Monday, June 06, 2016

ਸਿੱਖ ਭਰਾਵੋ ਜਾਗੋ! ਅਸਾਡਾ ਉੱਚਾ ਸੁੱਚਾ ਸਿੱਖ ਪੰਥ, ਘਟ ਕਿਓਂ ਰਿਹਾ ਹੈ?

Mon, Jun 6, 2016 at 1:12 PM
ਅਸੀਂ ਨਾਮਧਾਰੀ ਵੀ ਤੀਵਰ ਗਤੀ ਨਾਲ ਘਟ ਰਹੇ ਹਾਂ
ਹੁਣੇ ਹੁਣੇ ਅਖਬਾਰਾਂ ਵਿੱਚ ਕਈ ਪੰਥਾਂ ਦੇ ਵਧਣ ਜਾਂ ਘਟਣ ਦੇ ਅੰਕੜੇ ਛਪੇ ਹਨ। ਜਿਸ ਨੂੰ ਲੈਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਮੀਡੀਆ ਵਿੱਚ ਚਿੰਤਾ ਪ੍ਰਗਟਾਈ ਹੈ। ਮੇਰਾ ਇਹ ਲੇਖ, ਇਹ ਅੰਕੜੇ ਛਪਣ ਤੋਂ ਮਹੀਨਾ ਪਹਿਲਾਂ ਹੀ ਲਿਖਿਆ ਸੀ ਜੋ ਕਿਸੇ ਕਾਰਨ ਛਪ ਨਹੀਂ ਸਕਿਆ।
    ਮੈ ਕਈ ਵਾਰੀ ਸੋਚਦਾ ਹੁੰਦਾ ਸਾਂ ਕਿ ਸਾਡੇ ਗੁਰੂਆਂ ਦੇ ਪੰਜਾਬ ਵਿੱਚ ਜੋ ਨਵੇਂ ਨਵੇਂ ਪੰਥ ਪਿਛਲੇ ਕੁਛ ਸਮੇ ਵਿੱਚ ਬਣੇ (150 ਸਾਲ ਤੋਂ ਪੁਰਾਣੇ ਨਹੀਂ, ਕਈ ਤਾਂ ਮੇਰੀ ਉਮਰ ਤੋਂ ਵੀ ਛੋਟੇ ਹਨ) ਇਹ ਇਤਨੇ ਕਿਓਂ ਵਧ ਗਏ ਅਤੇ ਅਸੀਂ ਸਿੱਖ ਕਿਓਂ ਘਟ ਗਏ? ਕੁਛ ਵਿਦੇਸ਼ੀ ਪੰਥ ਵੀ ਪੰਜਾਬ ਵਿੱਚ ਬਹੁਤ ਵਧ ਗਏ, ਜਿਹਨਾਂ ਨੇ ਅਸਾਡਾ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਸੀ। ਕੀ ਇਹਨਾਂ ਪੰਥਾਂ ਦੇ ਗੁਰੂ ਨੇ, ਅਸਾਡੇ ਗੁਰੂ ਤੋਂ ਤਪੱਸਿਆ ਵਧ ਕੀਤੀ ਸੀ ਜਾਂ ਇਨਾਂ ਦੇ ਪੰਥਾਂ ਨੇ ਸਿੱਖਾਂ ਤੋਂ ਵੱਧ ਕੁਰਬਾਨੀਆਂ ਅਤੇ ਪਰਉਪਕਾਰ ਕੀਤੇ ਹਨ? ਮੈਨੂੰ ਇਸ ਦਾ ਕੋਈ ਠੋਸ ਉਤਰ ਨਹੀਂ ਲੱਭਾ। ਦੋ ਕੁ ਮਹੀਨੇ ਪਹਿਲੋਂ ਮੈ ਇੱਕ ਵਿਦਵਾਨ ਨਾਲ ਵੀ ਗਲ ਕੀਤੀ ਸੀ, ਉਹ ਵੀ ਮੇਰੇ ਵਿਚਾਰਾਂ ਨਾਲ ਸਹਿਮਤ ਸੀ। 
            ਹੁਣ ਕੁਛ ਦਿਨ ਪਹਿਲੋਂ ਮੁਹਾਵੇ ਪਿੰਡ ਵਿੱਚ ਸੰਤ ਕੇਸਰ ਜੀ ਦਾ ਮੇਲਾ ਸੀ।  ਜਿੱਥੇ ਮੈਨੂੰ ਇੱਕ ਸਾਧਾਰਨ ਜਿਹੇ (ਗੈਰ ਨਾਮਧਾਰੀ) ਜਥੇਦਾਰ ਜੀ ਮਿਲੇ। ਮੈ ਉਨ੍ਹਾ ਨੂੰ ਜਾਣਦਾ ਨਹੀਂ। ਉਨਾ੍ਹ ਨੇ ਨੀਲੇ ਰੰਗ ਦੀ ਗੋਲ ਦਸਤਾਰ, ਚਿੱਟਾ ਚੋਗਾ ਅੰਗਰਖਾ ਪਾਇਆ ਸੀ, ਪਜਾਮਾ ਨਹੀਂ ਸੀ। ਉਨਾ ਨੇ ਮੈਨੂੰ ਕਿਹਾ “ਅਸਾਡੇ ਸਿੱਖ ਪੰਥ ਵਿੱਚੋਂ ਪੰਜ ਨਵੇਂ ਪੰਥ ਬਣ ਗਏ ਹਨ, ਉਹ ਵਧ ਗਏ ਹਨ, ਦਿਨੋ ਦਿਨ ਵਧ ਰਹੇ ਹਨ। ਅਸੀਂ ਦਿਨੋ ਦਿਨ ਘਟ ਰਹੇ ਹਾਂ।   ਉਹਨਾਂ ਪੰਥਾਂ ਪਾਸ ਅਸਾਡੇ ਜਿੱਨੀਂ ਮਾਇਆ ਨਹੀਂ। ਇਹਨਾਂ ਪੰਥਾਂ ਵਿੱਚ ਜੋ ਵੀ ਸ਼ਰਧਾਲੂ ਗਿਆ ਹੈ ਉਹ ਅਸਾਡੇ ਸਿੱਖ ਪੰਥ ਵਿੱਚੋਂ ਹੀ ਗਿਆ ਹੈ, ਇਹ ਕਿਉਂ ਹੋ ਰਿਹਾ ਹੈ??? ਸਿਵਾਏ ਹੌਕਾ ਭਰਨ ਦੇ, ਮੇਰੇ ਕੋਲ ਇਸਦਾ ਕੋਈ ਵਧੀਆ ੳੁੱਤਰ ਨਹੀਂ ਸੀ।  
           ਮੈ ਸੋਚੀਂ ਜ਼ਰੂਰ ਪੈ ਗਿਆ ਹਾਂ ਅਤੇ ਆਪ ਜੀ ਸਾਰਿਆਂ ਨੂੰ ਵੀ ਸੋਚਣ ਦੀ ਲੋੜ ਹੈ। ਸਾਰੇ ਸਿੱਖ ਪੰਥ ਨੂੰ ਮੇਰੀ ਸਨਿਮਰ ਬੇਨਤੀ ਹੈ: ਇਹ ਵਿਚਾਰ ਕਰੋ: “ਅਸਾਡਾ ਉੱਚਾ ਸੁੱਚਾ ਸਿੱਖ ਪੰਥ, ਘਟ ਕਿਓਂ ਰਿਹਾ ਹੈ। ਅਸੀਂ ਇਸ ਨੂੰ ਘਟਣੋ ਕਿਵੇ ਰੋਕਣਾ ਹੈ ਅਤੇ ਕਿਵੇਂ ਵਧਾਉਣਾ ਹੈ”। ਸਤਿਗੁਰੂ ਨਾਨਕ ਦੇਵ ਜੀ ਦੇ ਇਸ ਪੰਥ ਨੂੰ ਕਿਵੇਂ ਵਧਾਉਣਾ ਹੈ। ਪੰਥ ਵਧਾਉਣਾ ਕਿਸੇ ਇੱਕ ਸੰਸਥਾ ਜਾਂ ਇੱਕ ਸੱਜਣ ਦਾ ਹੀ ਕਰਤਵਯ ਨਹੀਂ, ਹਰ ਸਿੱਖ ਦਾ ਫਰਜ਼ ਹੈ ਆਪਣੇ ਪੰਥ ਨੂੰ ਵਧਾਵੇ। 
                ਮੈਨੂੰ ਇਹ ਉੱਤਰ ਨਾ ਦਿਉ ਕਿ ਤੇਰੇ ਵਰਗੇ ਪਖੰਡੀ ਬਾਬਿਆਂ ਅਤੇ ਸਾਧਾਂ ਨੇ ਪੰਥ ਘਟਾ ਦਿੱਤਾ ਹੈ। ਜਿਨ੍ਹਾਂ ਨੂੰ ਤੁਸੀਂ ਪਖੰਡੀ ਬਾਬੇ ਕਹਿੰਦੇ ਹੋ: ਉਹਨਾਂ ਦੇ ਡੇਰਿਆਂ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਹਨ।  ਪਰ ਜੋ ਪੰਥ ਵਧ ਗਏ ਹਨ ਉੱਥੇ ਤਾਂ ਪ੍ਰਕਾਸ਼ ਵੀ ਨਹੀਂ ਹੁੰਦਾ। ਉਹ ਨਹੀਂ ਕਹਿੰਦੇ ਕਿ “ਅਸੀਂ ਗੁਰੁ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ”। ਫਿਰ ਵੀ ਬੜੀ ਤੇਜ਼ੀ ਨਾਲ ਉਹ ਪੰਥ ਵਧ ਰਹੇ ਹਨ। ਇਸ ਲਈ ਪੰਥ ਘਟਣ ਦੇ ਕਾਰਨ (ਪਖੰਡੀ ਬਾਬਿਆਂ ਤੋਂ ਬਿਨਾ) ਕੁਛ ਹੋਰ ਹੀ ਹਨ। ਪਖੰਡ, ਹੇਰਾਫੇਰੀ ਅਤੇ ਝੂਠ ਸਭ ਥਾਂ ਹੁੰਦਾ ਹੈ, ਜੋ ਪੰਥ ਵਧੇ ਹਨ ਉਨ੍ਹਾਂ ਵਿੱਚ ਵੀ ਹੈ । ਪਖੰਡ ਸਦਾ ਰਹਿਆ ਹੈ, ਸਦਾ ਹੀ ਰਹੇਗਾ। ਕੇਵਲ ਪਖੰਡ ਦਾ ਅਨੁਪਾਤ ਵਧਦਾ/ਘਟਦਾ ਹੈ। 
    ਜਿਨ੍ਹਾਂ ਪੰਥਾਂ ਨੂੰ ਆਪਾਂ, ਆਪਣੇ ਵਿੱਚੋਂ ਕੱਢ ਦਿੱਤਾ ਹੈ, ਉਹ ਸੰਗਤ ਅਸਾਡੇ ਪੰਥ ਵਿੱਚੋਂ ਹੀ ਗਈ ਹੈ। ਇਸ ਕਰਕੇ ਅਸੀਂ ਘਟ ਗਏ ਹਾਂ, ਕੱਢੇ ਹੋਏ ਪੰਥ ਵਧ ਗਏ ਹਨ।  ਵਿਗੜਿਆ ਕਿਸਦਾ, ਅਸਾਡਾ। ਕਿਓਂ, ਕਿਵੇਂ? ਆਪਜੀ ਨੂੰ ਵਿਚਾਰ ਕਰਨ ਦੀ ਲੋੜ ਹੈ। ਮੇਰੀ ਬੇਨਤੀ ਨੂੰ ਨਾਮਧਾਰੀਏ ਦੀ ਗੱਲ ਕਹਿ ਕੇ ਸੁੱਟ ਨ ਦਿਓ।  ਮੈ ਸਿੱਖ ਹਾਂ, ਅਸੀਂ ਨਾਮਧਾਰੀ ਵੀ ਤੀਵਰ ਗਤੀ ਨਾਲ ਘਟ ਰਹੇ ਹਾਂ। ਪਰ, ਇੱਥੇ ਮੈਂ ਸਮੁਚੇ ਸਿੱਖ ਪੰਥ ਦੇ ਘਟਣ ਦਾ ਦਰਦ ਮਹਿਸੂਸ ਕਰਕੇ ਪੰਥ ਘਟਣ ਦੇ ਕਾਰਨ ਅਤੇ ਪੰਥ ਵਧਾਉਣ ਦੀ ਗੱਲ ਕਰ ਰਿਹਾ ਹਾਂ।  
ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ
(ਠਾਕੁਰ) ਦਲੀਪ ਸਿੰਘ  

No comments: