Wednesday, May 11, 2016

ਜਗਮੀਤ ਬਰਾੜ ਵੱਲੋਂ ਨੇੜ ਭਵਿੱਖ ਵਿੱਚ ਸਿਆਸੀ ਉੱਥਲ ਪੁੱਥਲ ਦੇ ਸੰਕੇਤ

15 ਅਗਸਤ ਤੱਕ ਨਜ਼ਰ ਆਏਗਾ ਪੰਜਾਬ 'ਚ ਇੱਕ ਨਵਾਂ ਸਿਆਸੀ ਰੰਗ 
ਲੁਧਿਆਣਾ: 10 ਮਈ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਿਵਾਦਾਂ, ਮੁਸੀਬਤਾਂ ਅਤੇ ਅਨੁਸ਼ਾਸਨੀ ਕਾਰਵਾਈਆਂ ਦੇ ਬਾਵਜੂਦ ਆਪਣੀ ਕਹੀ ਗੱਲ ਉੱਤੇ ਕਾਇਮ  ਰਹਿਣ ਵਾਲੇ ਸਿਆਸੀ ਆਗੂ ਜਗਮੀਤ ਸਿੰਘ ਬਰਾੜ ਅੱਜ ਲੁਧਿਆਣਾ ਵਿੱਚ ਸਨ। ਪੰਜਾਬ ਦੇ 117 ਹਲਕਿਆਂ ਦਾ ਤੁਫਾਨੀ ਦੌਰਾ ਕਰ ਰਹੇ ਸ੍ਰੀ ਬਰਾੜ ਚੱਪੜਚਿੜੀ ਵਾਲੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਮਹਾਂਕੁੰਭ ਦਾ ਉਪਰਾਲਾ ਪਹਿਲਾਂ ਨਾ ਤਾਂ ਕਿਸੇ ਸਿਆਸੀ ਪਾਰਟੀ ਨੇ ਕੀਤਾ ਅਤੇ ਨਾ ਹੀ ਕਿਸੇ ਲੀਡਰ ਨੇ। ਇਸ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦੇਂਦਿਆਂ ਉਹਨਾਂ ਕਿਹਾ ਕਿ ਭਾਵੇਂ ਤੁਸੀਂ ਮੇਰੇ ਨਾਲ ਨਾ ਵੀ ਸਹਿਮਤ ਹੋਵੋ ਪਰ ਜੇ ਤੁਸੀਂ ਪੰਜਾਬ ਦੇ ਹੱਕ ਵਿੱਚ ਹੋ ਤਾਂ ਉਸ ਦਿਨ ਜ਼ਰੁਰ ਉੱਥੇ ਪਹੁੰਚੋ ਅਤੇ ਆਪਣੇ ਵਿਚਾਰ ਸਾਰੀਆਂ ਸਾਹਮਣੇ ਰੱਖੋ। ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਉਹਨਾਂ ਮੌਜੂਦਾ ਹਾਲਾਤਾਂ ਦੇ ਨਾਲ ਨਾਲ ਆਪਣੇ ਭਵਿੱਖ ਦੀਆਂ ਵੀ ਕਈ ਗੱਲਾਂ ਇਸ਼ਾਰਿਆਂ ਇਸ਼ਾਰਿਆਂ ਵਿੱਚ ਕੀਤੀਆਂ। ਉਹਨਾਂ ਕਿਹਾ ਕਿ ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਆਯੋਜਨ ਇੱਕ ਇਤਿਹਾਸਕ ਇਨਕਲਾਬ ਹੋਵੇਗਾ ਜੋ ਸੂਬੇ ਹੀ ਨਹੀਂ ਸਗੋਂ ਦੇਸ਼ ਅੰਦਰ ਰਾਜਨੀਤਕ ਚੇਤਨਤਾ ਦਾ ਮੁੱਢ ਬੰਨ੍ਹੇਗਾ। ਉਹਨਾਂ ਕਿਹਾ ਕੀ 15 ਅਗਸਤ ਤੱਕ ਏਨੀਆਂ ਤਬਦੀਲੀਆਂ ਹੋਣ ਵਾਲੀਆਂ ਹਨ ਕਿ ਪੰਜਾਬ ਵਿੱਚ ਇੱਕ ਨਵਾਂ ਸਿਆਸੀ ਰੰਗਰੂਪ ਨਜ਼ਰ ਆਏਗਾ। ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਨੇ ਅੱਜ ਵੀ ਆਪਣੀਆਂ ਦਲੀਲਾਂ ਨੂੰ ਜਜ਼ਬਾਤੀ ਅੰਦਾਜ਼ ਨਾਲ ਮੀਡੀਆ ਸਾਹਮਣੇ ਰੱਖਿਆ। ਪੇਸ਼ ਹੈ ਉਹਨਾਂ ਦੀ ਮੀਡੀਆ ਨਾਲ ਮੁਲਾਕਾਤ ਦੀ ਇੱਕ ਕੈਮਰਾ ਰਿਪੋਰਟ ਜੋ ਤੁਸੀਂ ਸਾਡੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ
ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਅਸਲ ਵਿੱਚ ਅੱਜ ਰਾਸ਼ਟਰੀ ਵਿਚਾਰ ਮੰਚ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸ ਮੀਟਿੰਗ ਵਿੱਚ ਮੰਚ ਦੇ ਸੁਪ੍ਰੀਮੋ ਗੁਰਿੰਦਰ ਸੂਦ ਦੇ ਨਾਲ ਨਾਲ ਸੁਲਝੇ ਹੋਏ ਸਿਆਸੀ ਆਗੂ ਵਿਜੇ ਸਾਥੀ ਵੀ ਮੌਜੂਦ ਸਨ ਅਤੇ ਕਈ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੀ। ਸਰਕਟ  ਹਾਊਸ ਦਾ ਹਾਲ ਖਚਾਖਚ ਭਰਿਆ ਹੋਇਆ ਸੀ। ਇਸ ਲਈ ਮੀਡੀਆ ਨੇ ਉਹਨਾਂ ਨੂੰ ਮੀਟਿੰਗ ਵਾਲੇ ਹਾਲ ਤੱਕ ਪਹੁੰਚਣ ਤੋਂ ਪਹਿਲਾਂ ਹੀ  ਰੋਕ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਦੀ ਆਜ਼ਾਦੀ ਖੋਹ ਕੇ ਇਲੈਕਟ੍ਰਾਨਿਕ ਮੀਡੀਆ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਜਿਸ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਸਮੇਂ ਟੀਮ ਇਨਸਾਫ਼ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਤੇ ਹੋਰਨਾਂ ਲੋਕਾਂ 'ਤੇ ਪੁਲਿਸ ਨੇ ਜੋ ਕਹਿਰ ਢਾਹਿਆ ਹੈ, ਉਸ ਦੀ ਜਿੰਨ੍ਹੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਉਹਨਾਂ ਇਸ ਪੁਲਿਸ ਐਕਸ਼ਨ ਦੀ ਤਿੱਖੀ ਨਿਖੇਧੀ ਕੀਤੀ। 
ਸ. ਬਰਾੜ ਨੇ ਕਿਹਾ ਕਿ ਬੈਂਸ ਭਰਾਵਾਂ ਨੇ ਪੰਜਾਬ ਵਿਚ ਇਕ ਦਲੇਰਾਨਾ ਸਿਆਸਤ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਉਹ ਸਲਾਮ ਕਰਦੇ ਹਨ। ਮੀਡੀਆ ਵੱਲੋਂ ਬਾਰ ਬਾਰ ਕੁਰੇਦਣ ਦੇ ਬਾਵਜੂਦ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ "ਆਪ" ਵਿਚ ਜਾਣ ਜਾਂ ਕਿਸੇ ਹੋਰ ਨਾਲ ਸਮਝੌਤਾ ਕਰਨ ਦੀ ਕੋਈ ਵੀ ਇਰਾਦਾ ਨਹੀਂ ਹੈ। ਉਹਨਾਂ ਸਪਸ਼ਟ ਕੀਤਾ ਕਿ ਇਸ ਬਾਰੇ ਨਾ ਕੋਈ ਸੁਨੇਹਾ ਓਧਰੋਂ ਆਇਆ ਹੈ ਅਤੇ ਨਾ ਹੀ ਉਹਨਾਂ ਨਾਲ ਕੋਈ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਕਿ 21 ਮਈ ਦੇ ਇਕੱਠ ਵਿਚ ਸ਼ਾਮਿਲ ਹੋਣ ਲਈ ਉਹ 117 ਹਲਕਿਆਂ ਵਿਚ ਜਾਣਗੇ, ਜਿਸ ਵਿਚੋਂ ਅੱਜ ਤੱਕ ਉਨ੍ਹਾਂ ਨੇ 50 ਹਲਕਿਆਂ ਦਾ ਦੌਰਾ ਮੁਕੰਮਲ ਕਰ ਲਿਆ ਹੈ। ਇਸਦੇ ਨਾਲ ਹੀ ਉਹਨਾਂ ਸਰਵੇਖਣ ਵਾਲੀਆਂ ਖਬਰਾਂ ਨੂੰ ਨਜ਼ਰੰਦਾਜ਼ ਕਰਦਿਆਂ ਕਿਹਾ ਕਿ ਇਹ ਜ਼ਰੁਰ ਹਕੀਕਤ ਹੈ ਕਿ ਅਕਾਲੀਆਂ ਦਾ ਵੱਡਾ ਹਿੱਸਾ ਇੱਕ ਨਵੀਂ ਅੰਗੜਾਈ ਲਈ ਤਿਆਰ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਹਲਕਿਆਂ ਦਾ ਦੌਰਾ ਕਰਨ ਸਮੇਂ ਉਨ੍ਹਾਂ ਨੂੰ ਆਪ, ਕਾਂਗਰਸ ਤੇ ਹਰੇਕ ਪਾਰਟੀ ਦੇ ਵਰਕਰਾਂ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ ਅਤੇ ਉਹ ਲੋਕਾਂ ਨੂੰ 21 ਮਈ ਨੂੰ ਚੱਪੜਚਿੜੀ ਵਿਖੇ ਆ ਕੇ 30 ਮਿੰਟ ਦਾ ਉਨ੍ਹਾਂ ਦਾ ਭਾਸ਼ਣ ਸੁਣਨ ਦੀ ਅਪੀਲ ਕਰ ਰਹੇ ਹਨ। ਸ.ਬਰਾੜ ਨੇ ਐਲਾਨ ਕੀਤਾ ਕਿ ਉਹ ਕੋਈ ਵੀ ਸਿਆਸੀ ਪਾਰਟੀ ਜਾਂ ਜਥੇਬੰਦੀ ਦਾ ਗਠਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਵਿਦੇਸ਼ ਰਵਾਨਾ ਹੋਣਾ ਸੀ, ਤਾਂ ਉਨ੍ਹਾਂ ਦਾ ਵਿਦੇਸ਼ ਦੌਰਾ 25 ਪ੍ਰਤੀਸ਼ਤ ਕਾਮਯਾਬ ਹੋਣ ਦੀ ਆਸ ਸੀ, ਪਰ ਜਦੋਂ ਉਹ ਵਿਦੇਸ਼ ਪੁੱਜੇ, ਤਾਂ ਉਥੇ ਲੋਕਾਂ ਨੇ ਜੋ ਉਨ੍ਹਾਂ ਦਾ ਹਾਲ ਕੀਤਾ ਉਸ ਤੋਂ ਇਹ ਗੱਲ ਸਾਫ਼ ਹੋ ਗਈ ਕਿ ਕੈਪਟਨ ਦਾ ਦੌਰਾ ਸਿਰਫ਼ 10 ਪ੍ਰਤੀਸ਼ਤ ਹੀ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪੰਜਾਬ ਵਿਚ ਕਾਂਗਰਸ ਨੂੰ ਖ਼ਤਮ ਕਰਕੇ ਹੀ ਸਾਹ ਲੈਣਾ ਹੈ। ਇਸ ਮੌਕੇ ਠੇਕਦਾਰ ਸੁਖਵੰਤ ਸਿੰਘ ਦੁੱਗਰੀ, ਵਿਜੇ ਸਾਥੀ ਸਾਬਕਾ ਵਿਧਾਇਕ, ਅਮਰਜੀਤ ਸਿੰਘ ਰਾਜੇਆਣਾ, ਸ਼ਿਵ ਰਾਮ ਸਰੋਆ, ਗੁਰਿੰਦਰ ਸੂਦ, ਬਿੱਲਾ ਪ੍ਰਧਾਨ, ਬਲਜੀਤ ਸਿੰਘ ਬੱਲੀ, ਦਿਲਰਾਜ ਸਿੰਘ ਲਲਤੋਂ, ਬਲਜੀਤ ਸਿੰਘ ਪੀ.ਏ. ਆਦਿ ਹਾਜ਼ਰ ਸਨ। ਕੁਲ ਮਿਲਾ ਕੇ ਇਹ ਇੱਕ ਅਜਿਹਾ ਦੌਰਾ ਸੀ ਜਿਸਨੇ ਨੇੜ ਭਵਿੱਖ ਵਿੱਚ ਸਿਆਸੀ ਉੱਥਲ ਪੁੱਥਲ ਦੇ ਸੰਕੇਤ  ਦਿੱਤੇ ਹਨ। 

No comments: