀ ਦੇ ਲਾਲ ਫੈਲਾਇਆ ਜਾ ਰਿਹਾ ਹੈ। ਅਫ਼ਸੋਸ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਖੁੱਦ ਪੁਰਾਤਨ ਸਮਾਜ ਵਿਚ ਪਲਾਸਟਿਕ ਸਰਜਰੀ ਦੇ ਨਾਲ ਬੰਦੇ ਦੇ ਉੱਪਰ ਪਸ਼ੂ ਦਾ ਸਿਰ ਲਾਉਣ ਦੀਆਂ ਗੱਲਾਂ ਕਰ ਰਹੇ ਹਨ ਤੇ ਅਤੀ ਆਧੁਨਿਕਤਮ ਖੋਜ, ਸਟੈਮ ਸੈਲ, ਪੁਰਾਤਨ ਸਮੇਂ ਵਿੱਚ ਭਾਰਤ ਵਿੱਚ ਹੋਣ ਦੀਆਂ ਗੱਲਾਂ ਕਰ ਰਹੇ ਹਨ। ਪੰਜਾਬ ਵਿੱਚ ਵੀ ਇਸ ਕਿਸਮ ਦੀਆਂ ਘਟਨਾਵਾਂ ਦੀ ਕਮੀ ਨਹੀੰ, ਪਰ ਅਕਾਲੀ ਭਾਜਪਾ ਸਰਕਾਰ ਕੋਈ ਕਾਰਵਾਈ ਨਹੀੰ ਕਰਦੀ। ਕਸ਼ਮੀਰ ਦੀ ਹਾਲਤ ਇੰਨੀਂ ਕਦੇ ਵੀ ਖਰਾਬ ਨਹੀ ਹੋਈ ਜਿੰਨੀਂ ਹੁੁਣ ਹੈ। ਦੇਸ਼ ਦੀ ਪ੍ਰਭੁਸੱਤਾ ਵੀ ਖਤਰੇ ਵਿੱਚ ਪੈ ਗਈ ਹੈ ਕਿਉਕਿ ਡਿਫ਼ੈਂਸ ਸਮੇਤ ਹਰ ਖੇਤਰ ਵਿੱਚ ਵਿਦੇਸ਼ੀ ਪੂੰਜੀ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ।  ਮਹਿੰਗਾਈ ਛਾਲਾਂ ਮਾਰ ਰਹੀ ਹੈ । ਆਮ ਬੰਦੇ ਰੋਟੀ ਖਾਣ ਤੋਂ ਔਖੇ ਹੋ ਰਹੇ ਹਨ ਤੇ ਅੱਛੇ ਦਿਨਾਂ ਦਾ ਇੰਤਜਾਰ ਕਰ ਰਹੇ ਹਨ। ਮਜਦੂਰਾਂ ਤੋ ਉਹਨਾਂ ਦੇ ਹੱਕ ਖੋਹੇ ਜਾ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਹੁਣ ਆਉਦੀਆਂ ਚੋਣਾ ਵਿੱਚ ਪੂਰਾ ਖਦਸ਼ਾ ਹੈ ਕਿ ਦੰਗੇ ਕਰਵਾਏ ਜਾਣਗੇ ਤੇ ਸਮਾਜ ਨੂੰ ਹੋਰ ਅਸਥਿਰ ਕਰਨ  ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਬੁਲਾਰਿਆਂ ਕਿਹਾ ਕਿ ਭਾਰਤੀ ਕਮਿਉਨਿਸਟ ਪਾਰਟੀ ਇਹਨਾਂ ਕੁਚਾਲਾਂ ਨੂੰ ਸਫਲ ਨਹੀਂ ਹੋਦ ਦੇਵੇਗੀ ਤੇ ਦੇਸ ਦੀ ਏਕਤਾ ਅਖੰਡਤਾ, ਧਰਮ ਨਿਰਪੱਖਤਾ ਅਤੇ ਸੰਵਿਧਾਨ ਦੀ ਰੱਖਿਆ ਦੇ ਲਈ ਹਰ ਕੁਰਬਾਨੀ ਦੇਵੇਗੀ।

ਇਸ ਮੌਕੇ ਤੇ  ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਡਾ: ਅਰੁਣ ਮਿੱਤਰਾ ਤੇ ਕਾ: ਡੀ ਪੀ ਮੌੜ ਜ਼ਿਲ੍ਹਾ ਸਹਾਇਕ ਸਕੱਤਰ, ਡਾ: ਗੁਲਜ਼ਾਰ ਪੰਧੇਰ, ਕਾ: ਜੀਤ ਕੁਮਾਰੀ, ਕਾ: ਕੁਲਦੀਪ ਬਿੰਦਰ, ਕਾ: ਵਲੈਤੀ ਖ਼ਾਨ, ਕਾ: ਵਿਜੈ ਕੁਮਾਰ, ਕਾ: ਫ਼ਿਰੋਜ਼ ਮਾਸਟਰ। ਰੈਲੀ ਨੂੰ ਸਫ਼ਲ ਬਨਾਉਣ ਵਿੱਚ ਯੋਗਦਾਨ ਪਾਉਣ ਵਾਲਿਆਂ ਵਿੱਚ ਕਾ: ਗੁਰਨਾਮ ਸਿੱਧੂ, ਕਾ: ਗੁਰਨਾਮ ਗਿੱਲ,  ਕਾ: ਟੁਨ ਟੁਨ, ਕਾ: ਆਨੋਦ ਕੁਮਾਰ, ਕਾ: ਰਾਮ ਚੰਦਰ, ਕਾ: ਰਾਮ ਚੰਦ, ਕਾ: ਅਨਿਲ, ਕਾ: ਸਰੋਜ, ਅਤੇ ਕਾ: ਇਕਬਾਲ ਸਿੰਂਘ ਸ਼ਾਮਿਲ ਸਨ।

No comments: