Wednesday, July 27, 2016

"ਕਾਸ਼ ! ਨਾਮਧਾਰੀ ਪੰਥ ਨੇ ਵੀ ਮਾਤਾ ਜੀ ਨੂੰ ਗੁਰੂ ਮੰਨ ਲਿਆ ਹੁੰਦਾ"

Mon, Jul 25, 2016 at 2:28 PM
ਨਿਰੰਕਾਰੀ ਸਮੁਦਾਇ ਨੇ ਵੀ ਕਾਇਮ ਕੀਤੀ ਮਿਸਾਲ  
ਸਾਡੇ ਮਹਾਨ ਦੇਸ਼ ਦੀ ਗੌਰਵਮਈ ਸੱਭਿਅਤਾ ਦੇ ਅਨੁਸਾਰ ਜਿੱਥੇ ਮਹਾਨ ਅਵਤਾਰਾਂ ਜਿਸ ਤਰ੍ਹਾਂ ਭਗਵਾਨ ਸ਼੍ਰੀ ਵਿਸ਼ਨੂੰ ਜੀ , ਭਗਵਾਨ ਸ਼੍ਰੀ ਰਾਮ  ਚੰਦਰ ਜੀ, ਸ੍ਰੀ ਸਤਿਗੁਰੂ ਨਾਨਕ ਦੇਵ ਜੀ, ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਆਦਿ ਦੀ ਅਰਾਧਨਾ ਕੀਤੀ ਜਾਂਦੀ ਹੈ ਉੱਥੇ  ਮਾਤਾ ਲਕਸ਼ਮੀ ਜੀ, ਮਾਤਾ ਦੁਰਗਾ ਜੀ, ਸੀਤਾ ਮਾਤਾ ਜੀ ਅਤੇ ਦੇਵੀ ਸਰੂਪ ਮਾਤਾਵਾਂ ਨੂੰ ਵੀ ਪੂਜਨੀਕ ਸਥਾਨ ਦਿੱਤਾ ਜਾਂਦਾ ਹੈ। ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਮਾਤਾ ਸਾਹਿਬ ਦੇਵਾਂ ਜੀ ਨੂੰ ਸਮੁੱਚੇ ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ ਅਤੇ ਗੁਰਬਾਣੀ ਵਿੱਚ ਵੀ ਮਾਤਾਵਾਂ ਨੂੰ ਬਾਰ ਬਾਰ ਧੰਨ ਕਿਹਾ ਗਿਆ ਹੈ, ਜਿਸ ਤਰ੍ਹਾਂ :-
ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ।। ( ਅੰਗ ११३५  ) 
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ।। (ਅੰਗ 32)  
ਧਨਿ ਧਨਿ ਤੂ ਮਾਤਾ ਦੇਵਕੀ।।ਜਿਹ ਗ੍ਰਿਹ ਰਮਈਆ ਕਵਲਾਪਤੀ।।२।। (ਅੰਗ ९८८ )    
ਇਸੇ ਤਰ੍ਹਾਂ ਨਾਮਧਾਰੀ ਪੰਥ ਦੇ ਮੁਖੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਧਰਮਪਤਨੀ ਸ਼ਾਂਤਮੂਰਤ ਸ੍ਰੀ ਮਾਤਾ ਚੰਦ ਕੌਰ ਜੀ ਦਾ ਨਾਮ ਵੀ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਵਿੱਚ ਹੀ ਬਿਤਾ ਦਿੱਤਾ। ਉਹਨਾਂ ਨੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਰਹਿ ਕੇ ਦੇਸ਼ ਦੀ ਅਜ਼ਾਦੀ ਤੋਂ ਬਾਦ ਲੋਕਾਂ ਲਈ ਇਲਾਕੇ ਵਸਾਉਣ, ਆਬਾਦ ਕਰਨ ਅਤੇ ਉਹਨਾਂ ਨੂੰ ਤਰੱਕੀ ਦੇ ਸ਼ਿਖਰ ਤੱਕ ਪਹੁੰਚਾਣ ਵਿੱਚ ਮਾਤਾ ਜੀ ਨੇ ਸਤਿਗੁਰੂ ਜੀ ਦੇ ਨਾਲ ਮੁੱਖ ਭੂਮਿਕਾ ਨਿਭਾਈ। ਉਹਨਾਂ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਵਾਰਾ ਚਲਾਏ ਹੋਏ ' ਸਦਾ ਵਰਤ ਲੰਗਰ ' ਦੀ ਸੇਵਾ ਦੇ ਇਲਾਵਾ ਤਿੱਖੀ ਧੁੱਪ ਵਿੱਚ ਆਪਣੇ ਸਿਰ ਤੇ ਟੋਕਰੀਆਂ ਚੁੱਕ ਕੇ ਅਤੇ ਆਪਣੇ ਹੱਥਾਂ ਨਾਲ ਰੋੜੀ ਆਦਿ ਕੁੱਟ ਕੇ ਗੁਰੂ ਘਰ ਦੀਆਂ ਇਮਾਰਤਾਂ ਦੀ ਉਸਾਰੀ ਕਰਵਾਈ। ਅਨੇਕ ਗਰੀਬਾਂ ਅਤੇ ਦੁਖੀਆਂ ਦੀ ਸੇਵਾ ਕੀਤੀ। ਸ੍ਰੀ ਸਤਿਗੁਰੂ ਜੀ ਦਵਾਰਾ ਚਲਾਏ ਗਏ ਸਵਾ ਲੱਖ ਪਾਠਾਂ ਨੂੰ ਸੰਪੂਰਨ ਕਰਵਾਇਆ ਆਦਿ। ਅਜਿਹੀ ਮਹਾਨ ਹਸਤੀ ਅਤੇ ਸਰਵ ਗੁਣ ਸੰਪੂਰਨ ਸਨ ਮਾਤਾ ਚੰਦ ਕੌਰ ਜੀ। 
ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਉਹਨਾਂ ਦੀ ਮਹਾਨਤਾ ਦਾ ਵਰਨਣ ਆਪਣੀ ਅਲੌਕਿਕ ਫੋਟੋਗ੍ਰਾਫੀ ਨਾਲ ਮਾਤਾ ਜੀ ਦੀਆਂ ਮਨਮੋਹਕ ਤਸਵੀਰਾਂ ਖਿੱਚ ਕੇ ਉਹਨਾਂ ਵਿਚ ਦਰਸਾਇਆ ਸੀ ਅਤੇ ਉਹਨਾਂ ਨੂੰ ਸੇਵਾ ਦੇ ਪ੍ਰਤੱਖ ਸਰੂਪ ,ਸ਼ਾਂਤ ਮੂਰਤ ,ਜਗਤ ਮਾਤਾ ਆਦਿ ਉਪਨਾਵਾਂ ਨਾਲ ਸੰਬੋਧਤ ਕਰ ਕੇ ਸਾਰੇ ਨਾਮਧਾਰੀ ਪ੍ਰਵਾਰਾਂ ਵਿੱਚ ਸਪ੍ਰੇਮ ਭੇਂਟ ਵਜੋਂ ਦਿੱਤੀਆਂ। ਇਸਦੇ ਨਾਲ ਹੀ ਅਜਿਹੇ ਪੂਜਨੀਕ ਮਾਤਾ ਜੀ ਦੀ ਨਿੰਦਾ ਕਰਨ ਤੋਂ ਵੀ ਵਰਜਿਆ ਸੰਭਵ ਹੈ ਕਿ ਉਸ ਵੇਲੇ ਵੀ ਕੁਝ ਮਨਮੁੱਖੀ ਲੋਕ ਮਾਤਾ ਜੀ ਦੀ ਨਿੰਦਾ ਕਰਦੇ ਹੋਣਗੇ।     
ਇਸ ਤੋਂ ਬਾਦ ਦਸੰਬਰ 2012 ਵਿਚ ਨਾਮਧਾਰੀ ਪੰਥ ਦੇ ਮੁੱਖੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਬ੍ਰਹਮਲੀਨ ਹੋਣ ਤੋਂ ਬਾਦ ਪੰਥ ਵਿਚ ਕੁਝ ਦਰਾਰਾਂ ਆਉਂਦੀਆਂ ਦੇਖ ਪੰਥ ਨੂੰ ਇਕਜੁੱਟ ਕਰਨ ਲਈ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਇਹ ਨਿਰਣਾ ਲਿਆ ਕਿ ਇਸ ਸਮੇਂ ਮਾਤਾ ਜੀ ਹੀ ਪੰਥ ਦੀ ਸਰਵਉੱਚ ਹਸਤੀ ਹਨ। ਅਸੀਂ ਉਹਨਾਂ ਨੂੰ ਸਤਿਗੁਰੂ ਰੂਪ ਵਜੋਂ ਸਵੀਕਾਰ ਕਰ ਕੇ ਪੰਥ ਨੂੰ ਟੁੱਟਣ ਤੋਂ ਬਚਾ ਸਕਦੇ ਹਾਂ ਅਤੇ ਇਹ ਕੇਵਲ ਕਿਹਾ ਹੀ ਨਹੀਂ ਸਗੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਗੁਰਦਵਾਰਾ ਸ਼੍ਰੀ ਜੀਵਨ ਨਗਰ ਵਿਖੇ ਸ਼ਰਧਾਂਜਲੀ ਸਮਾਰੋਹ ਦੇ ਦੌਰਾਨ ਸ੍ਰੀ ਮਾਤਾ ਚੰਦ ਕੌਰ ਜੀ ਦੀ ਤਸਵੀਰ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੀ ਤਸਵੀਰ ਦੇ ਨਾਲ ਸੁਸ਼ੋਭਿਤ ਕਰ ਕੇ ਸਾਰੀ ਸੰਗਤ ਨੂੰ ਨਮਸ਼ਕਾਰ ਕਰਨ ਅਤੇ ਅਰਦਾਸ ਵਿਚ ਉਹਨਾਂ ਦਾ ਨਾਮ ਸ਼ਾਮਿਲ ਕਰਕੇ ਅਰਦਾਸ ਕਰਨ ਦਾ ਹੁਕਮ ਕੀਤਾ। ਇਸ ਵੇਲੇ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ  ਸਤਿਗੁਰੂ ਜਗਜੀਤ ਸਿੰਘ ਜੀ ਵੱਲੋਂ ਉਹਨਾਂ ਦੇ ਸੇਵਕ ਡਾਕਟਰ ਇਕਬਾਲ ਸਿੰਘ ਜੀ ਦਵਾਰਾ ਭੇਜੇ ਗਏ ਗੱਦੀ  ਦੇ ਵਾਰਸ ਹੋਣ ਦੇ ਹੱਕ ਨੂੰ ਤਿਆਗ ਕੇ ਦੂਰਦ੍ਰਿਸ਼ਟੀ ਨਾਲ ਇਹ ਸੋਚਿਆ ਕਿ ਇਸ ਪਰਿਸਥਿਤੀ ਵਿੱਚ ਕੇਵਲ ਮਾਤਾ ਜੀ ਦੇ ਚਰਨਾਂ ਤੇ ਸੀਸ ਝੁਕਾ ਕੇ ਹੀ ਸਾਰਾ ਪੰਥ ਇਕੱਠਾ ਹੋ ਸਕਦਾ ਹੈ।  ਸੰਗਤ ਲਈ  ਇਹ ਕੋਈ ਮੁਸ਼ਕਿਲ ਕੰਮ ਨਹੀਂ ਸੀ, ਕਿਉਂਕਿ ਸ੍ਰੀ ਮਾਤਾ ਚੰਦ ਕੌਰ ਜੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਮਹਿਲ ਹੋਣ ਦੇ ਨਾਤੇ  ਪਹਿਲਾਂ ਤੋਂ ਹੀ ਪੂਜਨੀਕ ਸਨ ਅਤੇ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੂੰ ਮਾਤਾ ਜੀ ਤੋਂ ਪੂਰੀ ਆਸ ਸੀ ਕਿ  ਉਹ ਪੰਥ ਨੂੰ ਟੁੱਟਣ ਤੋਂ ਬਚਾ ਲੈਣਗੇ ਕਿਉਂਕਿ ਉਹ ਇਸ ਤਰਾਂ ਦੇ ਮਹਾਨ  ਉਪਰਾਲੇ ਪਹਿਲਾਂ ਵੀ ਕਰ ਚੁੱਕੇ ਸਨ।  
ਪਰ ਸਾਰੀ ਸੰਗਤ ਨੇ ਇਹਨਾਂ ਦੇ ਹੁਕਮ ਦਾ ਪੂਰੀ ਤਰਾਂ ਪਾਲਣ ਨਹੀਂ ਕੀਤਾ, ਉਹ ਦੁਚਿੱਤੀ ਵਿਚ ਪੈ ਗਏ ਅਤੇ ਠਾਕੁਰ ਦਲੀਪ ਸਿੰਘ ਜੀ ਨਾਲ ਵਾਦ ਵਿਵਾਦ ਕਰਨ ਲੱਗ ਪਏ। ਕਿਓਂਕਿ ਕਈ ਮਤਲਬਪ੍ਰਸਤ ਅਤੇ ਸਵਾਰਥੀ ਲੋਕਾਂ ਨੂੰ ਸ਼ਾਇਦ  ਇਹ ਫ਼ਿਕਰ ਪੈ ਗਿਆ ਕਿ ਜੇਕਰ ਮਾਤਾ ਜੀ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਤਾਂ ਉਹ ਗੁਰੂ ਘਰ ਦੀ ਜਾਇਦਾਦ ਤੇ ਕਬਜਾ ਕਿਵੇਂ ਕਰਨਗੇ। ਭੈਣੀ ਸਾਹਿਬ ਵਿਚ ਰਹਿਣ ਵਾਲੇ ਠਾਕੁਰ ਉਦੈ ਸਿੰਘ , ਸੰਤ ਜਗਤਾਰ ਸਿੰਘ, ਹੰਸਪਾਲ ਆਦਿ ਨੇ ਇਸ ਗੱਲ ਤੇ ਬਹੁਤ ਟੀਕਾ ਟਿੱਪਣੀ ਕੀਤੀ ਅਤੇ ਕਹਿਣ ਲਗੇ ਕਿ ਇਕ ਇਸਤਰੀ ਗੁਰੂ ਕਿਵੇਂ ਬਣ ਸਕਦੀ ਹੈ?, ਇਹ ਤਾਂ ਨਾਮੁਮਕਿਨ ਹੈ। ਜਦਕਿ ਗੁਰਬਾਣੀ ਵਿਚ ਸਤਿਗੁਰੂ ਦੇ ਅਨੇਕਾਂ ਹੀ ਗੁਣ ਅਤੇ ਵਿਸ਼ੇਸ਼ਤਾਵਾਂ ਲਿਖੀਆਂ ਹਨ ਪਰ ਅਜਿਹਾ ਕਿਤੇ ਨਹੀਂ ਲਿਖਿਆ ਕਿ ਇੱਕ ਇਸਤਰੀ ਗੁਰੂ ਨਹੀਂ ਬਣ ਸਕਦੀ। ਪਰ ਹਮੇਸ਼ਾਂ ਕੁਝ  ਸਵਾਰਥੀ ਤੇ ਲਾਲਚੀ ਲੋਕ ਆਪਣੇ ਸਵਾਰਥ ਲਈ ਸਮਾਜ ਦੀ ਹਾਨੀ ਕਰਦੇ ਆਏ ਹਨ। ਇੱਥੇ ਵੀ ਇਹੀ ਸਿੱਟਾ ਨਿਕਲਿਆ ਕਿ ਪੰਥ ਦਾ ਬਹੁਤ ਨੁਕਸਾਨ ਹੋਇਆ ਅਤੇ ਪੰਥ ਟੁਕੜਿਆਂ ਵਿੱਚ  ਵੰਡਿਆ ਗਿਆ ਅਤੇ ਪੰਥਕ ਏਕਤਾ ਦੇ ਇਛੁੱਕ ਮਾਤਾ ਜੀ ਨੂੰ ਪੰਥ ਦੀ ਮਹਾਨ ਸੇਵਾ ਕਰਦੇ ਹੋਏ ਆਪਣਾ ਬਲੀਦਾਨ ਦੇਣਾ ਪਿਆ। 
ਕਾਸ਼ ! ਨਾਮਧਾਰੀ ਪੰਥ ਨੇ ਮਾਤਾ ਜੀ ਨੂੰ ਸਤਿਗੁਰੂ ਰੂਪ ਵਜੋਂ ਸਵੀਕਾਰ ਕੀਤਾ ਹੁੰਦਾ। ਮਾਤਾ ਜੀ ਸਤਿਗੁਰੂ ਰੂਪ ਵਿਚ ਬਿਰਾਜਮਾਨ ਹੁੰਦੇ ਅਤੇ ਸਾਨੂੰ  ਐਸੀ ਸੰਕਟ ਵਾਲੀ ਘੜੀ ਨਾ ਦੇਖਣੀ ਪੈਂਦੀ। ਅਸੀਂ ਸਾਰੇ ਉਹਨਾਂ ਦੇ ਪਾਵਨ ਦਰਸ਼ਨਾਂ ਅਤੇ ਨਿੱਘੀ ਛਾਂ ਦਾ ਅਨੰਦ ਮਾਣ ਰਹੇ ਹੁੰਦੇ ਅਤੇ ਸਮੁੱਚੇ  ਦੇਸ਼ ਦੇ ਲਈ ਮਹਾਨ ਮਿਸਾਲਾਂ ਕਾਇਮ ਕਰਨ ਵਾਲਾ ਨਾਮਧਾਰੀ ਪੰਥ ਅੱਜ ਇਸ ਦੁਚਿੱਤੀ ਦੀ ਰਾਹ ਤੇ ਨਾ ਖੜਾ ਹੁੰਦਾ। 
 ਪਰ ਇਸਦੇ ਨਾਲ ਹੀ ਅਸੀਂ ਬੜੇ ਗਰਵ ਨਾਲ ਇਹ ਵੀ ਦੱਸਣਾ ਚਾਹਵਾਂਗੇ ਕਿ ਸੰਨ 2012 ਵਿਚ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਨਾਮਧਾਰੀ ਪੰਥ ਦੀ ਏਕਤਾ ਨੂੰ ਕਾਇਮ ਰੱਖਣ ਲਈ ਸ੍ਰੀ ਮਾਤਾ ਚੰਦ ਕੌਰ ਜੀ ਨੂੰ 'ਗੁਰੂ' ਮੰਨਣ ਲਈ ਜੋ ਹੁਕਮ ਨਾਮਧਾਰੀ ਸੰਗਤ ਨੂੰ ਦਿੱਤਾ ਸੀ ਉਸਦਾ ਅਨੁਸਰਣ (ਸੇਧ ਲੈ ਕੇ) ਕਰਦੇ ਹੋਏ ਨਿਰੰਕਾਰੀ ਸਮੁਦਾਇ ਨੇ ਆਪਣੇ ਸਮੁਦਾਇ ਦੇ ਮੁੱਖੀ ਬਾਬਾ ਹਰਦੇਵ ਸਿੰਘ ਜੀ ਦੇ ਬ੍ਰਹਮਲੀਨ ਹੋਣ ਤੋਂ ਬਾਦ ਬਾਬਾ ਜੀ ਦੀ ਧਰਮਪਤਨੀ ਮਾਤਾ ਸਵਿੰਦਰ ਕੌਰ ਜੀ ਨੂੰ ' ਗੁਰੂ ' ਸਵੀਕਾਰ ਕਰ ਕੇ ਇੱਕ ਸ਼ਲਾਘਾਯੋਗ ਕਾਰਜ ਕਰ ਕੇ ਇਤਿਹਾਸ ਵਿੱਚ ਇੱਕ ਚੰਗਾ ਉਦਾਹਰਣ ਪ੍ਰਸਤੁਤ ਕੀਤਾ ਹੈ। ਉਹਨਾਂ ਨੇ ਅਜਿਹਾ ਐਲਾਨ ਕਰ ਕੇ ਅੱਜ ਉਨ੍ਹਾਂ ਲੋਕਾਂ ਨੂੰ ਵੀ ਪ੍ਰੇਰਣਾ ਦਿੱਤੀ  ਹੈ ਜਿਹੜੇ ਕਹਿੰਦੇ ਸਨ ਕਿ ' ਇਕ ਇਸਤਰੀ ਕਿਵੇਂ ਗੁਰੂ ਬਣ ਸਕਦੀ ਹੈ ? ' ਅਜਿਹਾ ਹੋ ਹੀ ਨਹੀਂ ਸਕਦਾ। ਸੋ ਅੱਜ ਵੀ ਉਨ੍ਹਾਂ ਲੋਕਾਂ ਨੂੰ ਨਾਰੀ ਸ਼ਕਤੀ ਦੀ ਮੌਜੂਦਗੀ ਨੂੰ ਪਹਿਚਾਨਣ ਦੀ ਲੋੜ ਹੈ ਜੋ ਕਦੀ ਵੀ, ਕਿਸੇ ਵੀ ਰੂਪ ਵਿਚ ਆ ਕੇ ਸਮਾਜ ਵਿੱਚ ਇੱਕ ਨਵਾਂ ਪਰਿਵਰਤਨ ਲਿਆ ਸਕਦੀ ਹੈ। 
ਕੋਮਲ ਹੈ ਕਮਜੋਰ ਨਹੀਂ ਤੂੰ ,ਸ਼ਕਤੀ ਕਾ ਨਾਮ ਹੀ ਨਾਰੀ ਹੈ।  
ਜਗ ਕੋ ਜੀਵਨ ਦੇਨੇ ਵਾਲੀ, ਮੌਤ ਭੀ ਤੁਝਸੇ  ਹਾਰੀ ਹੈ।                                                         
 ਰਾਜਪਾਲ ਕੌਰ 
 ਮੁੱਖ ਸਕੱਤਰ , ਜਲੰਧਰ ਵਿੱਦਿਅਕ ਸੋਸਾਇਟੀ ,ਜਲੰਧਰ। 
 ਸੰਪਰਕ ਨੰਬਰ :90231-50008 , ਈਮੇਲ : rajpal16773@gmail.com 

No comments: