Wednesday, April 06, 2016

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਮਾਤਾ ਚੰਦ ਕੌਰ ਦਾ ਸੰਸਕਾਰ

ਹੋਰ ਤਿੱਖੀ ਹੋ ਸਕਦੀ ਹੈ ਨਾਮਧਾਰੀ ਸਮਾਜ ਦੀ ਖਾਨਾਜੰਗੀ 
ਲੁਧਿਆਣਾ:  5 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
 ਸਖਤ ਸੁਰੱਖਿਆ ਪ੍ਰਬੰਧਾਂ  ਵਾਲੇ ਸ੍ਰੀ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੀ ਗਈ ਮਾਤਾ ਚੰਦ ਕੌਰ ਦਾ ਅੰਤਿਮ ਸੰਸਕਾਰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰ ਦਿੱਤਾ ਗਿਆ। ਇਸੇ ਦੌਰਾਨ ਪੁਲਿਸ ਨੇ ਮਾਤਾ ਦੇ ਸੰਭਾਵਤ ਕਾਤਲ ਦਾ ਸਕੈਚ ਜਾਰੀ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਮਕਸਦ ਲਈ ਬਣਾਈ ਗਈ ਵਿਸ਼ੇਸ਼ ਜਾਂਚ ਛੇਤੀ ਹੀ ਕਿਸੇ ਠੋਸ ਨਤੀਜੇ ਤੇ ਪਹੁੰਚ ਕੇ ਕਾਤਲਾਂ ਨੂੰ ਕਾਬੂ ਕਰ ਲਵੇਗੀ। 
ਅੰਤਿਮ ਸੰਸਕਾਰ ਮੌਕੇ ਹਰ ਵਰਗ ਦੇ ਲੋਕ ਅਤੇ ਪ੍ਰਤੀਨਿਧੀ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਟੇਜ  ਤੇ ਵੀ ਡੂੰਘੇ ਸੋਗ ਦਾ ਮਾਹੌਲ ਸੀ ਅਤੇ ਸੰਗਤਾਂ ਦੇ ਹਿਰਦੇ ਵੀ ਭਰੇ ਹੋਏ ਸਨ। ਅਜਿਹੇ ਦਰਦ ਵਾਲਾ ਇਹ ਸਮਾਂ ਸ਼ਾਇਦ ਕਿਸੇ ਨੇ ਵੀ ਨਹੀਂ ਸੀ ਕਿਆਸਿਆ। ਪੰਜਾਬ ਦੇ ਆਮਦੇ ਦੌਰ ਸਮੇਂ ਵੀ ਇਥੇ ਅਜਿਹੀ ਕੋਈ ਘਟਨਾ ਸ਼ਾਇਦ ਨਹੀਂ ਵਾਪਰੀ। 
ਅੰਤਿਮ ਸੰਸਕਾਰ ਮੌਕੇ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸਨ। ਹਰ ਚੇਹਰਾ ਸੋਗਵਾਰ ਸੀ। ਅੱਖਾਂ ਭਰੀਆਂ ਹੋਈਆਂ ਸਨ ਅਤੇ ਉਦਾਸ। ਹਰ ਦਿਲ ਵਿੱਚ ਗਮ ਦੀ ਲਹਿਰ ਸੀ ਜਿਹੜੀ ਉੱਥੇ ਮੌਜੂਦ ਚਿਹਰਿਆਂ ਤੋਂ ਦੇਖੀ ਜਾ ਸਕਦੀ ਸੀ। 
ਬੜੇ ਹੀ ਭਰੇ ਦਿਲ ਨਾਲ ਅੰਤਿਮ ਰਸਮਾਂ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ। ਚਿਖਾ ਤਿਆਰ ਕਰਨ ਦਾ ਸਮਾਂ ਬਹੁਤ ਹੀ ਭਾਵੁਕਤਾ ਵਾਲਾ ਸੀ। 
ਆਖਿਰ ਅੰਤਿਮ ਯਾਤਰਾ ਦਾ ਵੀ ਸਮਾਂ ਆਇਆ। ਪੰਜਾਂ ਤੱਤਾ ਵਿੱਚ ਵਿਲੀਨ ਹੋਣ ਦਾ ਸਮਾਂ। ਆਖਿਰੀ ਵਿਦਾ ਆਖਿਰੀ ਯਾਤਰਾ ਆਖਿਰੀ ਦਰਸ਼ਨ। 
ਅੰਤਿਮ ਸੰਸਕਾਰ ਸਮੇਂ ਅਹਿਮ ਸ਼ਖਸੀਅਤਾਂ ਪੁਜੀਆਂ ਹੋਈਆਂ ਸਨ। ਅੰਤਿਮ ਦਰਸ਼ਨ ਕਰਨ ਵਾਲੇ ਬਹੁਤ ਹੀ ਦੁਖੀ ਮਨ ਨਾਲ ਦਰਸ਼ਨਾਂ ਲਈ ਅੱਗੇ ਜਾ ਰਹੇ ਸਨ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਖੁਦ ਪਹੁੰਚ ਕੇ ਸ਼ਰਧਾਂਜਲੀ ਅਰਪਿਤ ਕੀਤੀ। ਕੁਝ ਕੁ ਸਮੇਂ ਮਗਰੋਂ ਹੀ ਨਾਮਧਾਰੀ ਸੰਗਤਾਂ ਦੀ ਉਹ ਗੁਰੂ ਮਾਂ ਪੰਜਾਂ ਤੱਤਾਂ ਵਿੱਚ ਸਮਾ ਗਈ। 
ਬਸ ਹੁਣ ਯਾਦਾਂ ਬਾਕੀ ਹਨ। ਉਹ ਮੇਹਰਭਰੀ ਨਜ਼ਰ ਹੁਣ ਕਿੱਥੇ ਲਭਣੀ ਹੈ?
ਹੁਣ ਉਹ ਦਰਸ਼ਨ ਹੁਣ ਕਦੇ ਨਹੀਂ ਹੋਣੇ। ਉਹ ਆਵਾਜ਼ ਹੁਣ ਕਦੇ ਸੁਣਾਈ ਨਹੀਂ ਦੇਣੀ। ਫੁੱਲਾਂ ਦੇ ਨਾਲ ਅਥਾਹ ਪਿਆਰ ਸੀ ਜਿਸਨੂੰ--ਉਸ ਮਾਂ ਨੂੰ ਗੋਲੀਆਂ ਦੇ ਨਾਲ ਵਿੰਨ ਦਿੱਤਾ ਗਿਆ। ਜਿਸ ਥਾਂ ਤੋਂ ਹਮੇਸ਼ਾਂ ਗਊ ਗਰੀਬ ਦੀ ਰੱਖਿਆ ਦਾ ਸੁਨੇਹਾ ਜਾਂਦਾ ਰਿਹਾ ਉੱਥੇ ਗੁਰੂ ਮਾਤਾ ਨੂੰ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅਫਸੋਸ ਕਿ ਉੱਥੋਂ ਦੇ ਸਖਤ ਸੁਰੱਖਿਆ ਪ੍ਰਬੰਧ ਇਸ ਸ਼ਰਮਨਾਕ ਕਾਰੇ ਨੂੰ ਰੋਕਣ ਵਿੱਚ ਨਾਕਾਮ ਰਹੇ। ਤਕਨੀਕ ਦੇ ਮਾਮਲੇ ਵਿੱਚ ਹਮੇਸ਼ਾਂ ਹੀ ਦੁਨੀਆ ਤੋਂ ਚਾਰ ਕਦਮ ਅੱਗੇ ਰਹਿਣ ਵਾਲੇ ਨਾਮਧਾਰੀ ਉਸ ਥਾਂ ਤੇ ਕਲੋਜ਼ ਸਰਕਟ ਟੀਵੀ ਵਾਲੇ ਕੈਮਰੇ ਲਾਉਣਾ ਹੀ ਭੁੱਲ ਗਏ ਜਿੱਥੇ ਇਹ ਅਣਮਨੁੱਖੀ ਵਾਰਦਾਤ ਵਾਪਰੀ। ਕਾਤਲਾਂ ਨੂੰ ਉਸ ਥਾਂ ਦਾ ਪਤਾ ਹੋਣਾ ਹੋਰ ਵੀ ਖਤਰਨਾਕ ਸੰਕੇਤ ਦੇਂਦਾ ਹੈ। 
ਕਾਤਲ ਅਤੇ ਕਤਲ ਦਾ ਕਾਰਨ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਾ ਹੈ ਪਰ  ਮਾਤਾ ਚੰਦ ਕੌਰ ਦੇ ਕਤਲ ਨਾਲ ਨਾਮਧਾਰੀ ਸੰਪਰਦਾ ਦੀ ਗੱਦੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਸਿਖਰ 'ਤੇ ਪਹੁੰਚ ਗਿਆ ਲੱਗਦਾ ਹੈ। ਮਾਤਾ ਚੰਦ ਕੌਰ ਦੇ ਕਤਲ ਵਾਲੇ ਦਿਨ ਹੀ ਰਾਤ ਨੂੰ ਦੂਜੇ ਗਰੁੱਪ ਨਾਲ ਸਬੰਧਿਤ ਜੱਥੇਦਾਰ ਇਕ਼ਬਾਲ ਸਿੰਘ ਉੱਤੇ ਕੀਤਾ ਗਿਆ ਹਮਲਾ ਇਹੀ ਸੰਕੇਤ ਦੇਂਦਾ ਹੈ ਕਿਆਉਣ ਵਾਲੇ ਸਮੇਂ ਵਿੱਚ ਟਕਰਾਓ ਵਧਣ ਵਾਲਾ ਹੈ। 
ਗੱਦੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਕਾਰਨ ਹਿੰਸਕ ਸਿਲਸਿਲਾ ਲਗਾਤਾਰ ਜਾਰੀ ਹੈ। ਏਕਤਾ ਧੜੇ ਵੱਲੋਂ ਲੁਧਿਆਣਾ ਵਿੱਚ ਰੱਖੀ ਗਈ ਲੰਮੀ ਭੁਖ ਹੜਤਾਲ ਵੀ ਇਸ ਨੂੰ ਰੋਕ ਨਹੀਂ ਸਕੀ। ਇਹ ਸ਼ਾਇਦ ਤੀਜੀ ਜਾਂ ਚੌਥੀ ਖੂਨੀ ਘਟਨਾ ਵਾਪਰੀ ਹੈ। ਭੁਖ ਹੜਤਾਲ ਤੋਂ ਬਾਅਦ ਭੈਣੀ ਸਾਹਿਬ ਵਾਲੀ ਸੜਕ ਤੇ ਵੀ ਦੋਹਾਂ ਧੜਿਆਂ ਵਿੱਚ ਟਕਰਾਓ ਹੋਇਆ ਸੀ। ਅੰਮ੍ਰਿਤਸਰ ਵਿੱਚ ਵੀ ਗੋਲੀ ਚੱਲੀ ਸੀ। ਇਸ ਤੋਂ ਪਹਿਲਾਂ 12 ਅਪਰੈਲ 2011 ਵਿੱਚ ਦੋ ਅਣਪਛਾਤਿਆਂ ਨੇ 57 ਸਾਲਾ ਅਵਤਾਰ ਸਿੰਘ ਤਾਰੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਉਹ ਸਤਿਗੁਰੂ ਜਗਜੀਤ ਸਿੰਘ ਨੇ ਨਜ਼ਦੀਕੀ ਸਨ। ਇਸ ਤੋਂ ਬਾਅਦ 11 ਅਗਸਤ 2013 ਨੂੰ ਇੰਗਲੈਂਡ ਵਿੱਚ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਉਦੈ ਸਿੰਘ 'ਤੇ ਹਮਲਾ ਹੋਇਆ। ਇਸ ਤੋਂ ਇਲਾਵਾ ਵੀ ਕਈ ਵਾਰ ਦੋਵਾਂ ਧੜਿਆਂ ਵਿਚਾਲੇ ਟਕਰਾਅ ਦਾ ਮਾਹੌਲ ਬਣਿਆ। ਦਰਅਸਲ ਇਹ ਵਿਵਾਦ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾ ਦੇ ਭਤੀਜਿਆਂ ਠਾਕੁਰ ਉਦੈ ਸਿੰਘ ਤੇ ਠਾਕੁਰ ਦਲੀਪ ਸਿੰਘ (ਸਕੇ ਭਰਾ) ਵਿਚਾਲੇ ਗੁਰਗੱਦੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਕਾਰਨ ਹੈ। ਠਾਕੁਰ ਉਦੈ ਸਿੰਘ ਵੱਲੋਂ ਗੱਦੀ ਸੰਭਾਲਣ ਤੋਂ ਬਾਅਦ ਦੋ ਧੜਿਆਂ ਵਿੱਚ ਵੰਡੀ ਗਈ ਨਾਮਧਾਰੀ ਸੰਗਤ ਵਿੱਚੋਂ ਇੱਕ ਧੜਾ ਉਨ੍ਹਾ ਨੂੰ ਆਪਣਾ ਗੁਰੂ ਮੰਨਦਾ ਹੈ, ਜਦਕਿ ਦੂਜਾ ਧੜਾ ਠਾਕੁਰ ਦਲੀਪ ਸਿੰਘ ਨੂੰ ਭੈਣੀ ਸਾਹਿਬ ਦੀ ਗੱਦੀ 'ਤੇ ਬਿਰਾਜਮਾਨ ਕਰਨਾ ਚਾਹੁੰਦਾ ਹੈ। ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਾਮਧਾਰੀ ਸੰਪਰਦਾ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸ ਕਾਰਨ ਇਹ ਵਿਵਾਦ ਵਧਦਾ ਗਿਆ। ਫ਼ੋਟੋਗ੍ਰਾਫ਼ੀ ਅਤੇ ਕੈਮਰੇ ਦੀ ਜਾਦੂਗਰੀ ਨੂੰ ਚੰਗੀ ਤਰਾਂ ਸਮਝਣ ਵਾਲੇ ਠਾਕੁਰ ਦਲੀਪ ਸਿੰਘ ਏਕਤਾ ਲਈ ਕਈ ਵਾਰ ਬਿਆਨ ਦੇ ਚੁੱਕੇ ਹਨ ਪਰ ਸ਼ਾਇਦ ਇਹ ਵਿਵਾਦ ਨਿਬੜਦਾ ਨਹੀਂ ਲੱਗਦਾ।  ਮਾਤਾ ਚੰਦ ਕੌਰ ਹੀ ਇੱਕ ਅਜਿਹੀ ਸ਼ਖਸੀਅਤ ਸਨ ਜਿਹਨਾਂ ਦਾ ਆਖਿਆ ਦੋਵੇਂ ਧੜੇ ਨਹੀਂ ਸਨ ਮੋੜ ਸਕਦੇ। ਉਹਨਾਂ ਦੇ ਤੁਰ ਜਾਣ ਮਗਰੋਂ ਨਾਮਧਾਰੀ ਸਮਾਜ ਵਿੱਚ ਖਾਨਾਜੰਗੀ ਦੇ ਆਸਾਰ ਵਧ ਗਏ ਹਨ। ਹੁਣ ਨਾਮਧਾਰੀ ਸਮਾਜ ਵਿੱਚ ਅਜਿਹਾ ਕੋਈ ਨਹੀਂ ਰਿਹਾ ਜਿਹੜਾ ਦੋਹਾਂ ਧੜਿਆਂ ਨੂੰ ਰੋਕ ਸਕਦਾ ਹੋਵੇ। ਜਿਸਦੀ ਗੱਲ ਦੋਵੇਂ ਧੜੇ ਮੰਨ ਸਕਦੇ ਹੋਣ। ਨਾਮਧਾਰੀ ਸਮਾਜ ਦਾ ਕੁਰਬਾਨੀ ਅਤੇ ਤਿਆਗ ਵਾਲਾ ਯੁਗ ਸ਼ਾਇਦ ਖਤਮ ਹੋ ਗਿਆ ਹੈ। ਗੋਲੀ ਨੇ ਕਦੇ ਮਸਲੇ ਹਲ ਨਹੀਂ ਕੀਤੇ ਪਰ ਪ੍ਰੇਮ ਦਾ ਸੁਨੇਹਾ ਦੇਣ ਵਾਲੀ ਇਸ ਪਵਿੱਤਰ ਥਾਂ ਤੇ ਚੱਲੀ ਇਸ ਗੋਲੀ ਨੇ ਸ਼ਾਇਦ ਖੂਨਖਰਾਬੇ  ਦਾ ਇੱਕ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਦੂਜਿਆਂ ਦੀ ਜਾਨ ਬਚਾਉਣ ਲਈ ਹਸ ਹਸ ਕੇ ਸ਼ਹੀਦ ਹੋਣ ਵਾਲੇ ਨਾਮਧਾਰੀਆਂ ਨੂੰ ਇਸ ਖਾਨਾਜੰਗੀ ਤੋਂ ਹੁਣ ਕੋਈ ਕ੍ਰਿਸ਼ਮਾ ਹੀ ਬਚਾ ਸਕਦਾ ਹੈ। 
ਗੱਦੀ ਵਾਲੇ ਮਾਮਲੇ ਵਿੱਚ ਜੇ ਥੋਹੜਾ ਜਿਹਾ ਪਿਛੇ ਜਾਈਏ ਰਾਂ ਪਤਾ ਲੱਗਦਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾ ਦੀ ਪਤਨੀ ਮਾਤਾ ਚੰਦ ਕੌਰ ਨੇ ਸੰਗਤ ਨੂੰ ਨਿਰਦੇਸ਼ ਦਿੱਤੇ ਕਿ ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਨਾਮਧਾਰੀ ਸੰਪਰਦਾ ਦੀ ਗੁਰਗੱਦੀ 'ਤੇ ਉਨ੍ਹਾ ਦੇ ਭਤੀਜੇ ਠਾਕੁਰ ਉਦੈ ਸਿੰਘ ਬਿਰਾਜਮਾਨ ਹੋਣਗੇ, ਇਸ ਕਾਰਨ ਉਨ੍ਹਾਂ ਨੂੰ ਇਹ ਗੱਦੀ ਸੰਭਾਲ ਦਿੱਤੀ ਗਈ। ਗੱਦੀ ਸੰਭਾਲਣ ਉਪਰੰਤ ਹੀ ਠਾਕੁਰ ਦਲੀਪ ਸਿੰਘ, ਜੋ ਠਾਕੁਰ ਉਦੈ ਸਿੰਘ ਦੇ ਵੱਡੇ ਭਰਾ ਹਨ ਤੇ ਹਰਿਆਣਾ ਦੇ ਜੀਵਨ ਨਗਰ ਵਿੱਚ ਨਾਮਧਾਰੀ ਡੇਰੇ ਦੇ ਸੰਚਾਲਕ ਹਨ, ਦੇ ਪੈਰੋਕਾਰਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਦਲੀਲ ਹੈ ਕਿ ਸਤਿਗੁਰੂ ਜਗਜੀਤ ਸਿੰਘ ਵੱਲੋਂ ਗੱਦੀ ਸੰਭਾਲਣ ਬਾਰੇ ਕੋਈ ਵੀ ਲਿਖਤੀ ਜਾਂ ਜ਼ਬਾਨੀ ਆਦੇਸ਼ ਨਹੀਂ ਦਿੱਤਾ ਗਿਆ ਸੀ। ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਗਤ ਉਨ੍ਹਾ ਨਾਲ ਜੁੜੀ ਹੋਈ ਹੈ, ਇਸ ਲਈ ਭੈਣੀ ਸਾਹਿਬ ਗੁਰਗੱਦੀ 'ਤੇ ਉਨ੍ਹਾ ਨੂੰ ਬਿਠਾਇਆ ਜਾਵੇ। ਉਨ੍ਹਾ ਦੇ ਪੈਰੋਕਾਰਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਨਾਮਧਾਰੀ ਸੰਪਰਦਾ ਦਾ ਮਹਾਂ-ਸੰਮੇਲਨ ਬੁਲਾਇਆ ਜਾਵੇ, ਉਸ ਵਿੱਚ ਸੰਗਤ ਫੈਸਲਾ ਕਰੇ ਕਿ ਗੁਰਗੱਦੀ 'ਤੇ ਕੌਣ ਬਿਰਾਜਮਾਨ ਹੋਵੇਗਾ। ਦੂਸਰੇ ਪਾਸੇ ਠਾਕੁਰ ਉਦੈ ਸਿੰਘ ਦੇ ਪੈਰੋਕਾਰਾਂ ਅਤੇ ਭੈਣੀ ਸਾਹਿਬ ਤੋਂ ਉਨ੍ਹਾ ਦਾ ਸਹਿਯੋਗ ਦੇ ਰਹੇ ਸੰਚਾਲਕਾਂ ਦਾ ਕਹਿਣਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਦਾ ਹੁਕਮ ਸਮੂਹ ਨਾਮਧਾਰੀ ਸੰਗਤ ਨੇ ਮੰਨਦੇ ਹੋਏ ਠਾਕੁਰ ਉਦੈ ਸਿੰਘ ਨੂੰ ਗੁਰਗੱਦੀ ਸੰਭਾਲੀ ਤੇ ਮਾਤਾ ਚੰਦ ਕੌਰ ਦਾ ਇਸ ਲਈ ਪੂਰਨ ਆਸ਼ੀਰਵਾਦ ਹੈ।
ਠਾਕੁਰ ਦਲੀਪ ਸਿੰਘ ਹੁਰਾਂ ਨੇ ਤਾਂ ਏਥੋਂ ਤੱਕ ਵੀ ਕਿਹਾ ਸੀ ਕਿ ਨਾ ਮੈ-ਨਾ ਤੁਸੀਂ--ਸਿਰਫ ਸਤਿਗੁਰੂ ਰਾਮ ਸਿੰਘ ਦੀ ਤਸਵੀਰ ਅੱਗੇ ਮੱਥਾ ਟੇਕੋ।  ਦੋਵੇਂ ਧੜੇ ਭੈਣੀ ਸਾਹਿਬ ਅਤੇ ਜੀਵਨ ਨਗਰ ਵਿਖੇ ਆਉਣ ਜਾਣ। ਦੋਹਾਂ ਧੜਿਆਂ ਵੱਲੋਂ ਇੱਕ ਦੂਜੇ ਉੱਪਰ ਲੱਗਦੇ ਦੋਸ਼ਾਂ ਅਤੇ ਜੁਆਬੀ ਦੋਸ਼ਾਂ ਨਾਲ ਹਾਲਤ ਲਗਾਤਾਰ ਵਿਗੜਦੀ ਗਈ। 
ਲੁਧਿਆਣਾ ਵਿੱਚ ਰੱਖੀ ਗਈ ਲੰਮੀ ਭੁੱਖ ਹੜਤਾਲ ਦੌਰਾਨ ਵੀ ਇਸ ਬਾਰੇ ਕਾਫੀ ਚਰਚਾ ਹੋਈ ਸੀ। ਉਦੋਂ ਵੀ ਹਾਲਾਤ ਟਕਰਾਓ ਵਾਲੇ ਬਣੇ ਹੋਏ ਸਨ। ਸਹੀ ਕੌਣ ਹੈ ਅਤੇ ਗਲਤ ਕੌਣ ਇਸਦਾ ਫੈਸਲਾ ਨਾਮਧਾਰੀ ਸਮਾਜ ਨੇ ਕਰਨਾ ਹੈ ਅਤੇ ਸਮੇਂ ਨੇ ਪਰ 90 ਸਾਲਾਂ ਦੀ ਇੱਕ ਬਿਰਧ ਗੁਰੂ ਮਾਤਾ ਦਾ ਵਹਿਸ਼ੀਆਨਾ ਕਤਲ ਨਾਮਧਾਰੀ ਸਮਾਜ ਲਈ ਇੱਕ ਗੰਭੀਰ ਸੁਆਲ ਵੀ ਖੜਾ ਕਰਦਾ ਹੈ ਆਖਿਰ ਇਹ ਬੁਰਾਈ ਇਸ ਸਮਾਜ ਵਿੱਚ ਕਿਵੇਂ ਦਾਖਿਲ ਹੋ ਗਈ। ?

 ਕੁਝ ਹੋਰ ਸਬੰਧਿਤ ਲਿੰਕ---ਇਹਨਾਂ ਨੂੰ ਵੀ ਜ਼ਰੁਰ ਸਮਾਂ ਕਢਣਾ
ਨਾਮਧਾਰੀ ਵਿਵਾਦ ਨਾਲ ਸਬੰਧਿਤ ਖਬਰਾਂ 

ਸ੍ਰੀ ਭੈਣੀ ਸਾਹਿਬ ਵਿੱਚ ਹਮਲਾ-ਬਿਰਧ ਮਾਤਾ ਚੰਦ ਕੌਰ ਸ਼ਹੀਦ  
ਮਾਤਾ ਚੰਦ ਕੌਰ 'ਤੇ ਹਮਲਾ ਬੁਜ਼ਦਿਲਾਨਾ ਕਾਰਵਾਈ -ਪੰਜਾਬੀ ਸਾਹਿਤ ਅਕਾਡਮੀ


ਨਾਮਧਾਰੀ ਵਿਵਾਦ ਹੋਰ ਤਿੱਖਾ:ਏਕਤਾ ਧੜੇ ਵੱਲੋਂ ਜਲੰਧਰ ਵਿਚ ਮੀਡੀਆ ਮੀਟ



No comments: