Friday, July 15, 2016

ਡਾ. ਜਗਦੀਸ਼ ਕੌਰ ਨੂੰ ਅਪਰ ਨਿਰਦੇਸ਼ਕ ਸੰਚਾਰ ਨਿਯੁਕਤੀ ’ਤੇ ਵਧਾਈਆਂ ਜਾਰੀ

Thu, Jul 14, 2016 at 4:44 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਵੀ ਮਿਲਿਆ ਵਿਸ਼ੇਸ਼ ਵਫਦ 
ਲੁਧਿਆਣਾ: 14 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਡਾ. ਜਗਦੀਸ਼ ਕੌਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅਪਰ ਨਿਰਦੇਸ਼ਕ ਸੰਚਾਰ ਦਾ ਅਹੁਦਾ ਸੰਭਾਲਣ ’ਤੇ ਨਿੱਘੀ ਵਧਾਈ ਦਿੱਤੀ। ਪਿਛਲੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਫੈਸਲੇ ਅਨੁਸਾਰ ਉਨ੍ਹਾਂ ਨੇ ਆਪਣਾ ਅਪਰ ਨਿਰਦੇਸ਼ਕ ਦਾ ਅਹੁਦਾ ਸੰਭਾਲ ਲਿਆ ਹੈ। ਡਾ. ਜਗਦੀਸ਼ ਕੌਰ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਹਨ, ਪੰਜਾਬੀ ਭਾਸ਼ਾ, ਲੋਕਯਾਨ ਅਤੇ ਸਭਿਆਚਾਰ ਦੇ ਉੱਘੇ ਵਿਦਵਾਨ ਹਨ। ਯਾਦ ਰਹੇ ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਦੀ ਸੁਪਤਨੀ ਹਨ। ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਡਾ. ਜਗਦੀਸ਼ ਕੌਰ ਅਤੇ ਡਾ. ਸੁਰਜੀਤ ਸਿੰਘ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਰਗੀ ਵਕਾਰੀ ਸੰਸਥਾ ਵਿਚ ਉਨ੍ਹਾਂ ਅਧੀਨ ਭਾਸ਼ਾ, ਸਭਿਆਚਾਰ ਅਤੇ ਲੋਕਯਾਨ ਨੂੰ ਸਮਝਦਿਆਂ ਪੰਜਾਬੀ ਲੋਕਾਂ ਦੀ ਵਧੇਰੇ ਚੰਗੀ ਸੇਵਾ ਹੋ ਸਕੇਗੀ। ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰੇ ਨੇ ਦਸਿਆ ਕਿ ਡਾ. ਜਗਦੀਸ਼ ਕੌਰ ਪਹਿਲੀ ਪੰਜਾਬੀ ਭਾਸ਼ਾ ਦੀ ਮਾਹਿਰ ਮਹਿਲਾ ਅਪਰ ਨਿਰਦੇਸ਼ਕ ਸੰਚਾਰ ਹਨ।
ਅੱਜ ਪੰਜਾਬੀ ਸਾਹਿਤ ਅਕਾਡਮੀ ਦਾ ਇਕ ਵਿਸ਼ੇਸ਼ ਵਫ਼ਦ ਡਾ. ਜਗਦੀਸ਼ ਕੌਰ ਨੂੰ ਵਧਾਈ ਦੇਣ ਉਨ੍ਹਾਂ ਦੇ ਦਫ਼ਤਰ ਪੁੱਜਾ ਜਿਸ ਵਿਚ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਤਰਲੋਚਨ ਝਾਂਡੇ, ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲਿਖਾਰੀ ਸਭਾ (ਰਜਿ.), ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਦਲਵੀਰ ਲੁਧਿਆਣਵੀ ਸ਼ਾਮਲ ਸਨ।
ਡਾ. ਜਗਦੀਸ਼ ਕੌਰ ਨੂੰ ਵਧਾਈ ਦੇਣ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਡਾ. ਸਰੂਪ ਸਿੰਘ ਅਲੱਗ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਸਿੰਘ ਧਨੋਆ, ਦੇਵਿੰਦਰ ਦਿਲਰੂਪ, ਸਹਿਜਪ੍ਰੀਤ ਸਿੰਘ ਮਾਂਗਟ, ਅਜੀਤ ਪਿਆਸਾ ਸਮੇਤ ਸਥਾਨਕ ਲੇਖਕ ਸ਼ਾਮਲ ਸਨ।

No comments: