Sunday, June 12, 2016

ਦੁਖਤਰ ਦੇ ਬਹਾਨੇ ਇਕੱਤਰ ਹੋਏ ਪੰਜਾਬ ਦੇ ਦਰਦ ਨਾਲ ਤੜਪ ਰਹੇ ਲੋਕ

ਰਲੀਜ਼ ਕਰਨ ਦੀ ਰਸਮ ਨਿਭਾਈ ਡਾਕਟਰ ਸੁਰਜੀਤ ਪਾਤਰ ਨੇ
 ਲੁਧਿਆਣਾ: 11 ਜੂਨ 2016: (ਪੰਜਾਬ ਸਕਰੀਨ ਬਿਊਰੋ): 
ਕੁਝ ਲੋਕ ਅਜਿਹੇ ਨਿਕਲੇ-ਜਿਹੜੇ ਪੰਜਾਬ ਦਾ ਪਾਣੀ ਪੀ ਕੇ, ਇਸਦਾ ਅੰਨ ਖਾ ਕੇ, ਇਸਦੀ ਹਵਾ ਵਿੱਚੇ ਸਾਹ ਲੈ ਕੇ ਇਸ ਨਾਲ ਧ੍ਰੋਹ ਕਮਾਉਂਦੇ ਰਹੇ। ਪੰਜਾਬੀ ਹੋ ਕੇ ਵੀ ਪੰਜਾਬੀ ਹੋਣ ਤੋਂ ਮੁਨਕਰ ਹੁੰਦੇ ਰਹੇ। ਸਿਆਸੀ ਆਕਾਵਾਂ ਦੇ ਨਿਸ਼ਾਨੇ ਪੂਰੇ ਕਰਨ ਲਈ ਉਹਨਾਂ ਆਪਣੀ ਜ਼ਮੀਰ ਵੀ ਮਾਰ ਲਈ ਅਤੇ ਧਰਮ ਕਰਮ ਵੀ ਭੁਲਾ ਦਿੱਤਾ। ਕੁਝ ਲੋਕ ਅਜਿਹੇ ਨਿਕਲੇ-ਜਿਹੜੇ ਪੰਜਾਬ ਦੀ ਹੱਸਦੀ ਵੱਸਦੀ ਧਰਤੀ ਦੇ ਸਭਿਆਚਾਰ ਨੂੰ ਲਾਂਬੂ ਲਾਉਣ ਤੁਰ ਪਏ। ਜਦੋਂ ਸੁਆਲ ਉਹਨਾਂ ਦੇ ਖੁਦ ਦਾ ਆਇਆ ਤਾਂ ਪਤਾ ਲੱਗਿਆ-ਅੱਗ ਲਾ ਕੇ ਆਪ ਡੱਬੂ ਕੰਧ ਉੱਤੇ ਜਾ ਚੜ੍ਹਿਆ। ਪੰਜਾਬ ਲਹੂਲੁਹਾਨ ਹੁੰਦਾ ਰਿਹਾ। ਪੰਜਾਬ ਬਾਰ ਬਾਰ ਟੁਕੜੇ ਹੁੰਦਾ ਰਿਹਾ। ਪੰਜਾਬ ਬਾਰ ਬਾਰ ਜ਼ਿਆਦਤੀਆਂ ਦਾ ਸ਼ਿਕਾਰ ਹੁੰਦਾ ਰਿਹਾ 'ਤੇ ਵਪਾਰਕ ਸੋਚ ਵਾਲੇ ਆਪਣੇ ਮੁਨਾਫਿਆਂ ਦਾ ਹਿਸਾਬ ਕਿਤਾਬ ਲਾਉਂਦੇ ਰਹੇ। 
ਦੂਜੇ ਪਾਸੇ ਕੁਝ ਅਜਿਹੇ ਵੀ ਮੌਜੂਦ ਰਹੇ ਜਿਹੜੇ ਦੂਰ ਬੈਠ ਕੇ ਵੀ ਇਸ ਦਰਦ ਨੂੰ ਮਹਿਸੂਸ ਕਰਦੇ ਰਹੇ। ਇਹਨਾਂ ਜਾਗਦੀ ਜ਼ਮੀਰ ਵਾਲੇ ਕੁਝ ਪੰਜਾਬੀਆਂ ਵਿੱਚੋਂ ਕੁਝ ਇਕੱਤਰ ਹੋਏ ਲੁਧਿਆਣਾ ਦੇ ਸਰਾਭਾ ਨਗਰ ਦੀ ਮੇਨ ਮਾਰਕੀਟ ਵਿੱਚ ਸਥਿਤ ਹੋਟ  ਬ੍ਰੈਡ ਵਿਖੇ। ਥਾਂ ਥੋਹੜੀ ਸੀ ਪਰ ਜਿਹੜੇ ਜਿਹੜੇ ਵੀ ਪੁੱਜੇ ਹੋਏ ਸਨ ਉਹਨਾਂ ਦੇ ਦਿਲ ਵੱਡੇ ਸਨ। ਮੇਲ ਮੌਕਾ ਡਾਕਟਰ ਸੋਨੀਆ ਦੀ ਹਿੰਦੀ ਪੁਸਤਕ "ਦੁਖਤਰ"--ਅਰਥਾਤ ਬੇਟੀ---ਮਤਲਬ ਦੁੱਖਾਂ ਤੋਂ ਤਾਰਨ ਵਾਲੀ। ਇਹ ਇੱਕ ਉਰਦੂ ਸ਼ਬਦ ਹੈ ਅਤੇ ਦੱਸਦਾ ਹੈ ਕਿ ਡਾਕਟਰ ਸੋਨੀਆ ਨੂੰ ਹਿੰਦੀ ਪੰਜਾਬੀ ਦੇ ਨਾਲ ਉਰਦੂ ਵਿੱਚ ਮੁਹਾਰਤ ਹੈ। ਤੁਸੀਂ ਹੈਰਾਨ ਹੋ ਸਕਦੇ ਹੋ ਪਰ ਸ਼ਾਇਰੀ ਦੇ ਨਾਲ ਨਾਲ ਡਾਕਟਰ ਸੋਨੀਆ ਅਰਥ ਸ਼ਾਸਤਰ ਵਿੱਚ ਵੀ ਨਿਪੁੰਨ ਹੈ, ਐਂਕਰਿੰਗ ਵਿੱਚ ਵੀ ਅਤੇ ਕੱਥਕ ਨ੍ਰਿਤ ਵਿੱਚ ਵੀ। ਹੰਸੂ ਹੰਸੂ ਕਰਦੇ ਇਸ ਮੁਸਕਰਾਉਂਦੇ ਚੇਹਰੇ ਤੇ ਕਿਸੇ ਕਿਸੇ ਵੇਲੇ ਇੱਕ ਦਰਦ ਦੀ ਰੇਖਾ ਜਿਹੀ ਉਭਰਦੀ ਹੈ ਜਿਸ ਨਾਲ ਮਧੂਬਾਲਾ ਯਾਦ ਆ ਜਾਂਦੀ ਹੈ। ਇਹ ਦਰਦ ਪੰਜਾਬ ਦਾ ਦਰਦ ਹੈ। ਨਸ਼ਿਆਂ ਵਿੱਚ ਡੁੱਬੇ ਪੰਜਾਬ ਦਾ ਦਰਦ, ਰਾਂਗਲੇ ਪੰਜਾਬ ਦੇ ਗੁੰਮ ਹੋ ਜਾਣ ਦਾ ਦਰਦ, ਜਿਹੜਾ ਪੰਜਾਬ ਖੁਸ਼ਹਾਲੀ ਲਈ ਪ੍ਰਸਿਧ ਸੀ ਉਸ ਵਿੱਚ ਆਏ ਦਿਨ ਹੋ ਰਹੀਆਂ ਖੁਦਕੁਸ਼ੀਆਂ ਦਾ ਦਰਦ।  ਆਏ ਦਿਨ ਰੇਪ ਦੀਆਂ ਘਟਨਾਵਾਂ ਤੋਂ ਪਤਾ ਲੱਗਦੇ ਇਖਲਾਕੀ ਨਿਘਾਰ ਦਾ ਦਰਦ। ਇਹ ਦਰਦ ਡਾਕਟਰ ਸੋਨੀਆ ਨੂੰ ਫਿਰ ਪੰਜਾਬ ਲੈ ਆਇਆ। 
ਕਿਤਾਬ ਦੀ ਰਲੀਜ਼ਿੰਗ ਤਾਂ ਅਸਲ ਵਿੱਚ ਇੱਕ ਬਹਾਨਾ ਸੀ।  ਇਸ ਕਿਤਾਬ ਨੇ ਪੰਜਾਬ ਦੇ ਦਰਦ ਨਾਲ ਤੜਪ ਰਹੇ ਪੰਜਾਬੀਆਂ ਨੂੰ ਇੱਕ ਮੰਚ 'ਤੇ ਲੈ ਆਂਦਾ ਸੀ ਜਿਹੜੇ ਇੱਕ ਦੂਜੇ ਨੂੰ ਹੋਂਸਲਾ ਦੇਂਦੇ ਹੋਏ ਯਕੀਨ ਦੁਆ ਰਹੇ ਸਨ ਕਿ ਅਸੀਂ ਪੰਜਾਬ ਨੂੰ ਫਿਰ ਪਹਿਲਾਂ ਵਰਗਾ ਬਣਾ ਦਿਆਂਗੇ। 
ਕਿਤਾਬ ਰਲੀਜ਼ ਕੀਤੀ ਡਾਕਟਰ ਸੁਰਜੀਤ ਪਾਤਰ ਨੇ। ਇਸ ਵਿੱਚ ਆਮ ਆਦਮੀ ਪਾਰਟੀ ਦੀ ਰਾਜਿੰਦਰ ਪਾਲ ਕੌਰ ਵੀ ਸੀ। ਕਲਮੀ ਦੁਨੀਆ ਦੇ ਪੁਰਾਣੇ ਹਸਤਾਖਰ ਕਿਰਪਾਲ ਸਿੰਘ ਚੌਹਾਨ ਵੀ ਅਤੇ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਵੀ। ਕੁਲ ਮਿਲਾ ਕੇ ਕੁਝ ਓਹ ਲੋਕ ਆ ਮਿਲੇ ਜਿਹੜੇ ਪੰਜਾਬ ਨੂੰ ਬਦਲਣ ਲਈ ਦ੍ਰਿੜ ਸੰਕਲਪ ਹਨ। ਇਸ ਮਕਸਦ ਲਈ ਕਲਮ ਨੂੰ ਵੀ ਹਥਿਆਰ ਬਣਾਇਆ ਜਾਵੇਗਾ, ਰੰਗਮੰਚ ਨੂੰ ਵੀ ਅਤੇ ਫਿਲਮਸਾਜ਼ੀ ਨੂੰ ਵੀ। 

No comments: