Thursday, June 16, 2016

ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਅਗਵਾ ਕਰ ਲਿਆ 22 ਦਿਨਾਂ ਦਾ ਬੱਚਾ

ਪੁਲਿਸ ਵੇਲੇ ਸਿਰ ਹਰਕਤ ਵਿੱਚ ਨਾ ਆਉਂਦੀ ਤਾਂ ਹੋ ਜਾਣਾ ਸੀ ਬੱਚੇ ਦਾ ਕਤਲ 
ਲੁਧਿਆਣਾ: 15 ਜੂਨ 2016: (ਪੰਜਾਬ ਸਕਰੀਨ ਬਿਊਰੋ):
ਸ਼ੱਕ ਦਾ ਬੀਜ ਮਨ ਵਿੱਚ ਪੈਦਾ ਹੋਇਆ ਤਾਂ ਪਰਸ਼ੋਤਮ ਨੇ ਆਪਣੇ ਗੁਆਂਢੀ ਦਾ ਬੱਚਾ ਹੀ ਅਗਵਾ ਕਰ ਲਿਆ। ਜੇ ਪੁਲਿਸ ਵੇਲੇ ਸਿਰ ਹਰਕਤ ਵਿੱਚ ਨਾ ਆਉਂਦੀ ਤਾਂ ਪ੍ਰਸ਼ੋਤਮ ਨੇ ਬਦਲਾ ਲੈਣ ਲਈ ਇਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ। ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੁਰਜੀਤ ਨਗਰ 'ਚ ਦੇਰ ਸ਼ਾਮ ਨੂੰ 22 ਦਿਨਾਂ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਅਗਵਾਕਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਬੱਚਾ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਪਰਸ਼ੋਤਮ ਲਾਲ ਪੁੱਤਰ ਦਿਆ ਰਾਮ ਵਾਸੀ ਅੰਬੇਡਕਰ ਨਗਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਬੀਤੀ ਦੇਰ ਸ਼ਾਮ ਵਿਟੋਲਾ ਦੇਵੀ ਦੇ 22 ਦਿਨਾਂ ਬੱਚੇ ਨੂੰ ਉਸ ਦੇ ਕਮਰੇ 'ਚੋਂ ਅਗਵਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਵਿਟੋਲਾ ਦੇਵੀ ਦਾ ਪਤੀ ਰਾਮ ਕਰਨ ਕਥਿਤ ਦੋਸ਼ੀ ਪਰਸ਼ੋਤਮ ਦਾ ਰਿਸ਼ਤੇਦਾਰ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਵਿਚਾਲੇ ਆਪਸੀ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਪਰਸ਼ੋਤਮ ਲਾਲ ਬੱਚੇ ਦੇ ਪਿਤਾ ਰਾਮ ਕਰਨ 'ਤੇੇ ਸ਼ੱਕ ਕਰਦਾ ਸੀ ਕਿ ਉਸ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ, ਇਸ ਕਾਰਨ ਪਰਸ਼ੋਤਮ ਬੱਚੇ ਦੇ ਪਿਤਾ ਰਾਮ ਕਰਨ ਤੋਂ ਬਦਲਾ ਲੈਣਾ ਚਾਹੁੰਦਾ ਸੀ, ਇਸ ਲਈ ਉਸ ਨੇ ਰਾਮ ਕਰਨ ਦੇ ਬੱਚੇ ਪਿ੍ੰਸ ਨੂੰ ਮਾਰ ਦੇਣ ਦੀ ਨੀਯਤ ਨਾਲ ਅਗਵਾ ਕਰ ਲਿਆ ਸੀ।  ਸ੍ਰੀ ਗਰਗ ਨੇ ਦੱਸਿਆ ਕਿ ਬੀਤੀ ਸ਼ਾਮ ਅਗਵਾ ਕਰਨ ਤੋਂ ਬਾਅਦ ਬੱਚੇ ਦੇ ਮਾਪੇ ਉਸ ਦੀ ਭਾਲ ਕਰਦੇ ਰਹੇ, ਪਰ ਜਦੋਂ ਬੱਚੇ ਬਾਰੇ ਪਤਾ ਨਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਹੀ ਪੁਲਿਸ ਹਰਕਤ 'ਚ ਆਈ। ਪੁਲਿਸ ਵੱਲੋਂ ਬੀਤੀ ਰਾਤ ਪਰਸ਼ੋਤਮ ਨੂੰ ਰੇਲਵੇ ਸਟੇਸ਼ਨ ਤੋਂ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੇ ਪਿੰਡ ਜਾਣ ਲਈ ਰੇਲਗੱਡੀ ਦਾ ਇੰਤਜਾਰ ਕਰ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਪਰਸ਼ੋਤਮ ਨੇ ਬੱਚੇ ਦਾ ਕਤਲ ਕਰ ਦੇਣਾ ਸੀ।  ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਹੁਣ ਦੇਖਣਾ ਹੈ ਕਿ ਸ਼ੱਕ ਅਤੇ ਬਦਲੇ ਵਰਗੀਆਂ ਕੁਰੀਤੀਆਂ ਤੋਂ ਕਦੋਂ ਮੁਕਤ ਹੋਵੇਗਾ ਸਦਾ ਸਮਾਜ? 

No comments: