Sunday, April 10, 2016

ਸਪੀਕਰ ਅਟਵਾਲ ਵੱਲੋਂ ਕਈ ਦਾਣਾ ਮੰਡੀਆਂ 'ਚ ਕਣਕ ਖਰੀਦ ਪ੍ਰਬੰਧਾਂ ਦਾ ਜਾਇਜ਼ਾ

Date: 2016-04-10 15:53 GMT+05:30
ਦੋਰਾਹਾ ਵਿਖੇ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਅਤੇ ਗਰਾਂਟਾਂ ਦੇ ਚੈੱਕ ਵੰਡੇ 
ਦੋਰਾਹਾ//ਪਾਇਲ//ਮਲੌਦ, 10 ਅਪ੍ਰੈਲ 2016:(ਪੰਜਾਬ ਸਕਰੀਨ ਬਿਊਰੋ):
ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਾਣਾ ਮੰਡੀਆਂ ਵਿੱਚ ਸਿਰਫ਼ ਸੁੱਕੇ ਦਾਣੇ ਹੀ ਲੈ ਕੇ ਆਉਣ। ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿੱਚ ਗਿੱਲੀ ਕਣਕ ਹੋਣ ਕਰਕੇ ਬੈਠਣਾ ਨਾ ਪਵੇ। ਅੱਜ ਦੋਰਾਹਾ, ਪਾਇਲ ਅਤੇ ਮਲੌਦ ਦੀਆਂ ਦਾਣਾ ਮੰਡੀਆਂ ਵਿੱਚ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਡਾ. ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਣਕ ਖਰੀਦ ਲਈ ਉੱਚਿਤ ਪ੍ਰਬੰਧ ਕੀਤੇ ਹੋਏ ਹਨ। ਸਾਰੇ ਅਫ਼ਸਰ ਮੰਡੀਆਂ ਵਿੱਚ ਖੁਦ ਜਾ ਕੇ ਖਰੀਦ ਪ੍ਰਬੰਧਾਂ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਡੀ ਵਿੱਚ ਬਾਰਦਾਨੇ ਦੀ ਕਮੀ ਅਤੇ ਲਿਫਟਿੰਗ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਹੈ।
ਉਨ੍ਹਾਂ ਖਰੀਦ ਏਜੰਸੀਆਂ ਨੂੰ ਕਿਹਾ ਕਿ ਉਹ ਕਣਕ ਦੀ ਆਮਦ ਦੇ ਨਾਲ ਹੀ ਇਸ ਦੀ ਲਿਫਟਿੰਗ ਵੀ ਨਾਲ-ਨਾਲ ਕਰਵਾਉਣ ਨੂੰ ਯਕੀਨੀ ਬਣਾਉਣ। ਡਾ. ਅਟਵਾਲ ਨੇ ਇਸ ਮੌਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸਿਰਫ਼ ਸੁੱਕੀ ਕਣਕ ਹੀ ਲੈ ਕੇ ਆਉਣ। ਉਨ੍ਹਾਂ ਮੌਕੇ ’ਤੇ ਕਈ ਢੇਰੀਆਂ ਦਾ ਖੁਦ ਭਾਅ ਲਗਵਾ ਕੇ ਵਿਕਰੀ ਸ਼ੁਰੂ ਕਰਵਾਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਚਾਹੰੁਦੀ ਹੈ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਪੁੱਤਾਂ ਪਾਲੀ ਫਸਲ ਨੂੰ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਨਾ ਪਵੇ। ਖਰੀਦ ਕਾਰਜਾਂ ਵਿੱਚ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਕਰਕੇ ਦੇਰੀ ਹੋਈ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

No comments: