Wednesday, June 22, 2016

ਲੁਧਿਆਣਾ ਵਿੱਚ ਧਮਾਕਾ-ਦੋ ਬੱਚੇ ਜ਼ਖਮੀ

ਲਗਾਤਾਰ ਜਾਰੀ ਹੈ ਅਜਿਹੇ ਧਮਾਕਿਆਂ ਦਾ ਖੌਫ 
ਲੁਧਿਆਣਾ, 21 ਜੂਨ 2016:(ਪੰਜਾਬ ਸਕਰੀਨ ਬਿਊਰੋ): 
ਪੰਜਾਬ ਚੋਂ ਵੱਖਵਾਦ ਵਾਲਾ ਖਾੜਕੂਵਾਦ ਖਤਮ ਹੋਇਆ ਭਾਵੈਂ ਚਿਰ ਹੋ ਗਿਐ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਦੇ ਦਾਅਵੇ ਜਾਰੀ ਹਾਂ ਪਰ ਹਕੀਕਤ ਵਿੱਚ ਪੰਜਾਬ ਦੇ ਲੋਕਾਂ ਨੇ ਕਦੇ ਸੁੱਖ ਦਾ ਸਾਹ ਨਹੀਂ ਲਿਆ। ਇੱਕ ਪਾਸੇ ਮਹਿੰਗਾਈ ਅਤ ਸੜਕ ਹਾਦਸਿਆਂ ਕਾਰਣ ਲੋਕਾਂ ਦੀ ਜਾਂ ਤੇ ਬਣੀ ਹੈ ਦੂਜੇ ਪਾਸੇ ਗੁੰਡਾਗਰਦੀ ਅਤੇ ਬਦਮਾਸ਼ੀ ਵਾਲਾ ਅੱਤਵਾਦ ਦਿਨ-ਬ-ਦਿਨ ਲਗਾਤਾਰ ਵੱਧ ਰਿਹਾ ਹੈ।  ਇਸਦੇ ਨਾਲ ਹੀ ਅਕਸਰ ਖਬਰਾਂ ਆਉਂਦੀਆਂ ਹਨ ਧਮਾਕਿਆਂ ਦੀਆਂ। ਕਦੇ ਕਿਸੇ ਫੈਕਟਰੀ ਦਾ ਬੁਆਇਲਰ ਫਟ ਜਾਂਦਾ ਹੈ ਤੇ ਕਦੇ ਕਿਸੇ ਘਰ ਵਿੱਚ ਗੈਸ ਸਲੰਡਰ।  ਇਸਦੇ ਨਾਲ ਹੀ ਲਗਾਤਾਰ ਖਤਰਾ ਬਣਿਆ ਹੋਇਆ ਹੈ ਕਬਾੜ ਵਿੱਚ ਲੁਕਿਆ ਧਮਾਕਿਆਂ ਵਾਲਾ ਸਮਾਨ।   ਹੁਣ ਨਵੀਆਂ ਘਟਨਾ ਵਾਪਰੀ ਹੈ- ਸਥਾਨਕ ਗਿਆਸਪੁਰਾ ਵਿੱਚ ਜਿੱਥੇ ਅੱਜ ਦੁਪਹਿਰ ਕਬਾੜ ਦੇ ਸਾਮਾਨ 'ਚ ਹੋਏ ਜ਼ੋਰਦਾਰ ਧਮਾਕੇ ਕਾਰਨ ਦੋ ਭਰਾ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋਂ ਇਕ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ਰਾਹਿਨਿਹ ਖਬਰ ਬਾਅਦ ਦੁਪਹਿਰ ਦੋ ਵਜੇ ਤੱਕ ਵਾਇਰਲ ਹੋ ਗਈ ਸੀ। ਜਾਣਕਾਰੀ ਅਨੁਸਾਰ ਘਟਨਾ ਅੱੱਜ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਗਿਆਸਪੁਰਾ ਸਥਿਤ ਇਕ ਫੈਕਟਰੀ 'ਚ ਕੰਮ ਕਰਨ ਵਾਲੇ ਦੋ ਵਰਕਰਾਂ ਦੇ ਬੱਚੇ ਫੈਕਟਰੀ ਦੇ ਨਾਲ ਲੱਗਦੇ ਇਕ ਪਲਾਟ 'ਚ ਪਏ ਕਬਾੜ ਦੇ ਸਾਮਾਨ 'ਚੋਂ ਲੋਹਾ ਕੱਢ ਰਹੇ ਸਨ।  ਵਿਕਾਸ ਦੇ ਦਾਅਵਿਆਂ ਅਤੇ ਯੋਗ ਦਿਵਸ ਦੇ ਸ਼ੋਰ ਸ਼ਰਾਬੇ ਤੋਂ ਦੂਰ ਇਹ ਬੱਚੇ ਆਪਣੇ ਪਰਿਵਾਰ ਦੇ ਰੋਟੀ ਤੱਕ ਦਾ ਜੁਗਾੜ ਕਰ ਰਹੇ ਸਨ। ਗਰੀਬੀ ਨੇ ਇਹਨਾਂ ਦੇ ਖੇਡਣ ਦੀ ਉਮਰ ਲੁੱਟ ਲਈ ਹੈ। ਇਨ੍ਹਾਂ ਬੱਚਿਆਂ ਵੱਲੋਂ ਉਥੇ ਬੰਬ ਨੁਮਾ ਚੀਜ਼ 'ਤੇ ਜਦੋਂ ਹਥੋੜਾ ਮਾਰਿਆ ਤਾਂ ਉਸ ਵਿਚ ਧਮਾਕਾ ਹੋ ਗਿਆ।  ਸਿੱਟੇ ਵਜੋਂ ਸ਼ਿਵ ਕੁਮਾਰ (12) ਅਤੇ ਵਿਪਨ ਕੁਮਾਰ (10) ਗੰਭੀਰ ਜਖਮੀ ਹੋ ਗਏ ਹਨ।  ਸੂਚਨਾ ਮਿਲਦੇ ਬੱਚਿਆਂ ਦੇ ਪਿਤਾ ਰਾਜ ਬਹਾਦਰ ਉੱਥੇ ਆ ਗਏ। ਇਨ੍ਹਾਂ ਦੋਵਾਂ ਨੂੰ ਪਹਿਲਾਂ ਨੇੜੇ ਦੇ ਹਸਪਤਾਲ ਲਿਆਂਦਾ ਗਿਆ, ਜਿਥੇ ਵਿਪਨ ਦੀ ਹਾਲਾਤ ਨਾਜ਼ੁਕ ਦੇਖਦਿਆਂ ਉਸ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ। ਡਾਕਟਰ ਅਨੁਸਾਰ ਵਿਪਨ ਦੇ ਸਿਰ 'ਤੇ ਕਾਫੀ ਸੱਟ ਲੱਗੀ ਹੈ ਜਦ ਕਿ ਸ਼ਿਵ ਕੁਮਾਰ ਦੀ ਲੱਤ ਪੂਰੀ ਤਰ੍ਹਾਂ ਨਾਲ ਧਮਾਕੇੇ ਕਾਰਨ ਪਾਟ ਗਈ।| ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸ੍ਰੀ ਸੰਦੀਪ ਗਰਗ ਤੇ ਏ. ਸੀ. ਪੀ. ਸ੍ਰੀ ਸੰਦੀਪ ਵਡੈਹਰਾ ਭਾਰੀ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ। ਜਾਂਚ ਕਰ ਰਹੇ ਏ. ਸੀ. ਪੀ. ਸ੍ਰੀ ਵਡੈਹਰਾ ਨੇ ਦੱਸਿਆ ਕਿ ਇਹ ਪਲਾਟ ਅਸ਼ੀਸ਼ਪਾਲ ਨਾਮੀ ਵਿਅਕਤੀ ਦਾ ਹੈ। ਉਨ੍ਹਾਂ ਦੱਸਿਆ ਕਿ 250 ਵਰਗ ਗਜ ਦੇ ਇਸ ਪਲਾਟ 'ਚ ਅਸ਼ੀਸ਼ਪਾਲ ਨੇ ਕਬਾੜ ਦਾ ਸਾਮਾਨ ਰੱਖਿਆ ਹੋਇਆ ਹੈ ਤੇ ਇਹ ਦੋਵੇਂ ਬੱਚੇ ਕਬਾੜ ਦੇ ਸਾਮਾਨ 'ਚ ਲੋਹਾ ਕੱਢ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਅਸ਼ੀਸ਼ਪਾਲ ਪਾਸੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ।  ਉਸ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹ ਵਿਅਕਤੀ  ਕਬਾੜ ਦਾ ਕੰਮ ਕਰਦਾ ਸੀ, ਪਰ ਹੁਣ ਉਸ ਨੇ ਇਹ ਕਾਰੋਬਾਰ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਸ਼ੀਸ਼ ਦਾ ਸਾਮਾਨ ਪਲਾਟ 'ਚ ਪਿਆ ਸੀ। ਸਮਝ ਤੋਂ ਬਾਹਰ ਹੈ ਕੀ ਕੰਮ ਛੱਡਣ ਦੇ ਬਾਵਜੂਦ ਕਬਾੜ ਦਾ ਸਮਾਂ ਪਲਾਟ ਵਿਹਚ ਕਿਓਂ ਪਿਆ ਸੀ। ਸ੍ਰੀ ਵਡੈਹਰਾ ਨੇ ਦੱਸਿਆ ਕਿ ਸ਼ਿਵ ਕੁਮਾਰ ਅਤੇ ਵਿਪਨ ਕੁਮਾਰ ਦੇ ਪਿਤਾ ਪਲਾਟ ਦੇ ਨਾਲ ਲੱਗਦੀ ਕੁੰਜ ਬਿਹਾਰੀ ਨਾਮੀ ਵਿਅਕਤੀ ਦੀ ਫੈਕਟਰੀ 'ਚ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪਰਿਵਾਰ ਉਥੇ ਹੀ ਰਹਿੰਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਂਸਿਕ ਮਾਹਿਰਾਂ ਨੂੰ ਵੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਚੰਡੀਗੜ੍ਹ ਤੋਂ ਭਲਕੇ ਇਕ ਉਚ ਪੱਧਰੀ ਟੀਮ ਇਸ ਦਾ ਨਿਰੀਖਣ ਕਰਨ ਲਈ ਲੁਧਿਆਣਾ ਆ ਵੀ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਪੁਲਿਸ ਨੇ ਕਬਾੜ ਦੇ ਸਾਮਾਨ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਇਸ ਸਬੰਧੀ ਅਸ਼ੀਸ਼ਪਾਲ ਖਿਲਾਫ ਧਾਰਾ 286/ 337/ 338 ਅਧੀਨ ਕੇਸ ਦਰਜ ਕਰ ਲਿਆ ਹੈ। ਕਾਬਿਲੇ ਜ਼ਿਕਰ ਹੈ ਕੀ ਜੰਗ ਲੱਗੇ ਹਥਿਆਰ ਅਤੇ ਹੱਥਗੋਏ ਕਈ ਵਾਰ ਕਬਾੜ ਦੇ ਰੂਪ ਵਿੱਚ ਮਿਲ ਚੁੱਕੇ ਹਨ। ਕਈ ਵਾਰ ਅਜਿਹਾ ਸਮਾਂ ਨਹਿਰਾਂ ਵਿੱਚੋਂ ਵੀ ਮਿਲਿਆ ਹੈ। ਅਜਿਹਾ ਸਮਾਂ ਖਾੜਕੂਆਂ ਵਲੋਂ ਹੀ ਲੁਕੋਇਆ ਗਿਆ ਸੀ ਜਾਂ ਇਹ ਕੀਤੇ ਹੋਰ ਥਾਂ ਤੋਂ ਵੀ ਆਇਆ--ਇਹ ਸੁਆਲ ਅਜੇ ਵੀ ਭੇਦ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕੀ ਪੰਜਾਬ ਵਿੱਚ ਕਿਸ ਥਾਂ ਬੰਬ ਲੁਕਿਆ ਹੋਵੇ ਕੁਝ ਕਿਹਾ ਨਹੀਂ ਜਾ ਸਕਦਾ। 

No comments: