Tuesday, May 10, 2016

ਇਹ ਹਮਲਾ ਸਿਰਫ ਬੈਂਸ ਭਰਾਵਾਂ ਤੇ ਨਹੀਂ ਅਪੋਜ਼ੀਸ਼ਨ 'ਤੇ-ਸੁਨੀਲ ਜਾਖੜ

Updated 09:00 Wednesday, 10 May 2016
ਅਸੀਂ ਪੂਰੀ ਤਰਾਂ ਬੈਂਸ ਭਰਾਵਾਂ ਦੇ ਨਾਲ ਹਾਂ 
ਲੁਧਿਆਣਾ: 10 ਮਈ 2016: (ਪੰਜਾਬ ਸਕਰੀਨ ਬਿਊਰੋ):

ਚੋਣਾਂ ਦੇ ਇਸ ਨਾਜ਼ੁਕ ਮੌਕੇ ਤੇ ਵੀ ਆਪਸੀ ਗੁੱਟਬੰਦੀਆਂ ਅਤੇ ਬੱਚਿਆਂ ਵਾਲੀ ਬੇਫਿਕਰੀ ਵਿੱਚ ਉਲਝੀ ਕਾਂਗਰਸ ਪਾਰਟੀ ਨੂੰ ਟੀਮ ਇਨਸਾਫ਼ ਦੇ ਖਿਲਾਫ਼ ਹੋਈ ਕਾਰਵਾਈ ਨੇ ਜਗਾਉਣ ਦਾ ਕੰਮ ਕੀਤਾ ਹੈ। ਫਾਸਟਵੇਅ ਕੇਬਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਟੀਮ ਇਨਸਾਫ਼ ਦੇ ਮੁਖੀ ਅਤੇ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਅੱਜ ਕਾਂਗਰਸ ਖੁਲ੍ਹ ਕੇ ਨਿੱਤਰ ਆਈ ਹੈ। ਥਾਣੇ ਵਿੱਚ ਬੰਦ ਬੈਂਸ ਨੂੰ ਮਿਲਣ ਪੁੱਜੇ ਕਾਂਗਰਸੀ ਆਗੂਆਂ ਨੂੰ ਅੱਜ ਪੁਲੀਸ ਨੇ ਆਜ਼ਾਦ ਵਿਧਾਇਕ ਨਾਲ ਮੁਲਾਕਾਤ ਨਾ ਕਰਨ ਦਿੱਤੀ। ਇਸਤੋਂ ਬਾਅਦ ਰੋਹ ਵਿੱਚ ਆਏ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਰਕਟ ਹਾਊਸ ਵਿੱਚ  ਕਿਹਾ ਕਿ ਹੁਣ ਇਸ ਸਰਕਾਰ ਦਾ ਅੰਤ ਆ ਗਿਆ ਹੈ। 
ਦੱਸੇ ਗਏ ਵੇਰਵੇ ਮੁਤਾਬਿਕ ਕਾਂਗਰਸੀ ਵਿਧਾਇਕ ਸੁਨੀਲ ਜਾਖੜ, ਭਾਰਤ ਭੂਸ਼ਣ ਆਸ਼ੂ, ਸੁਖਜਿੰਦਰ ਰੰਧਾਵਾ ਨੇ ਅੱਜ ਪਹਿਲਾਂ ਤਾਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਿਲਣ ਲਈ ਬਾਕਾਇਦਾ ਪੁਲੀਸ ਕਮਿਸ਼ਨਰ ਤੋਂ ਮਨਜ਼ੂਰੀ ਲਈ। ਇਹਨਾਂ ਤਿੰਨਾਂ ਵਿਧਾਇਕਾਂ ਨੂੰ ਮੁਲਾਕਾਤ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਪੁਲੀਸ ਕਰਮਚਾਰੀਆਂ ਨੇ ਵਿਧਾਇਕਾਂ ਨੂੰ ਬੈਂਸ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ। ਥਾਣੇ ਵਿੱਚ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਵਿਧਾਇਕ ਬੈਂਸ ਨੂੰ ਮਿਲਣ ਤੋਂ ਰੋਕਿਆ ਅਤੇ ਉਨ੍ਹਾਂ ਦੇ ਥਾਣੇ ਦੇ ਬਾਹਰ ਖੜ੍ਹਿਆਂ ਹੀ ਕੋਲੋਂ ਵਿਧਾਇਕ ਬੈਂਸ ਨੂੰ ਪੇਸ਼ੀ ਲਈ ਲੁਧਿਆਣਾ ਕਚਹਿਰੀ ਵੱਲ ਲੈ ਕੇ ਤੁਰ ਪਏ। ਇਸ ਤੋਂ ਬਾਅਦ ਸਰਕਟ ਹਾਊਸ ਵਿੱਚ ਪਹੁੰਚੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ ’ਤੇ ਤਾਬੜਤੋੜ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਾਨਾਸ਼ਾਹੀ ’ਤੇ ਉੱਤਰ ਆਈ ਹੈ। ਐਮਰਜੈਂਸੀ ਦੇ ਵਿਰੋਧ ਦਾ ਡਰਾਮਾ ਕਰਕੇ ਇੱਥੋਂ ਤੱਕ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਬੈਂਸ ਦੇ ਨਾਲ ਖੜ੍ਹੇ ਹਨ ਕਿਉਂਕਿ ਇਹ ਜਨਤਕ ਮੁੱਦਾ ਹੈ, ਜਿਸ ਦਾ ਉਹ ਸਾਥ ਦਿੰਦੇ ਹਨ। ਉਹਨਾਂ ਇਸ ਸਿਧਾਂਤਕ ਸਮਰਥਨ ਨੂੰ ਬਾਰ ਬਾਰ ਦੁਹਰਾਉਂਦਿਆਂ ਕਿਹਾ ਕਿ ਇਹ ਇੱਕ ਗੈਰ ਜਮਹੂਰੀ ਕਾਰਵਾਈ ਹੈ ਜਿਸਤੋਂ ਸਾਬਿਤ ਹੁੰਦਾ ਹੈ ਕਿ ਵਿਨਾਸ਼-ਕਾਲੇ ਵਿਪਰੀਤ ਬੁਧੀ।  ਹੁਣ ਇਸ ਸਰਕਾਰ ਦਾ ਅੰਤ ਆ ਗਿਆ ਹੈ। 
ਪੱਤਰਕਾਰ ਮਿਲਣੀ ਦੌਰਾਨ ਬੈਂਸ ਭਰਾਵਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੇ ਮੰਤਵ ਬਾਰੇ ਪੁੱਛੇ ਜਾਣ ’ਤੇ ਸ੍ਰੀ  ਜਾਖੜ ਨੇ ਕਿਹਾ ਕਿ ਸਿਆਸੀ ਤੌਰ ’ਤੇ ਉਨ੍ਹਾਂ ਦੇ ਬੈਂਸ ਭਰਾਵਾਂ ਨਾਲ ਵਿਚਾਰਕ ਮੱਤਭੇਦ ਹੋ ਸਕਦੇ ਹਨ ਪਰ ਸਿਧਾਂਤਕ ਤੌਰ ’ਤੇ ਅੱਜ ਕਾਂਗਰਸ ਪਾਰਟੀ ਹਰ ਉਸ ਸ਼ਖ਼ਸ ਦੇ ਨਾਲ ਹੈ, ਜਿਸਦੀ ਆਵਾਜ਼ ਨੂੰ ਬਾਦਲ ਸਰਕਾਰ ਬੰਦ ਕਰਨਾ ਚਾਹੁੰਦੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਗੈਂਗਸਟਰ ਸੁਰੱਖਿਆ ਛੱਤਰੀ ਹੇਠ ਘੁੰਮ ਰਹੇ ਹਨ ਤੇ ਚੁਣੇ ਹੋਏ ਨੁਮਾਇੰਦਿਆਂ ਨਾਲ ਅਤਿਵਾਦੀਆਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਆਗੂ ਕੁਲਵੰਤ ਸਿੰਘ ਸਿੱਧੂ, ਰਾਜੀਵ ਰਾਜਾ, ਸਤੀਸ਼ ਸ਼ੌਮੈਨ, ਯੋਗੇਸ਼ ਹਾਂਡਾ ਆਦਿ ਮੌਜੂਦ ਸਨ। ਉਹਨਾਂ ਕਿਹਾ ਕਿ ਇਹ ਹਮਲਾ ਸਿਰਫ ਬੈਂਸ ਭਰਾਵਾਂ ਤੇ ਨਹੀਂ ਬਲਕਿ ਅਪੋਜ਼ੀਸ਼ਨ 'ਤੇ ਹਮਲਾ ਹੈ। ਇਸ ਮੌਕੇ ਮੌਜੂਦ ਸਾਰੇ ਕਾਂਗਰਸ ਆਗੂ ਇੱਕਜੁੱਟ ਨਜਰ ਆਏ। 
ਪੱਗ ਦੇ ਅਪਮਾਨ ਤੇ ਵੀ ਤਿੱਖਾ ਵਿਰੋਧ 
ਇਸ ਦੌਰਾਨ ਪੱਗ ਦੇ ਅਪਮਾਨ ਦੀ ਵੀ ਚਰਚਾ ਰਹੀ। ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੁਲੀਸ ਵੱਲੋਂ ਧੱਕੇ-ਮੁੱਕੀ ਦੌਰਾਨ ਸਿਮਰਜੀਤ ਸਿੰਘ ਬੈਂਸ ਦੀ ਪੱਗ ਖੋਲ੍ਹਣ ਅਤੇ ਕੇਸਾਂ ਦੇ ਬੇਅਦਬੀ ਕਰਨ ਦੇ ਮਾਮਲੇ ਵਿੱਚ ਉਹ ਸਰਕਾਰ ਨੂੰ ਜ਼ਰੂਰ ਘੇਰਨਗੇ। ਉਨ੍ਹਾਂ ਕਿਹਾ ਕਿ ਵਿਧਾਇਕ ਬੈਂਸ ਦੀ ਪੱਗ ਉਤਾਰਨ ਅਤੇ ਉਨ੍ਹਾਂ ਦੇ ਕੱਪੜੇ ਪਾੜਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਸਾਰੇ ਮਾਮਲੇ ਤੇ ਕਾਂਗਰਸ ਲੀਡਰਸ਼ਿਪ ਇੱਕਜੁੱਟ ਨਜਰ ਆਈ। 
ਵਿਰੋਧੀ ਧਿਰ  ਦੀ ਜ਼ਿੰਮੇਵਾਰੀ ਤੇ ਕੀਤਾ ਟਾਲਮਟੋਲ 
ਇਹ ਪੁੱਛੇ ਜਾਣ ਤੇ ਕਿ ਕਾਂਗਰਸ ਪਾਰਟੀ ਅਪੋਜ਼ੀਸ਼ਨ ਵਿੱਚ ਹੋਣ ਦੇ ਬਾਵਜੂਦ ਖੁਦ ਤਾਂ ਇਸ ਜ਼ਿੰਮੇਵਾਰੀ ਤੋਂ ਅਕਸਰ ਕਤਰਾ ਜਾਂਦੀ ਹੈ ਅਤੇ ਬਾਅਦ ਵਿੱਚ ਜਦੋਂ ਕੋਈ ਹੋਰ ਇਸ ਨੂੰ ਨਿਭਾਵੇ ਤਾਂ ਕਾਂਗਰਸ ਹਮਾਇਤ ਵਿੱਚ ਉਤਰ ਆਉਂਦੀ ਹੈ ਤਾਂ ਕਾਂਗਰਸ ਪਾਰਟੀ ਦੇ ਆਗੂ ਇਸ ਸੁਆਲ ਦਾ ਜੁਆਬ ਦੇਣ ਵਿੱਚ ਟਾਲਮਟੋਲ ਕਰ ਗਏ।  

No comments: