Thursday, May 26, 2016

ਪੁਲਿਸ 'ਤੇ ਭਰੋਸਾ ਨਹੀਂ-CBI ਕਰੇ ਜਾਂਚ -ਸੰਤ ਢੱਡਰੀਆਂ ਵਾਲੇ

Updated 09:35 AM Friday 27 May 2016
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਨੂੰ ਵੀ ਫਿਰ ਰੱਦ ਕੀਤਾ 
ਲੁਧਿਆਣਾ: 26 ਮਈ 2016: (ਪੰਜਾਬ ਸਕਰੀਨ ਬਿਊਰੋ):

ਖਾਸੀ ਕਲਾਂ ਵਿਖੇ ਸ਼ਰਧਾਂਜਲੀ ਸਮਾਗਮ ਵਜੋਂ ਜੁੜੇ ਪੰਥਕ ਇਕੱਠ ਨੇ ਸਰਬ ਸੰਮਤੀ ਨਾਲ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਹੋਏ ਜਾਨਲੇਵਾ ਹਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਦੁਹਰਾਇਆ ਪਰ ਜੱਥੇਦਾਰਾਂ ਦੇ ਹੁਕਮਨਾਮੇ ਮੰਨਣ ਤੋਂ ਸਾਫ਼ ਇਨਕਾਰ ਕੀਤਾ। ਇਸਦੇ ਨਾਲ ਹੀ ਸੰਗਤਾਂ ਦੀ ਕਚਹਿਰੀ ਤੋਂ ਕੀਤੀ ਨਿਸਚੇ ਹੀ ਇਨਸਾਫ਼ ਦੀ ਮੰਗ। ਅੰਦੋਲਨ ਨੂੰ ਪੂਰੀ ਸ਼ਾਂਤੀ ਨਾਲ ਅੱਗੇ ਵਧਾਉਂਦਿਆਂ ਹਰ ਮਹੀਨੇ ਪੰਜਾਬ ਦੇ ਕਿਸੇ ਜਿਲ੍ਹੇ 'ਚ ਬਾਬਾ ਭੁਪਿੰਦਰ ਸਿੰਘ ਯਾਦਗਾਰੀ ਗੁਰਮਤਿ ਸਮਾਗਮ ਹੋਣਗੇ ਤੇ ਹਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸੀ.ਬੀ.ਆਈ. ਜਾਂਚ ਬਾਰੇ ਮੰਗ ਪੱਤਰ ਸੌਂਪੇ ਜਾਣਗੇ। ਇਹ ਸਮਾਗਮ ਸਾਰੇ ਪੰਥਕ ਸੰਗਠਨਾਂ ਨੂੰ ਇੱਕ ਮੰਚ 'ਤੇ ਲਿਆਉਣ ਵਿੱਚ ਵੀ ਸਫਲ ਰਿਹਾ। ਜੱਥੇਦਾਰ ਹਰਨਾਮ ਸਿੰਘ ਧੁੰਮਾ ਦੇ ਮੁਕਾਬਲੇ ਸਿੱਖ ਸੰਗਤਾਂ ਵਿੱਚ ਜਿਆਦਾ ਮਕਬੂਲ ਜਾਣੇ ਜਾਂਦੇ ਦਮਦਮੀ ਟਕਸਾਲ ਦੇ ਜੱਥੇਦਾਰ ਭਾਈ ਰਾਮ ਸਿੰਘ ਦੀ ਮੌਜੂਦਗੀ ਬਹੁਤ ਦੂਰਰਸ ਸਿੱਟਿਆਂ ਵੱਲ ਇਸ਼ਾਰਾ ਕਰ ਰਹੀ ਸੀ। ਜੇ ਕਿਹਾ ਜਾਏ ਇਹ ਇੱਕ ਨਵੇਂ ਪਰ ਜ਼ੋਰਦਾਰ ਸੰਘਰਸ਼ ਦਾ ਮੁਢ ਹੈ ਤਾਂ ਗਲਤ ਨਹੀਂ ਹੋਵੇਗਾ। 
ਮਾਹੌਲ ਸ਼ਾਂਤ ਪਰ ਗੰਭੀਰ ਸੀ।  ਬਾਬਾ ਭੁਪਿੰਦਰ ਸਿੰਘ ਦੀ ਯਾਦ ਵਿੱਚ ਹੋਇਆ ਇਹ ਇੱਕਠ ਸਿੱਖ ਸੰਗਤਾਂ ਲਈ ਅੱਜ ਇੱਕ ਮਹਾਂਕੁੰਭ ਵਾਂਗ ਬਣਿਆ ਹੋਇਆ ਸੀ। ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਸਾਫ਼ ਕਿਹਾ ਕਿ ਉਹਨਾਂ ਨੂੰ ਪੰਜਾਬ ਪੁਲਿਸ 'ਤੇ ਕੋਈ ਯਕੀਨ ਨਹੀਂ ਇਸ ਲਈ ਇਸ ਸਾਰੇ ਮਾਮਲੇ ਦੀ ਜਾਂਚ CBI ਕਰੇ। ਸ਼ਹੀਦ ਭੁਪਿੰਦਰ ਸਿੰਘ ਦੀ ਯਾਦ ਵਿੱਚ ਆਯੋਜਿਤ ਸ਼ਰਧਾਂਜਲੀ ਸਮਾਗਮ ਇੱਕ ਨਵਾਂ ਇਤਿਹਾਸ ਰਚ ਰਿਹਾ ਸੀ ਅਤੇ ਆਉਣ ਵਾਲੇ ਭਵਿੱਖ ਦੇ ਕੁਝ ਸੰਕੇਤ ਵੀ ਦੇ ਰਿਹਾ ਸੀ। ਸਰਕਾਰੀ ਪ੍ਰਭਾਵਾਂ ਵਾਲੇ ਸੰਗਠਨਾਂ ਦੇ ਮੁਕਾਬਲੇ ਆਮ ਸਿੱਖ ਸੰਗਤਾਂ ਨਾਲ ਜੁੜੇ ਸੰਗਠਨ ਇਸ ਮੌਕੇ ਜਿਆਦਾ ਉਭਰ ਕੇ ਸਾਹਮਣੇ ਆਏ। ਸਰਕਾਰੀ ਅਤੇ ਗੈਰ ਸਰਕਾਰੀ--ਦੋਹਾਂ ਧਿਰਾਂ ਵਿੱਚ ਜਿਹੜੀ ਲਕੀਰ ਕੁਝ ਮਧਮ ਜਿਹੀ ਸੀ ਇਸ ਸਮਾਗਮ ਨੇ ਉਸ ਨੂੰ ਗੂਹੜਾ ਕਰਨ ਵਿੱਚ ਇੱਕ ਅਹਿਮ ਹਿੱਸਾ ਪਾਇਆ। ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ, ਸੰਗਤ ਦੇ ਜੋਸ਼ ਅਤੇ ਗੁੱਸੇ ਦੇ ਬਾਵਜੂਦ ਇਸ ਐਲਾਨ ਨੇ ਇਹਨਾਂ ਆਗੂਆਂ ਦੀ ਦੂਰਦਰਸ਼ੀ ਸੋਚ ਦਾ ਸਬੂਤ ਦਿੱਤਾ ਕਿ ਹੁੱਲੜਬਾਜ਼ੀ ਕਰਨ ਵਾਲਾ ਸਾਡੇ ਸੰਘਰਸ਼ ਦਾ ਹਿੱਸਾ ਨਹੀਂ ਹੋਵੇਗਾ।
ਸ਼ਰਧਾਂਜਲੀ ਸਮਾਗਮ ਅੱਜ ਡੇਰਾ ਢੱਕੀ ਸਾਹਿਬ ਖਾਸੀ ਕਲਾਂ ਵਿਖੇ ਹੋਇਆ, ਜਿਥੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸਿੱਖ ਸੰਗਤ ਅਤੇ ਧਾਰਮਿਕ ਤੇ ਸਿਆਸੀ (ਅਕਾਲੀ ਦਲ ਨੂੰ ਛੱਡ ਕੇ) ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਦੀ ਅਗਵਾਈ ਪ੍ਰਮੇਸ਼ਵਰ ਦੁਆਰ ਦੇ ਮੁਖੀ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਕੀਤੀ ਗਈ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਕਿਸੇ ਵੀ ਰਾਜਨੀਤਿਕ ਆਗੂ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ। ਸੰਗਤ ਦੀ ਹਾਜ਼ਰੀ 'ਚ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡੇਵਾਲ, ਭਾਈ ਸਤਨਾਮ ਸਿੰਘ ਜੰਜੀਆਂ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ ਅਤੇ ਭਾਈ ਤ੍ਰਿਲੋਕ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬਾਬਾ ਭੁਪਿੰਦਰ ਸਿੰਘ ਨੂੰ ਕੌਮ ਦਾ ਸ਼ਹੀਦ ਐਲਾਨਿਆ। ਇਸ ਤੋਂ ਇਲਾਵਾ ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਹੋਰਨਾਂ ਤਖਤਾਂ ਦੇ ਜੱਥੇਦਾਰਾਂ ਨੂੰ ਸੌਦਾ ਸਾਧ ਦੇ ਮਾਮਲੇ 'ਤੇ ਵਿਚੋਲਗੀ ਕਰਨ ਦਾ ਦੋਸ਼ੀ ਗਰਦਾਨਦਿਆਂ ਉਨ੍ਹਾਂ ਨੂੰ ਅਕਾਲ ਤਖਤ ਤੋਂ ਲਾਂਭੇ ਕੀਤਾ ਗਿਆ ਆਖਿਆ ਅਤੇ ਉਨ੍ਹਾਂ ਭਾਈ ਢੱਡਰੀਆਂ ਵਾਲਿਆਂ ਨੂੰ ਬੇਨਤੀ ਕੀਤੀ ਕਿ ਗਿਆਨੀ ਗੁਰਬਚਨ ਸਿੰਘ ਦੀ ਕਿਸੇ ਵੀ ਵਿਚੋਲਗੀ ਨੂੰ ਸਵੀਕਾਰ ਨਾ ਕਰਨ। ਪੰਜ ਪਿਆਰਿਆਂ ਨੇ ਸਰਕਾਰ ਵੱਲ ਇਸ਼ਾਰਾ ਕਰਦਿਆਂ ਅਕਾਲ ਤਖਤ ਸਾਹਿਬ ਨੂੰ ਗੁਲਾਮ ਬਣਿਆ ਆਖਦਿਆਂ ਕਿਹਾ ਕਿ ਅੱਜ ਖਾਲਸਾ ਪੰਥ 'ਤੇ ਬਿਪਦਾ ਬਣੀ ਹੈ, ਇਸ ਲਈ ਜਿਥੇ ਖਾਲਸਾ ਜੁੜਦਾ ਹੈ, ਉਹ ਅਕਾਲ ਤਖਤ ਹੀ ਬਣ ਜਾਂਦਾ ਹੈ। ਉਨ੍ਹਾਂ ਇਸ ਹਮਲੇ ਦੀ ਤੁਲਨਾ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਨਾਲ ਕੀਤੀ ਅਤੇ ਸਮੁੱਚੇ ਪੰਥ ਨੂੰ ਇੱਕ ਪਲੇਟਫਾਰਮ 'ਤੇ ਇੱਕਠੇ ਹੋਣ ਲਈ ਵੀ ਬੇਨਤੀ ਕੀਤੀ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਰਕਾਰ ਅਤੇ ਪੁਲਸ ਤੋਂ ਇਨਸਾਫ ਨਾ ਮਿਲਣ ਦੀ ਗੱਲ ਆਖਦਿਆਂ ਕਿਹਾ ਕਿ ਹੁਣ ਅਸੀਂ ਸਾਰੇ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਿਸ ਪ੍ਰਕਾਰ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਇਨਸਾਫ ਦੀ ਲੜਾਈ ਲੜੀ ਜਾ ਰਹੀ ਸੀ, ਉਸੇ ਪ੍ਰਕਾਰ ਉਹ 30 ਮਈ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਗਵਰਨਰ ਦੇ ਨਾਂਅ 'ਤੇ ਮੰਗ ਪੱਤਰ ਦੇ ਕੇ ਕੇਂਦਰ ਸਰਕਾਰ ਤੋਂ ਸੀ ਬੀ ਆਈ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੋ ਵਿਆਕਤੀ ਭੜਕਾਊ ਤਰੀਕੇ ਨਾਲ ਕੰਮ ਕਰੇਗਾ, ਉਹ ਉਨ੍ਹਾਂ ਦੇ ਸੰਘਰਸ਼ ਦਾ ਹਿੱਸਾ ਨਹੀ ਹੋਵੇਗਾ। ਉਨ੍ਹਾਂ ਸ਼ਹੀਦ ਬਾਬਾ ਭੁਪਿੰਦਰ ਸਿੰਘ ਦੀ ਪਤਨਂ ਨੂੰ ਸਿਰੋਪਾਓ ਦੀ ਦਾਤ ਦਿੰਦਿਆਂ ਦੋਵਾਂ ਬੱਚਿਆਂ ਹਰਮਨ ਸਿੰਘ ਤੇ ਗੁਰਮਨ ਸਿੰਘ ਨੂੰ ਪੰਜ-ਪੰਜ ਲੱਖ ਦੀ ਐਫ ਡੀ, ਪਰਵਾਰ ਨੂੰ ਹਰ ਮਹੀਨੇ 20 ਹਜ਼ਾਰ ਦੀ ਮਾਲੀ ਮਦਦ, ਦੋਵਾਂ ਬੱਚਿਆਂ ਤੋਂ ਇਲਾਵਾ ਚਾਰੇ ਭੈਣਾਂ ਦੇ ਬੱਚਿਆਂ ਦੀ ਸਾਰੀ ਪੜ੍ਹਾਈ ਦਾ ਖਰਚ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸਰਬਤ ਖਾਲਸਾ ਸਮਾਗਮ ਦੇ ਮੁੱਖ ਪ੍ਰੰਬਧਕ ਭਾਈ ਮੋਹਕਮ ਸਿੰਘ ਨੇ ਬਿਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦਾ ਨਾਂਅ ਲਏ ਕਿਹਾ ਕਿ ਚੰਡੀਗੜ੍ਹ 'ਚ ਬੈਠਾ ਬਜ਼ੁਰਗ ਪਤਾ ਨਹੀਂ ਕਿੰਨੀਆਂ ਹੋਰ ਘਟਨਾਵਾਂ ਘਟਾਏਗਾ। ਉਨ੍ਹਾਂ ਨੇ ਵੀ ਪੰਥ ਨੂੰ ਇੱਕ ਪਲੇਟਫਾਰਮ ਤੇ ਇੱਕਠਾ ਹੋਣ ਲਈ ਕਿਹਾ। ਦਮਦਮਾ ਸਾਹਿਬ ਦੇ ਸਾਬਕਾ ਜੱਥਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਜਦੋਂ ਸਾਰੀ ਤਸਵੀਰ ਸਾਫ ਹੈ ਤਾਂ ਪੁਲਿਸ ਮਾਸਟਰ ਮਾਈਂਡ ਨੂੰ ਕਿਉਂ ਨਹੀ ਫੜ੍ਹਦੀ। ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਹਮਲੇ ਨੂੰ ਸਮੁੱਚੀ ਕੌਮ ਤੇ ਹੋਇਆ ਹਮਲਾ ਆਖਿਆ। ਦਮਦਮੀਂ ਟਕਸਾਲ ਦੇ ਮੁੱਖੀ ਰਾਮ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਤੇ ਇਰਾਦੇ ਨਾਲ ਹਮਲਾ ਕੀਤਾ ਗਿਆ ਉਹ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਕੌਮ ਦੇ ਪ੍ਰਚਾਰਕਾਂ ਨੇ ਅਪਣੇ ਹੱਥੀ ਅਪਣੇ ਹੀ ਬੱਚੇ ਯਤੀਮ ਬਣਾ ਦਿੱਤੇ। ਉਨ੍ਹਾਂ ਕਿਹਾ ਕਿ ਦਮਦਮੀਂ ਟਕਸਾਲ ਪੂਰੀ ਤਰ੍ਹਾਂ ਬਾਬਾ ਢੱਡਰੀਆਂ ਵਾਲਿਆਂ ਨਾਲ ਖੜ੍ਹੀ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਚਿੰਤਾ ਜਨਕ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਅਸੀਂ ਕੌਮ ਨੂੰ ਕੋਈ ਅਗਵਾਈ ਨਹੀਂ ਦੇ ਸਕੇ ਇਸ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਅੱਗੇ ਕੀ ਕਰਨਾ ਹੈ।
ਮਾਤਾ ਚੰਦ ਕੌਰ ਦੇ ਕਤਲ ਦੀ ਸੀਬੀਆਈ ਜਾਂਚ ਮੰਗ ਤੋਂ ਹੁਣ ਬਾਬਾ ਭੁਪਿੰਦਰ ਸਿੰਘ ਦੇ ਕਤਲ ਦੀ ਵੀ ਸੀਬੀਆਈ ਜਾਂਚ ਦੀ ਮੰਗ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਤੋਂ ਉੱਠਦਾ ਜਾ ਰਿਹਾ ਵਿਸ਼ਵਾਸ ਅਸਲ ਵਿੱਚ ਸਰਕਾਰ ਤੋਂ ਉਠ ਰਿਹਾ ਵਿਸ਼ਵਾਸ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਵੇਗਾ।

ਟਿੱਪਣੀਆਂ :
ਇਸ ਪੋਸਟ ਦੇ ਜੁਆਬ ਵਿੱਚ ਭਗਵੰਤ ਸਿੰਘ ਜੀ ਨੇ ਵਾਟਸਅਪ 'ਤੇ ਸਰਗਰਮ ਗਰੁੱਪ ਸਿੱਖ ਵਰਲਡ ਵਿੱਚ ਲਿਖਿਆ ਹੈ:
ਇਹ ਤਾਂ ਹੁਣ ਦਮਦਮੀ ਟਕਸਾਲ ਦੇ ਸੂਝਵਾਨ ਵੀਰਾ ਨੂੰ ਵਿਚਾਰ ਕਰਨਾ ਪੈਣਾ ਕਿ ਇਸ ਬੰਦੇ ਦੀ ਮੱਦਦ ਕਰਨੀ ਹੈ ਜਾਂ ਟਕਸਾਲ ਨੂੰ ਬਚਾੳੁਣਾ ਇਸ ਨੂੰ ਤਾਂ ਇੱਕ ਸਿੱਖ ਪਰਚਾਰਕ ਦੇ ਕਤਲ ਤੋਂ ਬਾਅਦ ਵੀ ਕੋੲੀ ਅਫਸ਼ੋਸ ਨਹੀਂ।  ੳੁਲਟਾ ਅਾਪਣੀਅਾ ਹੰਕਾਰ ਭਰੀਅਾ ਸਪੀਚਾ ਪੋਸਟ ਕਰੀ ਜਾਂਦਾ।  ਅਾਪਣੀਅਾ ਪੋਸਟਾਂ ਵਿਚ ੳੁਹਨਾਂ ਤੇ ਦੋਸ਼ ਲਾ ਰਿਹਾ ਕੀ ਇਸ ਕੋਲ ਕੋੲੀ ਇਸ  ਤਰਾਂ ਦੀ ਵੀਡੀਓ ਹੈ ਜਿਹੜੀ ਇਹ ਸੰਗਤਾਂ ਸਾਹਮਣੇ ਰੱਖ ਸਕੇ ਜਿਥੇ ੳੁਸ ਨੇ ਕੌਮ ਨੂੰ ਗਲਤ ਬੋਲਿਅਾ ਹੋਵੇ ਹਰ ਅਾਮ ਬੰਦਾ ਸੋਚ ਸਕਦਾ ਕੇ ਕਾਤਲਾਂ ਦੀ ਸਪੋਰਟ ਕਰਨ ਵਾਲਾ ਕੌਣ ਹੁੰਦਾ!
ਕੋੲੀ ਵੀ ਕਨੂੰਨ ਕਿਸੇ ਨੂੰ ਮਾਰਨ ਦਾ ਅਧਕਾਰ ਨਹੀਂ ਦਿੰਦਾ ਬੜੀ ਹੈਰਾਨੀ ਹੋੲੀ ਇੱਕ  ਵੀਡੀਓ ਸੁਣਕੇ ਕਹਿੰਦਾ ਢੰਢਰੀਅਾਵਾਲਾ ਮਾਫੀ ਮੰਗੇ ,ਸਾਥੀ ੳੁਹਨਾਂ ਦਾ ਤੁਸੀ ਮਾਰਿਅਾ ਤੇ ਮਾਫੀ ਵੀ ੳੁਹ ਮੰਗੇ ਹੈ ਸ਼ਰਮ ਦਾ ਘਾਟਾ ਇਸ ਬੰਦੇ ਨੂੰ ਟਕਸਾਲ ਨਾਲ ਸਾਡਾ ਵੀ ਪਿਅਾਰ ਹੈ ਇਸ ਕਰਕੇ ਵਿਚ ਬੈਠੇ ਵੀਰਾਂ ਨੂੰ ਅਪੀਲ ਕਰ ਰਹੇ ਹਾ ਕਿ ਇਸ ਬੰਦੇ ਤੋਂ ਟਕਸਾਲ ਨੂੰ ਬਚਾੳੁਣ ਦੀ ਬਹੁਤ ਲੋੜ ਹੈ ਨਹੀਂ ਤਾਂ ਇਹ ਬੰਦਾ ਭਰਾਂਵਾਂ ਨੂੰ ਭਰਾਵਾਂ ਤੋਂ ਮਰਵਾੳੂਗਾ ਇਹਦਾ ਕੁੱਝ ਨਹੀਂ ਜਾਣਾ ਇੱਕ  ਕਹਾਵਤ ਦੀ ਤਰਾਂ ਅੱਗ ਲਾ ਕੇ ਡੱਬੂ ਕੰਧ ਤੇ

No comments: