Thursday, July 28, 2016

ਪੰਜਾਬ ਫਿਰ ਸੰਭਲ ਕੇ ਉਭਰ ਰਿਹਾ ਨਸ਼ਿਆਂ ਦੀ ਦਲਦਲ 'ਚੋਂ

41 ਉਮੀਦਵਾਰਾਂ ਦੇ ਕੱਦ ਛੋਟੇ ਸਨ ਅਤੇ 13 ਲੰਬੀ ਛਲਾਂਗ ਨਹੀਂ ਲਗਾ ਸਕੇ
ਲੁਧਿਆਣਾ: 27 ਜੁਲਾਈ 2016:(ਪੰਜਾਬ ਸਕਰੀਨ ਬਿਊਰੋ)::
ਨਸ਼ੇ ਦੀ ਦਲਦਲ ਵਿੱਚ ਡੁੱਬ ਰਿਹਾ ਪੰਜਾਬ ਵਾਰ ਫੇਰ ਸੰਭਲ ਰਿਹਾ ਹੈ। ਪੁਲਿਸ ਭਰਤੀ ਦੌਰਾਨ 349 ਉਮੀਦਵਾਰਾਂ ਵਿੱਚੋਂ ਸਿਰਫ ਚਾਰ ਉਮੀਦਵਾਰਾਂ ਦਾ ਡੋਪ ਟੈਸਟ ਵਿੱਚ ਫੇਲ ਹੋਣਾ ਸਾਬਿਤ ਕਰਦਾ ਹੈ ਕਿ ਜਿੰਨੀ ਬਦਨਾਮੀ ਕਰ ਦਿੱਤੀ ਗਈ ਹੈ ਹਾਲਤ ਓਨੀ ਖਰਾਬ ਵੀ ਨਹੀਂ। ਇਹਨਾਂ ਨਤੀਜਿਆਂ ਨਾਲ ਸਾਫ ਹੋ ਗਿਆ ਹੈ ਕਿ ਪੰਜਾਬ ਨੂੰ ਨਸ਼ਿਆਂ ਵਿੱਚ ਡੋਬਣਾ ਵੀ ਪੰਜਾਬ ਦੁਸ਼ਮਣੀ ਦਾ ਇੱਕ ਹਿੱਸਾ ਸੀ ਅਤੇ ਫਿਰ ਪੰਜਾਬ ਨੂੰ ਬਦਨਾਮ ਕਰਨਾ ਵੀ ਇਸੇ ਨੀਤੀ ਦਾ ਹੀ ਇੱਕ ਹੋਰ ਸਾਜ਼ਿਸ਼ੀ ਹਿੱਸਾ। 
ਲੁਧਿਆਣਾ ਪੁਲਿਸ 'ਚ ਕਾਸਟੇਬਲਾਂ ਦੀ ਸ਼ੁਰੂ ਹੋਈ ਭਰਤੀ ਦੌਰਾਨ 4 ਨੌਜਵਾਨਾਂ ਦੇ ਡੋਪ ਟੈੱਸਟ ਫੇਲ੍ਹ ਹੋ ਗਏ ਜਦਕਿ 349 ਵਿਚ ਸਿਰਫ਼ 95 ਉਮੀਦਵਾਰ ਹੀ ਟੈੱਸਟ ਪਾਸ ਕਰ ਸਕੇ। ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਸ੍ਰੀ ਧੁਰਮਨ ਨਿੰਬਲੇ ਨੇ ਦੱਸਿਆ ਕਿ ਅੱਜ ਪਹਿਲੇ ਦਿਨ 400 ਉਮੀਦਵਾਰ ਨੂੰ ਵੱਖ-ਵੱਖ ਟੈੱਸਟ ਦੇਣ ਲਈ ਬੁਲਾਏ ਗਏ ਸਨ ਤੇ ਇਨ੍ਹਾਂ ਵਿਚੋਂ 349 ਉਮੀਦਵਾਰ ਹੀ ਟੈੱਸਟ ਦੇਣ ਆਏ, ਉਨ੍ਹਾਂ ਵਿਚੋਂ 95 ਉਮੀਦਵਾਰ ਹੀ ਟੈੱਸਟ ਪਾਸ ਕਰ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਟੈੱਸਟ ਦੇਣ ਵਾਲੇ ਉਮੀਦਵਾਰਾਂ ਦਾ ਡੋਪ ਟੈੱਸਟ ਕਰਵਾਉਣਾ ਲਾਜ਼ਮੀ ਸੀ। ਉਨ੍ਹਾਂ ਦੱਸਿਆ ਕਿ 349 ਉਮੀਦਵਾਰਾਂ ਦਾ ਡੋਪ ਟੈੱਸਟ ਕਰਵਾਇਆ ਗਿਆ, ਜਿਨ੍ਹਾਂ 'ਚ ਸਿਰਫ਼ 4 ਉਮੀਦਵਾਰ ਫੇਲ੍ਹ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਫੇਲ੍ਹ ਹੋਏ ਉਮੀਦਵਾਰਾਂ ਵਿਚ 41 ਦੇ ਕੱਦ ਯੋਗਤਾ ਤੋਂ ਘੱਟ ਸੀ ਜਦਕਿ 187 ਉਮੀਦਵਾਰ ਮਿੱਥੇ ਸਮੇਂ ਵਿਚ ਦੌੜ ਪਾਸ ਨਹੀਂ ਕਰ ਸਕੇ ਤੇ 13 ਉਮੀਦਵਾਰ ਲੰਬੀ ਛਲਾਂਗ ਨਹੀਂ ਲਗਾ ਸਕੇ, ਜਿਸ ਕਾਰਨ ਉਨ੍ਹਾਂ ਨੂੰ ਫੇਲ੍ਹ ਕਰਾਰ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਭਰਤੀ ਦਾ ਟੈੱਸਟ ਪੂਰੀ ਪਾਰਦਰਸ਼ਤਾ ਨਾਲ ਲਿਆ ਜਾ ਰਿਹਾ ਹੈ ਤੇ ਪੀ. ਏ. ਯੂ. ਦਾ ਮੈਦਾਨ ਜਿੱਥੇ ਟੈੱਸਟ ਦੀ ਇਹ ਪ੍ਰਕਿਰਿਆ ਚੱਲ ਰਹੀ ਹੈ ਉੱਥੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੈੱਸਟ ਦੇਣ ਆਏ ਉਮੀਦਵਾਰਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਰ ਵੀ ਜੇਕਰ ਕਿਸੇ ਉਮੀਦਵਾਰ ਨੂੰ ਸ਼ਿਕਾਇਤ ਹੈ ਉਹ ਸਿੱਧੇ ਉਨ੍ਹਾਂ ਨੂੰ ਮਿਲ ਸਕਦੇ ਹਨ। ਅੱਜ ਸਵੇਰ ਤੋਂ ਹੀ ਪੀ. ਏ.. ਯੂ. ਦੇ ਮੈਦਾਨ 'ਚ ਟੈੱਸਟ ਦੇਣ ਵਾਲੇ ਉਮੀਦਵਾਰਾਂ ਦੀ ਭਾਰੀ ਭੀੜ ਸੀ ਪਰ ਪੁਲਿਸ ਵੱਲੋਂ ਉੱਥੇ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ। ਇਨ੍ਹਾਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਉੱਚ ਅਧਿਕਾਰੀ ਕਰ ਰਹੇ ਸਨ।
ਹੁਣ ਦੇਖਣਾ ਹੈ ਕਿ ਪੰਜਾਬ ਦੇ ਲੋਕ ਫਿਰ ਸਿਹਤਮੰਦ ਲਾਈਫ ਸਟਾਈਲ ਆਪਣਾ ਕੇ ਦੋਬਾਰਾ ਪਹਿਲਾਂ ਵਾਲੀ ਸ਼ਾਨ ਕਦੋਂ ਹਾਸਿਲ ਕਰਦੇ ਹਨ?

No comments: