Thursday, June 02, 2016

ਸਰਮਾਏਦਾਰੀ ਦੇ ਸਵਾਰਥੀ ਸ਼ੋਸ਼ਣ ਵਿੱਚ ਪੈਦਾ ਹੋਏ ਅੰਜਾਮ ਦਾ ਸਬੂਤ

ਸੀਪੀਆਈ ਨੇ ਸਾਹਮਣੇ ਲਿਆਂਦਾ 70 ਸਾਲਾਂ ਦਾ ਬਿਰਧ ਰਾਜ ਕੁਮਾਰ 
ਲੈਂਡਮਾਫੀਆ ਦੀਆਂ ਸਾਜ਼ਿਸ਼ਾਂ ਨੇ ਕਰਤਾ ਸਭ ਕੁਝ ਤਬਾਹ 
ਲੁਧਿਆਣਾ: 2 ਜੂਨ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਕਦੇ ਸਾਹਿਰ ਲੁਧਿਆਣਵੀ ਸਾਹਿਬ ਨੇ ਕਿਹਾ ਸੀ-
ਮਾਟੀ  ਕਾ ਭੀ ਹੈ ਕੁਛ ਮੋਲ ਮਗਰ 
ਇਨਸਾਨ ਕੀ  ਭੀ ਨਹੀਂ..!
ਸੰਨ 1958 ਵਿੱਚ ਰਲੀਜ਼ ਹੋਈ ਇਸ ਫਿਲਮ ਇਸ ਫਿਲਮ---ਫਿਰ ਸੁਬਹ ਹੋਗੀ--ਦਾ ਸੰਗੀਤ ਤਿਆਰ ਕੀਤਾ ਸੀ ਖਯਾਮ ਸਾਹਿਬ ਨੇ ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਆਸ਼ਾ ਭੋਂਸਲੇ ਅਤੇ ਮੁਕੇਸ਼ ਨੇ। ਨਿਸਚੇ ਹੀ ਇਹ ਗੀਤ ਇਸ ਤੋਂ ਬਹੁਤ ਪਹਿਲਾਂ ਲਿਖਿਆ ਜਾ ਚੁੱਕਿਆ ਸੀ। ਅੰਦਾਜ਼ਨ 60 ਸਾਲਾਂ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਗੀਤ ਵਿੱਚ ਦਰਸਾਈ ਗਈ ਮਨੁੱਖੀ ਕਦਰਾਂ ਕੀਮਤਾਂ ਦੀ ਗਿਰਾਵਟ ਵਾਲੀ ਹਾਲਤ ਵਿੱਚ ਕੋਈ ਕਮੀ ਨਹੀਂ ਆਈ ਸਗੋਂ ਇਸ ਵਿੱਚ ਵਾਧਾ ਜਾਰੀ ਰਿਹਾ। ਇਹ ਸਭ ਕੁਝ ਯਾਦ ਆਇਆ ਅੱਜ ਸੀਪੀਆਈ ਦੀ ਪ੍ਰੈਸ ਕਾਨਫਰੰਸ ਵਿੱਚ ਜਿਸ ਵਿੱਚ ਦਿਖਾਇਆ ਗਿਆ ਸੀ ਪੂੰਜੀਵਾਦੀ ਯੁਗ ਦੀ ਸਵਾਰਥਾਂ ਭਰੀ ਨੀਤੀ ਤੋਂ ਪੈਦਾ ਹੋਏ ਮਾਹੌਲ ਦਾ ਇੱਕ ਦਰਦਨਾਕ ਅੰਜਾਮ ਜਿਸ ਵਿੱਚ ਬੇਵਫਾਈ ਵੀ ਹੈ, ਧੋਖਾ ਵੀ, ਫਰੇਬ ਵੀ ਅਤੇ ਇਨਸਾਨੀ ਰਿਸ਼ਤਿਆਂ ਦੀ ਸ਼ਰਮਨਾਕ ਬੇਕਦਰੀ ਵੀ। 
ਸੀਪੀਆਈ ਨੇ ਮੀਡੀਆ ਸਾਹਮਣੇ ਪੇਸ਼ ਕੀਤਾ 70 ਸਾਲਾਂ ਦੇ ਇੱਕ ਅਜਿਹੇ ਬਜ਼ੁਰਗ ਰਾਜ ਕੁਮਾਰ ਨੂੰ ਜਿਸ ਕੋਲ ਖੁਦਕੁਸ਼ੀ ਤੋਂ ਇਲਾਵਾ ਸ਼ਾਇਦ ਹੋਰ ਕੋਈ ਰਸਤਾ ਨਹੀਂ ਸੀ ਬਚਿਆ। ਜੇ ਉਹ ਖੁਦਕੁਸ਼ੀ ਵਾਲੇ ਪਾਸੇ ਨਾ ਵੀ ਤੁਰਦਾ ਤਾਂ ਸ਼ਾਇਦ ਉਸਦਾ ਕਤਲ ਹੋ ਜਾਂਦਾ---ਜਿਆਦਾ ਮਾਰਕੁੱਟ ਨਾਲ ਮੌਤ ਹੋ ਜਾਂਦੀ ਜਾਂ ਉਸਦਾ ਕਿਸੇ ਸੜਕ ਹਾਦਸੇ ਵਿੱਚ ਦੇਹਾਂਤ  ਹੋ ਜਾਂਦਾ। ਇਹ ਕਹਾਣੀ ਸ਼ੁਰੂ ਹੁੰਦੀ ਹੈ-ਉਸ ਆਰਥਿਕ ਤੰਗੀ ਤੋਂ ਜਿਹੜੀ ਸਰਮਾਏਦਾਰੀ ਸ਼ੋਸ਼ਣ ਵਿੱਚ ਬਹੁਤ ਸਾਰੇ ਗਰੀਬ ਅਤੇ ਮਧ ਵਰਗੀ ਘਰਾਂ ਦਾ ਨਸੀਬ ਬਣ ਜਾਂਦੀ ਹੈ। ਜਦੋਂ ਘਰ ਵਿੱਚ ਰੱਜਵੀਂ ਰੋਟੀ ਨਹੀਂ ਪੱਕਦੀ, ਬਿਮਾਰੀ ਵਿੱਚ ਦਵਾਈ ਨਹੀਂ ਮਿਲਦੀ, ਬੱਚਿਆਂ ਦੀ ਫੀਸ ਨਹੀਂ ਜੁੜਦੀ ਉਦੋਂ ਕੋਈ ਸਰਮਾਏਦਾਰ ਧਿਰ ਉਸ ਗਰੀਬ ਪਰਿਵਾਰ ਉੱਤੇ ਆਪਣਾ ਜਾਲ ਸੁੱਟਦੀ ਹੈ ਕਿਓਂਕਿ ਸਰਮਾਏਦਾਰੀ ਸੋਚ ਰੱਖਣ ਵਾਲਿਆਂ ਲਈ  ਹਰ ਚੀਜ਼ ਵਿਕਾਊ ਹੁੰਦੀ ਹੈ ਜਿਸਨੂੰ ਖਰੀਦਿਆ ਜਾ ਸਕਦਾ ਹੈ। ਇਸ ਸੋਚ ਵਿੱਚ ਸਿਰਫ ਪੈਸਾ ਹੁੰਦਾ ਹੈ ਜਿਹੜਾ ਨਾ ਕਿਸੇ ਰਿਸ਼ਤੇ ਨੂੰ ਦੇਖਦਾ ਹੈ, ਨਾ ਕਿਸੇ ਸਿਧਾਂਤ ਨੂੰ, ਨਾ ਕਿਸੇ ਦੇ ਪਿਆਰ ਨੂੰ ਅਤੇ ਨਾ ਹੀ ਕਿਸੇ ਦੇ ਸਤਿਕਾਰ ਨੂੰ। ਜਦੋਂ ਗਰੀਬੀ ਮਾਰੇ ਇਸ ਘਰ ਉੱਤੇ ਇਹ ਮਾਇਆ ਵਾਲਿਆਂ ਦਾ ਜਾਲ ਆਇਆ ਤਾਂ  ਪਤਨੀ ਨੇ ਪਤੀ ਦਾ ਸਾਥ ਛੱਡ ਦਿੱਤਾ, ਬੱਚਿਆਂ ਨੇ ਪਿਤਾ ਦਾ ਸਾਥ ਛੱਡ ਦਿੱਤਾ, ਭਰਾ ਨੇ ਭਰਾ ਮਾਰ ਕਰਦਿਆਂ ਭਰਜਾਈ ਨਾਲ ਪਤਨੀ ਵਾਲੇ ਸਬੰਧ ਕਾਇਮ ਕਰ ਲਏ। ਮਾਇਆ ਨੇ ਅਤੇ ਮਾਇਆ ਦੀ ਚਾਹਤ ਨੇ ਸਭਨਾਂ ਦੀ ਮੱਤ 'ਤੇ ਪਰਦਾ ਪਾ ਦਿੱਤਾ। ਗੁਰਬਾਣੀ ਦੇ ਮਹਾਂਵਾਕ ਅਨੁਸਾਰ-ਮਾਇਆਧਾਰੀ ਅਤਿ ਅੰਨਾ ਬੋਲਾ। ਇਸ ਅਨੈਤਿਕ ਖੇਡ ਵਿੱਚ ਸਮਾਂ ਲੰਘਦਿਆਂ ਦੇਰ ਨਾ ਲੱਗੀ। 
ਜਦੋਂ ਪੈਸਾ ਵੀ ਮੁੱਕ ਗਿਆ, ਉਮਰ ਵੀ ਬਿਰਧ ਅਵਸਥਾ ਵਿੱਚ ਪੁੱਜ ਗਈ, ਹਿੰਮਤ ਵੀ ਜੁਆਬ ਦੇਣ ਲੱਗ ਪਈ ਤਾਂ ਰਿਸ਼ਤਿਆਂ ਦੀ ਹਕੀਕਤ ਨੇ  ਇੱਕ ਵਾਰ ਫੇਰ ਆਪਣਾ ਅਸਲੀ ਰੂਪ ਦਿਖਾਇਆ ਪਰ ਇਸ ਵਾਰ ਰਾਜ ਕੁਮਾਰ ਨੂੰ।  ਇਸ ਅਸਲੀ ਰੂਪ ਨੇ ਰਾਜ ਕੁਮਾਰ ਨੂੰ ਹਿਲਾ ਕੇ ਰੱਖ ਦਿੱਤਾ। ਪਹਿਲਾਂ ਉਸਨੇ ਆਪਣੇ ਭਰਾ ਦੀ ਜਿਸ ਪਤਨੀ ਅਤੇ ਉਸਦੇ ਬੇਟੇ ਨੂੰ ਆਪਣੀ ਅਸਲੀ ਦੁਨੀਆ ਸਮਝ ਲਿਆ ਸੀ ਅੱਜ ਉਹ ਆਖ ਰਿਹਾ ਸੀ ਕਿ ਉਸਨੇ ਸੱਪ ਅਤੇ ਨਾਗਣ ਨੂੰ ਪਾਲਿਆ, ਬਹੁਤ ਵੱਡੀ ਗਲਤੀ ਕੀਤੀ। ਉਸ ਕੋਲ ਇਸਦਾ ਕੋਈ ਜੁਆਬ ਨਹੀਂ ਸੀ ਕਿ ਜਿਹੜੀ ਔਰਤ ਏਨੇ ਸਾਲਾਂ ਤੋਂ ਜਿਸ ਵਿਅਕਤੀ ਨੂੰ ਪਤੀ ਮੰਨ ਕੇ ਕੋਲ ਰਹਿ  ਰਹੀ ਹੈ ਉਹ ਅਪਣਿਆ ਰੋਜ਼ ਮਰ੍ਰਾ ਦੀਆਂ ਜ਼ਰੂਰਤਾਂ ਲਈ ਹੁਣ ਕਿਸ ਕੋਲ ਜਾ ਕੇ ਹੱਥ ਅੱਡੇ ? ਦੁੱਖਾਂ ਦੇ ਅੰਨੇ ਖੂਹ ਵਿੱਚ ਘਿਰੇ ਰਾਜਕੁਮਾਰ ਨੂੰ ਸੰਭਾਲਿਆ ਸੀਪੀਆਈ ਨੇ ਕਿ ਜੇ ਉਹ ਆਪਣੀਆਂ ਗਲਤੀਆਂ ਸਵੀਕਾਰ ਕਰੇ ਅਤੇ ਸੁਧਾਰ ਕਰੇ ਤਾਂ ਉਸ ਦੀ ਜਾਇਜ਼ ਮਦਦ ਕੀਤੀ ਜਾਵੇਗੀ। 
ਹਾਲਤ ਉਦੋਂ ਵਿਗੜੀ ਜਦੋਂ ਉਸਦੇ ਘਰ ਵਿੱਚ ਬਣੀਆਂ ਦੋਹਾਂ ਧਿਰਾਂ ਦੀ ਇਸ ਲੜਾਈ ਅਤੇ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਲੈਂਡ ਮਾਫੀਆ ਵੀ ਇਸ ਘਰੇਲੂ ਜੰਗ ਵਿੱਚ ਸ਼ਾਮਲ ਹੋ ਗਿਆ। ਇਸ ਮਾਫੀਆ ਦੀ ਨਜਰ ਉਸ ਛੋਟੇ  ਜਿਹੇ ਪਲਾਟ 'ਤੇ ਸੀ ਜਿਹੜਾ ਰਾਜ ਕੁਮਾਰ ਕੋਲ ਆਖਿਰੀ ਆਸਰਾ ਬਚਿਆ ਸੀ। ਰਾਜ ਕੁਮਾਰ ਨੇ ਬੜੇ ਦੁਖੀ ਹਿਰਦੇ ਨਾਲ ਦੱਸਿਆ ਕਿ ਧੋਖੇ ਨਾਲ ਉਸ ਕੋਲੋਂ ਉਸ ਕਾਗਜ਼ ਤੇ ਵੀ ਦਸਖਤ ਕਰਵਾ ਲਏ ਗਏ। ਰਾਜ ਕੁਮਾਰ ਨੇ ਦੱਸਿਆ ਕਿ ਲੈਂਡ ਮਾਫੀਆ ਅਤੇ ਉਸਦੇ ਘਰ ਵਿੱਚ ਬੈਠੇ ਪਰਿਵਾਰਿਕ ਵਿਰੋਧੀਆਂ ਨੇ ਪੁਲਿਸ ਦੀ ਮਦਦ ਨਾਲ ਉਸਦਾ ਜੀਨਾ ਦੂਭਰ ਕਰ ਦਿੱਤਾ ਹੈ। ਜੇ ਉਹ ਥਾਣੇ ਚਲਾ ਵੀ ਜਾਵੇ ਤਾਂ ਉਸਦੀ ਕੋਈ ਸੁਣਵਾਈ ਨਹੀਂ ਹੁੰਦੀ ਬਲਕਿ ਉਸਦੀ ਲਾਹ ਪਾਹ ਕਰ ਦਿੱਤੀ ਜਾਂਦੀ ਹੈ। ਇਸ ਨੁਕਤੇ ਤੇ ਆ ਕੇ ਸੀਪੀਆ ਨੇ ਇਸ ਸਾਰੇ ਮਾਮਲੇ ਦਾ ਨੋਟਿਸ ਲਿਆ। 
ਅੱਜ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਪਾਰਟੀ ਦਫਤਰ ਵਿੱਚ ਸੱਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਪਸ਼ਟ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਦੇ ਸੁਧਾਰ ਵੱਲ ਧਿਆਨ ਦੇਣ ਦੀ ਬਜਾਏ ਪੁਲਿਸ ਲਗਾਤਾਰ ਗਰੀਬ, ਮਧ ਵਰਗੀ ਅਤੇ ਦੱਬੇ ਕੁਚਲੇ ਪਰਿਵਾਰਾਂ ਨਾਲ ਧੱਕਾ ਕਰ ਰਹੀ ਹੈ ਅਤੇ ਅਸਰ ਰਸੂਖ ਵਾਲਿਆਂ ਨਾਲ ਨਾਪਾਕ ਗਠਜੋੜ ਕਰਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ‘ਤੇ ਲੱਗੀ ਹੋਈ ਹੈ।  ਪਾਰਟੀ ਦੇ ਸ਼ਹਿਰੀ ਸਹਾਇਕ ਸਕੱਤਰ  ਕਾਮਰੇਡ ਗੁਰਨਾਮ ਸਿੰਘ ਸਿਧੂ ਨੇ ਪੁਲਿਸ ਦੀਆਂ ਇੱਕ ਤਰਫਾ ਕਾਰਵਾਈਆਂ ਅਤੇ ਵਧੀਕੀਆਂ ਦਾ ਸ਼ਿਕਾਰ ਹੋਏ ਇੱਕ ਬਿਰਧ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਇਸ ਮੌਕੇ ਤੇ ਪਾਰਟੀ ਦੇ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ, ਸਹਾਇਕ ਸਕੱਤਰ ਡੀ ਪੀ ਮੋੜ, ਐਗਜੈਕੁਟਿਵ ਮੈਂਬਰ ਕਾਮਰੇਡ ਕੁਲਦੀਪ ਸਿੰਘ ਬਿੰਦਰ, ਚਮਕੌਰ ਸਿੰਘ, ਵਲਾਇਤੀ ਖਾਨ, ਲਡੂ ਸ਼ਾ, ਰਾਮ ਚੰਦਰ, ਬੂਟਾ ਸਿੰਘ ਅਤੇ ਕਈ ਹੋਰ ਸਰਗਰਮ ਕਾਰਕੁੰਨ ਵੀ ਮੌਜੂਦ ਸਨ। 
ਇਸ ਪ੍ਰੈਸ ਕਾਨਫਰੰਸ ਵਿੱਚ ਤਕਰੀਬਨ 70 ਸਾਲਾਂ ਦੀ ਉਮਰ ਦੇ ਬਿਰਧ ਵਿਅਕਤੀ ਰਾਜ ਕੁਮਾਰ ਨੂੰ ਵੀ ਮੀਡੀਆ ਸਾਹਮਣੇ ਲਿਆਂਦਾ ਗਿਆ ਜਿਸ ਨੂੰ ਪੁਲਿਸ ਦੀ ਸ਼ਹਿ 'ਤੇ "ਦੂਜੀ ਪਾਰਟੀ" ਨੇ ਬੁਰੀ ਤਰਾਂ ਆਪਣੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਹੈ। ਇਸ ਵਿਅਕਤੀ ਨੇ ਖੁਦ ਵੀ ਮੀਡੀਆ ਨੂੰ ਆਪਣੇ ਨਾਲ ਹੋਈ ਬੀਤੀ ਸਾਰੀ ਕਹਾਣੀ ਸੁਣਾਈ ਕਿ ਕਿਸ ਤਰਾਂ ਪੁਲਿਸ ਦੀ ਸ਼ਹਿ ‘ਤੇ ਦੂਜੀ ਪਾਰਟੀ ਨੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਕਈ ਸਾਲਾਂ ਤੋਂ ਚੱਲ ਰਹੇ ਇਸ ਸਿਲਸਿਲੇ ਦੇ ਬਾਵਜੂਦ ਉਸਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਕਾਬਿਲੇ ਜ਼ਿਕਰ ਹੈ ਕਿ ਇਸ ਵਿਅਕਤੀ ਦਾ ਮਾਮਲਾ ਏਡੀਸੀਪੀ-ਟੂ ਸੰਦੀਪ ਗਰਗ ਕੋਲ ਹੈ।  ਪਾਰਟੀ ਆਗੂਆਂ ਨੇ ਦੱਸਿਆ ਕਿ ਪਹਿਲਾਂ ਵੀ 18 ਮਾਮਲੇ ਇਸੇ ਪੁਲਿਸ ਅਧਿਕਾਰੀ ਕੋਲ ਲਟਕੇ ਕੋਏ ਹਨ ਜਿਹਨਾਂ ਦੀ ਜਾਂਚ ਪੜਤਾਲ ਕਿਸੇ ਸਿਰੇ ਨਹੀਂ ਲਾਈ  ਗਈ। ਇਨਸਾਫ਼ ਨੂੰ ਲਟਕਾਉਣ ਵਾਲੇ ਇਸ ਢੰਗ ਤਰੀਕੇ ਤੋਂ ਪਾਰਟੀ ਨੂੰ ਇਨਸਾਫ਼ ਦੀ ਕੋਈ ਆਸ ਨਜਰ ਨਹੀਂ ਆਉਂਦੀ। 
ਕਾ: ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਪੁਲਿਸ ਦੀ ਗੈਰ ਪੇਸ਼ੇਵਰ ਪਹੁੰਚ ਤੇ ਰਾਜਨੀਤਿਕ ਦਬਾਅ ਹੇਠ ਕੰਮ ਕਰਨ ਦੇ ਕਾਰਨ ਸੂਬੇ ਦੀ ਕਾਨੂੰਨ ਦੀ ਸਥਿਤੀ ਇੱਨੀ ਮੰਦੀ ਹੈ। 
ਕਾਮਰੇਡ ਮੌੜ ਅਤੇ ਕਾਮਰੇਡ ਸਿਧੂ ਨੇ ਦੱਸਿਆ ਕਿ ਸਾਡੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਲਗਾਤਾਰ ਲੋਕਾਂ ਦੇ ਨਾਲ ਖੜੀ ਹੋ ਕੇ ਪੁਲਿਸ ਦੀਆਂ ਵਧੀਕੀਆਂ ਦਾ ਤਿੱਖਾ ਵਿਰੋਧ ਕਰ ਰਹੀ ਹੈ। ਇਸਤੋਂ ਪਹਿਲਾਂ ਵੀ ਅਸੀਂ ਪੁਲਿਸ ਦੇ ਉਚ੍ਚ ਅਧਿਕਾਰੀਆਂ ਦੀ ਜਾਣਕਾਰੀ ਵਿਛ੍ਕ 18 ਗੰਭੀਰ ਮਾਮਲੇ ਲਿਆਂਦੇ ਹਨ ਪਰ ਪੁਲਿਸ ਦੇ ਕੰਨਾਂ ‘ਤੇ ਜੂੰ  ਤੱਕ ਨਹੀਂ ਸਰਕੀ। 
ਪਾਰਟੀ ਨੇ ਚੇਤਾਵਨੀ ਦਿੱਤੀ ਕਿ ਜੇ ਇਹੀ ਲੋਕ ਵਿਰੋਧੀ ਤਰੀਕਾ ਜਾਰੀ ਰਿਹਾ ਤਾਂ ਸਾਨੂੰ ਤਿੱਖੇ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ।    
ਕਾ: ਕੁਲਦੀਪ ਬਿੰਦਰ ਨੇ ਕਿਹਾ ਕਿ ਨਗਰ ਦੀਆ ਗਰੀਬ ਬਸਤੀਆਂ ਵਿੱਚ ਤਾਂ ਹਾਲਤ ਬਹੁਤ ਹੀ ਮਾੜੀ ਹੈ ਤੇ ਇੱਥੇ ਗੈਰ ਸਮਾਜੀ ਅੰਸਰਾਂ ਵਲੋ ਗਰੀਬ ਮਜ਼ਦੂਰਾਂ ਨਾਲ ਲਗਾਤਾਰ ਧੱਕਾ ਹੁੰਦਾ ਹੈ ਤੇ ਥਾਣਿਆਂ ਵਿੱਚ ਕੋਈ ਸੁਣਵਾਈ ਨਹੀ ਹੁੰਦੀ। ਹੁਣ ਦੇਖਣਾ ਹੈ ਕਿ ਸਰਮਾਏਦਾਰੀ ਸਿਸਟਮ ਦੀਆਂ ਖਾਮੀਆਂ ਅਤੇ ਨਤੀਜਿਆਂ ਦਾ ਸ਼ਿਕਾਰ ਹੋਏ ਇਸ ਵਿਅਕਤੀ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਇਨਸਾਫ਼ ਕਦੋਂ ਮਿਲਦਾ ਹੈ? ਕੋਸ਼ਿਸ਼ ਕਰਾਂਗੇ ਜਲਦੀ ਹੀ ਇਸਦਾ ਕੁਝ ਹੋਰ ਵੇਰਵਾ ਤੁਹਾਡੇ ਸਾਹਮਣੇ ਲਿਆਂਦਾ ਜਾਵੇ। 

No comments: