Tuesday, July 26, 2016

ਬੇਅਦਬੀ ਵਿੱਚ ਨਾਮਜ਼ਦ ਔਰਤ ਦਾ ਕਤਲ- ਕਾਤਲਾਂ ਦੀ ਪਛਾਣ ਹੋਈ

ਧਾਰਮਿਕ ਜਜ਼ਬਾਤਾਂ ਨਾਲ ਜੁੜੀ ਹਿੰਸਾ ਫੇਰ ਸ਼ੁਰੂ?
ਡੇਹਲੋਂ/ਆਲਮਗੀਰ (ਲੁਧਿਆਣਾ):26 ਜੁਲਾਈ 2016:(ਪੰਜਾਬ ਸਕਰੀਨ ਬਿਊਰੋ):
ਮ੍ਰਿਤਕਾ ਬਲਵਿੰਦਰ ਕੌਰ 
ਇੱਥੋਂ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਨਾਮਜ਼ਦ ਔਰਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨਾਲ ਇੱਕ ਵਾਰ ਫੇਰ ਧਾਰਮਿਕ ਰੰਗਣ ਵਾਲੇ ਹਿੰਸਕ ਸਿਲਸਿਲੇ ਵਿੱਚ ਤੇਜ਼ੀ ਆਉਂਦੀ ਮਹਿਸੂਸ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘਵੱਦੀ ਵਿਖੇ 18 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀਹ ਪਾਵਨ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਦੇ ਦੋਸ਼ਾਂ 'ਚ ਉਸ ਸਮੇਂ ਪੁਲਿਸ ਵੱਲੋਂ ਫੜੇ ਗਏ ਦੋ ਕਥਿਤ ਦੋਸ਼ੀਆਂ ਵਿਚੋਂ ਮੁੱਖ ਦੋਸ਼ੀ ਔਰਤ ਬਲਵਿੰਦਰ ਕੌਰ ਜੋ ਕੁਝ ਸਮਾਂ ਪਹਿਲਾ ਜ਼ਮਾਨਤ 'ਤੇ ਰਿਹਾਅ ਹੋ ਕੇ ਆਈ ਹੋਈ ਸੀ, ਦਾ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀ ਆਲਮਗੀਰ ਸਾਹਿਬ ਦੇ ਮੁੱਖ ਗੇਟ ਨੇੜੇ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ  ਕਰ ਦਿੱਤਾ ਗਿਆ।  ਮੌਕੇ ਤੋਂ ਪ੍ਰਾਪਤ ਜਾਣਕਾਰੀ ਅਤੇ ਪੁਲਿਸ ਕੋਲ ਮਿ੍ਤਕ ਔਰਤ ਬਲਵਿੰਦਰ ਕੌਰ ਪਤਨੀ ਅਮਰ ਸਿੰਘ ਵਾਸੀ ਘਵੱਦੀ ਹਾਲੀਆ ਵਾਸੀ ਸ਼ਿਮਲਾਪੁਰੀ ਲੁਧਿਆਣਾ ਦੇ ਸਪੁੱਤਰ ਰਣਜੋਧ ਸਿੰਘ ਦੇ ਦੱਸਣ ਅਨੁਸਾਰ ਕਿ ਸਾਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ ਕੀਤਾ ਗਿਆ ਕਿ ਪਿਛਲੇ ਸਾਲ ਘਵੱਦੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਵਾਪਰੀ ਘਟਨਾ ਬਾਰੇ ਤੁਹਾਡੇ ਨਾਲ ਬਾਬਾ ਜੀ ਨੇ ਗੱਲ ਕਰਨੀ ਹੈ ਅਤੇ ਤੁਹਾਡੇ ਕੇਸ ਦੀ ਪੈਰਵਾਈ ਕਰਕੇ ਬਲਵਿੰਦਰ ਕੌਰ ਨੂੰ ਬਰੀ ਕਰਵਾਇਆ ਜਾਵੇਗਾ।  ਉਸ ਨੇ ਦੱਸਿਆ ਕਿ ਇਸੇ ਕਰਕੇ ਮੈਂ ਆਪਣੀ ਮਾਂ ਨੂੰ ਲੈ ਕੇ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਦਿੱਤੇ ਸਮੇਂ ਅਨੁਸਾਰ ਆਟੋ ਨੰਬਰ ਪੀ. ਬੀ. 10 ਈ. ਐੱਚ. 5603 ਵਿਚ ਆਇਆ ਜਿਥੇ ਸਾਨੂੰ ਦੋ ਅੰਮ੍ਰਿਤਧਾਰੀ ਸਿੰਘ ਮਿਲੇ ਤੇ ਉਨ੍ਹਾਂ ਮੇਰੀ ਮਾਂ ਨਾਲ ਆਟੋ ਵਿਚ ਬੈਠ ਕੇ ਗੱਲ ਕੀਤੀ ਤੇ ਉਸਨੂੰ ਕਰੀਬ ਅੱਠ ਵਜੇ ਗੋਲੀ ਮਾਰ ਕੇ ਮਾਰ ਦਿੱਤਾ। ਘਟਨਾ ਨੂੰ ਅਜਨਮ ਦੇਣ ਮਗਰੋਂ ਇਹ ਦੋਵੈਂ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। ਥਾਣਾ ਡੇਹਲੋਂ ਅਧੀਨ ਪੈਂਦੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਲੁਧਿਆਣਾ ਸ: ਜਤਿੰਦਰ ਸਿੰਘ ਔਲਖ, ਡੀ. ਸੀ. ਪੀ. ਧਰੁੰਮਲ ਨਮਿਬਲੇ, ਏ. ਡੀ. ਸੀ. ਪੀ. ਪਰਮਜੀਤ ਸਿੰਘ ਪੰਨੂ, ਏ. ਡੀ. ਸੀ. ਪੀ. ਕਰਾਈਮ ਬਲਕਾਰ ਸਿੰਘ, ਏ. ਸੀ. ਪੀ. ਗਿੱਲ ਸ੍ਰੀ ਸੁਰਿੰਦਰ ਮੋਹਣ, ਥਾਣਾ ਮੁਖੀ ਡੇਹਲੋਂ ਇੰਸਪੈਕਟਰ ਅਮਨਦੀਪ ਸਿੰਘ ਬਰਾੜ, ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਸਮੇਤ ਭਾਰੀ ਗਿਣਤੀ 'ਚ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮ੍ਰਿਤਕ ਔਰਤ ਦੇ ਪੁੱਤਰ ਰਣਜੋਧ ਸਿੰਘ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ | ਇਸ ਸਮੇਂ ਪੁਲਿਸ ਕਮਿਸ਼ਨਰ ਲੁਧਿਆਣਾ ਸ: ਜਤਿੰਦਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪੁਲਿਸ ਨੇ ਔਰਤ ਬਲਵਿੰਦਰ ਕੌਰ ਦੀ ਹੱਤਿਆਂ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਸਮੇਤ ਆਸ ਪਾਸ ਤੋਂ ਜਾਣਕਾਰੀ ਇਕੱਤਰ ਕਰ ਲਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਹੁਣ ਦੇਖਣਾ ਹੈ ਕਿ ਔਰਤ ਨੂੰ ਕਤਲ ਕਰਨ ਵਾਲੇ ਕਾਤਲ ਕਿਸ ਨਾਲ ਸਬੰਧਤ ਨਿਕਲਦੇ ਹਨ। 
ਪੁਲਿਸ ਵੱਲੋਂ ਦੋਸ਼ੀਆਂ ਦੀ ਸ਼ਨਾਖਤ? 
ਲੁਧਿਆਣਾ ਪਿੰਡ ਆਲਮਗੀਰ ਵਿਚ ਬਲਵਿੰਦਰ ਕੌਰ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਸ਼ਾਮਿਲ ਹੋਏ ਕਥਿਤ ਦੋਸ਼ੀਆਂ ਦੀ ਪੁਲਿਸ ਵੱਲੋਂ ਸ਼ਨਾਖਤ ਕਰ ਲਈ ਗਈ ਹੈ।  ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਸ਼ਾਮਿਲ ਕਥਿਤ ਦੋਸ਼ੀਆਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਜਾਗੋਵਾਲ ਵਾਸੀ ਸੰਗਰੂਰ ਅਤੇ ਨਿਹਾਲ ਸਿੰਘ ਵਾਸੀ ਪਟਿਆਲਾ ਵਜੋਂ ਕੀਤੀ ਗਈ ਹੈ। ਇਸ ਸੰਬੰਧੀ ਥਾਣਾ ਡੇਹਲੋਂ ਵਿਖੇ ਮਿ੍ਤਕ ਔਰਤ ਦੇ ਪੁੱਤਰ ਰਣਜੋਧ ਸਿੰਘ ਦੇ ਬਿਆਨਾਂ 'ਤੇ ਦੋਵਾਂ ਖਿਲਾਫ ਮੁੱਕਦਮਾ ਨੰਬਰ 92 ਧਾਰਾ 302, 25/27/54/59, 34 ਆਈ. ਪੀ. ਸੀ. ਤਹਿਤ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਟੀਮਾਂ ਵੱਖ-ਵੱਖ ਥਾਵਾਂ 'ਤੇ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਮੀਦ ਹੈ ਜਲਦੀ ਹੀ ਪੁਲਿਸ ਇਹਨਾਂ ਕਾਤਲਾਂ ਨੂੰ ਦਬੋਚ ਲਵੇਗੀ। 
ਬੇਅਦਬੀ ਘਟਨਾਕ੍ਰਮ ਦਾ ਵੇਰਵਾ 
ਪਿੰਡ ਘਵੱਦੀ ਜ਼ਿਲ੍ਹਾ ਲੁਧਿਆਣਾ ਵਿਖੇ 18 ਅਕਤੂਬਰ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 20 ਪਾਵਨ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਮੰਦਭਾਗੀ ਘਟਨਾ ਵਾਪਰੀ ਸੀ। ਜਿਸ ਸਬੰਧੀ ਡੇਹਲੋਂ ਪੁਲਿਸ ਨੇ ਮੁਕੱਦਮਾ ਨੰਬਰ 160 ਧਾਰਾ 295 ਏ., 34 ਆਈ. ਪੀ. ਸੀ. ਤਹਿਤ ਦਰਜ ਕਰਕੇ ਗੁਰਦੁਆਰਾ ਸਾਹਿਬ 'ਚ ਡਿਊਟੀ ਨਿਭਾਅ ਰਹੇ ਗ੍ਰੰਥੀ ਸਿੰਘ ਸਿਕੰਦਰ ਸਿੰਘ ਪੁੱਤਰ ਦਲੇਰ ਸਿੰਘ ਕਾਉਂਕੇ (ਮਾਛੀਵਾੜਾ) ਅਤੇ ਪਿੰਡ ਦੀ ਇਸ ਅੰਮਿ੍ਤਧਾਰੀ ਔਰਤ ਬਲਵਿੰਦਰ ਕੌਰ ਪਤਨੀ ਅਮਰ ਸਿੰਘ ਨੂੰ ਨਾਮਜ਼ਦ ਕੀਤਾ ਸੀ। ਜ਼ਿਕਰਯੋਗ ਹੈ ਕਿ ਉਕਤ ਘਟਨਾ ਦਾ ਗ੍ਰੰਥੀ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਬਾਅਦ ਪਤਾ ਲੱਗਿਆ ਸੀ ਜਦੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਆਈ ਇਸ ਔਰਤ ਬਲਵਿੰਦਰ ਕੌਰ ਨੇ ਮੁੱਖ ਦਰਵਾਜ਼ੇ ਦਾ ਜਿੰਦਰਾ ਖੁੱਲ੍ਹਾ ਹੋਣ ਬਾਰੇ ਆਪ ਹੀ ਜਾਣਕਾਰੀ ਦਿੱਤੀ ਸੀ ਤਾਂ ਕਿ ਉਸ 'ਤੇ ਸ਼ੱਕ ਨਾ ਹੋ ਸਕੇ। ਇਸ ਔਰਤ ਦੇ ਕਹਿਣ ਮਗਰੋਂ ਹੀ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੰਗੀ ਤਰ੍ਹਾਂ ਵਾਚਿਆ ਜਿਸ ਤੋਂ ਬਾਅਦ ਹੀ ਬੇਅਦਬੀ ਕਰਨ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਸੀ। ਉਸ ਸਮੇਂ ਵੀ ਜਦੋਂ ਪੁਲਿਸ ਉਕਤ ਔਰਤ ਨੂੰ ਪਿੰਡ ਕਾਨੂੰਨੀ ਕਾਰਵਾਈ ਪੂਰੀ ਕਰਵਾਉਣ ਲੈ ਕੇ ਆਈ ਸੀ ਤਦ ਵੀ ਉਸ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਔਰਤ ਦੇ ਪਰਿਵਾਰਕ ਮੈਂਬਰ ਘਰੋਂ ਡਰਦੇ ਮਾਰੇ ਚਲੇ ਗਏ ਸਨ ਅਤੇ ਜ਼ਮਾਨਤ ਹੋਣ ਬਾਅਦ ਉਕਤ ਔਰਤ ਹੁਣ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਲੁਧਿਆਣਾ ਰਹਿ ਰਹੀ ਸੀ ਜਿਸ ਦਾ ਅੱਜਕਤਲ  ਕਰ ਦਿੱਤਾ ਗਿਆ। |

No comments: