Friday, June 03, 2016

ਸੀ ਪੀ ਆਈ (ਐੱਮ ਐੱਲ਼) ਲਿਬਰੇਸ਼ਨ ਵੱਲੋਂ 3 ਜੂਨ ਨੂੰ ਲਲਕਾਰ ਰੈਲੀ

ਕਾਮਰੇਡ ਭਗਵੰਤ ਸਿੰਘ ਸਮਾਓਂ 'ਤੇ ਹਮਲੇ ਦਾ ਵਿਰੋਧ ਹੋਰ ਤਿੱਖਾ 
ਮਾਨਸਾ: 2 ਜੂਨ 2016: (ਪੰਜਾਬ ਸਕਰੀਨ ਬਿਊਰੋ): 
ਚੋਣਾਂ ਦਾ ਸਮਾਂ ਨੇੜੇ ਆਉਂਦਿਆਂ ਹੀ ਸਿਆਸੀ ਟਕਰਾਅ ਵੀ ਗੁੰਡਾਗਰਦੀ ਵਾਲੇ ਰੰਗ ਵਿੱਚ ਤਿੱਖੇ ਹੋਣ ਲੱਗ ਪਏ ਹਨ। ਅਕਾਲੀ ਵਰਕਰਾਂ ਵੱਲੋਂ ਵਿਰੋਧੀ ਵਿਚਾਰਾਂ ਵਾਲੀਆਂ ਪਾਰਟੀਆਂ ਨੂੰ ਆਪਣੀਆਂ ਸਰਗਰਮੀਆਂ ਤੋਂ ਜਬਰੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  
ਵੀਰਵਾਰ ਦੋ ਜੂਨ ਦੀ ਸਵੇਰੇ ਕਰੀਬ ਅੱਠ ਵਜੇ ਪਿੰਡ ਬੋੜਾਵਾਲ ਦੇ ਬਾਦਲ ਦਲ ਨਾਲ ਸੰਬੰਧਤ ਸਰਪੰਚ ਤੇ ਉਸ ਦੇ ਸਮਰਥਕਾਂ ਵੱਲੋਂ ਦਲਿਤਾਂ ਮਜ਼ਦੂਰਾਂ ਦੇ ਉੱਘੇ ਆਗੂ ਅਤੇ ਮਜ਼ਦੂਰ ਮੁਕਤੀ ਮੋਰਚਾ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਪ੍ਰਮੁੱਖ ਸੂਬਾਈ ਆਗੂ ਕਾਮਰੇਡ ਭਗਵੰਤ ਸਿੰਘ ਸਮਾਓਂ ਉੱਤੇ ਉਸ ਵਕਤ ਬਿਨਾਂ ਕਿਸੇ ਟਕਰਾਅ ਜਾਂ ਭੜਕਾਹਟ ਦੇ ਅਚਾਨਕ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਉਹ ਪਿੰਡ ਦੀ ਦਲਿਤ ਵਰਗ ਦੀ ਧਰਮਸ਼ਾਲਾ ਵਿਚ ਸਥਾਨਕ ਮਜ਼ਦੂਰਾਂ ਦੀ ਇਕ ਮੀਟਿੰਗ ਕਰਵਾ ਰਹੇ ਸਨ। ਸੀ ਪੀ ਆਈ (ਐੱਮ ਐੱਲ਼) ਲਿਬਰੇਸ਼ਨ ਨੇ ਇਸ ਹਮਲੇ ਦੇ ਵਿਰੋਧ ਵਿਚ 3 ਜੂਨ ਨੂੰ ਪਿੰਡ ਬੋੜਾਵਾਲ ਵਿਖੇ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਜੰਟ ਸਿੰਘ ਮਾਨਸਾ, ਜੋ ਉਸ ਵਕਤ ਕਾਮਰੇਡ ਸਮਾਓਂ ਦੇ ਨਾਲ ਮੀਟਿੰਗ ਵਿਚ ਮੌਜੂਦ ਸਨ, ਨੇ ਦੱਸਿਆ ਕਿ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਦਲਿਤ ਗਰੀਬਾਂ, ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਦੀਆਂ ਕਰਜ਼ਾ ਮੁਕਤੀ, ਰੁਜ਼ਗਾਰ ਗਾਰੰਟੀ ਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ 12 ਮਈ ਤੋਂ ਡੀ ਸੀ ਦਫ਼ਤਰ ਮਾਨਸਾ ਸਾਹਮਣੇ ਜੋ ਦਿਨ-ਰਾਤ ਦਾ ਲਗਾਤਾਰ ਧਰਨਾ ਚੱਲ ਰਿਹਾ ਹੈ, ਉਸ ਲਈ ਪੇਂਡੂ ਗਰੀਬਾਂ ਨੂੰ ਲਾਮਬੰਦ ਕਰਨ ਲਈ ਪਾਰਟੀ ਆਗੂਆਂ ਵੱਲੋਂ ਰੋਜ਼ਾਨਾ ਸਵੇਰੇ-ਸ਼ਾਮ ਪਿੰਡਾਂ ਵਿਚ ਮਜ਼ਦੂਰਾਂ-ਕਿਸਾਨਾਂ ਦੀਆਂ ਮੀਟਿੰਗਾਂ ਤੇ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ। ਪਿੰਡ ਬੋੜਾਵਾਲ ਵਿਚ ਵੀਰਵਾਰ ਸਵੇਰੇ ਜਦੋਂ ਉਹ ਇਹ ਮੀਟਿੰਗ ਕਰ ਰਹੇ ਸਨ ਤਾਂ ਅਚਾਨਕ ਬਾਦਲ ਦਲ ਨਾਲ ਸਬੰਧਤ ਪਿੰਡ ਦਾ ਸਰਪੰਚ ਸੂਰਤ ਸਿੰਘ, ਉਸ ਦੀ ਥਾਂ ਸਰਪੰਚੀ ਕਰਨ ਵਾਲਾ ਉਸ ਦਾ ਬੇਟਾ ਗੁਰਪ੍ਰੀਤ ਸਿੰਘ, ਸਰਪੰਚ ਦਾ ਭਰਾ ਤਾਰਾ ਸਿੰਘ ਨੰਬਰਦਾਰ ਤੇ ਉਨ੍ਹਾਂ ਦੇ ਕੁਝ ਹੋਰ ਸਮਰਥਕ ਅਚਾਨਕ ਉਥੇ ਆ ਧਮਕੇ ਤੇ ਕਹਿਣ ਲੱਗੇ ਤੁਸੀਂ ਸਾਥੋਂ ਮਨਜ਼ੂਰੀ ਲਏ ਬਿਨਾਂ ਪਿੰਡ ਵਿਚ ਇਹ ਮੀਟਿੰਗ ਕਿਵੇਂ ਕਰ ਰਹੇ ਹੋ? ਸਾਨੂੰ ਉਪਰੋਂ ਪਾਰਟੀ ਵੱਲੋਂ ਹਦਾਇਤ ਹੈ ਕਿ ਪਿੰਡ ਵਿਚ ਕਿਸੇ ਨੂੰ ਇਕੱਠ ਨਹੀਂ ਕਰਨ ਦੇਣਾ। ਇਸ 'ਤੇ ਕਾਮਰੇਡ ਸਮਾਓਂ ਨੇ ਕਿਹਾ ਕਿ ਸਾਨੂੰ ਆਪਣੀ ਜਥੇਬੰਦੀ ਵੱਲੋਂ ਸ਼ਾਂਤਮਈ ਢੰਗ ਨਾਲ ਕਿਸੇ ਵੀ ਪਿੰਡ ਵਿਚ ਮਜ਼ਦੂਰਾਂ-ਕਿਸਾਨਾਂ ਦਾ ਇਕੱਠ ਕਰਨ ਦਾ ਸੰਵਿਧਾਨਕ ਹੈ ਤੇ ਇਸ ਲਈ ਸਾਨੂੰ ਕਿਸੇ ਤੋਂ ਕੋਈ ਅਗਾਊਂ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ । ਇਹ ਸੁਣ ਕੇ ਉਹ ਭੜਕ ਗਏ ਅਤੇ ਆਗੂਆਂ ਨੂੰ ਜਾਤੀ ਤੌਰ 'ਤੇ ਅਪਮਾਨਤ ਕਰਨ ਤੇ ਗਾਲ੍ਹਾਂ ਕੱਢਣ ਲੱਗੇ। ਜਦੋਂ ਕਾਮਰੇਡ ਸਮਾਓਂ ਨੇ ਉਨ੍ਹਾਂ ਨੂੰ ਜਾਤੀ ਅਪਮਾਨ ਕਰਨੋਂ ਤੇ ਗਾਲ੍ਹਾਂ ਕੱਢਣੋਂ ਰੋਕਦਿਆਂ ਕਿਹਾ ਕਿ ਅਗਰ ਤੁਹਾਨੂੰ ਸਾਡੇ ਇਥੇ ਮੀਟਿੰਗ ਕਰਨ 'ਤੇ ਇਤਰਾਜ਼ ਹੈ ਤਾਂ ਤੁਸੀਂ ਪੁਲਸ ਬੁਲਾ ਲਵੋ, ਪਰ ਤੁਹਾਨੂੰ ਗਾਲ੍ਹਾਂ ਕੱਢਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਤਾਂ ਸਰਪੰਚ ਨੇ ਉਸ ਦੇ ਸਿਰ ਵੱਲ ਸਿੱਧੀ ਕਹੀ ਚਲਾ ਦਿੱਤੀ, ਸਾਡੇ ਫੜਦਿਆਂ, ਰੋਕਦਿਆਂ ਵੀ ਉਹ ਕਹੀ ਕਾਮਰੇਡ ਸਮਾਓਂ ਦੇ ਸਿਰ ਅਤੇ ਚੇਹਰੇ 'ਤੇ ਜਾ ਲੱਗੀ। ਸਰਪੰਚ ਦਾ ਲੜਕਾ ਕਾਮਰੇਡ ਦਾ ਗਲ ਫੜ ਕੇ ਘੁੱਟਣ ਲੱਗਾ ਤੇ ਨੰਬਰਦਾਰ ਨੇ ਕਾਮਰੇਡ ਸਮਾਓਂ ਦੇ ਸਿਰ ਉੱਤੇ ਇੱਟ ਨਾਲ ਵਾਰ ਕਰਦੇ ਹੋਏ ਕਿਹਾ ਕਿ ਅੱਜ ਮੁਕਾਉਂਦੇ ਹਾਂ ਇਸ ਢੇਡ ਦਾ ਟੰਟਾ, ਰੋਜ਼ ਆਪਣੇ ਖਿਲਾਫ਼ ਬੋਲਦੈ ਤੇ ਨਿੱਕੀ-ਸੁੱਕੀ ਜਾਤ ਨੂੰ ਭੜਕਾਉਂਦਾ ਫਿਰਦੈ। ਕਾਮਰੇਡ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਜੇਕਰ ਮੈਂ ਤੇ ਹੋਰ ਮਜ਼ਦੂਰ ਮਰਦ-ਔਰਤਾਂ ਰੌਲਾ ਪਾ ਕੇ ਕਾਮਰੇਡ ਸਮਾਓਂ ਨੂੰ ਨਾ ਛੁਡਾਉਂਦੇ ਤਾਂ ਸੱਤਾਧਾਰੀ ਧਿਰ ਦੇ ਇਹ ਅਨਸਰ ਉਸ ਦੀ ਜਾਨ ਲੈ ਲੈਂਦੇ। ਐਨਾ ਹੀ ਨਹੀਂ, ਸਰਪੰਚ ਨੇ ਛੱਡ-ਛੁਡਾਅ ਕਰਵਾ ਰਹੀ ਸੁਖਬੀਰ ਕੌਰ ਨਾਂਅ ਦੀ ਇਕ ਮਜ਼ਦੂਰ ਔਰਤ ਨੂੰ ਵੀ ਕਹੀ ਮਾਰ ਕੇ ਫੱਟੜ ਕਰ ਦਿੱਤਾ। ਇਹ ਟੋਲਾ ਇਸ ਹਮਲੇ ਦੌਰਾਨ ਕਾਮਰੇਡ ਸਮਾਓਂ ਦਾ ਮੋਬਾਇਲ ਅਤੇ ਧਰਮਸ਼ਾਲਾ ਦੇ ਬਾਹਰ ਖੜਾ ਉਨ੍ਹਾ ਦਾ ਮੋਟਰਸਾਈਕਲ ਵੀ ਲੈ ਕੇ ਉਥੋਂ ਫਰਾਰ ਹੋ ਗਿਆ। ਭਾਵੇਂ ਸਥਾਨਕ ਆਗੂਆਂ ਵੱਲੋਂ ਫੋਨ ਰਾਹੀਂ ਸੂਚਨਾ ਦੇਣ 'ਤੇ ਪੁਲਸ ਮੌਕੇ 'ਤੇ ਪੁੱਜ ਗਈ, ਪਰ ਉਸ ਨੇ ਨਾ ਮੌਕੇ ਤੋਂ ਦੋਸ਼ੀਆਂ ਨੂੰ ਫੜਿਆ ਤੇ ਨਾ ਹੀ ਫੱਟੜਾਂ ਨੂੰ ਹਸਪਤਾਲ ਪਹੁੰਚਾਇਆ। ਕਾਮਰੇਡ ਗੁਰਜੰਟ ਸਿੰਘ ਤੇ ਹੋਰ ਸਾਥੀ ਹੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਏ, ਜਿੱਥੇ ਉਹ ਜ਼ੇਰੇ-ਇਲਾਜ ਹਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਹਿਰ ਤੇ ਪਿੰਡਾਂ 'ਚੋਂ ਲਿਬਰੇਸ਼ਨ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਹਸਪਤਾਲ ਵੱਲ ਵਹੀਰਾਂ ਘੱਤ ਦਿੱਤੀਆਂ। ਸਿਵਲ ਹਸਪਤਾਲ ਸਾਹਮਣੇ ਹੋਈ ਰੋਸ ਰੈਲੀ ਨੂੰ ਨਿੱਕਾ ਸਿੰਘ ਬਹਾਦਰਪੁਰ, ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਜਸਬੀਰ ਕੌਰ ਨੱਤ, ਗੁਰਮੀਤ ਸਿੰਘ ਨੰਦਗੜ੍ਹ, ਸੁਖਦਰਸ਼ਨ ਸਿੰਘ ਨੱਤ, ਭੀਮ ਸਿੰਘ ਭੂਪਾਲ, ਅਜੈਬ ਸਿੰਘ ਭੈਣੀਬਾਘਾ, ਬਲਵਿੰਦਰ ਕੌਰ ਖਾਰਾ, ਨਰਿੰਦਰ ਕੌਰ, ਸੁਰਜੀਤ ਸਿੰਘ ਹੈਪੀ ਕੋਟ ਧਰਮੂ, ਕਰਨੈਲ ਸਿੰਘ ਬੀਰੋਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਆਪਣੇ ਖੁਰ ਰਹੇ ਸਮਾਜਿਕ ਅਧਾਰ ਅਤੇ ਆਪਣੀ ਪ੍ਰਤੱਖ ਨਜ਼ਰ ਆ ਰਹੀ ਸਿਆਸੀ ਹਾਰ ਨੂੰ ਦੇਖ ਕੇ ਬਾਦਲ ਦਲ ਦੇ ਸਮਰਥਕ ਬੁਰੀ ਤਰ੍ਹਾਂ ਬੁਖਲਾ ਚੁੱਕੇ ਹਨ, ਪਰ ਉਨ੍ਹਾਂ ਦੀਆਂ ਅਜਿਹੀਆਂ ਘਟੀਆ ਕਰਤੂਤਾਂ ਬਾਦਲ ਦਲ ਦੀ ਬੇੜੀ ਵਿਚ ਹੋਰ ਵੱਟੇ ਪਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਅਗਰ ਇਸ ਹਮਲੇ ਦੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਅਤੇ ਐੱਸ ਸੀ/ ਐੱਸ ਟੀ ਐਕਟ ਤਹਿਤ ਤੁਰੰਤ ਕੇਸ ਦਰਜ ਕਰਕੇ ਉਨ੍ਹਾ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਬਾਦਲਾਂ ਦੇ ਇਸ ਜੰਗਲ ਰਾਜ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਵਿਸ਼ਾਲ ਜਨਤਕ ਅੰਦੋਲਨ ਖੜਾ ਕੀਤਾ ਜਾਵੇਗਾ। ਰੋਹ ਵਿਚ ਭਰੇ ਸੈਂਕੜੇ ਮਜ਼ਦੂਰਾਂ, ਕਿਸਾਨਾਂ ਤੇ ਔਰਤਾਂ ਨੇ ਸਿਖ਼ਰ ਦੁਪਹਿਰੇ ਸੱਤਾਧਾਰੀਆਂ ਦੀ ਇਸ ਸਰੇਆਮ ਗੁੰਡਾਗਰਦੀ ਖਿਲਾਫ ਸਿਵਲ ਹਸਪਤਾਲ ਤੋਂ ਡੀ ਸੀ ਦਫ਼ਤਰ ਤੱਕ ਜੋਸ਼ੀਲਾ ਵਿਖਾਵਾ ਵੀ ਕੀਤਾ। ਬੀ ਕੇ ਯੂ (ਡਕੌਂਦਾ) ਦੇ ਮਹਿੰਦਰ ਸਿੰਘ ਭੈਣੀ, ਇਕਬਾਲ ਸਿੰਘ ਪਾਲ ਅਤੇ ਸੀ ਪੀ ਆਈ ਦੇ ਜ਼ਿਲਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਦੇਰ ਨਾਲ ਮਿਲੀ ਰਿਪੋਰਟ ਮੁਤਾਬਕ ਪਿੰਡ ਵਿਚ ਕੀਤੀ ਜਾਣ ਵਾਲੀ ਰੈਲੀ ਬਾਰੇ ਪ੍ਰਚਾਰ ਲਈ ਗਈ ਲਿਬਰੇਸ਼ਨ ਦੀ ਪ੍ਰਚਾਰ ਟੀਮ ਉੱਤੇ ਸਰਪੰਚ ਦੇ ਲੜਕੇ ਤੇ ਕੁਝ ਅਣਪਛਾਤਿਆਂ ਨੇ ਮੁੜ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਰਕਰਾਂ ਦੇ ਸੁਚੇਤ ਹੋਣ ਕਾਰਨ ਉਹ ਆਪਣੇ ਇਰਾਦੇ ਵਿਚ ਸਫ਼ਲ ਨਹੀਂ ਹੋ ਸਕੇ।

No comments: