Sunday, July 24, 2016

ਸਿੱਖਿਆ ਦੇ ਨਿੱਜੀਕਰਨ ਦਾ ਵਰਤਾਰਾ ਭਾਰਤ ਵਿੱਚ 1947 ਤੋਂ ਹੀ ਮੌਜੂਦ ਰਿਹਾ

Sun, Jul 24, 2016 at 5:34 PM
ਮੋਦੀ ਸਰਕਾਰ ਦੇ ਆਉਣ ਮਗਰੋਂ ਸਿੱਖਿਆ ਦੇ ਭਗਵੇਂਕਰਨ ਦੀਆਂ ਕੋਸ਼ਿਸ਼ਾਂ ਤੇਜ਼
ਗੁਰਸ਼ਰਨ ਕਲਾ ਭਵਨਮੁੱਲਾਂਪੁਰ, ਜਿਲਾ ਲੁਧਿਆਣਾ: 24 ਜੁਲਾਈ 2016: (ਪੰਜਾਬ ਸਕਰੀਨ ਬਿਊਰੋ)
ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾਂ ਦੇ ਸ਼ਹੀਦੀ ਦਿਵਸ (18 ਜੁਲਾਈ) ਨੂੰ ਸਮਰਪਿਤ ਇੱਕ ਵਿਚਾਰ ਗੋਸ਼ਟੀ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾਂ ਯਾਦਗਾਰੀ ਕਮੇਟੀ ਵੱਲੋਂ ਗੁਰਸ਼ਰਨ ਕਲਾ ਭਵਨ, ਮੁੱਲਾਂਪੁਰ, ਜਿਲਾ ਲੁਧਿਆਣਾ ਵਿਖੇ ਕੀਤੀ ਗਈ। ਇਹ ਵਿਚਾਰ ਗੋਸ਼ਟੀ ‘ਨੌਜਵਾਨ ਵਿਦਿਆਰਥੀ ਲਹਿਰ ਨੂੰ ਦਰਪੇਸ਼ ਚੁਣੌਤੀਆਂ ਤੇ ਜਿੰਮੇਵਾਰੀਆਂ’ ਅਤੇ ‘ਨੌਜਵਾਨ-ਵਿਦਿਆਰਥੀ ਲਹਿਰ ਦਾ ਇਤਿਹਾਸ’ ਵਿਸ਼ਿਆਂ ‘ਤੇ ਕਰਵਾਈ ਗਈ। ਪਹਿਲੇ ਵਿਸ਼ੇ ਬਾਰੇ ਮੁੱਖ ਬੁਲਾਰੇ ਵਜੋਂ ‘ਪ੍ਰਤੀਬੱਧ’ ਦੇ ਸੰਪਾਦਕ ਸੁਖਵਿੰਦਰ ਅਤੇ ਦੂਜੇ ਵਿਸ਼ੇ ਬਾਰੇ ਮੁੱਖ ਬੁਲਾਰੇ ਵਜੋਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਵਿਚਾਰ ਪੇਸ਼ ਕੀਤੇ।
ਵਿਚਾਰ ਗੋਸ਼ਟੀ ਦੀ ਸ਼ੁਰੂਆਤ ਯਾਦਗਾਰੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਹੀਦ ਰੰਧਾਵਾ ਦੀ ਤਸਵੀਰ ਤੇ ਫੁੱਲ ਭੇਂਟ ਕਰਨ ਅਤੇ ਇਨਕਲਾਬੀ ਨਾਅਰਿਆਂ ਨਾਲ਼ ਕੀਤੀ ਗਈ। ਇਨਕਲਾਬੀ ਸਭਿਆਚਾਰਕ ਮੰਚ ‘ਦਸਤਕ’ ਦੇ ਸਾਥੀਆਂ ਕੁਲਵਿੰਦਰ ਤੇ ਸਤਿਆ ਨੇ ‘ਉਹਨਾਂ ਮਿੱਤਰਾਂ ਦੀ ਯਾਦ ਪਿਆਰੀ’ ਅਤੇ ‘ਅਸੀਂ ਨੀ ਮੰਨਦੇ ਓਸ ਰੱਬ ਨੂੰ’ ਗੀਤ ਪੇਸ਼ ਕੀਤੇ।
‘ਨੌਜਵਾਨ ਵਿਦਿਆਰਥੀ ਲਹਿਰ ਨੂੰ ਦਰਪੇਸ਼ ਚੁਣੌਤੀਆਂ ਤੇ ਜਿੰਮੇਵਾਰੀਆਂ’ ਵਿਸ਼ੇ ਤੇ ਬੋਲਦਿਆਂ ਸਾਥੀ ਸੁਖਵਿੰਦਰ ਨੇ ਕਿਹਾ ਕਿ ਜਦੋਂ ਅਸੀਂ ਨੌਜਵਾਨ-ਵਿਦਿਆਰਥੀ ਲਹਿਰ ਨੂੰ ਸੰਬੋਧਿਤ ਹੁੰਦੇ ਹਾਂ ਤਾਂ ਸਾਡੀ ਮੁਰਾਦ ਕਿਰਤੀ ਜਮਾਤਾਂ ਦੇ ਨੌਜਵਾਨਾਂ-ਵਿਦਿਆਰਥੀਆਂ ਦੀ ਲਹਿਰ ਤੋਂ ਹੁੰਦੀ ਹੈ ਨਾ ਕਿ ਲੋਟੂ-ਧਨਾਢ ਜਮਾਤਾਂ ਦੇ ਨੌਜਵਾਨਾਂ-ਵਿਦਿਆਰਥੀਆਂ ਤੋਂ। ਉਹਨਾਂ ਕਿਹਾ ਸੱਤਰਵਿਆਂ ਦੀ ਨੌਜਵਾਨ-ਵਿਦਿਆਰਥੀ ਲਹਿਰ ਦੇ ਮੁਕਾਬਲੇ ਮੋਜੂਦਾ ਸਮੇਂ ਵਿੱਚ ਵੱਡੀਆਂ ਤੇ ਗੰਭੀਰ ਚੁਣੌਤੀਆਂ ਹਨ। ਉਹਨਾਂ ਕਿਹਾ ਕਿ ਨੌਜਵਾਨ-ਵਿਦਿਆਰਥੀ ਲਹਿਰ ਅੱਗੇ ਸਿੱਖਿਆ ਦਾ ਨਿੱਜੀਕਰਨ, ਮੰਹਿਗੀ ਹੁੰਦੀ ਸਿੱਖਿਆ, ਇਸਦਾ ਭਗਵਾਂਕਰਨ, ਸਿੱਖਿਆ ਕੈਂਪਸਾ ‘ਚ ਜਮਹੂਰੀਅਤ ਦਾ ਘਟਦਾ ਘੇਰਾ, ਕਾਲਜਾਂ-ਯੂਨੀਵਰਸਿਟੀਆਂ ਦਾ ਕੁਲੀਨੀਕਰਨ, ਬੇਰੁਜਗਾਰੀ, ਗੁੰਡਾਗਰਦੀ, ਆਦਿ ਗੰਭੀਰ ਚੁਣੌਤੀਆਂ ਹਨ। ਉਹਨਾਂ ਕਿਹਾ ਕਿ ‘ਸਭ ਨੂੰ ਸਿੱਖਿਆ ਸਭ ਨੂੰ ਰੁਜਗਾਰ’ ਨੌਜਵਾਨ-ਵਿਦਿਆਰਥੀਆਂ ਲਹਿਰ ਦਾ ਮੁੱਖ ਨਾਅਰਾ ਹੋਣਾ ਚਾਹੀਦਾ ਹੈ। ਨੌਜਵਾਨ-ਵਿਦਿਆਰਥੀ ਲਹਿਰ ਕਿਰਤੀ ਲੋਕਾਂ ਦੀ ਪ੍ਰਬੰਧ ਵਿਰੋਧੀ ਲਹਿਰ ਨਾਲੋਂ, ਲੋਕ ਸੰਘਰਸ਼ਾਂ ਨਾਲੋਂ ਨਿੱਖਡ਼ਵੇਂ ਰੂਪ ਵਿੱਚ ਅੱਗੇ ਨਹੀਂ ਵੱਧ ਸਕਦੀ। ਕਿਰਤੀ ਲੋਕਾਂ ਦੀਆਂ ਲਹਿਰਾਂ ਨਾਲ਼ ਏਕਾ ਕਾਇਮ ਕਰਨਾ ਵੀ ਇਸਦਾ ਅਹਿਮ ਜਿੰਮੇਵਾਰੀ ਹੈ। ਉਹਨਾਂ ਤੱਥਾਂ ਸਹਿਤ ਦੱਸਿਆ ਕਿ ਕਿਸ ਤਰਾਂ ਸਿੱਖਿਆ ਦੇ ਨਿੱਜੀਕਰਨ ਦਾ ਵਰਤਾਰਾ ਭਾਰਤ ਵਿੱਚ 1947 ਤੋਂ ਹੀ ਮੌਜੂਦ ਰਿਹਾ ਹੈ। 1986 ਤੋਂ ਬਾਅਦ ਖਾਸਕਰ 1991 ਤੋਂ ਬਾਅਦ ਸਿੱਖਿਆ ਦੇ ਨਿੱਜੀਕਰਨ ਵਿੱਚ ਕਾਫੀ ਤੇਜੀ ਆ ਗਈ। ਉਹਨਾਂ ਕਿਹਾ ਕਿ ਬੇਰੁਜ਼ਗਾਰੀ ਮੌਜੂਦਾ ਪ੍ਰਬੰਧ ਦਾ ਅਨਿੱਖੜਵਾਂ ਅੰਗ ਹੈ ਪਰ ਇਸ ਸਮੇਂ ਸੰਸਾਰ ਪੱਧਰ ‘ਤੇ ਜਿਸ ਆਰਥਿਕ ਸੰਕਟ ਦੇ ਬੱਦਲ ਛਾਏ ਹੋਏ ਹਨ ਉਹ ਜਲਦ ਹੀ ਫਿਸਫੋਟਕ ਰੂਪ ਧਾਰਨ ਕਰਨ ਜਾ ਰਿਹਾ ਹੈ ਜਿਸ ਕਾਰਨ ਸੰਸਾਰ ਦੇ ਹੋਰ ਮੁਲਕਾਂ ਵਾਂਗ ਭਾਰਤ ਵਿੱਚ ਬੇਰੁਜ਼ਗਾਰੀ ਵੀ ਵਿਸਫੋਟਕ ਰੂਪ ਧਾਰਨ ਕਰਨ ਜਾ ਰਹੀ ਹੈ। ਮੋਦੀ ਸਰਕਾਰ ਦੇ ਆਉਣ ਤੋਂ ਸਿੱਖਿਆ ਦੇ ਭਗਵੇਂਕਰਨ ਦੀਆਂ ਕੋਸ਼ਿਸ਼ਾਂ ਬਹੁਤ ਤੇਜ਼ ਹੋ ਗਈਆਂ ਹਨ। ਇਤਿਹਾਸ ਨੂੰ ਫਿਰਕੂ ਢੰਗ ਨਾਲ਼ ਤੋੜਿਆ-ਮਰੋੜਿਆ ਜਾ ਰਿਹਾ ਹੈ।
‘ਨੌਜਵਾਨ-ਵਿਦਿਆਰਥੀ ਲਹਿਰ ਦੇ ਇਤਿਹਾਸ’ ਬਾਰੇ ਬੋਲਦਿਆਂ ਸਾਥੀ ਕੰਵਲਜੀਤ ਖੰਨਾ ਨੇ ਕਿਹਾ ਕਿ ਸੱਤਰਵਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਨੂੰ ਪੰਜਾਬ ਦੇ ਵਿਦਿਆਰਥੀਆਂ ਨੇ ਸਮੇਂ ਦੇ ਹਾਕਮਾਂ ਖਿਲਾਫ਼ ਜੋਰਦਾਰ ਸੰਘਰਸ਼ ਚਲਾਇਆ ਸੀ। ਉਹਨਾਂ ਮੋਗਾ ਘੋਲ, ਬਸ ਕਿਰਾਇਆ ਆਦਿ ਘੋਲਾਂ ਬਾਰੇ ਗੱਲ ਕਰਦਿਆਂ ਸਰੋਤਿਆਂ ਨੂੰ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪੀ.ਐਸ.ਯੂ. ਨੇ ਪੰਜਾਬ ਦੀ ਕਿਰਤੀ ਲਹਿਰ ਨੂੰ ਅਨੇਕਾਂ ਆਗੂ ਦਿੱਤੇ ਹਨ ਜਿਹਨਾਂ ਚੋਂ ਅੱਜ ਵੀ ਬਹੁਤ ਸਾਰੇ ਸਰਗਰਮ ਹਨ। ਵਿਦਿਆਰਥੀਆਂ-ਨੌਜਵਾਨਾਂ ਨੇ ਅਨੇਕਾਂ ਮੌਕਿਆਂ ‘ਤੇ ਮਜ਼ਦੂਰਾਂ-ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਦੇ ਹੱਕੀ ਘੋਲਾਂ ਦੌਰਾਨ ਉਹਨਾਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਉਹਨਾਂ ਕਿਹਾ ਕਿ ਇਸ ਸ਼ਾਨਾਮੱਤੇ ਵਿਰਸੇ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਕਿ ਅੱਜ ਭਾਵੇਂ ਪੰਜਾਬ ਦੀ ਨੌਜਵਾਨ-ਵਿਦਿਆਰਥੀ ਲਹਿਰ ਸੱਤਰਵਿਆਂ ਵਾਲੇ ਮੁਕਾਮ ਤੋਂ ਕਾਫੀ ਹੇਠਾਂ ਹੈ ਪਰ ਲਹਿਰ ਦਾ ਭਵਿੱਖ ਕਾਫੀ ਰੋਸ਼ਨ ਹੈ। ਉਹਨਾਂ ਕਿਹਾ ਕਿ ਅੱਜ ਪੀ.ਐਸ.ਯੂ., ਪੀ.ਐਸ.ਯੂ. (ਲਲਕਾਰ), ਪੀ.ਐਸ.ਯੂ. (ਰੰਧਾਵਾ), ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਆਦਿ ਜੱਥੇਬੰਦੀਆਂ ਨੌਜਵਾਨਾਂ ਵਿਚਕਾਰ ਕੰਮ ਕਰ ਰਹੀਆਂ ਹਨ। ਉਨਹਾਂ ਕਿਹਾ ਕਿ ਇਹਨਾਂ ਵਿੱਚ ਅਨੇਕਾਂ ਮੁੱਦਿਆਂ ਤੇ ਮਤਭੇਦ ਹੋ ਸਕਦੇ ਹਨ ਪਰ ਇਹਨਾਂ ਨੂੰ ਵੱਖ-ਵੱਖ ਮੁੱਦਿਆਂ ਕੇ ਇਕਮੁੱਠ ਹੋ ਕੇ ਸਰਗਰਮੀ ਕਰਨੀ ਚਾਹੀਦੀ ਹੈ ਤਾਂ ਕਿ ਗੰਭੀਰ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕੇ।
ਇਹਨਾਂ ਤੋਂ ਇਲਾਵਾ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਆਗੂ ਕਸਤੂਰੀ ਲਾਲ, ਮੁਬੰਈ ਤੋਂ ਆਏ ਜਮਹੂਰੀ ਅਧਿਕਾਰ ਕਾਰਕੁੰਨ ਹਰਸ਼ ਕੁਮਾਰ ਠਾਕੁਰ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਅਨੇਕਾਂ ਸਾਥੀਆਂ ਨੇ ਲਿਖਿਤ ਰੂਪ ਵਿੱਚ ਸਵਾਲ ਪੁੱਛੇ। ਕੁੱਲ ਮਿਲਾ ਕੇ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਕਮੇਟੀ ਅੱਜ ਇੱਕ ਚੰਗੀ ਵਿਚਾਰ-ਚਰਚਾ ਆਯੋਜਿਤ ਕਰਨ ਵਿੱਚ ਸਫਲ ਰਹੀ। ਮੰਚ ਸੰਚਾਲਕ ਗੁਰਦੀਪ ਬਾਸੀ ਨੇ ਕੀਤਾ। ਪ੍ਰਧਾਨਗੀ ਮੰਡਲ ਵਿੱਚ ਪਲਸ ਮੰਚ ਵੱਲੋਂ ਕਸਤੂਰੀ ਲਾਲ, ਨੌਜਵਾਨ ਭਾਰਤ ਸਭਾ ਵੱਲੋਂ ਬਲਜੀਤ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਜਸਵੰਤ ਜੀਰਖ, ਜਮਹੂਰੀ ਅਧਿਕਾਰ ਸਭਾ ਵੱਲੋਂ ਸਤੀਸ਼ ਸਚਦੇਵਾ, ਡੈਮੋਕ੍ਰੇਟਿਕ ਇੰਪਲਾਈਜ ਫਰੰਟ ਵੱਲੋਂ ਰਮਨਜੀਤ ਸੰਧੂ ਸ਼ਾਮਲ ਸਨ।
ਇਸ ਦੇ ਨਾਲ਼ ਹੀ, ਵਿਚਾਰ ਗੋਸ਼ਟੀ ਤੋਂ ਬਾਅਦ ਗੁਜਰਾਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਦਲਿਤਾਂ ਤੇ ਮੁਸਲਮਾਨਾਂ ‘ਤੇ ਹਿੰਦੂਤਵਵਾਦੀ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਗੁੰਡਾ ਟੋਲਿਆਂ ਵੱਲੋਂ ਹੋ ਰਹੇ ਜੁਲਮਾਂ ਖਿਲਾਫ਼ ਤੇ ਉਹਨਾਂ ਦੇ ਹੱਕੀ ਘੋਲਾਂ ਦੇ ਹੱਕ ਵਿੱਚ  ਗੁਰਸ਼ਰਨ ਕਲਾ ਭਵਨ ਤੋਂ ਲੈ ਕੇ ਬਸ ਅੱਡੇ ਤੱਕ ਪੈਦਲ ਮਾਰਚ ਕੀਤਾ ਗਿਆ ਤੇ ਬੱਸ ਅੱਡੇ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। 

No comments: