Monday, June 06, 2016

ਬੁੱਢੇ ਨਾਲੇ ਦੀ ਸਫ਼ਾਈ ਤੋਂ ਬਿਨਾ ਸਮਾਰਟ ਸਿਟੀ ਦੀਆਂ ਗੱਲਾਂ ਬੇਮਾਹਣੀਆਂ

Mon, Jun 6, 2016 at 3:18 PM
ਪ੍ਰਦੂਸ਼ਨ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਸਖਤ ਚੁੱਕੇ-ਐਮ ਐਸ ਭਾਟੀਆ 

ਲੁਧਿਆਣਾ: 6 ਜੂਨ 2016: (ਪੰਜਾਬ ਸਕਰੀਨ ਬਿਊਰੋ):
ਜੱਲ ਹੈ ਤਾਂ ਕੱਲ ਹੈ ਵਿਸ਼ੇ ਤੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਹਰ ਸਾਲ ਦੀ ਤਰਾਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਜਨਤਕ ਸਮਾਗਮ ਦੇ ਮੌਕੇ ਤੇ ਲੋਕਾਂ ਨੇ ਨਗਰ ਵਿੱਚ ਬੁੱਢੇ ਨਾਲੇ ਦੇ ਕਾਰਨ ਹੋ ਰਹੇ ਪਾਣੀ ਦੇ ਪ੍ਰਦੂਸ਼ਨ ਤੇ ਕਾਬੂ ਪਾਉਣ ਵਿੱਚ ਪ੍ਰਸ਼ਾਸਨ ਦੀ ਅਸਫ਼ਲਤਾ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜਿਵੇ  ਹੀ ਬੁੱਢਾ ਦਰਿਆ ਸ਼ਹਿਰ ਦੀ ਹੱਦ ਅੰਦਰ ਦਾਖ਼ਲ ਹੁੰਦਾ ਹੈ ਇਸ ਵਿੱਚ ਉਦਯੋਗਿਕ ਅਤੇ ਘਰੇਲੂ ਕੂੜੇ ਦੇ ਕਾਰਨ ਜ਼ਹਿਰੀਲਾ ਪ੍ਰਦੂਸ਼ਣ ਹੋਣ ਲੱਗ ਜਾਂਦਾ ਹੈ ਜੋ ਕਿ ਆਲੇ ਦੁਆਲੇ ਦੇ ਧਰਤੀ ਹੇਠਲੇ ਪਾਣੀ ਵਿੰਚ ਮਿਲ ਕੇ ਲੋਕਾਂ ਦੀ ਸਿਹਤ ਤੇ ਬੁਰਾ ਅਸਰ ਪਾ ਰਿਹਾ ਹੈ। ਇਸਦੀ ਸਫ਼ਾਈ ਲਈ ਬਣੀ ਸਤਲੁਜ ਐਕਸ਼ਨ ਪਲੈਨ ਤੇ ਲੋਕਾਂ ਨੂੰ  ਬੜੀਆਂ ਆਸਾਂ ਸਨ ਪਰ ਇਹ ਬੇਨਤੀਜਾ ਰਹੀ। 
ਇਸ ਮੌਕੇ ਬੋਲਦਿਆਂ ਜੱਥਾ ਦੇ ਪ੍ਰਧਾਨ ਮੇਜਰ ਸ਼ੇਰ ਸਿੰਘ ਔਲਖ  ਨੇ ਕਿਹਾ ਕਿ ਸਤਲੁਜ ਐਕਸ਼ਨ ਪਲੈਨ ਦੀ ਦੇਖ ਰੇਖ ਲਈ ਪੀ ਰਾਮ ਕੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਇਸਦੇ ਉੱਪ ਪ੍ਰਧਾਨ ਸ਼੍ਰੀ ਕ੍ਰਿਸ਼ਨ ਲਾਲ ਮਲਿਕ ਨੇ ਤਨਦੇਹੀ ਨਾਲ ਇਸਦੀ ਕਾਮਯਾਬੀ ਲਈ  ਪੂਰੀ ਭੂਮਿਕਾ ਨਿਭਾਈ ਸੀ।  ਪਰ ਸਰਕਾਰ ਬਦਲਣ ਉਪਰੰਤ ਇਸ ਕਮੇਟੀ ਦਾ ਬਿਸਤਰਾ ਗੋਲ ਕਰ ਦਿੱਤਾ ਗਿਆ।  ਇਸਦੇ ਤਹਿਤ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਪੰਜ ਗਰੀਨ ਬ੍ਰਿਜ ਬਣਾਏ ਗਏ। ਪਰ ਇਹਨਾਂ ਦੀ ਕਾਰਗੁਜਾਰੀ ਤੱਸਲੀ ਬਖ਼ਸ਼ ਨਹੀਂ ਹੈ।  ਟਰੀਟਮੈਂਟ ਪਲਾਂਟਾਂ ਵੱਲੋਂ ਸਾਫ਼ ਕੀਤੇ ਪਾਣੀ ਦੀ ਸਹੀ ਵਰਤੋ ਨਹੀਂ ਕੀਤੀ ਜਾ ਰਹੀ ਸਗੋਂ ਉਸਨੂੰ ਦੁਬਾਰਾ ਬੁੱਢੇ ਨਾਲੇ ਵਿੱਚ ਪਾਇਆ ਜਾ ਰਿਹਾ ਹੈ।  ਇਸ ਪਾਣੀ ਨੂੰ ਖੇਤੀਬਾੜੀ, ਪਾਰਕਾਂ ਨੂੰ ਪਾਣੀ ਦੇਣ ਦੇ ਲਈ, ਤੇ ਫ਼ਾਇਰ ਬ੍ਰਿਗੇੜ ਦੀਆਂ ਗੱਡੀਆਂ ਭਰਨ ਆਦਿ ਦੇ ਲਈ ਵਰਤਿਆ ਜਾਣਾ ਚਾਹੀਦਾ ਹੈ। 
ਜੱਥਾ ਦੇ ਸਕੱਤਰ ਡਾ: ਰਜਿੰਦਰ ਪਾਲ ਸਿੰਘ ਔਲਖ ਨੇ ਮੰਗ ਕੀਤੀ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਨ ਦੀ ਰੋਕਥਾਮ ਲਈ ਹੋ ਰਹੇ ਕੰਮ ਦੀ ਦੇਖ ਰੇਖ ਲਈ ਸ਼ਹਿਰੀਆਂ ਦੀ ਕਮੇਟੀ ਬਣਾਈ ਜਾਵੇ ਅਤੇ ਉਸਦੀ ਹਰ ਮਹੀਨੇ ਮੀਟਿੰਗ ਹੋਵੇ। 
ਜੱਥੇਬੰਦਕ ਸਕੱਤਰ ਐਮ ਐਸ ਭਾਟੀਆ ਨੇ ਕਿਹਾ ਕਿ ਪਾਣੀ ਨੂੰ ਪ੍ਰਦੂਸ਼ਨ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਨੂੰ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ ਤੇ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੀ ਲੋੜ ਹੈ।  ਇਸ ਕੰਮ ਦੇ ਲਈ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਕੰਮ ਕਰਨ ਦੀ ਲੋੜ ਹੈ।  ਇਹ ਦੁੱਖ ਦੀ ਗੱਲ ਹੈ ਕਿ ਨਗਰ ਨਿਗਮ ਦੇ ਬਹੁਤ ਸਾਰੇ ਟਿਊਬ ਵੈਲ ਬੁੱਢੇ ਨਾਲੇ ਦੇ ਕਿਨਾਰਿਆਂ ਤੇ ਲੱਗੇ ਹੋਏ ਹਨ ਤੇ ਇਹਨਾਂ ਦਾ ਪਾਣੀ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ।  ਨਾਲੇ ਪ੍ਰਦੂਸ਼ਨ ਨੂੰ ਰੋਕਣ ਦੇ ਲਈ ਇਸ ਵਿੱਚ ਸਿੱਧੇ ਤੌਰ ਤੇ ਪੈਂਦੇ ਸੀਵਰੇਜ ਦੇ ਪਾਣੀ ਨੂੰ ਬੰਦ ਕੀਤਾ ਜਾਏ। ਨਾਲੇ ਦੇ ਦੋਹਾਂ ਪਾਸੇ ਸੜਕ ਬਣਾ ਕੇ ਬੂਟੇ ਲਾਏ ਜਾਣ। 
ਇਸ ਮੌਕੇ ਬੋਲਦਿਆਂ ਬੇਲਨ ਬ੍ਰਿਗੇਡ ਦੀ ਪ੍ਰਧਾਨ ਅਨੀਤਾ ਸਰਮਾ ਨੇ ਕਿਹਾ ਕਿ ਮੁਢਲੀਆਂ ਸੇਵਾਵਾਂ ਅਤੇ ਬੁੱਢੇ ਨਾਲੇ ਦੀ ਸਫਾਈ ਤੋ ਬਿਨਾ ਸਮਾਰਟ ਸਿਟੀ ਦਾ ਕੋਈ ਮਹੱਤਵ ਨਹੀਂ।
ਲੈਟਸ ਕਲੀਨ ਲੁਧਿਆਣਾ ਟ੍ਰਸਟ ਵਲੋ ਕਰਨਲ ਗਿੱਲ ਨੇ ਆਰ ਓ ਦੀ ਵਰਤੋ ਕਰਨ ਵਲਿਆਂ ਨੂੰ ਸੁਚੇਤ ਕੀਤਾ। 
ਲੜਕੀਆਂ ਦੇ ਸਰਕਾਰੀ ਕਾਲਿਜ ਦੇ ਫਾਈਨ ਆਰਟਸ ਦੇ ਲੈਕਚਰਾਰ ਪ੍ਰਵੀਨ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਨੇ ਮੌਕੇ ਤੇ 40 ਫੁਟ ਪੇਂਟਿੰਗ ਬਣਾ ਕੇ ਵਾਤਾਵਰਣ ਦਿਵਸ ਦੇ ਮੌਕੇ ਤੇ ਪ੍ਰਦਰਸਿਤ ਕੀਤਾ।
ਜੱਥੇ ਦੇ ਅਹੁਦੇਦਾਰਾਂ ਵੱਲੋਂ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ਼੍ਰੀ ਦੇਵਿੰਦਰ ਸਿੰਘ ਨੂੰ ਨਗਰ ਦੇ ਵਾਤੇਵਰਣ ਤੇ ਖਾਸ ਤੌਰ ਤੇ ਪਾਣੀ ਦੇ ਪ੍ਰਦੂਸ਼ਣ ਦੇ ਮਸਲੇ ਅਤੇ ਇਸਦੇ ਹੱਲ ਬਾਬਤ ਇੱਕ  ਮੰਗ ਪੱਤਰ ਦਿੱਤਾ ਗਿਆ।  ਵਧੀਕ ਕਮਿਸ਼ਨਰ ਸ਼੍ਰੀ ਦੇਵਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਠਾਏ ਗਏ ਮਸਲੇ ਉੱਚੇਚੇ ਧਿਆਨ ਮੰਗਦੇ ਹਨ। ਉਹਨਾਂ ਕਿਹਾ ਕਿ ਅਸੀ ਸ਼ਹਿਰੀਆਂ ਦੀ ਮਦਦ ਨਾਲ ਪਹਿਲਾਂ ਹੀ ਪ੍ਰਦੂਸ਼ਣ ਦੀ ਰੋਕਥਾਮ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਭਾਰਤ ਜਨ ਗਿਆਨ ਵਿਗਿਆਨ ਜੱਥੇ ਦਾ ਇਹ ਉੱਦਮ ਸ਼ਲਾਘਾਯੋਗ ਹੈ।  
ਕੌਮੀ ਪੁਰਸਕਾਰ ਜੇਤੂ ਮੁਖ ਅਧਿਆਪਿਕਾ ਕੁਸੁਮ ਲਤਾ ਨੇ ਪਾਣੀ ਦੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਰਤੋਂ ਤੇ ਜੋਰ ਦਿੱਤਾ। ਉਹਨਾਂ ਵੱਲੋਂ ਸਰਕਾਰੀ ਹਾਈ ਸਕੂਲ ਸਰਾਭਾ ਨਗਰ ਦੇ ਬੱਚਿਆਂ ਵੱਲੋਂ ਵਾਤਾਵਰਣ ਦੀ ਸੰਭਾਲ ਤੇ ਇੱਕ ਨਾਟਕ ਪੇਸ਼ ਕੀਤਾ।
ਕੌਮੀ ਪੁਰਸਕਾਰ ਜੇਤੂ ਮੁਖ ਅਧਿਆਪਕ (ਰਿਟਾ:) ਰਣਜੀਤ ਸਿੰਘ ਨੇ ਬੱਚਿਆਂ ਦਾ ਵਾਤਾਵਰਣ ਤੇ ਅਧਾਰਿਤ ਕਵਿਜ਼ ਮੁਕਾਬਲਾ ਕਰਵਾਇਆ ਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ। 
ਇਸ ਸੰਬੰਧ ਵਿੱਚ ਵੱਖ ਵੱਖ ਸਕੂਲਾਂ ਵਿੱਚ ਪਾਣੀ ਦੀ ਸੰਭਾਲ ਵਿਸ਼ੇ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਤੇ ਹਰ ਸਕੂਲ ਦੀਆਂ ਪਹਿਲੀਆਂ ਤਿੰਨ ਬੇਹਤਰੀਨ ਪੇਂਟਿੰਗਾਂ ਨੂੰ ਇਨਾਮ ਦਿੱਤੇ ਗਏ ਤੇ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਗਏ। 
ਸੁਰਿੰਦਰ ਕੁਮਾਰ ਨੇ ਵਾਤਾਵਰਣ ਦੇ ਸੰਬੰਧ ਵਿੱਚ ਕਵਿਤਾ ਪੜੀ।
ਇਸ ਮੌਕੇ ਤੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰ ਰਹੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਉਦਮਾਂ ਦੀ ਸ਼ਲਾਘਾ ਕੀਤੀ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ  ਕੌਮੀ ਪੁਰਸਕਾਰ ਜੇਤੂ ਅਧਿਆਪਿਕਾ ਡਾ: ਗੁਰਚਰਨ ਕੋਚਰ, ਪਰਦੀਪ ਸ਼ਰਮਾ, ਇੰਜ: ਐਸ ਪੀ ਸਿੰਘ, ਅਮ੍ਰਿਤਪਾਲ ਸਿੰਘ, ਕ੍ਰਿਸਨ ਲਾਲ ਮਲਿਕ, ਇੰਦਰਜੀਤ ਸਿੰਘ ਸੋਢੀ, ਰਾਧਿਕਾ ਜੇਤਵਾਨੀ, ਰਵੀ ਅਰੋੜਾ, ਡਾ: ਬਬੀਤਾ ਜੈਨ, ਰਣਧੀਰ ਸਿੰਘ ਧੀਰਾ, ਰਾਜਵਿੰਦਰ ਸਿੰਘ, ਰਮਾਧਾਰ ਸਿੰਘ, ਸੋਹਨ ਸਿੰਘ, ਆਨੋਦ ਕੁਮਾਰ, ਸੰਦੀਪ ਕੁਮਾਰ ਵੀ ਮੌਜੂਦ ਸਨ।

No comments: