Friday, July 29, 2016

ਅੰਮ੍ਰਿਤਸਰ ਵਿੱਚ ਹੋ ਸਕਦਾ ਹੈ "ਆਪ" ਅਤੇ "ਅਕਾਲੀ ਵਰਕਰਾਂ" ਵਿੱਚ ਟਕਰਾਓ

ਕੇਜਰੀਵਾਲ ਕੱਲ੍ਹ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ 'ਚ ਪੇਸ਼ ਹੋਣਗੇ
ਅੰਮ੍ਰਿਤਸਰ: 28ਜੁਲਾਈ 2016: (ਜਸਬੀਰ ਸਿੰਘ ਪੱਟੀ): ਕੱਲ੍ਹ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਵਰਕਰਾਂ ਦਾ ਆਪਸੀ ਟਕਰਾਓ ਹੋ ਸਕਦਾ ਹੈ। ਦੋਵੈਂ ਧਿਰਾਂ ਆਪੋ ਆਪਣੇ ਸ਼ਕਤੀ ਪ੍ਰਦਰਸ਼ਨ ਕਾਰਨ ਲਈ ਬਜ਼ਿੱਦ ਜਾਪਦੀਆਂ ਹਨ। 
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਸ਼ਾਮ ਅੰਮ੍ਰਿਤਸਰ ਪਹੁੰਚ ਗਏ ਹਨ। ਕੇਜਰੀਵਾਲ ਕੱਲ੍ਹ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ 'ਚ ਪੇਸ਼ ਹੋਣਗੇ। ਅਦਾਲਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਦਾਇਰ ਕਰਵਾਏ ਮਾਣਹਾਨੀ ਦੇ ਕੇਸ 'ਚ 29 ਜੁਲਾਈ ਲਈ ਸੰਮਨ ਕੀਤੇ ਹਨ। 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਦੇ ਚੇਅਰਮੈਨ ਆਸ਼ੀਸ਼ ਖੇਤਾਨ ਵੀ ਉਨ੍ਹਾਂ ਦੇ ਨਾਲ ਪਹੁੰਚੇ ਹਨ।
ਸੂਤਰਾਂ ਮੁਤਾਬਕ ਅੰਮ੍ਰਿਤਸਰ ਤੋਂ ਕੇਜਰੀਵਾਲ ਤੇ ਦੋ ਹੋਰ ਨੇਤਾਵਾਂ ਦੇ ਸੰਮਨ ਲੈ ਕੇ ਦਿੱਲੀ ਗਈ ਪੁਲਸ ਟੀਮ ਵੱਲੋਂ ਉਨ੍ਹਾਂ ਨੂੰ ਸੀ.ਐਮ. ਹਾਊਸ ਵਿੱਚ ਸੰਮਨ ਰਿਸੀਵ ਕਰਵਾਏ ਸਨ। ਜਦੋਂ ਪੁਲਸ ਵੱਲੋਂ ਸੰਮਨ ਰਿਸੀਵ ਕਰਵਾਏ ਗਏ, ਉਸ ਵੇਲੇ ਸੰਜੇ ਸਿੰਘ ਤੇ ਆਸ਼ੀਸ਼ ਖੇਤਾਨ ਵੀ ਉੱਥੇ ਹੀ ਮੌਜੂਦ ਸਨ। ਸੰਮਨ ਰਿਸੀਵ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਅਦਾਲਤ ਵਿੱਚ ਜ਼ਰੂਰ ਪੇਸ਼ ਹੋਣਗੇ।
ਜਾਣਕਾਰੀ ਮੁਤਾਬਕ ਕੇਜਰੀਵਾਲ ਵੀਰਵਾਰ ਸ਼ਾਮ ਅੰਮ੍ਰਿਤਸਰ ਪਹੁੰਚ ਗਏ ਹਨ ਤੇ ਰਾਤ ਅੰਮ੍ਰਿਤਸਰ ਦੇ ਸਰਕਟ ਹਾਊਸ 'ਚ ਰੁਕਣਗੇ। 29 ਜੁਲਾਈ ਨੂੰ ਸਵੇਰੇ ਉਹ ਅਦਾਲਤ ਵਿੱਚ ਪੇਸ਼ ਹੋਣਗੇ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਉਹ ਕਿੱਥੇ ਜਾਣਗੇ ਤੇ ਉਨ੍ਹਾਂ ਦਾ ਹੋਰ ਕੀ ਪ੍ਰੋਗਰਾਮ ਹੈ, ਇਸ ਬਾਰੇ ਨਾ ਕਿਸੇ ਪਾਰਟੀ ਨੇਤਾ ਨੂੰ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ। ਪੁਲਸ ਵੱਲੋਂ ਕੇਜਰੀਵਾਲ ਦੀ ਇਸ ਅੰਮ੍ਰਿਤਸਰ ਫੇਰੀ ਨੂੰ ਦੇਖਦਿਆਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਅਕਾਲੀ ਦਲ ਦੇ ਆਗੂ ਮਜੀਠੀਆ ਭਾਵੇਂ ਕੇਜਰੀਵਾਲ ਨੂੰ ਅਦਾਲਤ ਵਿੱਚ ਖੜਾ ਕਰਨ ਨੂੰ ਲੈ ਕੇ ਕਾਫੀ ਸੰਤੁਸ਼ਟ ਹੋਣਗੇ, ਪਰ ਹੁਣ ਲੱਗ ਰਿਹਾ ਹੈ ਕਿ ਅਕਾਲੀ ਦਲ ਨੂੰ ਕੇਜਰੀਵਾਲ ਦੀ ਪੇਸ਼ੀ ਪੁੱਠੀ ਵੀ ਪੈ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਦਾ ਕੇਜਰੀਵਾਲ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਭੁਗਤਣਾ ਅਕਾਲੀਆਂ ਦੀ ਨੀਂਦ ਹੋਰ ਵੀ ਹਰਾਮ ਕਰ ਸਕਦਾ ਹੈ। ਪੰਜਾਬ ਵਿੱਚ ਜਿੱਥੇ ਥਾਂ-ਥਾਂ 'ਤੇ ਬਿਕਰਮ ਸਿੰਘ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸੰਬੰਧ ਹੋਣ ਦੇ ਬੋਰਡ ਲਗਾਏ ਗਏ ਹਨ, ਉਥੇ ਮੁੱਖ ਮੰਤਰੀ ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਸ਼ਹਿਰਾਂ ਵਿੱਚ ਬਿਕਰਮ ਮਜੀਠੀਆ ਦੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੇ ਪੋਸਟਰ ਤੇ ਹੋਰਡਿੰਗ ਲਗਾ ਕੇ ਅਕਾਲੀ ਦਲ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੁਨੇਹੇ ਭੇਜ ਕੇ ਸ਼ੁੱਕਰਵਾਰ ਨੌ ਵਜੇ ਸਰਕਟ ਹਾਊਸ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੇ ਜਾ ਰਹੇ ਸੁਨੇਹੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਸਾਰੇ ਹਜ਼ਾਰ ਵਾਰ ਕਹਾਂਗੇ ਕਿ ਬਿਕਰਮ ਮਜੀਠੀਆ ਨਸ਼ਿਆਂ ਦਾ ਤਸਕਰ ਹੈ- ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਲਈ ਸਵੇਰੇ ਹੁੰਮ-ਹੁਮਾ ਕੇ ਪਹੁੰਚੋ।ਇਸ ਸੁਨੇਹੇ ਤੋਂ ਇਹ ਲੱਗ ਰਿਹਾ ਹੈ ਕਿ ਭਲਕੇ ਸਵੇਰੇ ਜਦੋਂ ਕੇਜਰੀਵਾਲ ਸਰਕਟ ਹਾਊਸ ਤੋਂ ਅਦਾਲਤ ਲਈ ਜਾਣਗੇ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਹਜ਼ਾਰਾਂ ਸਮੱਰਥਕ ਵੀ ਜਲੂਸ ਦੀ ਸ਼ਕਲ ਉਨ੍ਹਾਂ ਦੇ ਨਾਲ ਬਿਕਰਮ ਮੀਜੀਠੀਆ ਤੇ ਸਰਕਾਰ ਵਿਰੁੱਧ ਨਾਅਰੇ ਮਾਰਦੇ ਜਾਣਗੇ, ਜਿਹੜੀ ਇੱਕ ਤਰ੍ਹਾਂ ਨਾਲ ਹਾਕਮ ਧਿਰ ਨੂੰ ਖੁੱਲ੍ਹੀ ਚੁਨੌਤੀ ਹੋਵੇਗੀ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਮਜੀਠੀਆ ਦੇ ਕੇਸਾਂ ਦੀ ਪ੍ਰਵਾਹ ਨਹੀਂ ਕਰਦਾ ਤੇ ਮਜੀਠੀਆ ਲਈ ਕੇਜਰੀਵਾਲ ਨੂੰ ਦਿੱਤੀ ਚੁਨੌਤੀ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਨੇ ਵੀ ਆਪਣਾ ਲਾਮ-ਲਸ਼ਕਰ ਕੇਜਰੀਵਾਲ ਦੇ ਜਲੌਅ ਦੇ ਟਾਕਰੇ ਲਈ ਸੱਦ ਲਿਆ ਹੈ, ਜਿਸ ਕਾਰਨ ਹਾਲਾਤ ਕਾਫੀ ਤਣਾਅ ਭਰਪੂਰ ਬਣਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਆਪਣੀ ਪਿਛਲੀ ਪੰਜਾਬ ਫੇਰੀ ਦੌਰਾਨ ਸਟੇਜਾਂ ਤੋਂ ਇਹ ਕਹਿੰਦੇ ਸੁਣਾਈ ਦਿੱਤੇ ਸਨ ਕਿ ਉਨ੍ਹਾਂ ਨੂੰ ਮਜੀਠੀਆ ਤਾਂ ਕੀ ਉਸ ਦੇ ਕਿਸੇ ਵੀ ਹੋਰ ਆਗੂ ਵੱਲੋਂ ਕੀਤੇ ਗਏ ਕੇਸ ਦੀ ਕੋਈ ਪ੍ਰਵਾਹ ਨਹੀਂ। ਉਹ ਹਮੇਸ਼ਾ ਮਜੀਠੀਆ ਨੂੰ ਨਸ਼ਾ ਤਸਕਰਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਹਿੰਦੇ ਰਹਿਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ 'ਤੇ ਮਜੀਠੀਆ ਸਮੇਤ ਉਹਨਾਂ ਸਾਰੇ ਸਮੱਗਲਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇਗਾ, ਜਿਹੜੇ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ ਤਾਂ ਕਿ ਉਹ ਬਾਕੀ ਦੀ ਉਮਰ ਆਰਾਮ ਨਾਲ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬਿਤਾ ਸਕਣ। ਕੇਜਰੀਵਾਲ ਅੱਜ ਸ਼ਾਮੀਂ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਜਦੋਂ ਸਥਾਨਕ ਹਵਾਈ ਅੱਡੇ 'ਤੇ ਪੁੱਜੇ ਤਾਂ ਉਹਨਾਂ ਦਾ ਸੁਆਗਤ ਪਾਰਟੀ ਦੇ ਆਗੂਆਂ ਨੇ ਗਰਮਜੋਸ਼ੀ ਨਾਲ ਕੀਤਾ, ਪਰ ਮੀਡੀਏ ਨਾਲ ਕੇਜਰੀਵਾਲ ਨੇ ਕੋਈ ਗੱਲ ਨਹੀਂ ਕੀਤੀ ਤੇ ਉਹ ਸਿੱਧੇ ਸਰਕਟ ਹਾਊਸ ਵਿਖੇ ਪੁੱਜ ਗਏ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁਲਸ ਰਸਤਿਆ ਵਿੱਚ ਪਰੇਸ਼ਾਨ ਵੀ ਕਰ ਸਕਦੀ ਹੈ ਤਾਂ ਕਿ ਉਹ ਅੰਮ੍ਰਿਤਸਰ ਨਾ ਪੁੱਜ ਸਕਣ, ਜਦ ਕਿ ਸੂਚਨਾ ਮੁਤਾਬਕ ਬਹੁਤ ਸਾਰੇ ਵਰਕਰ ਅੰਮ੍ਰਿਤਸਰ ਪੁੱਜ ਚੁੱਕੇ ਹਨ। ਦੂਸਰੇ ਪਾਸੇ ਮਜੀਠੀਆ ਵੱਲੋਂ ਕੇਜਰੀਵਾਲ ਨੂੰ ਜੇਲ੍ਹ ਭੇਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਦਾਲਤ ਦਾ ਊਠ ਕਿਸ ਕਰਵਟ ਬੈਠਦਾ ਹੈ, ਉਹ ਤਾਂ ਸਮਾਂ ਹੀ ਦੱਸੇਗਾ।
ਇਸੇ ਦੌਰਾਨ ਇਹ ਵੀ ਖਬਰ ਹੈ ਕਿ ਮਜੀਠੀਏ ਨੇ ਆਪਣੇ ਲੱਠਮਾਰ   ਵੀ ਬੁਲਾਏ ਹਨ। 
    ਕੇਜਰੀਵਾਲ  ਦੀ ਪੇਸ਼ੀ ਨੂੰ ਲੈ ਕੇ ਜਿਥੇ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ ਵਿੱਚੋ ਵਰਕਰ, ਸਮੱਰਥਕ ਤੇ ਆਗੂ ਬੁਲਾਏ ਹਨ ਉਥੇ ਅਕਾਲੀ ਦਲ ਦੇ ਆਗੂ ਤੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਅਕਾਲੀ ਦੇ ਕਰੀਬ ਤਿੰਨ ਹਜ਼ਾਰ ਲੱਠਮਾਰ ਵਰਕਰਾਂ ਨੂੰ ਥਾਣਾ ਸਿਵਲ ਲਾਈਨ ਦੇ ਚੌਕ ਵਿੱਚ ਸਵੇਰੇ 9 ਵਜੇ ਪਹੁੰਚਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਖੂਨੀ ਝੜਪ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਦੋਹਾਂ ਪਾਸਿਆ ਤੋ ਜੰਮ ਕੇ ਨਾਅਰੇਬਾਜੀ ਤਾਂ ਹੋਵੇਗੀ ਹੀ ਪਰ ਹਾਕਮ ਧਿਰ ਦੇ ਲੱਠਮਾਰ ਸਰਕਾਰ ਨੂੰ ਕਿਸੇ ਨਵੀ ਬਿਪਤਾ ਵਿੱਚ ਪਾ ਸਕਦੇ ਹਨ। ਪ੍ਰਸ਼ਾਸ਼ਨ ਵੱਲ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਾਂ ਨਹੀ ਇਸ ਦੀ ਜਾਣਕਾਰੀ ਹਾਸਲ ਕਰਨ ਲਈ ਜਦੋ ਕਮਿਸ਼ਨਰ ਪੁਲੀਸ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀ ਚੁੱਕਿਆ। ਜੇਕਰ ਕਿਸੇ ਕਿਸਮ ਦੀ ਕੋਈ ਗੜਬੜ ਹੁੰਦੀ ਹੈ ਤਾਂ ਉਸ ਲਈ ਸਰਕਾਰ ਤੇ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਦੋਹਾਂ ਧਿਰਾਂ ਦੇ ਵਰਕਰਾਂ ਦੇ ਜਾਬਤੇ ਵਿੱਚ ਰਹਿਣ ਦੀ ਕੋਈ ਸੰਭਾਵਨਾ ਨਹੀ ਹੈ।

No comments: