Monday, June 06, 2016

ਜੱਥੇਦਾਰ ਵੱਲੋਂ ਕੌਮੀ ਸਵੈਮਾਣ ਦਾ ਜਜ਼ਬਾ ਪੈਦਾ ਕਰਨ ਦਾ ਸੱਦਾ

 Mon, Jun 6, 2016 at 12:36 PM 
ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ 'ਤੇ ਹੋ ਰਹੇ ਕੂੜ ਪ੍ਰਚਾਰ ਦੀ ਵੀ ਆਲੋਚਨਾ 
ਸੰਦੇਸ਼: ਜੂਨ 84 ਦਾ ਸਾਕਾ ਕੱਲ ਵਾਂਗ ਹੀ ਲੱਗ ਰਿਹਾ ਹੈ                  
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਜੁੜ ਬੈਠੀ ਸਾਧ-ਸੰਗਤ ਜੀ 

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਅੱਜ ਖ਼ਾਲਸਾ ਪੰਥ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ ਜਿਹਨਾਂ ਨੇ ਜੂਨ 1984 ਵਿਚ ਕਾਂਗਰਸ ਦੀ ਹਕੂਮਤ ਵੱਲੋਂ ਸਾਡੇ ਪਾਵਨ ਅਸਥਾਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਸਮੇਂ ਸਿੱਖ ਕੌਮ ਦੇ ਜਰਨੈਲ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਜੀ ਦੀ ਅਗਵਾਈ ਵਿਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਰਨਲ ਸ਼ੁਬੇਗ ਸਿੰਘ ਜੀ, ਬਾਬਾ ਠਾਹਰਾ ਸਿੰਘ ਆਦਿ ਸਿੰਘਾਂ ਨੇ ਜੂਝਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ।
ਖ਼ਾਲਸਾ ਜੀ! ਅੱਜ 32 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਜੂਨ 84 ਦਾ ਸਾਕਾ ਕੱਲ ਵਾਂਗ ਹੀ ਲੱਗ ਰਿਹਾ ਹੈ। ਜਦ ਸਮੁੱਚੀ ਦੁਨੀਆਂ ਨੂੰ ਪਿਆਰ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਦੇਣ ਵਾਲੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰਕਰਮਾਂ ਭਾਰਤੀ ਫੌਜ ਦੇ ਟੈਂਕਾਂ ਦੇ ਗੋਲਿਆਂ ਨੇ ਸ਼ਰਧਾਲੂ ਸਿੱਖਾਂ ਦੇ ਖੂਨ ਨਾਲ ਲਥਪੱਥ ਕਰ ਦਿੱਤੀਆਂ ਸਨ। ਸਿੱਖ ਕੌਮ ਦੇ ਸੀਨੇ ਵਿਚ ਲੱਗੇ ਇਹ ਜਖ਼ਮ ਅਜੇ ਵੀ ਅੱਲੇ ਹਨ। ਸਮੇਂ ਦੀ ਕਾਂਗਰਸ ਸਰਕਾਰ ਆਪਣੀ ਕੀਤੀ ਇਸ ਅਤਿ ਘਿਨੌਣੀ ਕਾਰਵਾਈ ਨੂੰ ਭੁੱਲ ਜਾਣ ਲਈ ਦੁਹਾਈ ਦਿੰਦੀ ਹੈ, ਖ਼ਾਲਸਾ ਜੀ ਇਹ ਤਾਂ ਉਹਨਾਂ ਕੌਮਾਂ ਨੂੰ ਪਤਾ ਹੁੰਦਾ ਹੈ ਜਿਹਨਾਂ ਦੇ ਸਿਰ ਤੋਂ ਇਹ ਹੋਣੀ ਲੰਘੀ ਹੁੰਦੀ ਹੈ। ਪਰ ਸਾਨੂੰ ਮਾਣ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਜੀ ਇਸ ਮਹਾਨ ਕੌਮ 'ਤੇ, ਜਿਨ•ਾਂ ਹਮੇਸ਼ਾਂ ਹੀ ਆਪਣੇ ਮਹਾਨ ਸ਼ਹੀਦਾਂ, ਸੂਰਬੀਰਾਂ, ਯੋਧਿਆਂ ਨੂੰ ਕਦੇ ਨਹੀਂ ਵਿਸਾਰਿਆ। 

ਅੱਜ 100 ਸਾਲ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਾਮਾਗਾਟਾਮਾਰੂ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਦਿਆਂ ਹੋਇਆਂ ਉਸ ਬੱਜ਼ਰ ਗਲਤੀ ਲਈ ਮੁਆਫੀ ਮੰਗੀ ਹੈ, ਜਿਸ ਦੀ ਖ਼ਾਲਸਾ ਪੰਥ ਸ਼ਲਾਘਾ ਕਰਦਾ ਹੈ। ਪ੍ਰੰਤੂ ਸਾਡੇ ਦੇਸ਼ ਦੇ ਹਾਕਮ ਬਹੁ-ਗਿਣਤੀ ਦੇ ਜੋਰ ਨਾਲ ਅੱਜ ਵੀ ਸਾਕਾ ਨੀਲਾ ਤਾਰਾ ਬਾਰੇ ਕੋਈ ਲਫਜ਼ ਕਹਿਣ ਤੋਂ ਗੁਰੇਜ਼ ਕਰ ਰਹੇ ਹਨ, ਜੋ ਕਿ ਸਾਡੇ ਲਈ ਹੋਰ ਵੀ ਦੁਖਦਾਈ ਹੈ।
ਖ਼ਾਲਸਾ ਜੀ! ਸਾਨੂੰ ਅੱਜ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਅਤਿਅੰਤ ਜਰੂਰਤ ਹੈ। ਅੱਜ ਸਿੱਖ ਸਿਧਾਂਤਾਂ ਤੇ ਰਹਿਤ ਮਰਿਯਾਦਾ ਦੇ ਮਸਲਿਆਂ ਬਾਰੇ ਵਾਦ-ਵਿਵਾਦ ਪੈਦਾ ਕਰਕੇ ਸਿੱਖੀ ਦੇ ਦੁਸ਼ਮਣ ਛਾਤਿਰ ਚਾਲਾਂ ਚੱਲ ਰਹੇ ਹਨ। 
ਖਾਲਸਾ ਜੀ! ਜਿਥੇ ਅਸੀਂ ਪਿਛਲੇ ਸਮੇਂ ਦੌਰਾਨ ਸਰਕਾਰੀ ਜਬਰ, ਅਨਿਆਂ ਅਤੇ ਵਿਤਕਰੇ ਦਾ ਸ਼ਿਕਾਰ ਹੋਏ ਹਾਂ ਉਥੇ ਹੀ ਬੜੇ ਦੁਖ ਦੀ ਗੱਲ ਹੈ ਇਹ ਕਿ ਅੱਜ ਕੌਮ ਆਪਸੀ ਫੁਟ ਦਾ ਬੁਰੀ ਤਰਾਂ ਸ਼ਿਕਾਰ ਹੋ ਚੁਕੀ ਹੈ। 
ਗੁਰਬਾਣੀ ਦੇ ਫੁਰਮਾਨ: 'ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ' ਦੇ ਮੁਤਾਬਿਕ ਅੱਜ ਅਸੀਂ ਆਪਣੇ ਵਿਰੋਧੀਆਂ ਅਤੇ ਪੰਥ ਦੋਖੀਆਂ ਦੇ ਖਿਲਾਫ਼ ਲੜਾਈ ਲੜਨ ਦੀ ਬਜਾਏ ਅਸੀਂ ਭਰਾ ਮਾਰੂ ਜੰਗ ਵੱਲ ਵੱਧ ਰਹੇ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਨਿਤਾਪ੍ਰਤੀ ਬੇ-ਅਦਬੀ ਦੀਆਂ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ ਹਨ। ਪੀਲੀਭੀਤ ਕਾਂਡ ਵਰਗੇ ਦਿਲ ਕੰਬਾਊ ਹਾਦਸੇ ਸਾਨੂੰ ਸਿਰ ਤੋਂ ਪੈਰਾ ਤੀਕ ਝੰਜੋੜ ਰਹੇ ਹਨ। ਇਸ ਸਭ ਦੇ ਹਲ ਲਈ ਅਤੇ ਇੰਨਸਾਫ਼ ਪ੍ਰਾਪਤੀ ਲਈ ਸਾਨੂੰ ਸਾਰਿਆਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਇਕੱਠਿਆਂ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਭਰਾ ਮਾਰੂ ਜੰਗ ਤੋਂ ਨਿਜਾਤ ਪਾ ਸਕੀਏ।
ਖ਼ਾਲਸਾ ਜੀ! ਅੱਜ ਨਾ ਸਾਨੂੰ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਸਤਿਕਾਰ ਦੀ ਚਿੰਤਾ ਹੈ, ਨਾ ਸੰਗਤ-ਪੰਗਤ ਦੇ ਸਿਧਾਂਤ ਨੂੰ ਸਮਝ ਰਹੇ ਹਾਂ ਅਤੇ ਨਾ ਹੀ ਆਪਣੀ ਸ਼ਕਤੀ ਦੇ ਟੁੱਟਣ ਦਾ ਖਤਰਾ ਮਹਿਸੂਸ ਕਰ ਰਹੇ ਹਾਂ। ਦਾਸ ਅੱਜ ਉਨ•ਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਸਮੇਂ ਸਮੁੱਚੀ ਕੌਮ ਅਤੇ ਵਿਸ਼ੇਸ਼ ਕਰਕੇ ਨੌਜਵਾਨ ਪੀੜ•ੀ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੀ ਸ਼ਕਤੀ ਨੂੰ ਕੌਮ ਦੇ ਉਜਲੇ ਭਵਿੱਖ ਲਈ ਵਰਤਣ, ਜਿਸ ਨਾਲ ਕੌਮ ਚੜਦੀ ਕਲਾ ਵਿਚ ਹੋਵੇ।
ਨੌਜਵਾਨ ਬੱਚਿਓ- ਅੱਜ ਦੁਨੀਆਂ ਤਰੱਕੀ ਦੇ ਰਾਹ ਜਾ ਰਹੀ ਹੈ ਅਤੇ ਸਾਡੀ ਸਹੂਲਤ ਲਈ ਬਹੁਤ ਸਾਧਨ ਸਾਨੂੰ ਮਿਲ ਰਹੇ ਹਨ ਪਰ ਜਿਹੜੀਆਂ ਸਹੂਲਤਾ ਜਾ ਸਾਧਨ ਸਾਡੀ ਕੌਮ ਲਈ ਘਾਤਕ ਬਣ ਰਹੀਆਂ ਹਨ ਉਹਨਾਂ ਨੂੰ ਬੜੇ ਸੰਭਲ ਕੇ ਵਰਤਣ ਦੀ ਲੋੜ ਹੈ। ਅੱਜ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ 'ਤੇ ਹੋ ਰਹੇ ਕੂੜ ਪ੍ਰਚਾਰ ਤੁਹਾਨੂੰ ਤੁਹਾਡੇ ਸਿਧਾਂਤ ਜਾਂ ਇਤਿਹਾਸ ਤੋਂ ਹੀ ਨਹੀਂ ਗੁਮਰਾਹ ਕਰ ਰਿਹਾ ਬਲਕਿ ਤੁਹਾਡੇ ਮਨਾ ਵਿਚ ਆਪਣੇ ਗੁਰੂ ਪ੍ਰਤੀ ਸ਼ਰਧਾ ਘਟਾ ਕੇ ਵੱਡੇ-ਛੋਟੇ ਦੇ ਸਤਿਕਾਰ ਵਿਚ ਵੀ ਫਰਕ ਪਾ ਰਿਹਾ ਹੈ। ਜਿਸ ਨਾਲ ਸਾਡੀ ਕੌਮ ਦੇ ਭਵਿੱਖ ਤੇ ਇਕ ਬੜਾ ਵੱਡਾ ਸੁਆਲੀਆ ਨਿਸ਼ਾਨ ਲੱਗ ਜਾਵੇਗਾ। ਇਸ ਤੋਂ ਬਚਣ ਦੀ ਲੋੜ ਹੈ ਅਤੇ ਦਾਸ ਸਾਰੇ ਮਾਪਿਆਂ ਨੂੰ ਸੁਚੇਤ ਕਰਦਾ ਹੈ ਕਿ ਮਾਪੇ ਆਪੋ-ਆਪਣੇ ਘਰਾਂ ਅੰਦਰ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਦਾ ਯਤਨ ਕਰਨ।
ਖ਼ਾਲਸਾ ਜੀ! ਇਹਨਾਂ ਸਾਰੇ ਮਸਲਿਆਂ ਦਾ ਹੱਲ ਗੁਰੂ-ਗ੍ਰੰਥ ਤੇ ਗੁਰੂ-ਪੰਥ ਪ੍ਰਤੀ ਸਮਰਪਿਤ ਸੋਚ ਪੈਦਾ ਕਰਨਾ ਹੈ। ਜਿਸ ਨਾਲ ਨਸ਼ੇ, ਪਤਿਤਪੁਣਾ, ਭਰੂਣ-ਹੱਤਿਆ, ਦੇਹਧਾਰੀ ਗੁਰੂ ਡੰਮ-ਪੰਥ ਦੋਖੀਆਂ ਦੀਆਂ ਚਾਲਾਂ ਅਤੇ ਹੋਰ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਦੂਰ ਹੋ ਜਾਣਗੀਆਂ। ਜੂਨ 1984 ਦਾ ਘੱਲੂਘਾਰਾ ਦਿਵਸ 'ਤੇ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਆਪਣੇ ਸੀਨੇ ਵਿਚ ਵਸਾ ਕੇ ਆਪਣੇ ਅੰਦਰ ਕੌਮੀ ਸਵੈਮਾਣ ਦਾ ਜਜ਼ਬਾ ਪੈਦਾ ਕਰੀਏ। ਇਸ ਸੰਕਲਪ ਸਦਕਾ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੰਨਕਲਾਬੀ ਸਪਿਰਟ ਨੂੰ ਕਾਇਮ ਕੀਤਾ ਜਾ ਸਕਦਾ ਹੈ। ਅੰਤ ਵਿਚ ਸਮੂੰਹ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਦਾਸ ਫ਼ਤਹਿ ਬੁਲਾਉਂਦਾ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

No comments: