Saturday, May 14, 2016

ਪ੍ਰਦੂਸ਼ਿਤ ਸ਼ਹਿਰਾਂ ਬਾਰੇ ਰਿਪੋਰਟ ਦਾ ਮਾਮਲਾ ਗਰਮਾਇਆ

Date: 2016-05-14 16:37 GMT+05:30
WHO ਦੀ ਸਿਰਫ਼ ਹਵਾ ਪ੍ਰਦੂਸ਼ਣ ’ਤੇ ਆਧਾਰਿਤ-ਚੇਅਰਮੈਨ ਛਤਵਾਲ
*ਰਿਪੋਰਟ ਲਈ ਅਪਣਾਏ ਆਧਾਰ ਦੇ ਸਾਰੇ ਪੱਖਾਂ ਦੀ ਪੜਚੋਲ ਜਾਰੀ 
*ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦਿਆਂ ਨੂੰ ਮਿਲੇਗੀ
PPCB ਵੱਲੋਂ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ
ਲੁਧਿਆਣਾ: 14 ਮਈ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਵਿਸ਼ਵ ਸਿਹਤ ਸੰਸਥਾ ਵੱਲੋਂ ਕੁਝ ਦਿਨ ਪਹਿਲਾਂ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ 25 ਸ਼ਹਿਰਾਂ ਦੀ ਜਾਰੀ ਸੂਚੀ ਬਾਰੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ੍ਰ. ਮਨਪ੍ਰੀਤ ਸਿੰਘ ਛਤਵਾਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਿਪੋਰਟ ਸਿਰਫ਼ ਹਵਾ ਪ੍ਰਦੂਸ਼ਣ ’ਤੇ ਆਧਾਰਿਤ ਹੈ, ਇਸ ਤੋਂ ਇਲਾਵਾ ਇਸ ਨੂੰ ਮਾਪਣ ਲਈ ਅਪਣਾਏ ਗਏ ਮਾਪਦੰਡ ਵੀ ਪੰਜਾਬ ਵਿੱਚ ਹਾਲੇ ਲਾਗੂ ਨਹੀਂ ਹਨ। ਜੇਕਰ ਪ੍ਰਦੂਸ਼ਣ ਮਾਪਣ ਲਈ ਨਿਰਧਾਰਤ ਸਾਰੇ ਪੱਖਾਂ ਨੂੰ ਆਧਾਰ ਬਣਾਇਆ ਜਾਵੇ ਤਾਂ ਲੁਧਿਆਣਾ ਸਮੇਤ ਪੰਜਾਬ ਦੇ ਬਾਕੀ ਸ਼ਹਿਰਾਂ ਦੀ ਸਥਿਤੀ ਵਿਸ਼ਵ ਦੇ ਪ੍ਰਦੂਸ਼ਿਤ ਸ਼ਹਿਰਾਂ ਤੋਂ ਕਿਤੇ ਬਿਹਤਰ ਹੈ। 
ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਰੱਖੇ ਰਾਜ ਪੱਧਰੀ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਛਤਵਾਲ ਨੇ ਕਿਹਾ ਕਿ ਬੀਤੇ ਦਿਨੀਂ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਕੀਤੀ ਗਈ ਸੂਚੀ ’ਤੇ ਉਨ੍ਹਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਇਸ ਸੂਚੀ ਵਿੱਚ ਲੁਧਿਆਣਾ (12ਵਾਂ ਸਥਾਨ) ਸਮੇਤ ਪੰਜਾਬ ਦੇ ਚਾਰ ਸ਼ਹਿਰਾਂ ਸ੍ਰੀ ਅੰਮਿ੍ਰਤਸਰ ਸਾਹਿਬ, ਖੰਨਾ ਅਤੇ ਮੰਡੀ ਗੋਬਿੰਦਗੜ੍ਹ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਗਿਆ ਕਿ ਬੋਰਡ ਨੇ ਇਸ ਰਿਪੋਰਟ ਲਈ ਅਪਣਾਏ ਆਧਾਰ ਦੇ ਸਾਰੇ ਪੱਖਾਂ ਦੀ ਮੁੱਢਲੀ ਪੜਚੋਲ ਕੀਤੀ ਹੈ ਜਿਸ ਵਿੱਚ ਪਤਾ ਲੱਗਾ ਹੈ ਕਿ ਇਹ ਰਿਪੋਰਟ ਸਿਰਫ਼ ’ਤੇ ਸਿਰਫ਼ ਹਵਾ ਪ੍ਰਦੂਸ਼ਣ ’ਤੇ ਹੀ ਆਧਾਰਿਤ ਹੈ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਮਾਪਣ ਲਈ ਅਪਣਾਏ ਗਏ ਮਾਪਦੰਡ ਵੀ ਪੰਜਾਬ ਵਿੱਚ ਹਾਲੇ ਲਾਗੂ ਨਹੀਂ ਹਨ। ਜਿਸ ਕਾਰਨ ਇਸ ਰਿਪੋਰਟ ਦੇ ਆਧਾਰ ’ਤੇ ਪੰਜਾਬ ਦੇ ਚਾਰ ਸ਼ਹਿਰਾਂ ਨੂੰ ਵਿਸ਼ਵ ਦੇ 25 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਕਰਨਾ ਬੇਯਕੀਨਾ ਹੈ। 
ਉਨ੍ਹਾਂ ਕਿਹਾ ਕਿ ਬੋਰਡ ਨੇ ਇਸ ਸੂਚੀ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਸੰਬੰਧੀ ਬੋਰਡ ਦੀ ਇੱਕ ਉੱਚ ਪੱਧਰੀ ਟੀਮ ਵਿਸ਼ਵ ਸਿਹਤ ਸੰਸਥਾ ਦੇ ਦਿੱਲੀ ਸਥਿਤ ਦਫ਼ਤਰ ਵਿਖੇ ਇਹ ਮਸਲਾ ਵਿਚਾਰਨ ਜਾ ਰਹੀ ਹੈ। ਇਸ ਤੋਂ ਇਲਾਵਾ ਨਿਰਧਾਰਤ ਮਾਪਦੰਡਾਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਉਨ੍ਹਾਂ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਵੀ ਚਿੱਠੀ ਪੱਤਰ ਸ਼ੁਰੂ ਕੀਤਾ ਹੈ। 
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਉਣ ਦਾ ਅਸਲੀ ਮੰਤਵ ਤਾਂ ਹੈ ਕਿ ਪ੍ਰਦੂਸ਼ਣ ਘਟਾਉਣ ਲਈ ਅਸੀਂ ਆਪਣੇ ਨਿੱਤ ਦਿਨ ਦੇ ਕਾਰ ਵਿਹਾਰ ਵਿੱਚ ਨਵੀਂਆਂ ਤਕਨੀਕਾਂ ਦੀ ਵਰਤੋਂ ਯਕੀਨੀ ਬਣਾਈਏ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪ੍ਰਦੂਸ਼ਣ ਘਟਾਉਣ ਲਈ ਪੁਰਾਤਨ ਬਿਜਲੀ ਉਤਪਾਦਨ ਵਿਧੀਆਂ ਨੂੰ ਤਿਆਗ ਕੇ ਸੂਰਜੀ ੳੂਰਜਾ ਪ੍ਰੋਜੈਕਟਾਂ ਵੱਲ ਮੁੜਿਆ ਜਾਵੇ। ਖੇਤਾਂ ਵਿੱਚ ਬਾਕੀ ਬਚਦੇ ਨਾੜ ਨੂੰ ਸਾੜਨ ਦੀ ਬਿਜਾਏ ਆਧੁਨਿਕ ਤਰੀਕੇ ਨਾਲ ਉਸਨੂੰ ਧਰਤੀ ਵਿੱਚ ਹੀ ਦਬਾਅ ਦਿੱਤਾ ਜਾਵੇ। 
ਉਨ੍ਹਾਂ ਅਨਾਜ ਦੀ ਤਰ੍ਹਾਂ ਨਾੜ ਦੇ ਭੰਡਾਰਨ ਦੀ ਵਿਵਸਥਾ ਵਿਕਸਤ ਕਰਨ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਫਸਲਾਂ ’ਤੇ ਬੇਲੋੜੀ ਸਪਰੇਅ ਨਾ ਕੀਤੀ ਜਾਵੇ ਤਾਂ ਜੋ ਇਸਦੇ ਨਾੜ ਨੂੰ ਪਸ਼ੂਆਂ ਦੇ ਭੋਜਨ ਵਜੋਂ ਵਰਤਣ ਦੇ ਲਾਇਕ ਬਣਾਇਆ ਜਾ ਸਕੇ। ਉਨ੍ਹਾਂ ਮੌਕੇ ’ਤੇ ਹਾਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਪੱਧਰ ’ਤੇ ਕੋਈ ਰਿਸਰਚ ਕੀਤੀ ਜਾਵੇ ਜਿਸ ਨਾਲ ਫਸਲਾਂ ਦੇ ਨਾੜ ਨੂੰ ਪਸ਼ੂਆਂ ਦੇ ਖਾਣ ਲਈ ਵਿਧੀਵਤ ਤੌਰ ’ਤੇ ਵਰਤਿਆ ਜਾ ਸਕੇ। ਇਸ ਮੰਤਵ ਲਈ ਫੰਡ ਬੋਰਡ ਵੱਲੋਂ ਮੁਹੱਈਆ ਕਰਵਾਏ ਜਾਣਗੇ। ਸ੍ਰ. ਛਤਵਾਲ ਨੇ ਇਸ ਗੱਲ ਨੂੰ ਵੀ ਨਕਾਰ ਦਿੱਤਾ ਕਿ ਪ੍ਰਦੂਸ਼ਣ ਲਈ ਇਕੱਲੀਆਂ ਸਨਅਤਾਂ ਹੀ ਜਿੰਮੇਵਾਰ ਹਨ, ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਲਈ ਹਰੇਕ ਵਿਅਕਤੀ ਆਪਣੇ-ਆਪਣੇ ਪੱਧਰ ’ਤੇ ਜਿੰਮੇਵਾਰ ਹੈ। 
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਵਕਤਾ ਸ੍ਰੀ ਆਸਿਥ ਘੋਸ਼ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਡੇ ਆਲੇ ਦੁਆਲੇ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਨਾਲ-ਨਾਲ ਮਨ ਦੇ ਪ੍ਰਦੂਸ਼ਣ ਨੂੰ ਵੀ ਘਟਾਇਆ ਜਾਵੇ ਤਾਂ ਜੋ ਹਰੇਕ ਵਿਅਕਤੀ ਸਮਾਜ ਅਤੇ ਵਾਤਾਵਰਨ ਬਾਰੇ ਹਾਂ-ਪੱਖੀ ਉਪਰਾਲੇ ਕਰ ਸਕੇ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਉੱਪ ਕੁਲਪਤੀ ਡਾ. ਢਿੱਲੋਂ, ਬੋਰਡ ਦੇ ਮੈਂਬਰ ਸਕੱਤਰ ਡਾ. ਬਾਬੂ ਰਾਮ, ਬੋਰਡ ਦੇ ਚੀਫ਼ ਇੰਜੀਨੀਅਰ ਸ੍ਰੀ ਗੁਲਸ਼ਨ ਰਾਏ, ਨਿਗਰਾਨ ਇੰਜੀਨੀਅਰ ਸ੍ਰ. ਹਰਬੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਇੰਜੀਨੀਅਰ ਹਾਜ਼ਰ ਸਨ। 

No comments: