Wednesday, July 06, 2016

ਲੋਕ ਸੇਵਾ ਨੂੰ ਸਮਰਪਿਤ ਸਾਥੀ ਹਰਬੰਸ ਸਿੰਘ ਮਾਲਵਾ

ਉਹ ਸਖ਼ਤ ਮਿਹਨਤ ਕਰਕੇ ਹੀ ਇੱਥੋਂ ਤੱਕ ਪੜ੍ਹਾਈ ਕਰ ਸਕੇ
ਲੁਧਿਆਣਾ: 5 ਜੁਲਾਈ 2016: (*ਅਮਰਜੀਤ ਸਿੰਘ//ਪੰਜਾਬ ਸਕਰੀਨ ਬਿਊਰੋ): 
ਨਾਰਦਰਨ ਜ਼ੋਨ ਇਨਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਲੁਧਿਆਣਾ ਡਿਵੀਜ਼ਨ ਦੇ ਡਿਵੀਜ਼ਨਲ ਪ੍ਰਧਾਨ ਸਾਥੀ ਹਰਬੰਸ ਸਿੰਘ ਭਾਰਤੀ ਜੀਵਨ ਬੀਮਾ ਨਿਗਮ ਦੀ ਸੇਵਾ ਤੋਂ 30 ਜੂਨ, 2016 ਨੂੰ ਸੇਵਾਮੁਕਤ ਹੋ ਰਹੇ ਹਨ। ਲੋਕ ਸੇਵਾ ਨੂੰ ਸਮਰਪਿਤ ਸਾਥੀ ਹਰਬੰਸ ਸਿੰਘ ਨਿਗਮ ਵਿੱਚ 1985 ਦੇ ਸ਼ੁਰੂ ਵਿੱਚ ਸਹਾਇਕ ਦੀ ਪਦਵੀ ਤੇ ਚੰਡੀਗੜ੍ਹ ਡਿਵੀਜ਼ਨ ਦੀ ਸੰਗਰੂਰ ਬ੍ਰਾਂਚ ਵਿੱਚ ਹਾਜਰ ਹੋਏ, ਜਿੱਥੇ ਉਨ੍ਹਾਂ ਨੇ ਲੇਖਾ ਵਿਭਾਗ ਵਿੱਚ ਕੰਮ ਕੀਤਾ ਅਤੇ ਨਵੰਬਰ 1985 ਵਿੱਚ ਤਬਦੀਲ ਹੋ ਕੇ ਖੰਨਾ ਬ੍ਰਾਂਚ ਵਿੱਚ ਸਤੰਬਰ 1987 ਤੱਕ ਰਹੇ। ਇਸ ਉਪਰੰਤ ਹਰਬੰਸ ਜੀ ਦੇ ਆਪਣੇ ਸ਼ਹਿਰ ਸਮਰਾਲ਼ਾ ਵਿਖੇ 1987 ਦੇ ਸਤੰਬਰ ਚ ਬ੍ਰਾਂਚ ਖੁੱਲ੍ਹਣ ਕਰਕੇ ਸਮਰਾਲ਼ੇ ਆ ਗਏ। ਜਦੋਂ ਪੰਜਾਬ ਦੇ ਫਿਰਕੂ ਹਾਲਾਤ ਬਹੁਤ ਜਿਆਦਾ ਵਿਗੜ ਗਏ ਤਾਂ ਮਜਬੂਰੀ ਵੱਸ ਬਦਲੀ ਕਰਵਾ ਕੇ ਲੁਧਿਆਣਾ ਦੀ ਬ੍ਰਾਂਚ ਨੰ. 3 ਵਿੱਚ ਮਈ 1992 ਨੂੰ ਹਾਜਰੀ ਦਿੱਤੀ। ਇਹ ਸੰਯੋਗਵਸ ਹੀ ਸੀ ਕਿ ਉਸੇ ਵੇਲ਼ੇ ਲੁਧਿਆਣਾ ਡਿਵੀਜ਼ਨ ਹੋਂਦ ਵਿੱਚ ਆਇਆ। ਸਾਥੀ ਐੱਚ.ਜੀ.ਏ. ਬਣਨ ਉਪਰੰਤ ਅਗਸਤ, 1993 ਵਿੱਚ ਡਿਵੀਜ਼ਨ ਦਫਤਰ ਵਿਖੇ ਕਾਰਮਿਕ ਵਿਭਾਗ ਵਿੱਚ ਆ ਗਏ ਅਤੇ ਬਾਅਦ ਵਿੱਚ ਹੋਈ ਐਸੋਸੀਏਸ਼ਨ ਦੀ ਕਾਨਫਰੰਸ ਦੌਰਾਨ ਲੁਧਿਆਣਾ ਡਿਵੀਜ਼ਨ ਦੀ ਟੀਮ ਦੇ ਉਪ-ਪ੍ਰਧਾਨ ਦੇ ਤੌਰ `ਤੇ ਚੁਣੇ ਗਏ।’
ਇੱਥੇ ਮੈਂ ਇੱਕ ਹੋਰ ਦਿਲਚਸਪ ਜਾਣਕਾਰੀ ਸਾਥੀਆਂ ਨਾਲ਼ ਸਾਂਝੀ ਕਰਨੀ ਚਾਹਾਂਗਾ ਕਿ ਸਾਥੀ ਜਦੋਂ ਕਾਲਜ ਦੀ ਪੜ੍ਹਾਈ ਕਰ ਰਹੇ ਸਨ ਤਾਂ ਆਮਦਨ ਦੇ ਵਸੀਲਿਆਂ ਦੀ ਅਣਹੋਂਦ ਕਾਰਨ ਲਗਾਤਾਰ ਚਾਰ ਸਾਲ ਸਵੇਰ-ਸ਼ਾਮ ਦੁੱਧ ਦਾ ਕੰਮ ਕਰਦੇ ਰਹੇ ਤਾਂ ਜੋ ਬੀ.ਏ.ਦੀ ਪੜ੍ਹਾਈ ਮੁਕੰਮਲ ਕੀਤੀ ਜਾ ਸਕੇ। ਫਿਰ ਇੱਕ ਸਾਲ ਦੇ ਵਕਫ਼ੇ ਤੋਂ ਬਾਅਦ ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਤੋਂ ਬੀ.ਐੱਡ. ਕੀਤੀ। ਇਹ ਸਾਥੀ ਦੇ ਦ੍ਰਿੜ ਸੰਕਲਪ ਦਾ ਸਿੱਟਾ ਹੀ ਸੀ ਕਿ ਉਹ ਸਖ਼ਤ ਮਿਹਨਤ ਕਰਕੇ ਇੱਥੋਂ ਤੱਕ ਪੜ੍ਹਾਈ ਕਰ ਸਕੇ।
ਸਾਲ 2000 ਦੇ ਦਸੰਬਰ ਵਾਲ਼ੀ ਕਾਨਫਰੰਸ ਵਿੱਚ ਹਰਬੰਸ ਅਤੇ ਮੈਂ ਡਿਵੀਜ਼ਨ ਦੀ ਅਗਵਾਨੂੰ ਟੀਮ ਦਾ ਹਿੱਸਾ ਬਣੇ ਜੋ ਹੁਣ ਤੱਕ ਜਾਰੀ ਹੈ। ਸਰਕਾਰਾਂ ਵੱਲੋਂ ਭਾਰਤੀ ਜੀਵਨ ਬੀਮਾ ਨਿਗਮ ’ਤੇ ਕੀਤੇ ਜਾ ਰਹੇ ਹਮਲਿਆ ਦਰ ਹਮਲਿਆਂ ਦਾ ਜਵਾਬ ਦੇਣ ਲਈ ਸਾਥੀ ਨੇ ਡਿਵੀਜ਼ਨ ਦੇ ਸਾਰੇ ਸਾਥੀਆਂ ਨੂੰ ਇੱਕਮੁੱਠ ਕਰਕੇ ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਅਤੇ ਨਾਰਦਰਨ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੀ ਅਗਵਾਈ ਵਿੱਚ ਜੱਥੇਬੰਦ ਕੀਤਾ। ਸਾਰੀਆਂ ਸ਼ਾਖ਼ਾਵਾਂ ਦੇ ਸਾਥੀਆਂ ਨੂੰ ਨਿੱਜੀਕਰਨ ਦੇ ਵਿਰੋਧ ਦੀ ਲੜਾਈ ਵਿੱਚ ਅਨੁਸ਼ਾਸਨਬੱਧ ਅਤੇ ਜਾਗਰੂਕ ਹੋ ਕੇ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਆ। ਜਿਸ ਨਾਲ਼ ਜੱਥੇਬੰਦੀ ਦੇ ਹਰ ਸੱਦੇ ਨੂੰ - ਚਾਹੇ ਉਹ ਵੇਤਨ-ਸੋਧ ਦੀ ਲੜਾਈ ਦਾ ਸੱਦਾ ਹੋਵੇ ਜਾਂ ਬਾਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਸੱਦਾ, ਸਾਥੀ ਦੀ ਅਗਵਾਈ ਵਿੱਚ ਲੁਧਿਆਣਾ ਡਿਵੀਜ਼ਨ ਨੇ ਕਾਮਯਾਬੀ ਨਾਲ਼ ਲਾਗੂ ਕੀਤਾ।
ਅਕਤੂਬਰ, 2010 ਤੋਂ ਅਕਤੂਬਰ, 2015 ਤੱਕ ਸਾਥੀ ਹਰਬੰਸ ਸਿੰਘ ‘ਦੀ ਲੁਧਿਆਣਾ ਐੱਲ.ਆਈ.ਸੀ. ਆਫ਼ ਇੰਡੀਆ ਇੰਪਲਾਈਜ਼ ਕੋਆਪਰੇਟਿਵ ਸੁਸਾਇਟੀ’ ਦੇ ਪ੍ਰਧਾਨ ਰਹੇ। ਸੁਸਾਇਟੀ ਨੇ ਇਸ ਦੌਰਾਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ।
ਸਾਥੀ ਦੀ ਸ਼ਖਸੀਅਤ ਦਾ ਇੱਕ ਹੋਰ ਪੱਖ ਜਿਹੜਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਜਨਵਾਦੀ ਲੇਖਕ ਦੇ ਤੌਰ ’ਤੇ ਵੀ ਸਮਾਜ ਵਿੱਚ ਵਿਚਰ ਰਹੇ ਹਨ। ਉਹਨਾਂ ਦੇ ਸਾਹਿਤਕ ਅਤੇ ਲੋਕ ਪੱਖੀ ਗੀਤ, ਪੁਸਤਕ-ਰੂਪ ਵਿੱਚ ਵੀ ਸਾਡੇ ਕੋਲ਼ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਔਰਤ ਦੇ ਹਰ ਸਮਾਜਿਕ ਰੋਲ ਦੀ, ਸਮਾਜਿਕ ਸਥਿਤੀ ਦੇ ਦਰਦ ਦਾ, ਭਰੂਣ ਹੱਤਿਆ ਦਾ, ਮਜ਼ਦੂਰ ਕਿਸਾਨ ਦੇ ਦਰਦ ਦਾ ਅਤੇ ਬੇਰੁਜਗਾਰ ਨੌਜਵਾਨਾਂ ਦੇ ਦਰਦ ਦਾ ਅਨੁਭਵ ਪੇਸ਼ ਹੈ ਅਤੇ ਨਾਲ਼ ਹੀ ਅਜਿਹੀ ਸਥਿਤੀ ਵਿੱਚੋਂ ਬਾਹਰ ਨਿਕਲਣ ਦਾ ਹੱਲ ਵੀ, ਇਕੱਠੇ ਹੋ ਕੇ ਸੰਘਰਸ਼ ਕਰਕੇ ਆਪਣੇ ਹੱਕ ਪ੍ਰਾਪਤ ਕਰਨ ਦਾ ਸੁਝਾਇਆ ਹੈ।
ਸਾਥੀਓ, ਹਰਬੰਸ ਸਿੰਘ ਜੀ ਵਰਗੇ ਨਿਸ਼ਠਾਵਾਨ ਕਰਮਯੋਗੀ ਕਦੇ ਸੇਵਾ-ਨਵਿਰਤ ਨਹੀਂ ਹੋਇਆ ਕਰਦੇ। ਅਸੀਂ ਯਕੀਨ ਵਰਗੀ ਉਮੀਦ ਕਰਦੇ ਹਾਂ ਕਿ ਉਹ ਜਨਹਿਤ ਲਈ ਆਪਣੀਆਂ ਸੇਵਾਵਾਂ ਹਮੇਸ਼ਾ ਜਾਰੀ ਰੱਖਣਗੇ।
ਮੈਂ ਲੁਧਿਆਣਾ ਮੰਡਲ ਵੱਲੋਂ ਸਾਥੀ ਅਤੇ ਉਸਦੇ ਪਰਿਵਾਰ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ।
ਸ਼ੁਭ ਕਾਮਨਾਵਾਂ ਸਮੇਤ।
ਆਪ ਦਾ ਸਾਥੀ,
*ਅਮਰਜੀਤ ਸਿੰਘ ਐਨ.ਜੈੱਡ.ਆਈ.ਈ.ਏ.,ਲੁਧਿਆਣਾ ਦੇ  ਡਿਵੀਜ਼ਨਲ ਸਕੱਤਰ ਹਨ। 

No comments: