Friday, May 06, 2016

ਕੀ ਅਸੀਂ ਕੀਤੇ ਕੰਮ ਦੇ ਹੀ ਪੈਸੇ ਲੈ ਰਹੇ ਹਾਂ???

ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕੰਮ ਦੀ ਹਕੀਕਤ ਦਾ ਪਤਾ ਹੋਣਾ 
‘ਕੰਮ ਹੀ ਪੂਜਾ ਹੈ।’ ਇਹ ਵਾਕ ਉਚਾਰਨਾ ਜਿੰਨਾ ਸੌਖਾ ਹੈ ਇਸ ਉੱਤੇ ਅਮਲ ਕਰਨਾ ਜਾਂ ਇਸ ਨੂੰ ਆਪਣੇ ਮਨੋਂ-ਦਿਲੋਂ ਮੰਨਣਾ ਓਨਾ ਹੀ ਔਖਾ ਹੈ। ਜੇਕਰ ਅਸੀਂ ਸਭ ਇਸ ਵਾਕ ਦੀ ਭਾਵਨਾ ਨੂੰ ਮਨੋਂ-ਦਿਲੋਂ ਮੰਨ ਲਈਏ ਤਾਂ ਦੂਸਰਿਆਂ ਨਾਲ ਝਗੜਿਆਂ ਜਾਂ ਸਾੜੇ ਦਾ ਰੌਲਾ ਹੀ ਖਤਮ ਹੋ ਜਾਵੇਗਾ ਪਰ ਅਫਸੋਸ ਸਾਡੇ ਸਭਨਾਂ ਤੋਂ ਅਜਿਹਾ ਕੁਝ ਸਹਿਜ ਅਵਸਥਾ ਵਿਚ ਕਰਿਆ ਨਹੀਂ ਜਾ ਰਿਹਾ।
ਅਸੀਂ ਆਪਣੇ ਹਿੱਸੇ ਦੇ ਘਰੇਲੂ ਅਤੇ ਦਫਤਰੀ/ਸੰਸਥਾਵੀ ਕੰਮਾਂ ਨੂੰ ਕਰਦਿਆਂ ਸਹਿਜ ਅਤੇ ਖੁਸ਼ੀ ਮਹਿਸੂਸ ਨਹੀਂ ਕਰਦੇ। ਸਾਨੂੰ ਆਪਣੇ ਹੀ ਹਿੱਸੇ ਦੇ ਕੰਮ ਕਰਦਿਆਂ ਅਗਰ ਕੋਈ ਸਾਡਾ ਜਾਣੂ ਵੇਖਦਾ ਹੈ ਤਾਂ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਸ ਨੇ ਸਾਡੀ ਕੋਈ ਚੋਰੀ ਫੜ ਲਈ ਹੋਵੇ। ਸਾਨੂੰ ਆਪਣੇ ਆਪ ਵਿਚ ਹੀਣ ਭਾਵਨਾ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਲੱਗਦਾ ਹੈ ਕਿ ਸਾਡਾ ਜਾਣੂ ਵਿਅਕਤੀ ਕੀ ਸੋਚੇਗਾ ਕਿ ਮੈਨੂੰ ਇਸ ਤਰ੍ਹਾਂ ਕੰਮ ਕਰਨਾ ਪੈਂਦਾ ਹੈ। ਪਰ ਇਹ ਸਭ ਉਨ੍ਹਾਂ ਲੋਕਾਂ ਨੂੰ ਹੀ ਲੱਗਦਾ ਜਾਂ ਮਹਿਸੂਸ ਹੁੰਦਾ ਹੈ ਜਿਹੜੇ ਲੋਕ ਆਪਣੇ ਕੰਮ ਨੂੰ ਘਟੀਆ ਜਾਂ ਨੀਵਾਂ ਮਹਿਸੂਸ ਕਰਦੇ ਹਨ ਤੇ ਆਪਣੇ ਆਪ ਨੂੰ ਉਸ ਕੰਮ ਨਾਲੋਂ ਬਹੁਤ ਵੱਡੇ। ਅਜਿਹਾ ਉਨ੍ਹਾਂ ਲੋਕਾਂ ਨੂੰ ਹੀ ਲੱਗਦਾ ਹੈ ਜਿਨ੍ਹਾਂ ਨੂੰ ਆਪਣੇ ਕੰਮ ਪ੍ਰਤੀ ਪਿਆਰ ਨਹੀਂ ਹੁੰਦਾ ਤੇ ਅਜਿਹਾ ਉਨ੍ਹਾਂ ਲੋਕਾਂ ਨੂੰ ਹੀ ਮਹਿਸੂਸ ਹੁੰਦਾ ਹੈ ਜਿਨ੍ਹਾਂ ਨੂੰ ਕੀਤੇ ਜਾ ਰਹੇ ਕੰਮ ਤੋਂ ਮਿਲਦੇ ਫਾਇਦੇ, ਮਿਹਨਤਾਨੇ ਜਾਂ ਸੰਤੁਸ਼ਟੀ ਦਾ ਅਹਿਸਾਸ ਨਹੀਂ ਹੁੰਦਾ। 
ਜਿਹੜੇ ਲੋਕਾਂ ਨੂੰ ਆਪਣੇ ਕੰਮ ਤੋਂ ਮਿਲਦੇ ਫਾਇਦੇ, ਮਿਹਨਤਾਨੇ, ਸੰਤੁਸ਼ਟੀ ਜਾਂ ਆਪਣੇ ਕੰਮ ਦੀ ਉਨ੍ਹਾਂ ਦੇ ਜੀਵਨ ਵਿਚ ਲੋੜ ਤੇ ਮਹੱਤਤਾ ਦਾ ਅਹਿਸਾਸ ਹੁੰਦਾ ਹੈ ਉਹ ਲੋਕ ਆਪਣੇ ਕੰਮ ਬਾਰੇ ਕਦੇ ਵੀ ਘਟੀਆ ਨਹੀਂ ਸੋਚਦੇ ਤੇ ਅਜਿਹੇ ਲੋਕ ਹੀ ਆਪਣੇ ਕੰਮ ਨੂੰ ਬੋਝ ਨਹੀਂ ਪੂਜਾ ਸਮਝਦੇ ਹਨ।
ਅੱਜ ਵੱਡੀਆਂ ਨੌਕਰੀਆਂ ’ਤੇ  ਬਿਰਾਜਮਾਨ ਤੇ ਉੱਚੀਆਂ ਤਨਖਾਹਾਂ ਲੈ ਰਹੇ ਲੋਕਾਂ ਵਿਚ ਆਪਣੇ ਕੰਮ ਪ੍ਰਤੀ ਅਜਿਹਾ ਨਾਪੱਖੀ ਅਹਿਸਾਸ ਵਧੇਰੇ ਵੇਖਣ ਨੂੰ ਮਿਲ ਰਿਹਾ ਹੈ। 
ਇੱਕ ਨਿੱਕੀ ਜਿਹੀ ਕਲੀਨਕ ਚਲਾ ਰਿਹਾ ਇੱਕ ਸਧਾਰਨ ਡਾਕਟਰ ਆਪਣੀ ਕਲੀਨਕ ’ਤੇ ਵੇਲੇ ਸਿਰ ਪਹੁੰਚ ਕੇ ਉਸ ਦੀ ਸਾਫ ਸਫਾਈ ਕਰਨ ਉਪਰੰਤ ਉਥੇ ਧੂਫ ਬੱਤੀ ਕਰਦਾ ਹੈ, ਦੇਰ ਰਾਤ ਤੱਕ ਆਪਣੀ ਕਲੀਨਕ ’ਤੇ ਬੈਠ ਕੇ ਮਰੀਜ਼ਾਂ ਨੂੰ ਵੇਖਦਾ ਹੈ, ਉਨ੍ਹਾਂ ਦਾ ਦੁੱਖ ਦਰਦ ਸਮਝਦਾ ਹੈ, ਉਨ੍ਹਾਂ ਨਾਲ ਲੋੜ ਅਨੁਸਾਰ ਉਧਾਰ-ਸੁਧਾਰ ਵੀ ਕਰਦਾ ਹੈ ਤੇ ਉਨ੍ਹਾਂ ਨਾਲ ਮਿੱਠੀ ਜ਼ੁਬਾਨ ਵਿਚ ਅਪਣੱਤ ਭਰਿਆ ਵਿਵਹਾਰ ਕਰਦਾ ਹੈ। ਜੇ ਕਦੇ ਲੋੜ ਹੋਵੇ ਰਾਤ ਵੇਲੇ ਵੀ ਬਿਨਾਂ ਕਿਸੇ ਹੀਲ ਹੁੱਜਤ ਤੋਂ ਉਹ ਆਪਣੇ ਮਰੀਜ਼ਾਂ ਨੂੰ ਦਵਾਈ ਦੇਣ ਲਈ ਉਨ੍ਹਾਂ ਦੇ ਘਰਾਂ ਤੱਕ ਜਾਣ ਵਿਚ ਵੀ ਕੋਈ ਸ਼ਰਮ ਨਹੀਂ ਮਹਿਸੂਸਦਾ। ਅਜਿਹਾ ਡਾਕਟਰ ਮਹੀਨੇ ਵਿਚ ਕੁੱਲ ਕਿੰਨਾ ਕੁ ਕਮਾ ਲੈਂਦਾ ਹੋਵੇਗਾ? 5 ਤੋਂ 20 ਹਜ਼ਾਰ ਰੁਪਏ ਕਹਿ ਸਕਦੇ ਹਾਂ ਪਰ ਦੂਜੇ ਪਾਸੇ ਸਰਕਾਰੀ ਜਾਂ ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਵਿਚ ਬੈਠਾ ਵੱਡਾ ਡਾਕਟਰ ਜੋ ਘੱਟੋ ਘੱਟ ਇੱਕ ਲੱਖ ਰੁਪਏ ਮਹੀਨਾ ਤੋਂ ਵੀ ਉਪਰ ਤਨਖਾਹ ਪ੍ਰਾਪਤ ਕਰ ਰਿਹਾ ਹੈ, ਉਸ ਦਾ ਆਪਣੇ ਕੰਮ ਪ੍ਰਤੀ ਕੀ ਵਿਵਹਾਰ ਹੈ, ਸ਼ਾਇਦ ਵਿਸਥਾਰ ਦੱਸਣ ਦੀ ਲੋੜ ਨਹੀਂ। ਉਹ ਆਪਣੇ ਬੈਠਣ ਸਥਾਨ ਨੂੰ ਕਿੰਨਾ ਕੁ ਆਪ ਸਾਫ ਕਰਦਾ ਹੈ, ਆਪਣੇ ਮਰੀਜ਼ਾਂ ਪ੍ਰਤੀ ਕਿੰਨੀ ਕੁ ਅਪਣੱਤ ਵਿਖਾਉਂਦਾ ਹੈ, ਆਪਣੀ ਡਿਉਟੀ ਤੋਂ ਪਹਿਲਾਂ ਜਾਂ ਪਿੱਛੋਂ ਉਹ ਕਿੰਨਾ ਕੁ ਮਰੀਜ਼ਾਂ ਵੱਲ ਤਵੱਕੋਂ ਦਿੰਦਾ ਹੈ, ਸਾਨੂੰ ਸਭ ਨੂੰ ਭਲੀ ਭਾਂਤ ਪਤਾ ਹੈ। ਹੁਣ ਇਥੇ ਵਿਚਾਰਨ ਵਾਲੀ ਗੱਲ ਹੈ ਕਿ ਇੱਕ ਪਾਸੇ 5 ਤੋਂ 20 ਕੁ ਹਜ਼ਾਰ ਰੁਪਏ ਕਮਾਉਣ ਵਾਲਾ ਡਾਕਟਰ ਹੈ ਤੇ ਦੂਜੇ ਪਾਸੇ ਇੱਕ ਲੱਖ ਤੋਂ ਉੱਪਰ ਕਮਾਉਣ ਵਾਲਾ ਡਾਕਟਰ ਹੈ ਦੋਹਾਂ ਵਿਚ ਆਪਣੇ ਕੰਮ ਪ੍ਰਤੀ ਵਿਵਹਾਰ ਵਿਚ ਇੰਨਾ ਵੱਡਾ ਅੰਤਰ ਕਿਉਂ ਹੈ! ਇਹ ਸਭ ਦੋਹਾਂ ਦੇ ਆਪਣੇ ਕੰਮ ਪ੍ਰਤੀ ਨਜ਼ਰੀਏ ਦਾ ਹੀ ਸਿੱਟਾ ਹੈ। ਇੱਕ ਆਪਣੇ ਕੰਮ ਨੂੰ ਆਪਣੀ ਰੋਜ਼ੀ ਰੋਟੀ ਦਾ ਮੁੱਖ ਸਾਧਨ ਸਮਝਦਾ ਹੈ, ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਸ ਦੇ ਘਰ ਦੇ ਸਾਰੇ ਖਰਚੇ ਉਸ ਦੀ ਕਲੀਨਕ ਤੋਂ ਹੀ ਪੂਰੇ ਹੋਣੇ ਹਨ। ਉਸ ਦੇ ਬੱਚਿਆਂ ਦੀ ਫੀਸ, ਬਿਜਲੀ ਦਾ ਬਿੱਲ, ਉਸ ਦੇ ਪਰਿਵਾਰ ਦੀਆਂ ਸਮੁੱਚੀਆਂ ਲੋੜਾਂ ਦੀ ਪੂਰਤੀ ਦਾ ਸਰੋਤ ਇਕੋ ਇੱਕ ਉਸ ਦੀ ਕਲੀਨਕ ਹੀ ਹੈ। ਉਸ ਨੂੰ ਅਹਿਸਾਸ ਹੈ ਕਿ ਜੇਕਰ ਉਹ ਆਪਣੀ ਕਲੀਨਕ ਨੂੰ ਸਾਫ ਸੁਥਰਾ ਨਹੀਂ ਰੱਖੇਗਾ, ਉਸ ਨੂੰ ਉਚਿੱਤ ਸਮਾਂ ਨਹੀਂ ਦੇਵੇਗਾ, ਆਪਣੇ ਮਰੀਜ਼ਾਂ ਨਾਲ ਅਪਣੱਤ ਨਾਲ਼ ਪੇਸ਼ ਨਹੀਂ ਆਵੇਗਾ, ਉਨ੍ਹਾਂ ਦੀ ਲੋੜ ਵੇਲੇ ਮੱਦਦ ਨਹੀਂ ਕਰੇਗਾ ਤਾਂ ਉਸ ਦੀ ਰੋਜ਼ੀ ਰੋਟੀ ਦਾ ਮੁੱਖ ਸਾਧਨ ਖੁੱਸ ਜਾਵੇਗਾ ਤੇ ਉਸ ਦੇ ਪਰਿਵਾਰ ਨੂੰ ਆਪਣੇ ਖਰਚੇ ਪੂਰੇ ਕਰਨ ਵਿਚ ਗੰਭੀਰ ਮੁਸ਼ਕਲ ਆਵੇਗੀ। ਇਸ ਤੋਂ ਇਲਾਵਾ ਮੱਧ ਵਰਗੀ ਆਰਥਿਕਤਾ ਵਾਲਾ ਵਿਅਕਤੀ ਆਮ ਕਰਕੇ ਪਰਮਾਤਮਾ-ਕੁਦਰਤ ਨਾਂ ਦੀ ਚੀਜ਼ ਦੀ ਹੋਂਦ ਨੂੰ ਵੀ ਸਵੀਕਾਰਦਾ ਹੈ ਤੇ ਇਸੇ ਕਰਕੇ ਉਸ ਦੇ ਮਨ ਵਿਚ ਪਰਮਾਤਮਾ-ਕੁਦਰਤ ਦੇ ਸਭ ਜੀਵਾਂ ਪ੍ਰਤੀ ਹਮਦਰਦੀ ਦੀ ਭਾਵਨਾ ਵੀ ਹੁੰਦੀ ਹੈ। ਅਜਿਹੀਆਂ ਭਾਵਨਾਵਾਂ ਸਦਕਾ ਹੀ ਅਜਿਹੇ ਵਿਅਕਤੀ ਨੂੰ ਆਪਣਾ ਕੰਮ ਪੂਜਾ ਹੀ ਲੱਗਦਾ ਹੈ।
ਦੂਜੇ ਪਾਸੇ ਵੱਧ ਤਨਖਾਹ ਲੈ ਰਿਹਾ ਡਾਕਟਰ ਉਸ ਨੂੰ ਮਿਲ ਰਹੀ ਤਨਖਾਹ ਦਾ ਮੁਥਾਜ ਨਹੀਂ ਹੈ। ਉਸ ਨੂੰ ਪੈਸੇ ਦੇ ਮੁੱਲ ਦਾ ਅਹਿਸਾਸ ਨਹੀਂ ਹੁੰਦਾ। ਉਸ ਨੂੰ ਕੁਦਰਤ-ਰੱਬ ਦੀਆਂ ਗੱਲਾਂ ਵੀ ਅਣਉੱਚਿਤ ਹੀ ਜਾਪਦੀਆਂ ਹਨ। ਉਸ ਨੂੰ ਲੱਗਦਾ ਹੈ ਕਿ ਉਹ ਜਿਸ ਕੁਰਸੀ ’ਤੇ ਬੈਠਾ ਹੈ ਉਸ ਨੂੰ ਇਹ ਹੱਕ ਇਸ ਲਈ ਪ੍ਰਾਪਤ ਹੋਇਆ ਹੈ ਕਿ ਉਸ ਨੇ ਐੱਡੀ ਵੱਡੀ ਡਿਗਰੀ ਕੀਤੀ ਹੈ। ਉਸ ਨੂੰ ਲੱਗਦਾ ਹੈ ਕਿ ਇਸ ਕੁਰਸੀ ਦੀ ਪ੍ਰਾਪਤੀ ਕਿਉਂਜੋ ਉਸ ਦੀ ਲਿਆਕਤ-ਪੜ੍ਹਾਈ, ਡਿਗਰੀ ਕਾਰਨ ਹੋਈ ਹੈ ਇਸ ਲਈ ਇਸ ਕੁਰਸੀ ’ਤੇ ਬੈਠ ਕੇ ਪੂਰੀ ਤਨਖਾਹ ਲੈਣਾ ਉਸ ਦਾ ਹੱਕ ਹੈ। ਉਹ ਇਹ ਸਮਝਦਾ ਹੀ ਨਹੀਂ ਕਿ ਉਸ ਨੂੰ ਤਨਖਾਹ ਇਸ ਕੁਰਸੀ ਜਾਂ ਅਹੁਦੇ ਉੱਪਰ ਬੈਠਣ ਲਈ ਨਹੀਂ ਸਗੋਂ ਇਸ ਕੁਰਸੀ ਜਾਂ ਅਹੁਦੇ ਉਪਰ ਬੈਠ ਕੇ ਇਸ ਅਹੁਦੇ ਦੇ ਨਿਰਧਾਰਤ ਕੰਮ ਨਿਪਟਾਉਣ ਬਦਲੇ ਮਿਲ ਰਹੀ ਹੈ। ਅਜਿਹੀਆਂ ਸੋਚਾਂ ਰੱਖਦੇ ਵਿਅਕਤੀ ਨੂੰ ਜਦੋਂ ਕੰਮ ਕਰਨਾ ਪੈਂਦਾ ਹੈ ਤਾਂ ਉਸ ਨੂੰ ਅਜਿਹਾ ਕੰਮ ਕਰਦਿਆਂ ਹੀਣ ਭਾਵਨਾ ਹੀ ਮਹਿਸੂਸ ਹੋਵੇਗੀ, ਉਸ ਨੂੰ ਆਪਣਾ ਕੰਮ ਕਰਦਿਆਂ ਔਖ ਹੀ ਮਹਿਸੂਸ ਹੋਵੇਗੀ, ਉਸ ਨੂੰ ਆਪਣੇ ਕਮਰੇ ਦੇ ਬਾਹਰ ਲੱਗੀ ਮਰੀਜ਼ਾਂ ਦੀ ਲਾਈਨ ਨੂੰ ਵੇਖ ਕੇ ਗੁੱਸਾ ਹੀ ਆਵੇਗਾ, ਉਸ ਲਈ ਆਪਣੇ ਮਰੀਜ਼ਾਂ ਦੀ ਗੱਲ ਸੁਣਨੀ ਦੁਖਦਾਈ ਹੀ ਹੋਵੇਗੀ, ਤੇ ਅਜਿਹੇ ਵਿਅਕਤੀ ਨੂੰ ਆਪਣਾ ਕੰਮ ਪੂਜਾ ਕਿਵੇਂ ਲੱਗ ਸਕਦਾ ਹੈ! ਅਜਿਹੇ ਵਿਅਕਤੀ ਲਈ ਹੀ ਉਸ ਦਾ ਕੰਮ ਉਸ ਲਈ ਬੋਝ ਬਣ ਜਾਂਦਾ ਹੈ। ਅਜਿਹਾ ਵਿਅਕਤੀ ਹੀ ਆਪਣੇ ਕੰਮ ਬਦਲੇ ਲੱਖਾਂ ਰੁਪਏ ਮਿਹਨਤਾਨਾ ਪ੍ਰਾਪਤ ਕਰਕੇ ਵੀ ਖੁਸ਼ੀ ਨਹੀਂ ਸਗੋਂ ਹਮੇਸ਼ਾਂ ਦੁਖ ਮਹਿਸੂਸ ਕਰਦਾ, ਵੰਡਦਾ ਤੇ ਹੰਢਾਉਂਦਾ ਹੈ। 
ਇਕੱਲੇ ਡਾਕਟਰ ਹੀ ਨਹੀਂ ਅਧਿਆਪਕ ਵਰਗ ਵਿਚ ਵੀ ਅਜਿਹਾ ਕੁੱਝ ਵੇਖਣ ਨੂੰ ਮਿਲ ਰਿਹਾ ਹੈ। ਇੱਕ ਛੋਟਾ ਜਿਹਾ ਸਕੂਲ ਚਲਾ ਰਿਹਾ ਆਪੇ ਬਣਿਆ ਪਿ੍ਰੰਸੀਪਲ ਆਪਣੇ ਸਕੂਲ ਨੂੰ ਤਰੱਕੀ ਵੱਲ ਲਿਜਾਣ ਲਈ ਕਿਸ ਤਰ੍ਹਾਂ ਦੇ ਪਾਪੜ ਵੇਲਦਾ ਹੈ। ਉਹ ਬੱਚਿਆਂ ਨਾਲ ਕਿਵੇਂ ਅਪਣੱਤ ਨਾਲ ਪੇਸ਼ ਆਉਂਦਾ ਹੈ, ਵਿਦਿਆਰਥੀਆਂ ਦੇ ਮਾਪਿਆਂ ਨਾਲ਼ ਕਿਸ ਤਰ੍ਹਾਂ ਦੀ ਨੇੜਤਾ ਪੈਦਾ ਕਰਕੇ ਰੱਖਦਾ ਹੈ, ਕਿਸ ਤਰ੍ਹਾਂ ਆਪਣੇ ਸਕੂਲ ਦੀ ਪੜ੍ਹਾਈ ਤੇ ਹੋਰ ਸਭਿਆਚਾਰਕ ਸਰਗਮੀਆਂ ’ਤੇ ਨਜ਼ਰ ਰੱਖ ਕੇ ਉਸ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਸ ਤਰ੍ਹਾਂ ਸਮੇਂ ਸਮੇਂ ਆਪਣੇ ਪਿੰਡ/ਮੁਹੱਲੇ ਵਿਚ ਰੈਲੀਆਂ ਕੱਢ ਕੇ ਜਾਂ ਆਪਣੇ ਅਧਿਆਪਕਾਂ ਨੂੰ ਘਰ ਘਰ ਭੇਜ ਕੇ ਨਵੇਂ ਵਿਦਿਆਰਥੀਆਂ ਨੂੰ ਆਪਣੇ ਸਕੂਲ ਵਿਚ ਦਾਖਲਾ ਲੈਣ ਲਈ ਪ੍ਰੇਰਿਤ ਕਰਦਾ ਹੈ, ਕਿਸ ਤਰ੍ਹਾਂ ਆਪਣੇ ਸਕੂਲ ਦਾ ਅਕਸ ਆਮ ਲੋਕਾਂ ਵਿਚ ਚੰਗਾ ਬਣਾਉਣ ਲਈ ਸੌ ਤਰ੍ਹਾਂ ਦੇ ਕਾਰਜ ਕਰਦਾ ਹੈ ਤੇ ਜੇ ਉਸ ਦੇ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਵੇ ਤਾਂ ਆਪ ਕਲਾਸਾਂ ਵਿਚ ਜਾ ਕੇ ਬੱਚਿਆਂ ਨੂੰ ਪੜ੍ਹਾਈ ਵੀ ਕਰਾਉਂਦਾ ਹੈ ਪਰ ਦੂਜੇ ਪਾਸੇ 70-80 ਹਜ਼ਾਰ ਰੁਪਏ ਦੇ ਕਰੀਬ ਤਨਖਾਹ ਪ੍ਰਾਪਤ ਕਰਨ ਵਾਲਾ ਅਸਲੀ ਪ੍ਰਿੰਸੀਪਲ ਆਪਣੇ ਸਕੂਲ ਪ੍ਰਤੀ ਕਿੰਨਾ ਕੁ ਫਿਕਰਮੰਦ ਹੈ, ਲਿਖਣ-ਦੱਸਣ ਦੀ ਲੋੜ ਨਹੀਂ। 
ਦੋਹਾਂ ਦੇ ਕੰਮਾਂ ਵਿਚ ਅਜਿਹਾ ਅੰਤਰ ਕਿਉਂ ਹੈ? ਸਪਸ਼ਟ ਹੈ, ਉਹੀ ਨਜ਼ਰੀਏ ਕਰਕੇ। ਇੱਕ ਆਪਣੇ ਕੰਮ ਨੂੰ ਆਪਣੀ ਰੋਜ਼ੀ ਰੋਟੀ ਦਾ ਮੁੱਖ ਸਾਧਨ ਮੰਨਦਾ ਹੈ ਤੇ ਦੂਜਾ ਆਪਣੇ ਕੰਮ ਨੂੰ ਬੋਝ ਬਣਾਈ ਬੈਠਾ ਹੈ। ਪਹਿਲਾ ਆਪਣੀ ਕਮਾਈ ਨੂੰ ਵਧਾ ਕੇ ਹੋਰ ਬਿਹਤਰ ਜ਼ਿੰਦਗੀ ਜਿਊਣ ਦੇ ਨਜ਼ਰੀਏ ਤੋਂ ਸੋਚ ਰਿਹਾ ਹੈ ਦੂਜਾ ਆਪਣੀ ‘ਡਿਊਟੀ ਵਜਾਉਣ’, ਟਾਈਮ ਪਾਸ ਕਰਨ ਜਾਂ ਸੇਵਾ ਮੁਕਤੀ ਵਿਚ ਰਹਿੰਦੇ 2-4 ਸਾਲਾਂ ਨੂੰ ਬਿਨਾਂ ਕਿਸੇ ਨਵੀਂ ਚੁਣੌਤੀ ਤੋਂ ਪੂਰਾ ਕਰਨ ਦੇ ਚੱਕਰ ’ਚ ਹੈ। 
ਇਥੇ ਵਰਤੇ ਗਏ ਸ਼ਬਦ ‘ਡਾਕਟਰ’ ਤੇ ‘ਪਿ੍ਰੰਸੀਪਲ’ ਇੱਕ ਪ੍ਰਤੀਕ ਮਾਤਰ ਹਨ। ਅੱਜ ਸਾਡੇ ਦੇਸ਼ ਦੇ ਸਾਰੇ ਹੀ ਵੱਡੇ ਛੋਟੇ ਅਹੁਦਿਆਂ ਦਾ ਇਹੋ ਹੀ ਹਾਲ ਹੋਇਆ ਪਿਆ ਹੈ। ਵੈਸੇ ਕੋਈ ਕਿੱਤਾ-ਵਿਸ਼ੇਸ਼ ਜਾਂ ਕਿਸੇ ਵਰਗ-ਵਿਸ਼ੇਸ਼ ਦੇ ਸਾਰੇ ਵਿਅਕਤੀ ਹਮੇਸ਼ਾਂ ਇਕੋ ਜਿਹੇ ਸੁਭਾਅ ਦੇ ਨਹੀਂ ਹੋਇਆ ਕਰਦੇ, ਹਰ ਵਰਗ ਜਾਂ ਹਰ ਕਿੱਤੇ ਵਿਚ ਆਪਣੇ ਕੰਮ ਨੂੰ ਪੂਜਾ ਮੰਨਣ ਵਾਲੇ ਲੋਕਾਂ ਦਾ ਹਾਲੇ ਬੀਜ ਨਾਸ ਨਹੀਂ ਹੋਇਆ ਹੈ। ਪਰ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਖਾਸ ਕਰਕੇ ਆਮ ਸਰਕਾਰੀ ਨੌਕਰਾਂ ਦਾ ਹਾਲ ਉਪਰੋਕਤ ਡਾਕਟਰਾਂ-ਪ੍ਰਿੰਸੀਪਲਾਂ ਵਾਲਾ ਹੀ ਹੈ। ਬੈਂਕਾਂ, ਰੇਲਵੇ, ਡਾਕਖਾਨੇ, ਸਕੂਲ, ਹਸਪਤਾਲ, ਤਹਿਸੀਲਾਂ, ਕੋਰਟ-ਕਚਹਿਰੀਆਂ, ਥਾਣੇ, ਕਾਰਪੋਰੇਸ਼ਨਾਂ  ਗੱਲ ਕੀ ਹਰ ਅਦਾਰੇ ਦਾ ਹਾਲ ਇਕੋ ਜਿਹਾ ਹੀ ਹੈ। ਨੌਕਰਸ਼ਾਹਾਂ ਦੀ ਹੀ ਗੱਲ ਨਹੀਂ ਉਹ ਲੋਕ ਜਿਹੜੇ ਜਨਤਾ ਦੀ ਸੇਵਾ ਕਰਨ ਲਈ, ਜਨਤਾ ਅੱਗੇ ਹੱਥ ਜੋੜ ਜੋੜ ਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਸਿਆਸੀ ਅਹੁਦੇ ਪ੍ਰਾਪਤ ਕਰਦੇ ਹਨ, ਅਹੁਦੇ ਪ੍ਰਾਪਤੀ ਬਾਅਦ ਉਨ੍ਹਾਂ ਦਾ ਆਪਣੇ ਕੰਮ ਪ੍ਰਤੀ ਨਜ਼ਰੀਆ ਵੀ ਉਪਰੋਕਤ ਦਫਤਰੀ ਕਾਮਿਆਂ ਤੋਂ ਘੱਟ ਨਹੀਂ ਹੁੰਦਾ। ਉਨ੍ਹਾਂ ਕੋਲ ਜਦ ਕੋਈ ਆਮ ਵਿਅਕਤੀ ਆਪਣੇ ਕਿਸੇ ਕੰਮ ਲਈ ਜਾਂਦਾ ਹੈ ਤਾਂ ਅਜਿਹੇ ‘ਜਨਤਾ ਸੇਵਕ’ ਉਸ ਦੀ ਸਤਿ ਸ੍ਰੀ ਅਕਾਲ, ਨਮਸਤੇ ਦਾ ਜਵਾਬ ਦੇਣਾ ਵੀ ਜਾਇਜ਼ ਨਹੀਂ ਸਮਝਦੇ।  ਆਪਣੇ ‘ਰੱਬ ਵਰਗੇ ਵੋਟਰ’ ਨੂੰ ਬਹਿਜਾ ਖੜ੍ਹਜਾ ਕਹਿਣਾ ਤਾਂ ਦੂਰ ਦੀ ਗੱਲ ਰਹੀ! ਆਪਣੇ ਦੇਸ਼ ਵਿਚ ਹਰ ਛੋਟੇ ਅਹੁਦੇ ਤੋਂ ਲੈ ਕੇ ਵੱਡੇ ਅਹੁਦੇ ਤੱਕ ਦੇ ਵਿਅਕਤੀ ਨੇ ਆਪਣੇ ਕੰਮ ਨੂੰ ਬੋਝ ਬਣਾ ਲਿਆ ਹੈ, ਉਸ ਲਈ ਕੰਮ ਪੂਜਾ ਨਹੀਂ ਰਿਹਾ। ਹਰ ਵਿਅਕਤੀ ਇਹ ਹੀ ਸਮਝਦਾ ਹੈ ਕਿ ਉਸ ਨੂੰ ਉਸ ਦੀ ਕੁਰਸੀ ਉਪਰ ਬੈਠਣ ਦੀ ਹੀ ਤਨਖਾਹ ਮਿਲਦੀ ਹੈ, ਕੰਮ ਕਰਨ ਦੀ ਨਹੀਂ। ਜੇ ਕਿਸੇ ਨੇ ਉਸ ਤੋਂ ਆਪਣਾ ਕੰਮ ਕਰਵਾਉਣਾ ਹੈ ਤਾਂ ਉਸ ਬਦਲੇ ਦਾ ਮਿਹਨਤਾਨਾ, ਕੰਮ ਕਰਵਾਉਣ ਵਾਲੇ ਵਲੋਂ ਵੱਖਰੇ ਤੌਰ ’ਤੇ ਦਿੱਤਾ ਜਾਣਾ ਚਾਹੀਦਾ ਹੈ, ਜਾਂ ਅਸੀਂ ਆਪਣੇ ਹਿੱਸੇ ਦਾ ਕੰਮ ਕਰਨ ਨੂੰ ਆਪਣੀ ਡਿਊਟੀ ਨਹੀਂ ਸਮਝ ਰਹੇ ਸਗੋਂ ਜਿਹਨਾਂ ਲਈ ਇਹ ਕੰਮ ਕੀਤਾ ਜਾ ਰਿਹਾ ਹੈ ਉਨ੍ਹਾਂ ਲੋਕਾਂ ਉਪਰ ਕੀਤਾ ਗਿਆ ਬਹੁਤ ਵੱਡਾ ਅਹਿਸਾਨ ਹੀ ਸਮਝ ਰਹੇ ਹਾਂ।
ਕਿੱਡਾ ਵੱਡਾ ਭਰਮ ਪਾਲ਼ੀ ਬੈਠੇ ਹਾਂ ਅਸੀਂ ਲੋਕ। ਅਸੀਂ ਕਿਉਂ ਨਹੀਂ ਸਮਝਦੇ ਕਿ ਸਾਨੂੰ ਮਿਲੀ ਕੁਰਸੀ ਜਾਂ ਅਹੁਦਾ ਤਾਂ ਸਾਡੀ ਯੋਗਤਾ ਦਾ ਸਿੱਟਾ ਹੈ ਤੇ ਸਾਨੂੰ ਮਿਲ ਰਹੀ ਤਨਖਾਹ ਉਸ ਅਹੁਦੇ ਜਾਂ ਕੁਰਸੀ ’ਤੇ ਰਹਿੰਦੇ ਹੋਏ ਕੀਤੇ ਜਾ ਰਹੇ ਕੰਮਾਂ ਦਾ ਮਿਹਨਤਾਨਾ ਹੈ। ਸਾਨੂੰ ਸਾਡੀ ਤਨਖਾਹ ਸਾਡੀਆਂ ਡਿਗਰੀਆਂ ਕਰਕੇ ਨਹੀਂ ਮਿਲ ਰਹੀ ਜੇ ਅਜਿਹਾ ਹੁੰਦਾ ਤਾਂ ਸਾਡੇ ਬਰਾਬਰ ਦੀ ਡਿਗਰੀ ਰੱਖਦੇ ਹਰੇਕ ਵਿਅਕਤੀ ਨੂੰ ਭਾਵੇਂ ਉਹ ਨੌਕਰੀ ਵਿਚ ਹੈ ਜਾਂ ਨਹੀਂ, ਸਾਡੇ ਜਿੰਨੀ ਹੀ ਤਨਖਾਹ ਮਿਲਣੀ ਚਾਹੀਦੀ ਸੀ, ਪਰ ਅਜਿਹਾ ਨਹੀਂ ਹੈ। ਡਿਗਰੀ ਜਾਂ ਯੋਗਤਾ ਉਸ ਅਹੁਦੇ ਤੱਕ ਪਹੁੰਚਣ ਲਈ ਇੱਕ ਪੌੜੀ ਦੇ ਸਮਾਨ ਹੈ ਤੇ ਤਨਖਾਹ ਉਸ ਮੁਕਾਮ ਜਾਂ ਅਹੁਦੇ ’ਤੇ ਪਹੁੰਚ ਕੇ ਕੀਤੇ ਗਏ ਕੰਮਾਂ ਦਾ ਮਿਹਨਤਾਨਾ।
ਸਿੱਧੇ ਜਿਹੀ ਗੱਲ ਹੈ, ਮੰਨ ਲਓ ਮੈਂ ਇੱਕ ਰਾਜ ਮਿਸਤਰੀ ਹਾਂ। ਤੁਸੀਂ ਆਪਣੇ ਘਰ ਕੋਈ ਕੰਮ ਕਰਵਾਉਣਾ ਹੈ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੀ ਮੈਂ ਪੀ-ਐਚ.ਡੀ ਹਾਂ, ਮੈਂ ਆਪਣੇ ਕੰਮ ਵਿਚ ਪੂਰਾ ਮਾਹਿਰ ਹਾਂ, ਮੇਰੇ ਕੋਲ ਜੋ ਸਮਾਨ ਹੈ ਉਹ ਵੀ ਬਾਹਰਲੇ ਦੇਸ਼ੋਂ, ਵਧੀਆ ਕਿਸਮ ਦਾ ਤੇ ਮਹਿੰਗਾ ਮੰਗਵਾਇਆ ਹੋਇਆ ਹੈ। ਤੁਸੀਂ ਮੇਰੀਆਂ ਗੱਲਾਂ ਸੁਣ ਕੇ ਮੇਰੇ ਨਾਲ ਆਪਣੇ ਘਰ ਕੰਮ ਕਰਵਾਉਣ ਦੀ ਗੱਲਬਾਤ ਤਹਿ ਕਰ ਲੈਂਦੇ ਹੋ।ਦੂਸਰੇ ਦਿਨ ਮੈਂ ਤੁਹਾਡੇ ਘਰ ਪੈਂਟ-ਕੋਟ ਪਾ ਕੇ ਤੇ ਟਾਈ ਲਗਾ ਕੇ ਪਹੁੰਚ ਜਾਵਾਂ ਤੇ ਸ਼ਾਮ ਤੱਕ ਕੁਰਸੀ ’ਤੇ ਬੈਠ ਕੇ ਅਖਬਾਰ ਪੜ੍ਹਦਾ ਰਹਾਂ,  ਕੰਮ ਕੋਈ ਨਾ ਕਰਾਂ, ਕੀ ਅਜਿਹੇ ਹਾਲਾਤਾਂ ਵਿਚ ਤੁਸੀਂ ਸ਼ਾਮ ਵੇਲੇ ਮੈਨੂੰ ਮੇਰੇ ਵਲੋਂ ਮੰਗੀ ਗਈ ਬਣਦੀ ਦਿਹਾੜੀ/ਮਿਹਨਤਾਨਾ ਦੇਵੋਗੇ? ਨਹੀਂ ਬਿਲਕੁਲ ਨਹੀਂ। ਤੁਸੀਂ ਕਹੋਗੇ-“ਭਾਈ ਜਾਨ ਅਸੀਂ ਤੁਹਾਡੀ ਪੀ-ਐਚ.ਡੀ ਤੇ ਟੌੌਰ੍ਹ-ਫੌਰ ਨਹੀਂ ਵੇਖਣੀ, ਸਾਨੂੰ ਕੰਮ ਚਾਹੀਦਾ ਹੈ, ਅਸੀਂ ਪੈਸੇ ਕੰਮ ਦੇ ਦੇਣੇ ਆ ਨਾ ਕਿ ਤੁਹਾਡੀ ਯੋਗਤਾ ਜਾਂ ਟੌਰ੍ਹ ਦੇ। ਕੰਮ ਸਾਰਾ ਦਿਨ ਤੁਸੀਂ ਕੋਈ ਕੀਤਾ ਨਹੀਂ ਤੇ ਸ਼ਾਮ ਨੂੰ ਪੈਸੇ ਦੱਸੋ ਤੁਹਾਨੂੰ ਕਾਹਦੇ ਦੇਈਏ?”
ਮੇਰੇ ਨਾਲ ਅਜਿਹਾ ਕਰਦੇ ਹੋਏ ਤੁਸੀਂ ਬਿਲਕੁਲ ਸਹੀ ਹੋਵੇਗੇ। ਪਰ ਜਨਾਬ ਜ਼ਰਾ ਸੋਚੋ, ਕੀ ਅਸੀਂ ਖੁਦ ਤਾਂ ਸਰਕਾਰਾਂ ਪਾਸੋਂ ਆਪਣੀ ਯੋਗਤਾ ਤੇ ਟੌਰ੍ਹ-ਫੌਰ ਦੇ ਹੀ ਪੈਸੇ ਨਹੀਂ ਲਈ ਜਾ ਰਹੇ ? ਕੀ ਅਸੀਂ ਕੀਤੇ ਕੰਮ ਦੇ ਹੀ ਪੈਸੇ ਲੈ ਰਹੇ ਹਾਂ??
ਮੇਰੇ ਸਾਥੀ ਮੁਲਾਜ਼ਮਾਂ ਦਾ ਇਹ ਕਹਿਣਾ ਹੋ ਸਕਦਾ ਹੈ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਅਸੀਂ ਕੰਮ ਨੂੰ ਪੂਜਾ ਮੰਨ ਕੇ ਆਪਣਾ ਕੰਮ ਕਰੀਏ ਪਰ ਸਮੇਂ ਦੀਆਂ ਸਰਕਾਰਾਂ ਸਾਨੂੰ ਅਜਿਹਾ ਨਹੀਂ ਕਰਨ ਦਿੰਦੀਆਂ। ਉੱਚ ਅਧਿਕਾਰੀ ਸਾਨੂੰ ਅਜਿਹਾ ਨਹੀਂ ਕਰਨ ਦਿੰਦੇ। ਸਰਕਾਰਾਂ ਅਤੇ ਉੱਚ ਅਧਿਕਾਰੀ ਸਾਨੂੰ ਆਪਣੇ ਕੰਮ ਸਥਾਨਾਂ ’ਤੇ ਸਾਨੂੰ ਮਾਲਕੀ ਵਾਲਾ ਅਹਿਸਾਸ ਹੀ ਨਹੀਂ ਹੋਣ ਦਿੰਦੇ, ਅਸੀਂ ਨੌਕਰਾਂ ਵਾਲੀ ਜੂਨ ਹੰਢਾਉਂਦੇ ਹੰਢਾਉਂਦੇ ਅਖੀਰ ਨੌਕਰਾਂ ਵਾਲਾ ਵਿਵਹਾਰ ਹੀ ਸਿੱਖ ਜਾਂਦੇ ਹਾਂ। ਸਿਰਫ ਉਨਾਂ ਕੁ ਹੀ ਕੰਮ ਕਰਕੇ ਰਾਜ਼ੀ ਹਾਂ ਜਿੰਨਾ ਕੁ ਸਾਡੀ ਨੌਕਰੀ ਲਈ ਇਹ ਵਿਖਾਉਣ ਲਈ ਕਾਫੀ ਹੁੰਦਾ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਜਾਂ ਅਸੀਂ ਰੁੱਝੇ ਹੋਏ ਹਾਂ। 
ਫਜ਼ੂਲ ਦੀਆਂ ਝਿੜਕਾਂ, ਰੋਹਬ, ਹੈਂਕੜ, ਆਪਣੀ ਸਮਾਜਿਕ-ਆਰਥਿਕ-ਰਾਜਨੀਤਿਕ ਸਥਿਤੀ ਦਾ ਨੌਕਰੀ ਵਿਚ ਵਿਖਾਵਾ ਤੇ ਘੁਸਪੈਠ, ਪੱਖਪਾਤ, ਵਿਤਕਰੇ ਤੇ ਉਪਰਲਿਆਂ ਦੀਆਂ ਵਗਾਰਾਂ ਜਾਂ ਆਕਾਵਾਂ ਲਈ ਪੈਸੇ ਇਕੱਠੇ ਕਰਕੇ ਦੇਣ ਦੀਆਂ ਮਜਬੂਰੀਆਂ ਚੰਗੇ ਭਲੇ ਲੋਕਾਂ ਨੂੰ ਵੀ ਆਪਣੇ ਕੰਮ ਨੂੰ ਬੋਝ ਸਮਝਣ ਦਾ ਕਾਰਨ ਬਣਦੀਆਂ ਹਨ। 
ਆਪਣੇ ਹਿੱਸੇ ਦੇ ਘਰੇਲੂ ਕੰਮਾਂ ਨੂੰ ਬੋਝ ਸਮਝਣ ਦਾ ਵਰਤਾਰਾ ਵੀ ਅੱਜ ਦੇ ਜ਼ਮਾਨੇ ਵਿਚ ਬਦਲਦੇ ਨੌਕਰੀ ਪੇਸ਼ਾ ਮਾਹੌਲ, ਪਦਾਰਥੀ-ਮੋਹ, ਅਹੁਦਿਆਂ ਤੇ ਯੋਗਤਾਵਾਂ ਦੇ ਫੱਟਿਆਂ ਦਾ ਘਰਾਂ ਵਿਚ ਪ੍ਰਛਾਵਾਂ ਅਤੇ ਰਿਸ਼ਤਿਆਂ ਦੀ ਭਾਵਨਾ ਵਿਚ ਆ ਰਹੀਆਂ ਗਿਰਾਵਟਾਂ ਦਾ ਹੀ ਸਿੱਟਾ ਹੈ। 
ਕੰਮ ਪੂਜਾ ਹੀ ਰਹੇ ਇਸ ਲਈ ਸਾਨੂੰ ਸਭ ਨੂੰ ਉਪਰੋਂ ਹੇਠਾਂ ਵੱਲ ਸੋਚਣ ਤੇ ਬਦਲਣ ਦੀ ਲੋੜ ਹੈ।
ਬਲਵਿੰਦਰ ਸਿੰਘ ਕਾਲੀਆ (ਡਾ.)
ਮੋਬਾਇਲ : 99140-09160


No comments: