Sunday, July 17, 2016

....ਤੇ ਉਸਨੇ ਵਾਪਿਸ ਲਾਹੌਰ ਜਾ ਕੇ ਬਾਬੇ ਦੀ ਪੈਨਸ਼ਨ ਬੰਦ ਕਰਤੀ...!

ਤੁਸੀ ਆਪਣੀ ਦਾਹੜੀ ਦੇ ਥੱਲੇ ਹੱਥ ਰੱਖ ਕੇਜੋ ਆਖੋਗੇ ਸੱਚ ਮੰਨਾਂਗਾ
ਇਹ ਰਚਨਾ ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋਈ ਹੈ। ਕਿਸਨੇ ਭੇਜੀ ਉਸਦਾ ਨਾਮ ਭੁੱਲ ਰਿਹਾ ਹੈ। ਬ੍ਰਿਟਿਸ਼ ਰਾਜ ਪ੍ਰਬੰਧ ਦੀਆਂ ਬਾਰੀਕੀਆਂ ਵੱਲ ਧਿਆਨ ਦੁਆਉਂਦੀ ਇਹ ਰਚਨਾ ਅੱਜ ਦੇ ਸਿਸਟਮ ਵਿੱਚ ਹੋਰ ਵੀ ਪ੍ਰਸੰਗਿਕ ਹੋ ਜਾਂਦੀ ਹੈ।-ਸੰਪਾਦਕ   
ਇਹ ਘਟਨਾ ਪਹਿਲੀ ਸੰਸਾਰ ਜੰਗ ਤੋ ਵੀ ਪਹਿਲਾ ਦੀ ਹੈ...!
ਪਿੰਨ ਇੰਟਰੈਸਟ ਫੋਟੋ 
ਬਾਬਾ ਪਿਸ਼ੌਰਾ ਸਿੰਘ ਫ਼ੌਜ ਵਿੱਚੋ ਸੂਬੇਦਾਰ ਦੇ ਰੈਂਕ ਤੋ ਰਿਟਾਇਰ ਹੋ ਕੇ ਆਇਆ ਸੀ ਤੇ ਸਰੀਰ ਪੱਖੋ ਤਕੜਾ ਹੋਣ ਕਰਕੇ ਬਾਬਾ ਪੈਨਸ਼ਨ ਆ ਕੇ ਵੀ ਆਪਣੇ ਪਰਿਵਾਰ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਦਾ ਸੀ ਤੇ ਉਨ੍ਹਾਂ ਕੋਲ ਚੰਗੀਆ ਮੱਝਾਂ ਸਨ।ਬਾਬਾ ਬਿਆਸ ਦਰਿਆ ਵੱਲ ਮੱਝਾਂ ਚਾਰਣ ਜਾਂਦਾ ਸੀ ਤੇ ਇੱਕ ਵਾਰ ਬਾਬੇ ਨੂੰ ਘੋੜੀ ਤੇ ਚੜ੍ਹਿਆ ਆਉਦਾ ਅੰਗਰੇਜ ਅਫਸਰ ਮਿਲ ਪਿਆ,ਗਰਮੀ ਦੀ ਬਹੁਤ ਹੋਣ ਕਰਕੇ ਬਾਬੇ ਦੇ ਗਲ ਕਮੀਜ਼ ਨਹੀ ਪਾਈ ਸੀ ਤੇ ਉਹ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ। ਬਾਬੇ ਤੇ ਅੰਗਰੇਜ ਵਿਚਕਾਰ ਗੱਲਬਾਤ ਹੋਈ ਤੇ ਬਾਬੇ ਨੇ ਦੱਸਿਆ ਕਿ ਉਹ ਫੌਜ ਵਿੱਚੋ ਰਿਟਾਇਰ ਹੋਇਆ ਹੈ ਤੇ ਪੈਨਸ਼ਨ ਵੀ ਮਿਲ ਰਹੀ ਹੈ। ਉਸਨੇ ਬਾਬੇ ਦਾ ਨਾਮ ਪਤਾ ਲਿਖ ਲਿਆ ਤੇ ਵਾਪਿਸ ਲਾਹੌਰ ਜਾ ਕੇ ਬਾਬੇ ਦੀ ਪੈਨਸ਼ਨ ਬੰਦ ਕਰਤੀ...!

ਬਾਬੇ ਦੇ ਸ਼ਰੀਕੇ ਚੋ ਖੜਕ ਸਿੰਘ ਵੀ ਫ਼ੌਜ ਵਿੱਚੋਂ ਦਫ਼ੇਦਾਰ (ਹੌਲਦਾਰ ਦੇ ਬਰਾਬਰ) ਦੇ ਰੈਂਕ ਤੋ ਰਿਟਾਇਰ ਹੋ ਕੇ ਪੈਨਸ਼ਨ ਤੇ ਘਰ ਆਇਆ ਸੀ ਤੇ ਉਸਦਾ ਕਿਸੇ ਨਾਲ 12 ਵਿਘੇ ਜ਼ਮੀਨ ਦਾ ਕੇਸ ਅੰਮ੍ਰਿਤਸਰ ਦੀ ਅਦਾਲਤ ਵਿੱਚ ਚੱਲਦਾ ਸੀ।ਖੜਕ ਸਿੰਘ ਦੇ ਬਿਆਨ ਕਲਮਬੰਦ ਕਰਨ ਲਈ ਉਸਨੂੰ ਕਟਹਿਰੇ ਵਿੱਚ ਖੜ੍ਹਾ ਕਰ ਕੇ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁਕਾਉਣ ਲੱਗੇ ਤਾਂ ਗੋਰੇ ਜੱਜ ਨੇ ਧਿਆਨ ਨਾਲ ਖੜਕ ਸਿੰਘ ਦੇ ਚਿਹਰੇ ਵੱਲ ਦੇਖਿਆ। 65-70 ਸਾਲ ਦੀ ਉਮਰ ਦੇ ਖੜਕ ਸਿੰਘ ਦਾ ਭਰਵਾਂ ਚਿਹਰਾ,ਦੁੱਧ ਚਿੱਟਾ ਭਰਵਾਂ ਲੰਬਾ ਦਾਹੜਾ ਦੇਖਕੇ ਗੋਰਾ ਜੱਜ ਇਨ੍ਹਾਂ ਪ੍ਰਭਾਵਿਤ ਹੋਇਆ ਕਿ ਉਸਨੇ ਖੜਕ ਸਿੰਘ ਨੂੰ ਆਪਣੀ ਕੁਰਸੀ ਕੋਲ ਬੁਲਾ ਲਿਆ ਤੇ ਬਾਬਾ ਖੜਕ ਸਿੰਘ ਦੇ ਚਿਹਰੇ ਵੱਲ ਦੇਖਕੇ ਕਹਿਣ ਲੱਗਾ "ਬਾਬਾ ਜੀ ਤੁਹਾਡੇ ਚਿਹਰੇ ਤੇ ਦਾਹੜੀ ਵਿੱਚੋ ਤਾਂ ਮੈਨੂੰ ਸਾਖਿਆਤ ਈਸਾ ਦਿਸਦਾ ਹੈ।ਮੈ ਤੁਹਾਡੀ ਲੰਬੀ ਚਿੱਟੀ ਦਾਹੜੀ ਦੇਖਕੇ ਬਹੁਤ ਖੁਸ਼ ਹੋਇਆ ਹਾਂ। ਤਹਾਨੂੰ ਪੋਥੀ ਦੀ ਸਹੁੰ ਨਹੀ ਚੁਕਾਈ ਜਾਵੇਗੀ। ਤੁਸੀ ਆਪਣੀ ਦਾਹੜੀ ਦੇ ਥੱਲੇ ਹੱਥ ਰੱਖ ਕੇ ਮੇਰੇ ਕੋਲ ਖਲੋ ਕੇ ਜੋ ਬਿਆਨ ਦੇਵੋਗੇ,ਮੈ ਉਨ੍ਹਾਂ ਨੂੰ ਬਿਲਕੁਲ ਸੱਚ ਮੰਨ ਲਵਾਂਗਾ।ਤਹਾਨੂੰ ਕਟਹਿਰੇ ਵਿੱਚ ਖੜੇ ਹੋਣ ਦੀ ਕੋਈ ਲੋੜ ਨਹੀ।"ਬਾਬੇ ਨੇ ਦਾਹੜੀ ਤੇ ਦੋਵੇ ਹੱਥ ਰੱਖ ਕੇ ਬਿਆਨ ਦੇ ਦਿੱਤੇ ਤੇ ਗੋਰੇ ਜੱਜ ਨੇ ਬਿਆਨ ਲਿਖ ਲਏ ਤੇ ਅਗਲੀ ਤਰੀਕ ਤੇ ਫੈਸਲਾ ਖੜਕ ਸਿੰਘ ਦੇ ਹੱਕ ਵਿੱਚ ਕਰ ਦਿੱਤਾ...!
ਰਿਟਾਇਰ ਹੋਣ ਤੋ ਬਾਅਦ ਉਹ ਗੋਰਾ ਜੱਜ ਪੰਜਾਬ ਮਸਲਿਆਂ ਬਾਰੇ ਕਿਸੇ ਉੱਚ ਕਮੇਟੀ ਦਾ ਮੈਂਬਰ ਬਣ ਗਿਆ ਤੇ ਖੜਕ ਸਿੰਘ ਨੂੰ ਮਿਲਣ ਤੇ ਸਰਕਾਰੀ ਦੌਰੇ ਤੇ ਖੜਕ ਸਿੰਘ ਦੇ ਪਿੰਡ ਆਇਆ ਤੇ ਖੜਕ ਸਿੰਘ ਨੇ ਵੀ ਉਸਦੀ ਚੰਗੀ ਸੇਵਾ ਕੀਤੀ ਤੇ ਗੋਰੇ ਜੱਜ ਨੇ ਕਿਹਾ ਕੋਈ ਦੁੱਖ ਤਕਲੀਫ ਹੈ ਤਾਂ ਦੱਸੋ। ਖੜਕ ਸਿੰਘ ਨੇ ਆਪਣੇ ਸ਼ਰੀਕੇ ਦੇ ਸੂਬੇਦਾਰ ਪਿਸ਼ੌਰਾ ਸਿੰਘ ਦੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਤੇ ਸਾਰੀ ਘਟਨਾ ਵੀ ਦੱਸੀ ਕਿ ਪੈਨਸ਼ਨ ਕਿਵੇ ਬੰਦ ਹੋਈ ਤੇ ਗੋਰਾ ਜੱਜ ਨਾਮ/ਪਤਾ ਲਿਖ ਕੇ ਚਲਾ ਗਿਆ।ਰਾਜਧਾਨੀ ਲਾਹੌਰ ਵਿੱਚ ਉੱਚ ਕਮੇਟੀ ਦੀ ਮੀਟਿੰਗ ਹੋਈ ਤਾਂ ਗੋਰੇ ਜੱਜ ਨੇ ਪਿਸ਼ੌਰਾ ਸਿੰਘ ਦੀ ਪੈਨਸ਼ਨ ਦਾ ਮੁੱਦਾ ਉਠਾਇਆ...!
20 ਕੁ ਦਿਨ ਬਾਅਦ ਗੋਰਾ ਜੱਜ ਫਿਰ ਘੋੜੇ ਤੇ ਚੜ੍ਹਕੇ ਖੜਕ ਸਿੰਘ ਹੁਣਾ ਦੇ ਪਿੰਡ ਆਇਆ ਤੇ ਉਸ ਨਾਲ ਉਹ ਅੰਗਰੇਜ ਅਫਸਰ ਵੀ ਸੀ ਜਿਸਨੇ ਪਿਸ਼ੌਰਾ ਸਿੰਘ ਦੀ ਪੈਨਸ਼ਨ ਬੰਦ ਕੀਤੀ ਸੀ। ਪਿਸ਼ੌਰਾ ਸਿੰਘ ਨੂੰ ਵੀ ਬੁਲਾਇਆ ਗਿਆ ਤੇ ਉਸਨੂੰ ਗੋਰਾ ਅਫਸਰ ਕਹਿੰਦਾ ਤੁਸੀ 28 ਸਾਲ ਦੇਸ਼ ਦੀ ਸੇਵਾ ਕੀਤੀ। ਕਿੰਨੇ ਕਸ਼ਟ ਝੱਲੇ,ਕਰੀ ਵਾਰ ਦੇਸ਼ ਕਈ ਆਪਣੀ ਜਾਨ ਦੀ ਬਾਜ਼ੀ ਲਾਈ।ਤੁਹਾਨੂੰ ਪੈਨਸ਼ਨ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਬੁਢਾਪੇ ਦੀ ਜ਼ਿੰਦਗੀ ਅਨੰਦ ਨਾਲ ਮਾਣੋ। ਸੋਹਣੇ ਕੱਪੜੇ ਪਾਉ। ਹੱਥ ਵਿੱਚ ਵਧੀਆ ਖੂੰਡੀ ਰੱਖੋ। ਸਵੇਰੇ ਸ਼ਾਮ ਸੈਰ ਕਰੋ ਤੇ ਜੇ ਹੋ ਸਕੇ ਤਾਂ ਇੱਕ ਚੰਗੀ ਨਸਲ ਦਾ ਕੁੱਤਾ ਵੀ ਰੱਖੋ। ਪਰ ਤੁਸੀ ਤਾਂ ਆਪਣੀ ਜ਼ਿੰਦਗੀ ਨੂੰ ਖ਼ਰਾਬ ਕੀਤਾ ਹੋਇਆ ਹੈ। ਇੰਜ ਭਵਿੱਖ ਵਿੱਚ ਨਹੀ ਕਰਨਾ। ਇਸ ਨਾਲ ਸਰਕਾਰ ਦੀ ਬਦਨਾਮੀ ਹੁੰਦੀ ਹੈ। ਅੱਜ ਤੋਂ ਤੁਹਾਡੀ ਪੈਨਸ਼ਨ ਬਹਾਲ ਕੀਤੀ ਜਾਂਦੀ ਹੈ।"   
ਲੇਖਕ ਦਇਆ ਸਿੰਘ ਆ ਇਸਦਾ ਪਰ ਮੈ ਥੋੜ੍ਹਾ ਜਿਹਾ ਛੋਟਾ ਕੀਤਾ ਇਸਨੂੰ ਮੂਲ ਰਚਨਾ ਨਾਲੋ...!

No comments: