Saturday, May 21, 2016

ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਿੱਚ ਹੋਇਆ ਇਤਿਹਾਸਿਕ ਇੱਕਠ

ਹਾਲਤ ਅੱਜ ਵੀ ਅਤੀਤ ਵਰਗੀ ਨਾਜ਼ੁਕ ਅਤੇ ਗੰਭੀਰ 
ਐੱਸ. ਏ. ਐੱਸ. ਨਗਰ: 21 ਮਈ 2016: (ਪੰਜਾਬ ਸਕਰੀਨ ਬਿਊਰੋ):
ਜਦੋਂ ਪਾਰਟੀਆਂ ਸਾਹਸੱਤਹੀਣ ਹੋ ਜਾਣ ਜਾਂ ਗੁੱਟਬੰਦੀਆਂ ਦਾ ਸ਼ਿਕਾਰ ਹੋ ਕੇ ਬੇਅਸਰ ਹੋਈਆਂ ਜਾਪਣ ਲੱਗ ਪੈਣ ਤਾਂ ਉਦੋਂ ਕੁਝ ਵਿਅਕਤੀ ਆਪਣੇ ਨਿਜੀ ਪਰਭਾਵਾਂ ਨਾਲ ਇੱਕ ਮਿਕਨਾਤੀਸੀ ਸ਼ਖਸੀਅਤ ਬਣ ਕੇ ਉਭਰਦੇ ਹਨ। ਕੁਝ ਅਜਿਹਾ ਹੀ ਕਰਿਸ਼ਮਾ ਮਹਿਸੂਸ ਹੋਇਆ ਅੱਜ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਅੰਦਰ। ਅਕਸਰ ਵਿਵਾਦਾਂ ਵਿੱਚ ਘਿਰੇ ਰਹਿ ਕੇ ਵੀ ਹਰਮਨ ਪਿਆਰੇ ਬਣੇ ਰਹਿਣ ਵਾਲੇ ਆਗੂ ਜਗਮੀਤ ਸਿੰਘ ਬਰਾੜ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਵਿੱਚ ਕਾਮਯਾਬ ਰਹੇ ਲੱਗਦੇ ਹਨ। ਅੱਜ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਾਲੀ ਰੈਲੀ ਇੱਕ ਕਾਮਯਾਬ ਰੈਲੀ ਸੀ। ਇਹ ਗੱਲ ਵੱਖਰੀ ਹੈ ਕਿ ਸਿਆਸੀ ਜੋੜਾਂ ਤੋੜਾਂ ਵਾਲੇ ਇਸ ਯੁਗ ਵਿੱਚ ਇਹ ਰੈਲੀ ਅਸਲ ਵਿੱਚ ਕਿਸ ਕਿਸ ਨੂੰ ਸਫਲ ਬਣਾਉਣ ਵਿੱਚ ਸਹਾਈ ਹੋਵੇਗੀ ਅਤੇ ਕਿਸ ਕਿਸ ਨੂੰ ਨਾਕਾਮ ਕਰੇਗੀ। ਇਸ ਨਾਲ "ਕਾਂਗਰਸ ਮੁਕਤ ਪੰਜਾਬ" ਦਾ "ਸੁਪਨਾ" ਸਾਕਾਰ ਹੋਵੇਗਾ ਜਾਂ ਫੇਰ "ਕੁਰੱਪਸ਼ਨ ਮੁਕਤ" ਨਵੇਂ ਸਮਾਜ ਦੀ  ਬੈਠੇ ਆਮ ਲੋਕਾਂ ਨੂੰ ਵੀ ਇਸਦਾ ਕੋਈ ਲਾਭ ਮਿਲਦਾ ਮਹਿਸੂਸ ਹੋਵੇਗਾ?
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਤੋਂ ਬਾਹਰ ਜਾਣ ਪਿੱਛੋਂ ਪੰਜਾਬ ਅੰਦਰ ਨਵੀਂ ਸਿਆਸੀ ਜ਼ਮੀਨ ਦੀ ਤਲਾਸ਼ ਵਿਚ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿਚ ਕੀਤੇ ਪਰ੍ਭਾਵਸ਼ਾਲੀ ਇਕੱਠ ਨਾਲ ਜਿੱਥੇ ਆਪਣੀ ਸਿਆਸੀ ਹੋਂਦ ਦਾ ਇੱਕ ਵਾਰ ਫੇਰ ਅਹਿਸਾਸ ਕਰਾਇਆ ਹੈ, ਉਥੇ ਉਹਨਾਂ ਅੱਜ ਇਸ ਇਕੱਠ ਵਿਚ ਸੂਬੇ ਵਿਚੋਂ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਪਰਿਵਾਰ ਦੇ ਪਰਿਵਾਰਵਾਦ ਤੇ ਰਜਵਾੜਾਸ਼ਾਹੀ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰਦਿਆਂ ਕਿਹਾ ਕਿ ਸਾਲ 2017 ਦੀਆਂ ਚੋਣਾਂ ਵਿਚ ਉਹ ਪੰਜਾਬ ਦੇ ਆਮ ਲੋਕਾਂ, ਕਿਸਾਨਾਂ, ਦਲਿਤਾਂ, ਮਜ਼ਦੂਰਾਂ ਅਤੇ ਸੂਝਵਾਨ ਲੋਕਾਂ ਦੀ ਮਦਦ ਨਾਲ ਪੰਜਾਬ 'ਤੇ ਕਾਬਜ਼ ਬਾਦਲ ਅਤੇ ਅਗਲੀਆਂ ਚੋਣਾਂ ਵਿਚ ਸੱਤਾ ਵਿਚ ਆਉਣ ਦੇ ਸੁਪਨੇ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰਕੇ ਹੀ ਸਾਹ ਲੈਣਗੇ। ਦਿਲਚਸਪ ਗੱਲ ਹੈ ਕਿ ਵਿਅਕਤੀਆਂ ਅਤੇ ਪਰਿਵਾਰਾਂ ਤੋਂ "ਪੰਜਾਬ ਦੀ ਮੁਕਤੀ" ਵਾਲੀ ਗੱਲ ਕਰਨ ਵਾਲੇ ਲੋਕ ਕਿਸ ਬਦਲਵੇਂ ਸਿਸਟਮ ਜਾਂ ਏਜੰਡੇ ਨਾਲ ਅਜਿਹਾ ਕਰਨਗੇ ਇਸ ਬਾਰੇ ਕੋਈ ਠੋਸ ਗੱਲ ਸਾਹਮਣੇ ਨਹੀਂ ਆ ਰਹੀ। ਸਿਆਸਤ ਦੇ ਨਾਲ ਨਾਲ ਸਾਹਿਤ ਅਤੇ ਸ਼ਾਇਰੀ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਜਗਮੀਤ ਸਿੰਘ ਬਰਾੜ ਨੇ ਪੰਜਾਬ ਦੀ ਸਿਆਸਤ ਵਿੱਚ ਕੁਰਬਾਨੀਆਂ ਵਾਲੇ ਵੱਡੇ ਵੱਡੇ ਇਮਾਨਦਾਰ ਲੀਡਰਾਂ ਦੀ ਬੇਕਦਰੀ ਵੀ ਬਹੁਤ ਨੇੜਿਓਂ ਹੋ ਕੇ ਦੇਖੀ ਹੈ ਅਤੇ ਕਹਿੰਦੇ ਕਹਾਉਂਦੇ ਵੱਡੇ ਵੱਡੇ ਹੰਕਾਰੀਆਂ ਨੂੰ ਆਪਣੀ ਔਕਾਤ ਦਾ ਅਹਿਸਾਸ ਕਰਦਿਆਂ ਵੀ ਨੇੜਿਓਂ ਹੋ ਕੇ ਦੇਖਿਆ ਹੈ। ਪਹਿਲਾਂ ਪੰਜਾਬ ਦੇ ਲੋਕਾਂ ਨੇ ਜਗਮੀਤ ਸਿੰਘ ਬਰਾੜ ਨੂੰ ਸਿਆਸੀ ਚੱਕਰਵਿਯੁਹਾਂ ਵਿੱਚ ਘਿਰ ਕੇ ਵੀ ਮੈਦਾਨ ਫਤਹਿ ਕਰਦਿਆਂ ਦੇਖਿਆ ਹੈ ਪਰ ਪਾਰਟੀਆਂ ਦੇ ਨਾਲ, ਇਸ ਲਈ ਕਦੇ ਬਹੁਤੀ ਆਸ ਵੀ ਨਹੀਂ ਰੱਖੀ ਪਰ ਇਸ ਵਾਰ ਪੰਜਾਬ ਦੇ ਲੋਕ ਜਗਮੀਤ ਸਿੰਘ ਬਰਾੜ ਨੂੰ ਪਹਿਲੀ ਵਾਰ ਆਪਣੇ ਬਲਬੂਤੇ ਤੇ ਖੁਲ੍ਹੀ ਲੜਾਈ ਲੜਦਿਆਂ ਦੇਖ ਰਹੇ ਹਨ। ਇਸ ਲਈ ਲੋਕਾ ਦੀਆਂ ਆਸਾਂ ਉਮੀਦਾਂ ਵੀ ਬਹੁਤ ਜਿਆਦਾ ਹਨ। ਅੱਜ ਦੀ ਸਥਿਤੀ ਵੀ ਉੱਸੇ ਤਰਾਂ ਨਾਜ਼ੁਕ ਹੈ ਜਿਵੇਂ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਾਲੀ ਇਤਿਹਾਸਿਕ ਫਤਹਿ ਤੋਂ ਪਹਿਲਾਂ ਦੀ ਹਾਲਤ ਨਾਜ਼ੁਕ ਸੀ। ਇਸ ਲਈ ਇਸ ਜਿੱਤ ਦੇ ਨਾਲ ਨਾਲ ਜਿੱਤ ਤੋਂ ਬਾਅਦ ਦੀਆਂ ਆਸਾਂ ਉਮੀਦਾਂ ਵੀ ਬਿਲਕੁਲ ਓਸੇ ਤਰਾਂ ਦੀਆਂ ਹੀ ਹਨ।
ਮਹਾਂਕੁੰਭ ਵੱਜੋਂ ਕੀਤੀ ਗਈ ਇਸ ਰੈਲੀ ਮੌਕੇ ਉਨ੍ਹਾਂ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਦੋਵਾਂ ਨੂੰ ਇੱਕੋ ਥੈਲੀ ਦੇ ਚੱਟੇ-ਵੱਟੇ ਦੱਸਿਆ। ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਜਾਣ ਜਾਂ ਭਵਿੱਖ ਵਿੱਚ ਕੋਈ ਨਵੀਂ ਪਾਰਟੀ ਬਣਾਉਣ ਦਾ ਜ਼ਿਕਰ ਨਹੀਂ ਕੀਤਾ।ਇਸ ਸਬੰਧੀ ਉਹਨਾਂ ਆਪਣੀ ਅਗਲੀ ਸਿਆਸੀ ਚਾਲ ਦਾ  ਨਹੀਂ ਖੋਹਲਿਆ। 
ਦਿਲ ਦਿਮਾਗ ਅਤੇ ਅੰਤਰ ਆਤਮਾ ਨੂੰ ਵਾਰੋ ਵਾਰੀ ਛੂਹਣ ਵਾਲੇ ਆਪਣੇ ਰਵਾਇਤੀ ਅੰਦਾਜ਼ ਵਾਲੇ 50 ਮਿੰਟ ਦੇ ਸ਼ੇਅਰੋ-ਸ਼ੇਅਰੀ, ਭਾਵੁਕ ਅਤੇ ਜੋਸ਼ੀਲੇ ਅਲੰਕਾਰਾਂ ਵਾਲੇ ਭਾਸ਼ਣ ਵਿੱਚ ਸ੍ਰੀ ਬਰਾੜ ਨੇ ਐਲਾਨ ਕੀਤਾ ਕਿ ਜੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਿਆਂ ਅਤੇ ਖ਼ੁਦਕੁਸ਼ੀਆਂ ਤੋਂ ਮੁਕਤੀ ਦਿਵਾਉਣ ਲਈ 15 ਅਗਸਤ ਤੱਕ ਕੋਈ ਕਾਰਗਰ ਨੀਤੀ ਨਾ ਬਣਾਈ ਤਾਂ ਉਹ ਵਿਆਪਕ ਅੰਦੋਲਨ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਆਪਣੀ ਸ਼ਖ਼ਸੀ ਪੂਜਾ ਕਰਾ ਰਿਹਾ ਹੈ। ਉਨ੍ਹਾਂ ਉਪ ਮੁੱਖ ਮੰਤਰੀ ਅਤੇ ਸ੍ਰੀ ਮਜੀਠੀਆ ਦਾ ਨਾਂ ਲੈ ਕੇ ਪੰਜਾਬ ਵਿੱਚ ਚਿੱਟੇ ਦਾ ਕਾਰੋਬਾਰ ਕਰਨ ਦੇ ਵੀ ਦੋਸ਼ ਲਾਏ। ਉਨ੍ਹਾਂ ਜਗਦੀਸ਼ ਭੋਲੇ ਦੇ ਗਰੁੱਪ ਵੱਲੋਂ 2012 ਦੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ 10 ਕਰੋੜ ਦਾ ਚੋਣ ਫੰਡ ਦੇਣ ਦਾ ਵੀ ਦੋਸ਼ ਲਾਇਆ। ਗੱਲਾਂ ਗੱਲਾਂ ਵਿੱਚ ਉਹਨਾਂ ਬਾਰ ਬਾਰ ਯਾਦ ਕਰਾਇਆ ਕਿ ਉਹ ਅੱਜ ਦੇ "ਸਿਆਸੀ ਪ੍ਰਭੂਆਂ" ਬਾਰੇ ਬਹੁਤ ਕੁਝ ਅਜਿਹਾ ਜਾਣਦੇ ਹਨ ਜਿਹੜਾ ਅਜੇ ਸਾਰਿਆਂ ਸਾਹਮਣੇ ਨਹੀਂ ਆਇਆ।  
ਅਕਾਲੀ ਦਲ ਲਈ ਕਈ ਵਾਰ ਗੰਭੀਰ ਚੁਣੌਤੀ ਵੱਜੋਂ ਉਭਰਦੇ ਰਹੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ 25 ਸਾਲ ਰਾਜ ਕਰਨ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਧ ਨਫ਼ਰਤ ਦਾ ਪਾਤਰ ਉਪ ਮੁੱਖ ਮੰਤਰੀ ਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਨਾ ਕੋਈ ਖੇਤੀ ਨੀਤੀ ਹੈ, ਨਾ ਖੇਡ, ਭਾਸ਼ਾ, ਸੱਭਿਆਚਾਰ, ਵਿੱਦਿਅਕ, ਆਰਥਿਕ ਤੇ ਸਿਹਤ ਨੀਤੀ, ਅਜਿਹੀ ਸਥਿਤੀ ਵਿੱਚ ਅਕਾਲੀ ਦਲ ਪੱਚੀ ਸਾਲ ਰਾਜ ਕਰਨ ਦੇ ਸੁਫ਼ਨੇ ਕਿਵੇਂ ਵੇਖ ਸਕਦਾ ਹੈ। ਸ੍ਰੀ ਬਰਾਡ਼ ਨੇ ਕਾਂਗਰਸ ਹਾਈ ਕਮਾਂਡ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਮਾਗਾਟਾਮਾਰੂ ਸਾਕੇ ਲਈ ਮਾਫ਼ੀ ਮੰਗਣ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਬਾਦਲ ਤੋਂ ਮੰਗ ਕੀਤੀ ਕਿ ਉਹ ਆਪਣੇ ਪੁਰਖਿਆਂ ਵੱਲੋਂ ਜੈਤੋ ਮੋਰਚੇ ਵਿੱਚ ਨਿਭਾਈ ਸਿੱਖ ਵਿਰੋਧੀ ਭੂਮਿਕਾ ਲਈ ਤੁਰੰਤ ਮੁਆਫ਼ੀ ਮੰਗਣ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਪੁਰਖ਼ਿਆਂ ਵੱਲੋਂ 1857 ਦੇ ਵਿਦਰੋਹ ਅਤੇ 1947 ਸਮੇਂ ਅੰਗਰੇਜ਼ਾਂ ਦੀ ਮਦਦ ਕਰਨ ਦੇ ਮਾਮਲਿਆਂ ਸਬੰਧੀ ਦੇਸ਼ ਤੋਂ ਮਾਫ਼ੀ ਮੰਗਣ ਲਈ ਕਿਹਾ। ਕਾਬਿਲੇ ਜ਼ਿਕਰ ਹੈ ਕਿ ਇਤਿਹਾਸਿਕ ਘਟਨਾਵਾਂ ਦੇ ਜ਼ਿਕਰ ਵਿੱਚ ਉਹਨਾਂ ਦਾ ਅੰਦਾਜ਼ ਬੇਹੱਦ ਆਕਰਸ਼ਕ ਅਤੇ ਭਰੋਸੇਮੰਦ ਅੰਦਾਜ਼ ਵਾਲਾ ਹੁੰਦਾ ਹੈ। 
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਸ੍ਰੀ ਬਰਾੜ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ। ਇਸ ਮੌਕੇ ਸਾਬਕਾ ਵਿਧਾਇਕ ਹਰਬੰਸ ਲਾਲ ਸਰਹਿੰਦ, ਵਿਜੈ ਸਾਥੀ, ਤਰਸੇਮ ਜੋਧਾਂ, ਨਗਰ ਕੌਂਸਲ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਅਮਰਜੀਤ ਸਿੰਘ ਤੇ ਮਨਜੀਤ ਸਿੰਘ ਝਲਬੂਟੀ ਨੇ ਪੰਜਾਬ ਦੇ ਕਿਸਾਨੀ ਸੰਕਟ, ਆਰਥਿਕ ਹਾਲਤ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਮਨ ਕਾਨੂੰਨ ਦੀ ਹਾਲਤ, ਪਾਣੀ, ਸਨਅਤੀ ਸੰਕਟ, ਪ੍ਰੈੱਸ ਦੀ ਆਜ਼ਾਦੀ ਤੇ ਕਿਰਤੀ ਮਜ਼ਦੂਰਾਂ ਸਬੰਧੀ ਮਤੇ ਪਡ਼੍ਹੇ। ਇਨ੍ਹਾਂ ਮਤਿਆਂ ਨੂੰ ਇਕੱਤਰਤਾ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਬ੍ਰਾਹਮਣ ਸਭਾ ਦੇ ਆਗੂ ਡਾ. ਵੀਰੇਸ਼ ਸ਼ਾਂਡਲਿਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਬਰਾੜ ਦੀਆਂ ਦੋਵੇਂ ਧੀਆਂ ਡਾ. ਮਹਿਕਪ੍ਰੀਤ ਕੌਰ ਤੇ ਅਤੀਤਮਨੀ ਬਰਾਡ਼ ਵੀ ਸਾਰਾ ਸਮਾਂ ਸਟੇਜ ’ਤੇ ਮੌਜੂਦ ਰਹੀਆਂ। ਇਸ ਗੱਲ ਨੇ ਜਿੱਥੇ ਮਹਿਲਾ ਵਰਗ ਨੂੰ ਕਾਫੀ ਪ੍ਰਭਾਵਿਤ ਕੀਤਾ ਕਿਓਂਕਿ ਇਹ ਔਰਤਾਂ ਪ੍ਰਤੀ ਬਰਾਬਰੀ ਦਾ ਇੱਕ ਪ੍ਰੈਕਟੀਕਲ ਸੁਨੇਹਾ ਸੀ ਸਿਰਫ ਗੱਲੀਂ ਬਾਤੀਂ ਪ੍ਰਚਾਰ ਨਹੀਂ। 

No comments: