Monday, May 16, 2016

ਹੁਣ ਪਟਵਾਰੀ ਵਰਗ ਵੀ ਅੰਦੋਲਨ ਦੇ ਰਾਹ 'ਤੇ

18 ਮਈ ਤੋਂ ਸ਼ੁਰੂ ਹੋਵੇਗਾ ਤਿੱਖਾ ਅਤੇ ਪੜਾਅਵਾਰ ਅੰਦੋਲਨ
ਫ਼ਿਰੋਜ਼ਪੁਰ: 16 ਮਈ 2016: (ਪੰਜਾਬ ਸਕਰੀਨ ਬਿਊਰੋ):
ਫਾਈਲ ਫੋਟੋ 
ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਪੰਜਾਬ ਸਰਕਾਰ ਨਾਲ ਲੰਬੀਆਂ ਲੰਬੀਆਂ ਵਾਰਤਾਵਾਂ ਤੋਂ ਉਕਤਾਈ ਦੀ ਰੈਵਿਨੀਊ ਪਟਵਾਰ ਯੂਨੀਅਨ (ਰਜਿ.) ਨੇ ਆਪਣੇ ਸੰਘਰਸ਼ ਦੇ ਦੂੂਜੇ ਪੜ੍ਹਾਅ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ 12 ਮਈ 2016 ਨੂੰ ਲੁਧਿਆਣਾ ਦੇ ਮੁਕਾਮ ਤੇ ਹੋਈ ਜਥੇਬੰਦੀ ਦੀ ਹੰਗਾਮੀ ਮੀਟਿੰਗ ਵਿੱਚ ਲੰਮੀ ਵਿਚਾਰ ਚਰਚਾ ਉਪਰੰਤ ਫੈਸਲਾ ਕੀਤਾ ਗਿਆ ਕਿ 18 ਮਈ ਤੋਂ ਲੈਕੇ 23 ਮਈ ਤੱਕ ਪਟਵਾਰ ਵਰਗ ਦੇ ਮਸਲਿਆਂ ਤੋਂ ਜਾਣੂ ਕਰਵਾਉਣ ਅਤੇ ਸਰਕਾਰ ਤੇ ਦਬਾਅ ਵਧਾਉਣ ਲਈ ਪੰਜਾਬ ਦੇ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ ਅਤੇ ਮੰਗ ਕੀਤੀ ਜਾਵੇਗੀ ਕਿ ਉਹ ਸਰਕਾਰ ਨਾਲ ਇਹਨਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਆਪਣੇ ਪ੍ਰਭਾਵ ਦੀ ਵਰਤੇਂ ਕਰਨ। ਇਸ  ਤੋਂ ਬਾਅਦ 24 ਮਈ ਨੂੰ ਜ੍ਹਿਲਾ ਹੈੱਡਕੁਆਰਟਰਾਂ ਤੇ  ਧਰਨੇ ਦਿੱਤੇ ਜਾਣਗੇ ਅਤੇ 24 ਮਈ ਤੋਂ 29 ਮਈ ਤੱਕ ਪਟਵਾਰੀ ਕੰਪਿਉਟਰ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਨਗੇ। 
ਇਹ ਜਾਣਕਾਰੀ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ  ਗੁਰਤੇਜ ਸਿੰਘ ਗਿੱਲ ਸੂਬਾ ਮੀਤ ਪ੍ਰਧਾਨ,ਹਰਮੀਤ ਵਿਦਿਆਰਥੀ ਜਿਲ੍ਹਾ ਪ੍ਰਧਾਨ , ਪ੍ਰੀਤਮ ਸਿੰਘ,ਸਤਪਾਲ ਸਿੰਘ ਸ਼ਾਹਵਾਲਾ( ਸੀ. ਮੀਤ ਪ੍ਰਧਾਨ )ਸੰਤੋਖ ਸਿੰਘ ਤੱਖੀ ਜਿਲ੍ਹਾ ਜਨਰਲ ਸਕੱਤਰ,ਰਜਿੰਦਰ ਖੁੱਲਰ (ਜਿਲ੍ਹਾ ਖਜਾਨਚੀ) ਜਸਵੀਰ ਸਿੰਘ ਸੈਣੀ,ਮੱਖਣ ਸਿੰਘ ਅਤੇ ਜਗਜੀਤ ਸਿੰਘ (ਸਾਰੇ ਤਹਿਸੀਲ ਪ੍ਰਧਾਨ) ਨੇ ਦਿੱਤੀ। ਆਪਣੀਆਂ ਮੰਗਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਪਟਵਾਰੀ ਆਗੂਆਂ ਨੇ ਦੱਸਿਆ ਕਿ 1996 ਵਿੱਚ ਸਰਕਾਰ ਨੇ ਪਟਵਾਰੀਆਂ ਦਾ ਸੀਨੀਅਰ ਸਕੇਲ ਖਤਮ ਕਰ ਦਿੱਤਾ ਸੀ ਜਿਸ ਨਾਲ ਇੱਕੋ ਤਰੀਕ ਨੂੰ ਭਰਤੀ ਹੋਣ ਵਾਲੇ ਪਟਵਾਰੀਆਂ ਦੇ ਤਨਖ਼ਾਹ ਸਕੇਲਾਂ ਵਿੱਚ ਤਰੁੱਟੀਆਂ ਪੈਦਾ ਹੋ ਗਈਆਂ। ਇਹ ਤਰੁੱਟੀਆਂ ਦੂਰ ਕਰ ਕੇ ਹੁੰਦਾ ਵਿਤਕਰਾ ਖ਼ਤਮ ਕੀਤਾ ਜਾਵੇ। ਪਟਵਾਰ ਵਰਗ ਵਿੱਚ ਤਰੱਕੀ ਦੇ ਮੌਕੇ ਘੱਟ ਹੋਣ ਕਾਰਣ ਪਟਵਾਰੀ ਨੂੰ 15 ਸਾਲ ਬਾਅਦ ਕਾਨੂੰਗੋ ਦਾ, 25 ਸਾਲ ਬਾਅਦ ਨਾਇਬ ਤਹਿਸੀਲਦਾਰ ਦਾ ਅਤੇ 30 ਸਾਲ ਬਾਅਦ ਤਹਿਸੀਲਦਾਰ ਦਾ ਸਕੇਲ ਦਿੱਤਾ ਜਾਵੇ। ਪਟਵਾਰੀ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀ ਕੋਲ ਠੇਕਾ ਹੋਣ ਕਾਰਣ ਕੰਪਿਉਟਰ ਉੱਪਰ ਲੋਕਾਂ ਦੇ ਕੰਮਾਂ ਵਿੱਚ ਦੇਰੀ ਹੋ ਰਹੀ ਹੈ ਇਸ ਕਰਕੇ ਪਟਵਾਰੀਆਂ ਨੂੰ ਕੰਪਿਉਟਰ ਮੁਹੱਈਆ ਕਰਵਾਏ ਜਾਣ।                 
                         ਮਹਿਕਮਾ ਪੁਲਸ ਵੱਲੋਂ ਸਰਕਾਰ ਦੀਆੰ ਹਦਾਇਤਾਂ ਦੇ ਖ਼ਿਲਾਫ਼ ਜਾਕੇ ਵਿਭਾਗੀ ਪੜਤਾਲ ਤੋਂ ਬਿਨਾਂ ਸਿੱਧੇ ਪਰਚੇ ਦਰਜ ਕੀਤੇ ਜਾ ਰਹੇ ਨੇ। ਜੱਥੇਬੰਦੀ ਦੀ ਮੰਗ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਭਾਗੀ ਪੜਤਾਲ ਤੋਂ ਬਿਨਾਂ ਕੀਤੇ ਪਰਚੇ ਖ਼ਾਰਜ ਕੀਤੇ ਜਾਣ। ਕੰਮ ਦਾ ਬੋਝ ਬਹੁਤ ਵਧ ਜਾਣ ਕਰਕੇ ਕਾਨੂੰਗੋ ਸਰਕਲ ਛੋਟੇ ਕੀਤੇ ਜਾਣ ਅਤੇ 5 ਪਟਵਾਰੀਆਂ ਪਿੱਛੇ ਇੱਕ ਕਾਨੂੰਗੋ ਤਾਇਨਾਤ ਕੀਤਾ ਜਾਵੇ। ਪਟਵਾਰੀਆਂ ਦੀਆਂ 1230 ਦੀ ਭਰਤੀ ਦੀ ਪ੍ਰਕ੍ਰਿਆ ਛੇਤੀ ਮੁਕੰਮਲ ਕੀਤੀ ਜਾਵੇ,1 ਜਨਵਰੀ 2004 ਤੇਂ ਬਾਅਦ ਭਰਤੀ ਹੋਏ ਪਟਵਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ । ਡੀ.ਸੀ.ਦਫ਼ਤਰਾਂ ਵਿੱਚ ਡੀ.ਆਰ.ਏ.ਦੀਆਂ ਦੋ ਪੋਸਟਾਂ ਕਾਨੂੰਗੋਆਂ ਦੀ ਪਦ-ਉਨਤੀ ਕਰਕੇ ਭਰੀਆਂ ਜਾਣ ਦੀਆਂ ਹਦਾਇਤਾਂ ਜਾਰੀ ਹੋ ਚੁੱਕੀਆਂ ਹਨ ਪਰ ਅਜੇ ਤੀਕ ਡੀ.ਸੀ.ਦਫ਼ਤਰਾਂ ਵਿੱਚ ਇਹਨਾਂ ਹੁਕਮਾਂ ਤੇ ਅਮਲ ਨਹੀਂ ਹੋ ਰਿਹਾ।
                            ਪਟਵਾਰੀ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਉੱਪ ਮੁੱਖ ਮੰਤਰੀ ਪੰਜਾਬ ਅਤੇ ਮਾਲ ਮੰਤਰੀ ਵੱਲੋਂ ਮੰਨੀਆਂ ਗਈਆਂ ਇਹਨਾਂ ਮੰਗਾਂ ਤੇ 29 ਮਈ ਤੱਕ ਅਮਲ ਨਾ ਹੋਇਆ ਤਾਂ ਪੰਜਾਬ ਦੇ ਸਮੂਹ ਪਟਵਾਰੀ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ । ਜਿਸ ਵਿੱਚ ਪੰਜਾਬ 1950 ਵਾਧੂ ਸਰਕਲਾਂ ਦਾ ਚਾਰਜ ਛੱਡ ਕੇ ਇਹਨਾਂ ਸਰਕਲਾਂ ਦਾ ਕੰਮ ਮੁਕੰਮਲ ਤੌਰ ਤੇ ਠੱਪ ਕਰਨ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।                                                  

No comments: