Saturday, June 18, 2016

ਫਿਲਮ ਸਮੀਖਿਆ- ਉੜਤਾ ਪੰਜਾਬ

Sat, Jun 18, 2016 at 12:52 PM
ਕੀ ‘ਪੰਜਾਬ‘ ਸ਼ਬਦ ਹਟਾਇਆ ਜਾ ਸਕਦਾ ਸੀ ਟਾਈਟਲ ਵਿੱਚੋ?
ਲੁਧਿਆਣਾ: 18 ਜੂਨ 2016: (ਜਸਪ੍ਰੀਤ ਸਿੰਘ//ਪੰਜਾਬ ਸਕਰੀਨ):
ਬਹੁਤ ਸਾਰੇ ਵਿਵਾਦਾਂ ਤੋ ਬਾਅਦ ਹਿੰਦੀ ਫਿਲਮ ‘ਉੜਤਾ ਪੰਜਾਬ‘ ਰਿਲੀਜ਼ ਹੋ ਕੇ ਸਿਨੇਮਾ ਘਰਾਂ ਤੱਕ ਪਹੁੰਚ ਹੀ ਗਈ ।ਇੱਕ ਫਿਲਮ ਦੇ ਪ੍ਰੋਡਿਊਸਰ ਦਾ ਸਭ ਤੋ ਪਹਿਲਾਂ ਕੰਮ ਹੁੰਦਾ ਹੈ, ਫਿਲਮ ਉੱਪਰ ਆਏ ਸਾਰੇ ਖਰਚੇ ਪੂਰੇ ਕਰਨਾ ।ਜਿਸ ਲਈ ਉਹ ਹਰ ਤਰਾ੍ਹ ਦੀ ਪਬਲੀਸਿਟੀ ਜਾਂ ਮਸਾਲੇ ਨੰੂ ਫਿਲਮ ਵਿੱਚ ਪਾਉਣ ਤੋ ਗੁਰੇਜ਼ ਨਹੀ ਕਰਦਾ ।ਇਹੋ ਹਾਲ ਹੈ ਫਿਲਮ ਉਡਤਾ ਪੰਜਾਬ ਦਾ, ਜੇਕਰ ਅਸੀ ਫਿਲਮ ਰਿਲੀਜ਼ ਦੇ ਪਹਿਲੇ ਦਿਨ ਦੇ ਦਰਸ਼ਕਾਂ ਦਾ ਪ੍ਰਤੀਕਰਮ ਜਾਣੀਏ ਤਾਂ ਸਭ ਤੋ ਵੱਧ ਜਿਕਰ ਆਂੁਦਾ ਹੈ ਫਿਲਮ ਵਿੱਚ ਖੁੱਲੇਆਮ ਬਹੁਤਾਂਤ ਵਿੱਚ ਵਰਤੀ ਗਈ ਗੰਦੀ, ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ।ਫਿਲਮ ਦਾ ਅਸਲੀ ਮਕਸਦ, ਕਹਾਣੀ ਜਾਂ ਪੰਜਾਬ ਦੇ ਵਰਤਮਾਨ ਹਾਲਾਤਾਂ ਦੀ ਗੱਲ ਤਾ ਬਹੁਤ ਪਿੱਛੇ ਰਹਿ ਜਾਂਦੀ ਹੈ ।ਆਓ ਇੱਕ ਝਾਤ ਮਾਰੀਏ ਫਿਲਮ ‘ਉਡਤਾ ਪੰਜਾਬ‘ ਦੇ ਵੱਖ ਵੱਖ ਪਹਿਲੂਆਂ ਉੱਪਰ:
ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ਦੀ ਨਿੰਦਣਯੋਗ ਵਰਤੋ:
ਫਿਲਮ ਦੇ ਰਿਲੀਜ਼ ਹੋਣ ਤੋ ਪਹਿਲਾਂ ਹੀ ਜਿਸ ਗੱਲ ‘ਤੇ ਭਾਰਤੀ ਸੈਂਸਰ ਬੋਰਡ ਨੇ ਚਿੰਤਾ ਜਾਹਿਰ ਕਰਦੇ ਹੋਏ ਦਿ੍ਰਸ਼ਾਂ ਨੰੂ ਕੱਟਣ ਦੀ ਮੰਗ ਕੀਤੀ ਸੀ ਉਹ ਹੈ ਫਿਲਮ ਵਿੱਚ ਵਰਤੀ ਗਈ ਬਹੁਤ ਵੱਡੀ ਮਾਤਰਾ ਵਿੱਚ ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ।ਲਗਭਗ ਫਿਲਮ ਦੇ ਹਰ ਦਿ੍ਰਸ਼ ਵਿੱਚ ਗਾਲ੍ਹਾਂ ਦਾ ਪ੍ਰਯੋਗ ਖੁੱਲ ਕੇ ਕੀਤਾ ਗਿਆ ਹੈ ।ਹਾਲਾਂਕਿ ਪਹਿਲਾਂ ਸੈਂਸਰ ਬੋਰਡ ਦੀ ਇਸ ਚਿੰਤਾ ਨੰੂ ਹਾਸੋਹੀਣੇ ਢੰਗ ਨਾਲ ਲਿਆ ਜਾ ਰਿਹਾ ਸੀ ਪ੍ਰੰਤੂ ਫਿਲਮ ਰਿਲੀਜ਼ ਦੇ ਪਹਿਲੇ ਹੀ ਦਿਨ ਪੰਜਾਬੀ ਦਰਸ਼ਕਾਂ ਨੇ ਭੱਦੀ ਸ਼ਬਦਾਵਲੀ ਅੱਗੇ ਗੋਡੇ ਟੇਕ ਦਿੱਤੇ ।ਹਾਲ ਇਹ ਸੀ ਕਿ ਇਸ ਫਿਲਮ ਨੰੂ ਪਰਿਵਾਰ ਵਿੱਚ ਬੈਠ ਕੇ ਦੇਖਣਾ ਤਾਂ ਦੂਰ ਦੀ ਗੱਲ੍ਹ ਨੋਜੁਆਨ ਮੁੰਡੇ ਕੁੜੀਆਂ ਵੀ ਇਕੱਠੇ ਬੈਠ ਕੇ ਦੇਖਣ ਵਿੱਚ ਬਹੁਤ ਜਿਆਦਾ ਝਿੱਜਕ ਮਹਿਸੂਸ ਕਰ ਰਹੇ ਹਨ ।ਵੈਸੇ ਵੀ ਜੇਕਰ ਦੇਖਿਆ ਜਾਵੇ ਤਾਂ ਫਿਲਮ ਇਸ ਗਾਲੀ-ਗਲੋਚ ਤੋ ਬਿਨਾਂ ਵੀ ਅੱਗੇ ਵੱਧ ਸਕਦੀ ਸੀ ।ਪਰ ਸ਼ਾਇਦ ਡਾਇਰੈਕਟਰ/ਪ੍ਰੋਡਿਊਸਰ ਫਿਲਮ ਵਿੱਚ ਮਸਾਲਾ ਭਰਦੇ ਹੋਏ ਅਸਲੀਅਤ ਜਾਨਣ/ਸਮਝਣ ਦਾ ਕਸ਼ਟ ਨਹੀ ਕਰ ਸਕੇ ।
ਤੱਥ ਵਿਹੂਣੀ ਫਿਲਮ:
ਇਸ ਤਰ੍ਹਾਂ ਦੇ ਸੰਗੀਨ ਵਿਸ਼ੇ‘ਤੇ ਆਧਾਰਿਤ ਕੋਈ ਵੀ ਫਿਲਮ ਦੀ ਜਿੰਦ-ਜਾਨ ਹੁੰਦੇ ਹਨ ਉਸ ਵਿੱਚ ਪੇਸ਼ ਕੀਤੇ ਗਏ ਤੱਥ ।ਤੱਥ ਭਾਵੇ ਗਿਣਤੀ-ਮਿਣਤੀ ਦੇ ਹੋਣ ਜਾ ਅਸਲੀਅਤ ਪੇਸ਼ ਕਰਦੀ ਕੋਈ ਦਬਾਈ ਗਈ ਜਾਣਕਾਰੀ-ਬਿਆਨ ਜਾ ਕੋਈ ਸਖਸ਼ੀਅਤ ।ਪਰੰਤੂ ਫਿਲਮ ‘ਉਡਤਾ ਪੰਜਾਬ‘ ਵਿੱਚ ਅਜਿਹੀ ਕੋਈ ਵੀ ਜਾਣਕਾਰੀ ਨਹੀ ਹੈ ।ਫਿਲਮ ਨਾ ਤਾ ਪੰਜਾਬ ਸੂਬੇ ਵਿੱਚ ਵੱਧ ਰਹੇ ਡਰੱਗ ਤਸਕਰੀ ਦੇ ਧੰਦੇ ਬਾਰੇ ਕੋਈ ਨਵੀ ਧਿਆਨ ਵਿੱਚ ਰੱਖਣ ਯੋਗ ਗੱਲ ਹੈ‘ਤੇ ਨਾਂ ਹੀ ਕਿਸੇ ਮਾਣਯੋਗ ਸੰਸਥਾ ਦੁਆਰਾ ਪੇਸ਼ ਕੀਤੇ ਗਏ ਸਰਵੇ ਦਾ ਸਹਾਰਾ ਲਿਆ ਗਿਆ ਹੈ ।ਫਿਲਮ ਵਿੱਚ ਇੱਕਾ-ਦੁੱਕਾ ਸਮੇਂ ਪੰਜਾਬ ਦੇ ਮੈਕਸੀਕੋ ਬਣ ਜਾਣ ਦੀ ਗੱਲ ਤਾਂ ਬਾਰ ਬਾਰ ਕੀਤੀ ਗਈ ਹੈ, ਪ੍ਰੰਤੂ ੇਹ ਡਰੱਗ ਤਸਕਰੀ ਬਾਰੇ ਦਿ੍ਰਸ਼ ਨੰੂ ਸਪੱਸ਼ਟ ਕਰਨ ਬਾਰੇ ਨਾਕਾਫੀ ਹੈ ।ਫਿਲਮ ਦੀ ਸ਼ੁਰੂਆਤ ਵਿੱਚ ਦਿਖਾਏ ਗਏ ਬਾਰਡਰ-ਪਾਰ ਤੋ ਨਸ਼ੇ ਨੂੰ ਭਾਰਤ ਪਹੁੰਚਾਉਣ ਦਾ ਦਿ੍ਰਸ਼ ਵੀ ਸਿਰਫ ਕੁਛ ਸੈਕਿੰਡਾ ਦਾ ਹੋ ਕੇ ਅਸਲ ਸਥਿੱਤੀ ਉੱਪਰ ਕੋਈ ਗਹਿਰੀ ਸੱਟ ਨਹੀ ਮਾਰ ਰਿਹਾ। 
ਸਿਸਟਮ ‘ਤੇ ਹਮਲਾ ਸਿਰਫ ਜ਼ੁਬਾਨੀ ਚਰਚਾ:
ਫਿਲਮ ਉਡਤਾ ਪੰਜਾਬ ਨੇ ਜਿਸ ਗੱਲ ਤੋ ਸਭ ਤੋ ਵੱਧ ਚਰਚਾ ਹਾਸਿਲ ਕੀਤੀ ਸੀ, ਉਹ ਸੀ ਕਿ ਫਿਲਮ ਵਿੱਚ ਕਿਸੇ ਸਿਆਸੀ ਧਿਰ ਉੱਪਰ ਸਿੱਧਾ ਹਮਲਾ ਕੀਤਾ ਗਿਆ ਹੈ ।ਇਸ ਤੋ ਇਲਾਵਾ ਸਿਸਟਮ ਨੰੂ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੇ ਹੋਏ ਪੁਲਸ ਕਰਮਚਾਰੀਆਂ ਦੇ ਡਰੱਗ ਸਮੱਗਲਰਾਂ ਨਾਲ ਮਿਲੀਭੁਗਤ ਨੰੂ ਜੱਗ ਜਾਹਿਰ ਕੀਤਾ ਗਿਆ ਹੈ ।ਜਦੋਕਿ ਫਿਲਮ ਨੂੰ ਦੇਖਣ ਉਪਰੰਤ ਪਤਾ ਲੱਗਦਾ ਹੈ ਕਿ ਸਿਸਟਮ ਜਾਂ ਰਾਜਨੀਤਿਕ ਸਖਸ਼ੀਅਤਾਂ ਉੱਪਰ ਜਿੰਨ੍ਹਾ ਕੁ ਹਮਲਾ ਇਸ ਫਿਲਮ ਵਿੱਚ ਹੋਇਆ ਹੈ, ਓਨਾਂ ਤਾਂ ਹਿੰਦੀ ਸਿਨੇਮਾਂ ਵਿੱਚ ਪਿਛਲੇ ਕਈ ਦਹਾਕਿਆਂ ਤੋ ਹੋ ਰਿਹਾ ਹੈ ।ਇਸ ਸਭ ਦੌਰਾਨ ਕੋਈ ਵੀ ਨਵੀ ਘਟਨਾ ਦਾ ਜਿਕਰ ਫਿਲਮ ਵਿੱਚ ਨਹੀ ਆਂਦਾ ਹੈ ।ਫਿਲਮ ਵਿੱਚ ਦਿਖਾਏ ਇੱਕਾ-ਦੁੱਕਾਂ ਰਾਜਨੀਤਿਕ ਚਿਹਰਿਆਂ ਵਿੱਚੋ ਇੱਕ ਵੀ ਚਿਹਰਾ ਅਸਲੀਅਤ ਨਾਲ ਰੂਬਰੂ ਨਾ ਹੋ ਕੇ ਮਹਿਜ਼ ਕਾਲਪਨਿਕ ਚਰਿਤਰ ਹੀ ਹੋ ਨਿਬੜਦਾ ਹੈ ।ਇਸ ਸਭ ਦੌਰਾਨ ਸਿਸਟਮ ਨੰੂ ਨੰਗਾ ਕਰਕੇ ਡਰੱਗ ਮਾਫੀਏ ਲਈ ਸਮੱਸਿਆ ਖੜੀ ਕਰਨ ਵਾਲੀ ਗੱਲ੍ਹ ਸਿਰਫ ਜ਼ੁਬਾਨੀ ਚਰਚਾ ਹੀ ਹੋ ਨਿਬੜਦੀ ਹੈ ।
ਸਸਪੈਂਸ/ਰੋਮਾਂਚ ਦੀ ਕਮੀ:
ਜੇਕਰ ਗਾਲੀ-ਗਲੋਚ ਨੂੰ ਛੱਡ ਦੇਈਏ ਤਾਂ ਕਾਫੀ ਹੱਦ ਤੱਕ ਫਿਲਮ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿੱਚ ਬੰਨ ਕੇ ਰੱਖਣ ਦੇ ਵਿੱਚ ਕਾਮਯਾਬ ਹੋ ਰਹੀ ਹੈ। ਦਰਸ਼ਕ ਅੰਤ ਤੱਕ ਫਿਲਮ ਨੂੰ ਦੇਖਣ ਲਈ ਤਤਪਰ ਰਹਿੰਦਾ ਹੈ, ਪਰੰਤੂ ਇਸੇ ਦੌਰਾਨ ਫਿਲਮ ਦਰਸ਼ਕਾਂ ਦੀਆਂ ਬਹੁਤ ਸਾਰੀਆ ਉਮੀਦਾਂ ਨੂੰ ਖਾਰਿਜ ਕਰਦੀ ਹੋਈ ਅਚਾਨਕ ਖਤਮ ਹੋ ਜਾਂਦੀ ਹੈ ।ਫਿਲਮ ਦੀ ਪਹਿਲੀ ਲੂਕ ਵਾਲੇ ਦਿਨ ਤੋ ਹੀ ਫਿਲਮ ਨੂੰ‘ਰੋਮਾਂਟਿਕ‘ ਨਾ ਹੋਣ ਦੀ ਜਗਹ ਇੱਕ ‘ਡਰੱਗ ਸਸਪੈਂਸਿਵ‘ ਫਿਲਮ ਹੋਣ ਦਾ ਦਾਅਵਾ ਫਿਲਮ ਦੀ ਟੀਮ ਵੱਲੋ ਕੀਤਾ ਗਿਆ ਸੀ ।ਇਸੇ ਦੌਰਾਨ ਸਸਪੈਂਸ ਦੀ ਕਮੀ ਦਰਸ਼ਕਾਂ ਲਈ ਇੱਕ ਨਿਰਾਸ਼ਾ ਦਾ ਕਾਰਨ ਬਣਦੀ ਹੈ।
ਆਲੀਆ ਭੱਟ ਦਾ ਕਿਰਦਾਰ ਮਹਿਜ਼ ਕਹਾਣੀ ਦੀ ਮੰਗ:
ਫਿਲਮ ਵਿੱਚ ਬਾੱਲੀਵੁਡ ਦੀ ਲਾਡਲੀ‘ਤੇ ਬਹੁਤ ਹਰਮਨ-ਪਿਆਰੀ ਅਦਾਕਾਰਾ ਆਲੀਆ ਭੱਟ ਨੇ ਇੱਕ ਪ੍ਰਵਾਸਣ ਮਜਦੂਰ ਦਾ ਕਿਰਦਾਰ ਨਿਭਾਇਆ ।ਅਦਾਕਾਰੀ ਦੇ ਲਿਹਾਜ਼ ਤੋ ਬਹੁਤ ਹੀ ਚੰਗਾ ਕੰਮ ਕਰਕੇ ਦਿਖਾਇਆ ਆਲੀਆ ਨੇਂ, ਪਰ ਜੇਕਰ ਉਸਦੇ ਕਿਰਦਾਰ ਵੱਲ ਝਾਤ ਮਾਰੀਏ ਤਾਂ ਉਹ ਅਸਲੀਅਤ ਨਾਲ ਕਿਤੇ ਵੀ ਮੇਲ ਨਹੀ ਖਾਂਦੀ ।ਹਾਲਾਂਕਿ ਉਸਦੇ ਕਿਰਦਾਰ ਨੰੂ ਬਹੁਤ ਸਾਰੇ ਢੰਗ ਤਰੀਕਿਆਂ ਨਾਲ ਅਸਲ ਮੁੱਦਿਆਂ ਨਾਲ ਜੋੜਕੇ ਪੇਸ਼ ਕੀਤਾ ਜਾ ਸਕਦਾ ਸੀ ।ਸਰਹੱਦੀ ਖੇਤਰ‘ਚ ਰਹਿੰਦੀਆਂ ਗਰੀਬ ਪ੍ਰਵਾਸਣ ਮਜਦੂਰਾਂ ਨੰੂ ਦਰਪੇਸ਼ ਆਉਂਦੀਆ ਸਮੱਸਿਆਵਾਂ ਨੰੂ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਸੀ ।ਪਰ ਅਜਿਹਾ ਕੁਝ ਵੀ ਨਾ ਹੋਕੇ ਆਲੀਆ ਦਾ ਕਿਰਦਾਰ ਸਿਰਫ ਕਹਾਣੀ ਦੀ ਮੰਗ ਹੋ ਨਿਬੜਦਾ ਹੈ।
ਗਾਇਕ ‘ਟੌਮੀ ਸਿੰਘ‘ ਦੇ ਰੂਪ‘ਚ ਸ਼ਾਹਿਦ ਦਾ ਕਿਰਦਾਰ ਇੱਕ ਚੰਗੀ ਪਹਿਲ:
ਫਿਲਮ ਵਿੱਚ ਬਹੁਤ ਕੁਝ ਪ੍ਰਸ਼ੰਸਾ ਦੇ ਕਾਬਿਲ ਵੀ ਹੈ। ਪੰਜਾਬੀ ਗਾਇਕੀ ਲਗਾਤਾਰ ਲੱਚਰਤਾ, ਅਸ਼ਲੀਲਤਾ, ਨਸ਼ੇ ਅਤੇ ਅਲੂਲ-ਜਲੂਲ ਰੰਗ ਦੀ ਭੇਟ ਚੜ ਰਿਹਾ ਹੈ। ਪੰਜਾਬੀ ਗਾਣਿਆ ਦੇ ਬੋਲ ਵੀ ਲਗਾਤਾਰ ਮਿਆਰ ਗਵਾ ਰਹੇ ਹਨ ।ਇਸ ਸਭ ਦੌਰਾਨ ਕਦੇ ਕੋਈ ਵੀ ਚਿਹਰਾ/ਫਿਲਮ ਇਸ ਮੁੱਦੇ ‘ਤੇ ਨਹੀ ਬੋਲੀ; ਇਸ ਦੌਰਾਨ ਫਿਲਮ ‘ਉਡਤਾ ਪੰਜਾਬ‘ ਵਿੱਚ ਜਿੱਥੇ ਅਦਾਕਾਰ ਸ਼ਾਹਿਦ ਕਪੂਰ ਨੇ ਜੀਅ ਜਾਨ ਨਾਲ ਗਾਇਕ ‘ਟੌਮੀ ਸਿੰਘ‘ ਦਾ ਰੋਲ ਬਾਖੂਬੀ ਨਿਭਾਇਆ ਹੈ, ਉੱਥੇ ਹੀ ਪੰਜਾਬੀ ਗਾਇਕੀ ਦੇ ਇਸ ਸ਼ਰਮਸਾਰ ਕਰ ਦੇਣ ਵਾਲੇ ਪਹਿਲੇ ਪਹਿਲੂ ‘ਤੇ ਕਰਾਰੀ ਚੋਟ ਮਾਰ ਕੇ ਡਾਇਰੈਕਟਰ ਅਨੁਰਾਗ ਕਸ਼ਅਪ ਨੇ ਸ਼ਲ਼ਾਂਘਾਯੋਗ ਪਹਿਲ ਕੀਤੀ ਹੈ ।ਉਮੀਦ ਕਰਦੇ ਹਾਂ ਭਵਿੱਖ ਵਿੱਚ ਹੋਰ ਵੀ ਅਜਿਹੇ ਫਿਲਮੀ ਕਿਰਦਾਰ ਦੇਖਣ ਨੰੂ ਮਿਲਣਗੇ ਜਿਸਨਾਲ ਇਸ ਵਿਸ਼ੇ ਨੰੂ ਠੱਲ ਪਏਗੀ ।ਇੱਥੇ ਇਹ ਕਹਿਣਾ ਵੀ ਜਰੂਰੀ ਹੈ ਕਿ ਜੇਕਰ ਸ਼ਾਹਿਦ ਕਪੂਰ ਦੇ ਕਿਰਦਾਰ ਵਿੱਚ ਗਾਲੀ ਗਲੋਚ ਦੀ ਕਮੀ ਹੁੰਦੀ ਤਾ ਇਹ ਸੋਨੇ‘ਤੇ ਸੋਹਾਗਾ ਵਾਲੀ ਗੱਲ ਹੋਣੀ ਸੀ; ਉਸ ਨਾਲ ਇਹ ਕਿਰਦਾਰ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਣਾ ਸੀ।
ਚੰਗਾ ਗੀਤ-ਸੰਗੀਤ:
ਫਿਲਮ ਦੀ ਜੋ ਚੀਜ ਤਸੱਲੀਬਖਸ਼ ਹੈ ਉਹ ਹੈ ਫਿਲਮ ਦਾ ਚੰਗਾ ਗੀਤ-ਸੰਗੀਤ ।ਫਿਲਮ ਦੇ ਸਾਰੇ ਹੀ ਗੀਤ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ ਭਾਵੇ ਉਹ ਪੋਪ ਅੰਦਾਜ ਹੋਏ, ਰੋਮਾਂਟਿਕ ਜਾ ਗੁਣਗੁਣਾਉਣ ਵਾਲਾ ।ਹਰ ਗੀਤ ਹੀ ਸਾਰੇ ਪਿੱਠਵਰਤੀ ਗਾਇਕਾਂ ਦੀ ਆਵਾਜ ਵਿੱਚ ਕਮਾਲ ਕਰ ਰਹੇ ਹਨ ।
ਕੀ ਟਾਈਟਲ ਵਿੱਚ ਪੰਜਾਬ ਦਾ ਆਉਣਾ ਜਰੂਰੀ ਸੀ?
ਜੇਕਰ ਉਪਰੋਕਤ ਸਾਰੇ ਹੀ ਤੱਥਾਂ ਨੰੂ ਧਿਆਨ ਵਿੱਚ ਰੱਖਿਆ ਜਾਏ ਤਾਂ ਫਿਲਮ ਦੇ ਦਿ੍ਰਸ਼ਾਂ ਵਿੱਚੋ ਜੇਕਰ ਇੱਕ ਪਲ ਲਈ ਪੰਜਾਬ ਦੇ ਪਿੰਡਾ/ਸ਼ਹਿਰਾਂ ਦੇ ਨਾਮ, ਪੰਜਾਬੀ ਬੋਲੀ ਦੇ ਅੰਸ਼ਾਂ ਨੰੂ ਹਟਾ ਦਿੱਤਾ ਜਾਵੇ ਤਾਂ ਕੀ ਇਸ ਫਿਲਮ ਦਾ ਵਾਹ-ਵਾਸਤਾ ਪੰਜਾਬ ਸੂਬੇ ਨਾਲ ਰਹਿ ਜਾਵੇਗਾ? ਯਕੀਨਨ ਜਵਾਬ ਨਾਹ ਵਿੱਚ ਹੋਵੇਗਾ ।ਕਿਉਂ ਜੋ ਫਿਲਮ ਕਿਸੇ ਵੀ ਪੱਖ ਤੋ ਪੰਜਾਬ ਬਾਰੇ ਕੋਈ ਮਜਬੂਤ ਆਧਾਰ ਨਹੀ ਪੇਸ਼ ਕਰਦੀ ।ਨਾ ਹੀ ਕਿਤੇ ਪੰਜਾਬ ਦੀ ਕਿਰਸਾਨੀ, ਜਨਜੀਵਨ ਜਾਂ ਸਰਹੱਦੀ ਖੇਤਰ ਦੇ ਪ੍ਰਭਾਵਾਂ ਨੰੂ ਦਿ੍ਰਸ਼ਮਾਨ ਕੀਤਾ ਗਿਆ ਹੈ। ਇਸ ਲੇਖ ਨਾਲ ਫਿਲਮ ਨੂੰ ਸਿਆਸੀ ਰੰਗ ਵਿੱਚ ਹੋਰ ਨਹੀ ਲਪੇਟਿਆ ਜਾ ਰਿਹਾ, ਕੇਵਲ ਇਹ ਨਿਜੀ ਵਿਚਾਰ ਹਨ ਜੋ ਫਿਲਮ ਨੂੰ ਦੇਖਣ ਉਪਰੰਤ ਮਹਿਸੂਸ ਹੋਇਆ ਹੈ।

No comments: