Friday, April 29, 2016

ਕਾਮਰੇਡ ਸਤਨਾਮ ਦਾ ਤੁਰ ਜਾਣਾ-ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ

ਅਸੀਂ ਨਹੀਂ ਸਮਝ ਸਕਾਂਗੇ, ਤੇਰੀ ਤਲਖ਼ੀ ਨੂੰ, ਤੇਰੇ ਦਰਦ ਨੂੰ
ਜੰਗਲਨਾਮਾ ਵਰਗੀ ਲਿਖਤ ਪੰਜਾਬੀ ਸਾਹਿਤ ਦੇ ਨਾਲ ਨਾਲ ਪੰਜਾਬੀ ਲੋਕਾਂ ਦੀ ਝੋਲੀ ਪਾਉਣ ਵਾਲੇ ਕਾਮਰੇਡ ਸਤਨਾਮ ਦਾ ਤੁਰ ਜਾਣਾ ਇੱਕ ਅਜਿਹੀ ਸੂਖਮ ਘਟਨਾ ਹੈ ਜਿਸ ਨੇ ਸਾਹਿਤਿਕ ਹਲਕਿਆਂ ਵਿੱਚ ਵੀ ਆਪਣਾ ਡੂੰਘਾ ਪ੍ਰਭਾਵ ਛੱਡਿਆ ਹੈ। ਸਾਨੂੰ ਹਰਮੀਤ ਵਿਦਿਆਰਥੀ ਦੀ ਲਿਖੀ ਇੱਕ ਨਜ਼ਮ ਪ੍ਰਾਪਤ ਹੋਈ ਹੈ ਜਿਹੜੀ ਇਥੇ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਇਹ ਤਸਵੀਰ ਗੁਰਪ੍ਰੀਤ ਚੀਮਾ ਦੀ ਵਾਲ ਤੋਂ ਧੰਨਵਾਦ ਸਹਿਤ
ਨਜ਼ਮ.........ਤੇਰੇ ਹਾਣ ਦਾ ਹੋਣਾ ਜ਼ਰੂਰੀ ਹੈ//ਹਰਮੀਤ ਵਿਦਿਆਰਥੀ 
ਹਲ੍ਹਾ ਬਈ
ਤੁਰ ਗਿਆ ਏਂ 
ਚਲੇ ਜਾਣਾ ਹੀ ਸੀ
ਸਾਨੂੰ ਓਦੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ
ਜਦ ਤੂੰ ਆਪੇ ਹੀ ਕਿਹਾ ਸੀ
"ਤੇਰਾ ਹੋਣਾ ਤੈਨੂੰ ਗੁਨਾਹ ਵਰਗਾ ਲੱਗਦਾ ਹੈ"
ਪਰ ਅਸੀਂ ਕਦ ਸੁਣਦੇ ਹਾਂ 
ਵਾਰਨਿੰਗ ਬੈੱਲ
ਅਸੀਂ ਵੱਡੀਆਂ ਵੱਡੀਆਂ
ਬਹਿਸਾਂ ਚ ਮਸਰੂਫ਼ ਹਾਂ
ਤੇਰੀ ਪੀੜ੍ਹ ਦਾ
        ਤੜਪ ਦਾ
      ਭਟਕਣ ਦਾ
ਕਿਸ ਨੇ ਕਰਨਾ ਸੀ
ਕੁਝ ਦਿਨ ਸ਼ੋਰ ਹੋਵੇਗਾ
ਬੜ੍ਹਾ ਕੁਝ ਹੋਰ ਹੋਵੇਗਾ
ਤੇ ਫਿਰ ਇਹ ਭਟਕਣ
ਤੁਰ ਪਵੇਗੀ 
ਆਪਣਾ ਨਵਾਂ ਸ਼ਿਕਾਰ ਲੱਭਣ
ਫ਼ਿਰ ਇੱਕ ਖ਼ਬਰ ਬਣੇਗੀ
ਹਰ ਵਾਰ ਇੰਜ ਹੀ ਹੁੰਦਾ ਹੈ
ਉਂਜ ਇਹ ਫ਼ੈਸਲਾ 
ਤੇਰੇ ਲਈ ਔਖਾ ਤਾਂ ਬਹੁਤ ਹੋਣਾ ਏ
ਸਤਨਾਮ ਬਾਈ
ਜ਼ਿੰਦਗੀ ਦੀ ਸ਼ਾਨ ਲਈ 
ਹਰ ਪਲ ਜੂਝਣਾ
ਤੇ ਫਿਰ
ਅਚਨਚੇਤ ਹੀ 
ਜ਼ਿੰਦਗੀ ਦਾ ਠੀਕਰਾ ਭੰਨ ਦੇਣਾ
ਅਸੀਂ ਨਹੀਂ ਸਮਝ ਸਕਾਂਗੇ
ਤੇਰੀ ਤਲਖ਼ੀ ਨੂੰ
ਤੇਰੇ ਦਰਦ ਨੂੰ
ਤੇਰੀ ਤੜ੍ਹਪ ਨੂੰ 
ਜਾਣਨ 
ਸਮਝਣ  ਲਈ

ਤੇਰੇ ਹਾਣ ਦਾ ਹੋਣਾ ਜ਼ਰੂਰੀ ਹੈ 


ਖੱਬੀਆਂ ਧਿਰਾਂ ਵਿੱਚ ਉਦਾਸੀ ਦੀ ਲਹਿਰ-ਸ਼ਰਧਾਂਜਲੀ ਸਮਾਗਮ 8 ਮਈ ਨੂੰNo comments: