Saturday, May 07, 2016

ਨਾਮਧਾਰੀ ਸੰਗਤ ਵਿੱਚ ਸਹਿਮ ਅਤੇ ਦਹਿਸ਼ਤ ਜਾਰੀ

Updated 20:23 Sunday 8 May 2016
ਪੰਥਕ ਏਕਤਾ ਧੜੇ ਨੇ ਕੀਤੀ ਪੁਲਿਸ ਕਮਿਸ਼ਨਰ ਔਲਖ ਨਾਲ ਮੁਲਾਕਾਤ 
ਲੁਧਿਆਣਾ: 7 ਮਈ 2016: (ਪੰਜਾਬ ਸਕਰੀਨ ਬਿਊਰੋ):

ਇੱਕ ਪਾਸੇ ਜਦੋਂ ਬਹੁਤ ਸਾਰੇ ਲੋਕ ਮਾਂ ਦਿਵਸ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਸਨ ਉਦੋਂ ਨਾਮਧਾਰੀ ਸੰਗਤ ਆਪਣੀ ਮਾਂ ਦੇ ਵਹਿਸ਼ੀਆਨਾ ਕਤਲ ਦੇ ਸੋਗ ਵਿੱਚ ਡੁੱਬੀ ਹੋਈ ਆਪਣੀ ਜਾਨ  ਨੂੰ ਵੀ ਖਤਰਾ ਦੱਸ ਰਹੀ ਸੀ। ਕਾਬਿਲੇ ਜ਼ਿਕਰ ਹੈ ਕਿ ਨਾਮਧਾਰੀ ਸੰਪਰਦਾ ਦਰਮਿਆਨ ਚੱਲ ਰਹੀ ਧੜ੍ਹੇਬੰਦਕ ਜੰਗ ਲਗਾਤਾਰ ਤੇਜ਼ ਹੋ ਰਹੀ ਹੈ। ਮਾਤਾ ਚੰਦ ਕੌਰ ਦੇ ਕਤਲ ਤੋ ਬਾਅਦ ਆਏ ਪਹਿਲੇ ਮਾਂ ਦਿਵਸ ਦੀ ਪੂਰਵ ਸੰਧਿਆ ਵਾਲੇ ਦਿਨ ਦੇ ਮੌਕੇ ਤੇ ਨਾਮਧਾਰੀ ਸਿੰਘਾਂ ਨੇ ਅੱਜ ਫੇਰ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਜਾਨ ਨੂੰ ਵਧ ਰਹੇ ਖਤਰਿਆਂ ਬਾਰੇ ਦੱਸਿਆ। ਇੱਕ ਗਰੁੱਪ ਨੇ ਅੱਜ ਫੇਰ ਖਦਸ਼ਾ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ  ਵਿਰੋਧੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਇਸਦੇ ਨਾਲ ਹੀ ਇਸ ਧੜੇ ਨੇ ਦੱਸਿਆ ਕਿ ਸਾਡੇ ਸਿੰਘ ਸ੍ਰੀ ਭੈਣੀ ਸਾਹਿਬ ਵਿਖੇ ਰਹਿੰਦੇ ਹਨ ਜਿਹਨਾਂ ਦੀ ਜਾਨ ਖਤਰੇ ਵਿੱਚ ਹੈ।  
ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦਾ ਇਕ ਵਫਦ ਪ੍ਰਧਾਨ ਸੂਬਾ ਦਰਸ਼ਨ ਸਿੰਘ ਦੀ ਅਗਵਾਈ ਹੇਠ ਅੱਜ ਪੁਲਿਸ ਕਮਿਸ਼ਨਰ ਸ. ਜਤਿੰਦਰ ਸਿੰਘ ਔਲਖ ਨੂੰ ਮਿਲਿਆ ਅਤੇ ਨਾਮਧਾਰੀਆਂ ਤੇ ਹੋ ਰਹੇ ਹਮਲਿਆਂ ਸਬੰਧੀ ਠੋਸ ਕਾਰਵਾਈ ਦੀ ਮੰਗ ਕੀਤੀ। ਪੁਲਿਸ ਕਮਿਸ਼ਨਰ ਦਫਤਰ ਚੋਣ ਬਾਹਰ  ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਕਿਹਾ ਕਿ ਅੱਜ ਸ੍ਰੀ ਭੈਣੀ ਸਾਹਿਬ 'ਚ ਰਹਿੰਦੇ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਠਾਕੁਰ ਦਲੀਪ ਸਿੰਘ ਦੇ ਧੜੇ ਨਾਲ ਸਬੰਧ ਰੱਖਦੇ ਹਨ ਅਤੇ ਲਗਾਤਾਰ ਉਨ੍ਹਾਂ ਦੇ ਧੜੇ ਨਾਲ ਸਬੰਧਿਤ ਲੋਕਾਂ ਤੇ ਹਮਲੇ ਹੋ ਰਹੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਇਕਬਾਲ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ ਅਤੇ ਸੇਵਕੇ ਦੀਦਾਰ ਸਿੰਘ ਉਤੇ ਹਮਲਾਵਾਰਾਂ ਵੱਲੋਂ ਕਾਤਲਨਾਮਾ ਹਮਲੇ ਕੀਤੇ ਗਏ ਹਨ, ਪਰ ਪੁਲਿਸ ਵੱਲੋਂ ਇਨ੍ਹਾਂ ਹਮਲਾਵਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਸਦਮਾ ਪ੍ਰਗਟ ਕੀਤਾ ਕਿ ਇਹ ਹਮਲਾਵਾਰ ਆਉਣ ਵਾਲੇ ਦਿਨਾਂ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।  ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰ ਸ. ਔਲਖ ਨੇ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ 'ਚ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ। 

No comments: