Friday, July 22, 2016

ਪੁਲਿਸ ਕਮਿਸ਼ਨਰ ਨੂੰ ਮਿਲਿਆ ਪੰਜਾਬ ਇਸਤਰੀ ਸਭਾ ਦਾ ਵਫਦ

ਛੇੜਛਾੜ ਅਤੇ ਰੇਪ ਦੀਆਂ ਘਟਨਾਵਾਂ ਵਿੱਚ ਵਾਧੇ 'ਤੇ ਕੀਤਾ ਚਿੰਤਾ ਦਾ ਪ੍ਰਗਟਾਵਾ 
ਲੁਧਿਆਣਾ: 22 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਅੱਜ ਦੀਆਂ ਅਖਬਾਰਾਂ ਦੇ ਲੁਧਿਆਣਾ ਐਡੀਸ਼ਨਾਂ ਵਿੱਚ ਉਭਰ ਕੇ ਸਾਹਮਣੇ ਆਏ ਜਬਰਜਨਾਹ ਦੇ ਮਾਮਲੇ ਨੇ ਪੂਰੇ ਸ਼ਹਿਰ ਦਾ ਧਿਆਨ ਖਿੱਚਿਆ ਹੈ। ਭਾਜਪਾ ਨਾਲ ਸਬੰਧਤ ਪ੍ਰਮੁੱਖ ਮਹਿਲਾ ਆਗੂ ਸੰਗੀਤਾ ਭੰਡਾਰੀ ਨੇ ਅੱਜ ਸਵੇਰੇ ਸਵੇਰੇ 9:46 'ਤੇ ਹਿੰਦੀ ਦੇ  ਪ੍ਰਸਿੱਧ ਅਖਬਾਰ ਦੈਨਿਕ ਭਾਸਕਰ ਦੇ ਲੁਧਿਆਣਾ ਵਾਲੇ ਸਪਲੀਮੈਂਟ ਵਿੱਚ ਛਪੀ ਇਸ ਮੁੱਖ ਖਬਰ ਦੀ ਤਸਵੀਰ ਆਪਣੀ ਫੇਸਬੁੱਕ ਪ੍ਰੋਫ਼ਾਈਲ  'ਤੇ ਪਾਈ। ਫੇਸਬੁੱਕ ਤੇ ਆਉਂਦਿਆਂ ਹੀ ਇਹ ਖਬਰ ਉਹਨਾਂ ਲੋਕਾਂ ਤੱਕ ਵੀ ਪੁੱਜ ਗਈ ਜਿਹਨਾਂ ਨੇ ਇਸਨੂੰ ਨਹੀਂ ਸੀ ਪੜ੍ਹਿਆ। ਇਸ ਖਬਰ ਨਾਲ ਸ਼ਹਿਰ ਵਿੱਚ ਸਨਸਨੀ ਫੇਲ ਗਈ। ਹਰ ਪਾਸੇ ਇਹੀ ਚਰਚਾ ਸੀ। ਕੁੜੀਆਂ ਦੀ ਸੁਰੱਖਿਆ ਨੂੰ ਲਾਇ ਕੇ ਇੱਕ ਵਾਰ ਫੇਰ ਚਿੰਤਾ ਜਨਕ ਸਥਿਤੀ ਪੈਦਾ ਹੋ ਗਈ। ਭਾਜਪਾ ਆਗੂ ਮੈਡਮ ਸੰਗੀਤਾ ਭੰਡਾਰੀ ਦੀ ਅਗਵਾਈ ਵਾਲੇ ਸੰਗਠਨ ਅਹਿਸਾਸ ਨੇ ਸ਼ਾਮ ਨੂੰ ਕਿਪਸ ਮਾਰਕੀਟ ਵਿੱਚ ਕੈਂਡਲ ਮਾਰਚ ਵੀ ਕੀਤਾ। 
ਇਸਦੇ ਨਾਲ ਹੀ ਸੀਪੀਆਈ ਨਾਲ ਸਬੰਧਿਤ "ਪੰਜਾਬ ਇਸਤਰੀ ਸਭਾ" ਅਤੇ "ਆਲ ਇੰਡੀਆ ਵਰਕਿੰਗ ਵੂਮੈਨ ਫੋਰਮ"  ਨੇ ਇੱਕ ਹੰਗਾਮੀ ਮੀਟਿੰਗ ਕਰਕੇ ਇਸ ਸ਼ਰਮਨਾਕ ਕਰਤੂਤ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੀਟਿੰਗ ਤੋਂ ਬਾਅਦ ਦੋਹਾਂ ਸੰਗਠਨਾਂ ਦਾ ਇੱਕ ਸਾਂਝਾ ਵਫਦ ਪੁਲਿਸ ਕਮਿਸ਼ਨਰ ਜੇ ਐਸ ਔਲਖ ਨੂੰ ਵੀ ਮਿਲਿਆ ਜਿਹਨਾਂ ਇਸ ਬਾਰੇ ਠੋਸ ਕਦਮ ਚੁੱਕਣ ਦਾ ਭਰੋਸਾ ਦੁਆਇਆ। ਇਸ ਵਫਦ ਵਿੱਚ ਔਰਤਾਂ ਅਤੇ ਕਈ ਲੜਕੀਆਂ ਵੀ ਸ਼ਾਮਿਲ ਸਨ।  ਜਦੋਂ ਇਹ ਵਫਦ ਮੀਡੀਆ ਨਾਲ ਗੱਲ ਕਰ ਰਿਹਾ ਸੀ ਤਾਂ ਕਮਿਸ਼ਨਰ ਦਫਤਰ ਦੇ ਬਾਹਰ ਹੀ ਕੁਝ ਵਿਅਕਤੀ ਇਹਨਾਂ ਨੂੰ ਤਿੱਖੀ ਨਜ਼ਰ ਨਾਲ ਦੇਖਦੇ ਹੋਏ ਤਿੰਨ ਚਾਰ ਵਾਰ ਲੰਘੇ। ਲੱਗਦਾ ਸੀ ਜਿਵੈਂ ਇਹਨਾਂ ਨੂੰ ਵਿਰੋਧੀ ਪਾਰਟੀ ਨੇ ਭੇਜਿਆ ਹੁੰਦਾ ਹੈ ਤੇ ਇਹ ਘੂਰੀ ਵੱਟ ਕੇ ਦੇਖ ਲੈਣ ਦੀਆਂ ਧਮਕੀਆਂ ਦੇਣ ਆਏ ਸਨ।
ਸਰਗਰਮ ਭਾਜਪਾ ਮਹਿਲਾ ਆਗੂ ਸੰਗੀਤਾ ਭੰਡਾਰੀ ਦੀ ਅਗਵਾਈ ਹੇਠ ਅਹਿਸਾਸ  ਸੰਗਠਨ ਵੱਲੋਂ ਇਸ ਮੁੱਦੇ ਤੇ ਇਨਸਾਫ ਦੁਆਉਣ ਲਈ ਸਰਾਭਾ ਨਗਰ ਦੀ ਕਿਪਸ ਮਾਰਕਿਟ ਵਿਖੇ ਕੀਤਾ ਗਿਆ ਕੈਂਡਲ ਮਾਰਚ 
ਜਦੋਂ ਇਹ ਮਹਿਲਾ ਵਫਦ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਬਾਹਰ ਨਿਕਲ ਰਿਹਾ ਸੀ ਤਾਂ ਤਿੰਨ ਚਾਰ ਮੁੰਡਿਆਂ ਨੇ ਕੁੜੀਆਂ ਸਾਹਮਣੇ ਆ ਕੇ ਗੱਡੀ ਰੋਕ ਦਿੱਤੀ। ਇਤਰਾਜ਼ ਕਰਨ ਤੇ ਇਹ ਮੁੰਡੇ ਕੁੜੀਆਂ ਨੂੰ ਟਿਚਕਰਾਂ ਕਰਨ ਲੱਗ ਪਏ। ਇੱਕ ਕੁੜੀ ਨੇ ਕਿਹਾ ਦੋ ਮਿੰਟ ਰੁਕੋ ਸਾਡੀਆਂ ਬਾਕੀ ਸਾਥਣਾਂ ਵੀ ਬਾਹਰ ਆ ਰਹੀਆਂ  ਹਨ ਜਿਹੜੀਆਂ ਭੀੜ ਕਾਰਨ ਰੁਕ ਗਈਆਂ ਸਨ। ਕਨੂੰਨ ਦੇ ਡੰਡੇ ਤੋਂ ਬੇਖੌਫ ਹੋਏ ਇਹ ਮੁੰਡੇ ਤਿੰਨ ਉਗਲਾਂ ਖੜੀਆਂ ਕਰਕੇ ਬੋਲੇ ਲੈ ਤਿੰਨ ਮਿੰਟ ਰੁਕਦੇ ਹਾਂ ਕਰਲਾ ਜੋ ਕੁਝ ਕਰਨਾ। ਨਾਲ ਹੀ ਇਹਨਾਂ ਨੇ ਗੁੰਡਾਗਰਦੀ ਵਿੱਚ ਆਮ ਵਰਤਿਆ ਜਾਂਦਾ ਮੋਟਾ ਸੋਟਾ  ਵੀ ਆਪਣੀ ਗੱਡੀ ਵਿੱਚੋਂ ਕੱਢ ਲਿਆ ਜਿਹੜਾ ਇਹਨਾਂ ਕੁੜੀਆਂ ਅਤੇ ਇਹਨਾਂ ਦੀਆਂ ਸਾਥਣਾਂ ਨੇ ਬਹਾਦਰੀ ਦਿਖਾਉਂਦਿਆਂ ਇਹਨਾਂ ਕੋਲੋਂ ਖੋਹ ਲਿਆ। ਲੋਕ ਵੀ ਇਕੱਤਰ ਹੋ ਗਏ। ਇਸ ਸਾਰੀ ਭੱਜਦੌੜ ਵਿੱਚ ਇੱਕ ਵਿਅਕਤੀ ਕਾਬੂ ਆ ਗਿਆ ਜਦਕਿ ਬਾਕੀ ਦੇ ਫਰਾਰ ਹੋਣ ਵਿੱਚ ਸਫਲ ਹੋ ਗਏ। ਕਾਬੂ ਆਇਆ ਵਿਅਕਤੀ ਪੁਲਿਸ ਹਿਰਾਸਤ ਵਿੱਚ ਸੀ ਅਤੇ ਦੇਰ ਸ਼ਾਮ ਤੱਕ ਉਸਨੂੰ ਪੰਜ ਨੰਬਰ ਡਵੀਯਨ ਵਿੱਚ ਦੇਖਿਆ ਗਿਆ। ਉਸ ਕੋਲੋਂ ਪੁੱਛਗਿੱਛ ਜਾਰੀ ਸੀ।  

No comments: