Sunday, April 10, 2016

ਸਿੰਚਾਈ ਮੰਤਰੀ ਢਿੱਲੋਂ ਵੱਲੋਂ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ

Date: 2016-04-10 15:53 GMT+05:30
ਸ਼ੰਕਰ ਕਲੋਨੀ ਤੇ ਭਾਮੀਆਂ ਖੁਰਦ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ  
3 ਕਰੋੜ ਰੁਪਏ ਦੀ ਲਾਗਤ ਨਾਲ ਮਿਲੇਗੀ ਲੋਕਾਂ ਨੂੰ ਮੁਢਲੀ ਸਹੂਲਤ 

ਲੁਧਿਆਣਾ, 10 ਅਪ੍ਰੈੱਲ 2016: (ਪੰਜਾਬ ਸਕਰੀਨ ਬਿਊਰੋ):
ਹਲਕਾ ਸਾਹਨੇਵਾਲ ਦੇ ਤਿੰਨ ਪਿੰਡਾਂ ਮੁੰਡੀਆਂ ਖੁਰਦ, ਭਾਮੀਆਂ ਕਲਾਂ ਅਤੇ ਭਾਮੀਆਂ ਖੁਰਦ ਨੂੰ ਨਗਰ ਨਿਗਮ ਦੀ ਤਰਜ਼ ’ਤੇ ਸੀਵਰੇਜ਼ ਸਹੂਲਤ ਮੁਹੱਈਆ ਕਰਵਾਉਣ ਦਾ ਨੀਂਹ ਪੱਥਰ ਰੱਖਣ ਦੇ ਕੁਝ ਦਿਨ ਬਾਅਦ ਹੀ ਆਪਣਾ ਵਾਅਦਾ ਪੂਰਾ ਕਰਦਿਆਂ ਹਲਕਾ ਵਿਧਾਇਕ ਅਤੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਸਥਾਨਕ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਵਿਖੇ ਵੀ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਦੱਸਿਆ ਕਿ ਉਪਰੋਕਤ ਤਿੰਨਾਂ ਪਿੰਡਾਂ ਦੀ ਤਰ੍ਹਾਂ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਵਿੱਚ ਵੀ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਬਹੁਤ ਮੰਦਾ ਹਾਲ ਸੀ। ਸ਼ਹਿਰ ਦਾ ਹਿੱਸਾ ਹੋਣ ਪਰ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੋਣ ਕਾਰਨ ਇੰਨ੍ਹਾਂ ਪਿੰਡਾਂ ਵਿੱਚ ਨਗਰ ਨਿਗਮ ਦੀ ਤਰਜ਼ ’ਤੇ ਸੀਵਰੇਜ ਪਾਉਣ ਵਿੱਚ ਵੱਡੀ ਰੁਕਾਵਟ ਪੇਸ਼ ਆ ਰਹੀ ਸੀ। ਉਨ੍ਹਾਂ ਇਹ ਕੇਸ ਤਿਆਰ ਕਰਕੇ ਮਾਨਯੋਗ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਨ੍ਹਾਂ ਪਿੰਡਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਫੰਡ ਜਾਰੀ ਕਰਕੇ ਇਹ ਕੰਮ ਸ਼ੁਰੂ ਕਰਵਾਇਆ ਹੈ।
ਸ੍ਰ. ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਨੂੰ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਨਾਲ ਲੈੱਸ ਕੀਤਾ ਜਾਵੇਗਾ, ਜਿਸ ’ਤੇ ਕਰੀਬ 3 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਹ ਪ੍ਰੋਜੈਕਟ ਅਗਲੇ ਚਾਰ ਮਹੀਨੇ ਵਿੱਚ ਬਿਲਕੁਲ ਤਿਆਰ ਹੋ ਜਾਵੇਗਾ। ਸ੍ਰ. ਢਿੱਲੋਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਾਉਣ ਲਈ ਉਨ੍ਹਾਂ ਨੇ ਮਹਿਕਮੇ ਦੇ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਸ੍ਰ. ਗੁਰਮੀਤ ਸਿੰਘ ਖੋਸਾ ਨੂੰ ਨੋਡਲ ਇੰਚਾਰਜ ਵਜੋਂ ਤਾਇਨਾਤ ਕਰਵਾਇਆ ਹੈ। ਜਦਕਿ ਸ਼ੰਕਰ ਕਲੋਨੀ ਅਤੇ ਗੁਰੂ ਰਾਮਦਾਸ ਨਗਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੀਆਂ ਹਨ।
ਸ੍ਰ. ਢਿੱਲੋਂ ਨੇ ਤਿੰਨਾਂ ਪਿੰਡਾਂ ਦੇ ਸਾਂਝੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਨਾਲ ਕੁਨੈਕਸ਼ਨ ਉਸ ਵੇਲੇ ਤੱਕ ਨਾ ਜੋੜਨ ਜਦੋਂ ਤੱਕ ਇਸਦਾ ਨਿਰਮਾਣ ਕਾਰਜ ਬਿਲਕੁਲ ਮੁਕੰਮਲ ਨਾ ਹੋ ਜਾਵੇ। ਇਸ ਤੋਂ ਇਲਾਵਾ ਸੀਵਰੇਜ ਵਿੱਚ ਬੇਲੋੜੀਆਂ ਵਸਤਾਂ ਅਤੇ ਗੋਹਾ ਵੀ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਵਾਇਆ ਪੋਲਟਰੀ ਫਾਰਮ ਵਾਲੀ 33 ਫੀਟ ਸੜਕ (ਨਗਰ ਨਿਗਮ ਦੀ ਹੱਦ ਤੱਕ) ਵੀ ਜਲਦ ਬਣਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਲਾਕੇ ਦੀਆਂ ਰਹਿੰਦੀਆਂ ਸਮੱਸਿਆਵਾਂ ਵੀ ਅਗਲੇ 6 ਮਹੀਨੇ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਸਿਮਰਨਜੀਤ ਸਿੰਘ ਢਿੱਲੋਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments: