Saturday, July 16, 2016

ਕੂਕ-ਕੂਕ ਕੇ ਕੁਝ ਕਹਿੰਦੇ ਹਨ ਫਰਾਂਸ ਦੇ ਹਾਲਾਤ

ਇਸ ਦੀ ਜੜ੍ਹ ਲਾਉਣ ਦਾ ਜੁਰਮ ਵੀ ਉਨ੍ਹਾਂ ਆਪ ਕੀਤਾ ਹੋਇਆ ਸੀ
ਸੰਸਾਰ ਵਿੱਚ ਚੱਲ ਰਿਹਾ ਇਹ ਮੌਤਾਂ ਦਾ ਮੌਸਮ ਬਹੁਤ ਖਤਰਨਾਕ ਹੈ। ਇੱਕ ਦੇਸ਼ ਵਿੱਚ ਕੋਈ ਮੰਦੀ ਘਟਨਾ ਵਾਪਰੀ ਦਾ ਅਜੇ ਅਫਸੋਸ ਦਾ ਦੌਰ ਚੱਲ ਰਿਹਾ ਹੁੰਦਾ ਹੈ ਕਿ ਦੂਸਰੀ ਹੋਰ ਵਾਪਰ ਜਾਂਦੀ ਹੈ।  
ਬੀਤੀ ਰਾਤ ਜਦੋਂ ਅਸੀਂ ਏਸ਼ੀਆ ਵਾਲੇ ਲੋਕ ਗੂੜ੍ਹੀ ਨੀਂਦ ਸੁੱਤੇ ਸਾਂ, ਫਰਾਂਸ ਵਿੱਚ ਦਹਿਸ਼ਤਗਰਦਾਂ ਨੇ ਇੱਕ ਹੋਰ ਬੜੀ ਮਾੜੀ ਵਾਰਦਾਤ ਕਰ ਦਿੱਤੀ ਹੈ। ਇਸ ਦੇ ਸਾਰੇ ਵੇਰਵੇ ਤਾਂ ਹਾਲੇ ਨਹੀਂ ਮਿਲ ਸਕੇ, ਪਰ ਏਨੀ ਗੱਲ ਸਾਫ ਹੈ ਕਿ ਇੱਕ ਦਹਿਸ਼ਤਗਰਦ ਨੇ ਹੱਸਦੇ-ਖੇਡਦੇ ਲੋਕਾਂ ਉੱਤੇ ਟਰੱਕ ਚਾੜ੍ਹ ਕੇ ਲਾਸ਼ਾਂ ਵਿਛਾ ਦਿੱਤੀਆਂ ਤੇ ਫਿਰ ਪੁਲਸ ਦੇ ਹੱਥੋਂ ਖੁਦ ਵੀ ਮਾਰਿਆ ਗਿਆ। ਪੁਲਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੰਦਾ ਬਾਹਰੀ ਨਹੀਂ, ਸਥਾਨਕ ਸੀ। ਇਸ ਨਾਲ ਉਸ ਬਾਰੇ ਅਗਲੀ ਜਾਂਚ ਕਰਨ ਦੀ ਸੌਖ ਰਹੇਗੀ, ਪਰ ਇਸ ਘਟਨਾ ਬਾਰੇ ਜਿਵੇਂ ਖੜੇ ਪੈਰ ਦਹਿਸ਼ਤਗਰਦਾਂ ਦੀ ਸਭ ਤੋਂ ਵੱਡੀ ਜਥੇਬੰਦੀ ਆਈ ਐੱਸ ਆਈ ਐੱਸ ਵਾਲਿਆਂ ਨੇ ਜ਼ਿੰਮੇਵਾਰੀ ਲੈ ਲਈ ਹੈ, ਉਸ ਤੋਂ ਇਹ ਪਹਿਲਾਂ ਹੋਏ ਕਈ ਕਾਂਡਾਂ ਨਾਲ ਜੋੜ ਕੇ ਵੇਖਣੀ ਬਣਦੀ ਹੈ। ਅਫਸੋਸ ਦੀ ਗੱਲ ਹੈ ਕਿ ਫਰਾਂਸ ਪਿਛਲੇ ਸਾਲ ਤੋਂ ਏਦਾਂ ਦੇ ਕਤਲ-ਕਾਂਡਾਂ ਦਾ ਮੁੜ-ਮੁੜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਸ ਦੇਸ਼ ਵਿੱਚ ਹਰ ਪਾਸੇ ਸਹਿਮ ਫੈਲ ਗਿਆ ਹੈ।
ਨਵਾਂ ਜ਼ਮਾਨਾ ਚੋਂ ਧੰਨਵਾਦ ਸਹਿਤ 
ਇਟਲੀ ਦੀ ਸਰਹੱਦ ਨੇੜੇ ਪੈਂਦਾ ਫਰਾਂਸ ਦਾ ਸ਼ਹਿਰ ਨੀਸ ਹੁਣ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਦਾ ਨਿਸ਼ਾਨਾ ਬਣਾਇਆ ਗਿਆ ਹੈ, ਓਦੋਂ ਓਥੇ ਜਸ਼ਨ ਮਨਾਇਆ ਜਾ ਰਿਹਾ ਸੀ। ਕਰੀਬ ਸਵਾ ਦੋ ਸਦੀਆਂ ਪਹਿਲਾਂ ਉਸ ਦੇਸ਼ ਦੇ ਲੋਕਾਂ ਨੇ ਇੱਕ ਇਨਕਲਾਬ ਕੀਤਾ ਸੀ, ਜਿਸ ਵਿੱਚ ਮਨੁੱਖੀ ਤੇ ਨਾਗਰਿਕ ਅਧਿਕਾਰਾਂ ਦਾ ਇੱਕ ਚਾਰਟਰ ਬਣਾਇਆ ਗਿਆ ਸੀ ਤੇ ਓਦੋਂ ਤੋਂ ਹਰ ਸਾਲ ਉਸ ਸ਼ੁਭ ਪੜਾਅ ਦੀ ਯਾਦ ਵਿੱਚ ਨੈਸ਼ਨਲ ਡੇਅ ਮਨਾਇਆ ਜਾਂਦਾ ਹੈ। ਫਰਾਂਸ ਦੇ ਕੌਮੀ ਪੱਧਰ ਦੇ ਸਮਾਗਮਾਂ ਬਾਰੇ ਇਹ ਸ਼ੱਕ ਕੀਤਾ ਜਾ ਸਕਦਾ ਸੀ ਕਿ ਓਥੇ ਦਹਿਸ਼ਤਗਰਦ ਕੋਈ ਸਾਜਿਸ਼ੀ ਸ਼ਰਾਰਤ ਕਰ ਸਕਦੇ ਹਨ, ਪਰ ਕਿਸੇ ਛੋਟੇ ਜਿਹੇ ਕਸਬੇ ਵਿੱਚ ਏਦਾਂ ਦੀ ਵਾਰਦਾਤ ਕਰਨ ਲਈ ਵੀ ਸਾਜ਼ਿਸ਼ ਕੀਤੀ ਜਾ ਸਕਦੀ ਹੈ, ਇਹ ਗੱਲ ਸ਼ਾਇਦ ਕਿਸੇ ਦੇ ਚਿੱਤ-ਚੇਤੇ ਵਿੱਚ ਨਹੀਂ ਹੋਵੇਗੀ। ਫਿਰ ਵਾਰਦਾਤ ਲਈ ਓਥੇ ਬੰਦੂਕਾਂ ਜਾਂ ਬੰਬਾਂ ਦੀ ਵਰਤੋਂ ਕਰਨ ਦੀ ਥਾਂ ਜਿਵੇਂ ਇੱਕ ਟਰੱਕ ਨੂੰ ਆਮ ਜਨਤਾ ਉੱਤੇ ਚਾੜ੍ਹ ਕੇ ਮਾਰਨ ਦਾ ਜ਼ੁਲਮ ਕੀਤਾ ਗਿਆ, ਇਸ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਦਹਿਸ਼ਤਗਰਦ ਹਰ ਵਾਰੀ ਵਾਰਦਾਤ ਕਰਨ ਦੀ ਕੋਈ ਇਹੋ ਜਿਹੀ ਨਵੀਂ ਸਾਜ਼ਿਸ਼ ਰਚਦੇ ਹਨ, ਜਿਹੜੀ ਓਦੋਂ ਤੱਕ ਆਮ ਲੋਕਾਂ ਦੀ ਸੋਚ ਤੋਂ ਬਾਹਰੀ ਹੁੰਦੀ ਹੈ। 
ਜਿਹੜੀ ਦਹਿਸ਼ਤਗਰਦੀ ਪਹਿਲਾਂ ਇੱਕ ਖਿੱਤੇ ਦੇ ਅੰਦਰ ਸੀਮਤ ਮੰਨੀ ਜਾਂਦੀ ਸੀ, ਫਿਰ ਉਹ ਸਾਰੀਆਂ ਹੱਦਾਂ ਉਲੰਘ ਕੇ ਸੰਸਾਰ ਪੱਧਰ ਦਾ ਵਰਤਾਰਾ ਬਣਨ ਲੱਗ ਪਈ। ਅਮਰੀਕਾ ਅਤੇ ਉਸ ਦੇ ਸਾਥੀ ਇਸ ਵਰਤਾਰੇ ਨੂੰ ਬਹੁਤ ਚਿਰ ਤੱਕ ਦੁਨੀਆ ਦੇ ਦੂਸਰੇ ਸਿਰੇ ਦਾ ਤਮਾਸ਼ਾ ਹੀ ਸਮਝਦੇ ਰਹੇ ਸਨ। ਫਿਰ ਉਹ ਘੜੀ ਵੀ ਆ ਗਈ, ਜਿਸ ਵਿੱਚ ਇੱਕ ਦਿਨ ਅਮਰੀਕਾ ਦੇ ਨਿਊ ਯਾਰਕ ਵਿੱਚ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਉੱਤੇ ਜਹਾਜ਼ ਮਾਰ ਕੇ ਸੰਸਾਰ ਨੂੰ ਕੰਬਣੀ ਛੇੜਨ ਵਾਲਾ ਕਹਿਰ ਵਰਤ ਗਿਆ ਸੀ। ਉਸ ਦੇ ਬਾਅਦ ਵੀ ਸੰਸਾਰ ਦੀਆਂ ਵੱਡੀਆਂ ਤਾਕਤਾਂ ਇਸ ਬਾਰੇ ਬਣਦੀ ਗੰਭੀਰਤਾ ਵਿਖਾਉਣ ਤੇ ਦਹਿਸ਼ਤਗਰਦੀ ਦੀ ਪਨੀਰੀ ਪੈਦਾ ਕਰਨ ਵਾਲਿਆਂ ਦੇ ਖਿਲਾਫ ਕੋਈ ਸਖਤੀ ਕਰਨ ਤੋਂ ਪਾਸਾ ਵੱਟਦੀਆਂ ਰਹੀਆਂ ਸਨ। ਪਿਛਲੇ ਸਾਲ ਫਰਾਂਸ ਵਿੱਚ ਅੱਗੜ-ਪਿੱਛੜ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਲਈ ਹੁਣ ਹੋਰ ਚੁੱਪ ਰਹਿਣ ਦੀ ਗੁੰਜਾਇਸ਼ ਨਹੀਂ ਛੱਡੀ। ਸਾਰਾ ਦੌਰ ਹੀ ਬਦਲਿਆ ਨਜ਼ਰ ਆਉਂਦਾ ਹੈ।
ਅਸਲੀਅਤ ਇਹ ਹੈ ਕਿ ਸੰਸਾਰ ਦੀਆਂ ਇਹ ਤਾਕਤਾਂ ਦਹਿਸ਼ਤਗਰਦੀ ਦੇ ਖਿਲਾਫ ਕਾਰਵਾਈ ਤੋਂ ਇਸ ਕਰ ਕੇ ਝਿਜਕਦੀਆਂ ਰਹੀਆਂ ਸਨ ਕਿ ਇਸ ਦੀ ਜੜ੍ਹ ਲਾਉਣ ਦਾ ਜੁਰਮ ਵੀ ਉਨ੍ਹਾਂ ਆਪ ਕੀਤਾ ਹੋਇਆ ਸੀ। ਅਫਗਾਨਿਸਤਾਨ ਵਿੱਚ ਸੋਵੀਅਤ ਪੱਖੀ ਸਰਕਾਰ ਦਾ ਤਖਤਾ ਪਲਟਣ ਵਾਸਤੇ ਜਿਹੜੇ ਜਹਾਦੀਆਂ ਨੂੰ ਇਨ੍ਹਾਂ ਨੇ ਪਾਕਿਸਤਾਨ ਵਿੱਚ ਬੈਠ ਕੇ ਆਪ ਤਿਆਰ ਕੀਤਾ ਸੀ, ਉਹ ਜਹਾਦੀ ਹੀ ਆਖਰ ਇਨ੍ਹਾਂ ਦੇ ਖਿਲਾਫ ਬੰਦੂਕਾਂ ਚੁੱਕ ਖੜੋਤੇ ਸਨ। ਹੋਰ ਤਾਂ ਹੋਰ, ਜਿਹੜੀਆਂ ਬੰਦੂਕਾਂ ਉਨ੍ਹਾਂ ਨੇ ਚੁੱਕੀਆਂ, ਉਹ ਵੀ ਇਨ੍ਹਾਂ ਤਾਕਤਾਂ ਦੀਆਂ ਦਿੱਤੀਆਂ ਹੋਈਆਂ ਸਨ। ਇਸ ਕਾਰਨ ਸੰਸਾਰ ਵਿੱਚ ਤਾਕਤ ਵਾਲੇ ਗਿਣੇ ਜਾਂਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੇ ਪਿਛਲੇ ਕੀਤੇ ਗੁਨਾਹਾਂ ਕਾਰਨ ਹੱਥਾਂ ਨਾਲ ਖਿਲਾਰੇ ਕੰਡੇ ਚੁਗਣ ਲਈ ਮਾਨਸਿਕ ਤੌਰ ਉੱਤੇ ਤਿਆਰ ਹੁੰਦਿਆਂ ਵਕਤ ਲੱਗਣਾ ਸੀ। ਇਸੇ ਸਮੇਂ ਨੂੰ ਦਹਿਸ਼ਤਗਰਦ ਵਰਤ ਗਏ। ਅਜੋਕੀ ਸਥਿਤੀ ਇਹ ਹੈ ਕਿ ਕੋਈ ਵੀ ਵੱਡੀ ਜਾਂ ਛੋਟੀ ਤਾਕਤ ਇਸ ਖਤਰੇ ਤੋਂ ਅਣਜਾਣ ਨਹੀਂ। 
ਨੁਕਸ ਅਜੇ ਵੀ ਇਹ ਹੈ ਕਿ ਉਹ ਆਪਣੇ ਦੇਸ਼ਾਂ ਵਿੱਚ ਪ੍ਰਬੰਧ ਪੱਕੇ ਕਰਨ ਅਤੇ ਹੋਰਨਾਂ ਨੂੰ ਇਹੋ ਕੁਝ ਕਰਨ ਲਈ ਪ੍ਰੇਰਨ ਦਾ ਕੰਮ ਤਾਂ ਕਰਦੇ ਹਨ, ਜਿੱਥੋਂ ਜ਼ਹਿਰ ਦੀਆਂ ਬੁਝੀਆਂ ਸੂਲਾਂ ਉੱਗਦੀਆਂ ਹਨ, ਉਸ ਦਾ ਕੋਈ ਬਾਨ੍ਹਣੂੰ ਬੰਨ੍ਹਣ ਬਾਰੇ ਜੱਕੋ-ਤੱਕੇ ਵਿੱਚ ਹੀ ਹਨ। ਇਹ ਜੱਕੋ-ਤੱਕਾ ਇੱਕ ਦਿਨ ਛੱਡਣਾ ਪਵੇਗਾ। ਅਫਗਾਨਿਸਤਾਨ ਜਾਂ ਇਰਾਕ ਵਾਂਗ ਸਿੱਧੀ ਜੰਗ ਛੇੜ ਦੇਣ ਦੀ ਸਲਾਹ ਕੋਈ ਨਹੀਂ ਦੇਵੇਗਾ, ਪਰ ਜਿਹੜੇ ਦੇਸ਼ ਤੋਂ ਇਸ ਵਰਤਾਰੇ ਨੂੰ ਸਾਰੇ ਸੰਸਾਰ ਵਿੱਚ ਕਮਾਂਡ ਕੀਤਾ ਜਾ ਰਿਹਾ ਹੈ, ਉਸ ਨੂੰ ਹੋਰ ਤਰ੍ਹਾਂ ਵੀ ਮਜਬੂਰ ਕੀਤਾ ਜਾ ਸਕਦਾ ਹੈ। ਇਕੱਲੇ-ਇਕੱਲੇ ਦੇਸ਼ ਨੇ ਫਰਾਂਸ, ਬੈਲਜੀਅਮ, ਤੁਰਕੀ, ਬੰਗਲਾ ਦੇਸ਼ ਜਾਂ ਹੋਰਨਾਂ ਵਾਂਗ ਭੁਗਤਣਾ ਹੈ ਜਾਂ ਹਿਟਲਰ ਵਿਰੁੱਧ ਲੜ ਕੇ ਫਾਸ਼ੀਵਾਦ ਦੇ ਖਿਲਾਫ ਹਾਸਲ ਕੀਤੀ ਗਈ ਜਿੱਤ ਵਾਂਗ ਮਨੁੱਖਤਾ ਦੇ ਬਚਾਅ ਦੀ ਜੰਗ ਲੜਨੀ ਹੈ, ਇਹ ਫੈਸਲਾ ਇੱਕ ਨਾ ਇੱਕ ਦਿਨ ਕਰਨਾ ਪਵੇਗਾ। ਜਿਹੜੀ ਘਟਨਾ ਬੀਤੀ ਰਾਤ ਫਰਾਂਸ ਵਿੱਚ ਹੋਈ ਹੈ, ਉਸ ਵਿੱਚ ਸੌ ਦੇ ਕਰੀਬ ਇਨਸਾਨਾਂ ਦੀ ਮੌਤ ਇਹ ਕੂਕ-ਕੂਕ ਕੇ ਕਹਿੰਦੀ ਹੈ ਕਿ ਹੋਰ ਵਕਤ ਗੁਆਉਣਾ ਬੇਵਕੂਫੀ ਹੋਵੇਗੀ, ਇਸ ਲਈ ਹਰ ਕਿਸੇ ਨੂੰ ਹਰ ਮੱਤਭੇਦ ਛੱਡ ਕੇ ਦਹਿਸ਼ਤਗਰਦੀ ਦੇ ਖਿਲਾਫ ਜੰਗ ਵਿੱਚ ਇੱਕ ਮਨ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ।

No comments: