Wednesday, April 06, 2016

ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ-ਡੀਜੀਪੀ

ਵਿਸ਼ੇਸ਼ ਜਾਂਚ ਟੀਮ ਵੱਲੋਂ ਸ੍ਰੀ ਭੈਣੀ ਸਾਹਿਬ ਦਾ ਦੌਰਾ
ਲੁਧਿਆਣਾ//ਸਮਰਾਲਾ: 6 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਮਾਤਾ ਚੰਦ ਕੌਰ 
ਸ੍ਰੀ ਭੈਣੀ ਸਾਹਿਬ ਵਿਖੇ ਵਾਪਰੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੰਸਕ ਵਾਰਦਾਤ ਮਗਰੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਪੂਰੀ ਬਾਰੀਕੀ ਨਾਲ ਕੰਮ ਕਰ ਰਹੀ ਹੈ। ਲੁਧਿਆਣਾ ਵਿੱਚ ਡੀਸੀ ਦਫਤਰ ਸਾਹਮਣੇ ਚੱਲੀ ਲੰਮੀ ਭੁੱਖ ਹੜਤਾਲ, ਭੁੱਖ ਹੜਤਾਲ ਮਗਰੋਂ ਸ੍ਰੀ ਭੈਣੀ ਸਾਹਿਬ ਨੇੜੇ ਰਾਤ ਵੇਲੇ ਹੋਇਆ ਟਕਰਾਓ, ਅੰਮ੍ਰਿਤਸਰ ਵਿੱਚ ਨਾਮਧਾਰੀਆਂ ਦੀ ਆਪਸੀ ਫਾਇਰਿੰਗ, ਫਿਰ ਜਲੰਧਰ ਨੇੜੇ ਬੰਬ ਧਮਾਕਾ ਅਤੇ ਹੁਣ ਕਿਲੇ ਵਰਗੀ ਸੁਰੱਖਿਆ ਵਰਗੇ ਸ੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਸਮਾਜ ਦੀ ਸਭ ਤੋਂ ਵਧ ਸਨਮਾਨਿਤ ਸ਼ਖਸੀਅਤ ਮਾਤਾ ਚੰਦ ਕੌਰ ਦਾ ਕਤਲ ਖਤਰਨਾਕ ਭਵਿੱਖ ਦੇ ਸੰਕੇਤ ਦੇ ਰਿਹਾ ਹੈ। ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਅੱਜ ਪੁਲਿਸ ਅਫ਼ਸਰਾਂ ਨਾਲ ਨਾਮਧਾਰੀ ਦਰਬਾਰ ਭੈਣੀ ਸਾਹਿਬ ਵਿਖੇ ਕਰੀਬ 2 ਘੰਟੇ ਲਗਾਏ। ਇਸ ਦੌਰਾਨ ਜਿੱਥੇ ਉਹਨਾਂ ਸਤਿਗੁਰੂ ਉਦੈ ਸਿੰਘ ਨਾਲ ਦੁੱਖ ਸਾਂਝਾ ਕੀਤਾ ਉਥੇ ਮਾਤਾ ਚੰਦ ਕੌਰ ਦੀ ਹੱਤਿਆ ਸਬੰਧੀ ਪ੍ਰਬੰਧਕਾਂ ਤੋਂ ਬਰੀਕੀ ਨਾਲ ਜਾਣਕਾਰੀ ਵੀ ਪ੍ਰਾਪਤ ਕੀਤੀ। ਸਤਿਗੁਰੂ ਉਦੈ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ. ਜੀ. ਪੀ. ਅਰੋੜਾ ਨੇ ਆਖਿਆ ਕਿ ਮਾਤਾ ਚੰਦ ਕੌਰ ਦੀ ਮੌਤ ਪੰਜਾਬ ਲਈ ਇਕ ਡੂੰਘੀ ਚੀਸ ਹੈ, ਪਰ ਪੁਲਿਸ ਜਿਨ੍ਹਾਂ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ, ਉਸ ਸਬੰਧੀ ਜਾਣਕਾਰੀ ਦੇਣ ਨਾਲ ਜਾਂਚ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਉਨ੍ਹਾਂ ਪਹਿਲੇ ਦਿਨ ਹੀ ਸਪੈਸ਼ਲ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕਰ ਦਿੱਤਾ ਸੀ।
 ਫਾਈਲ  ਫੋਟੋ 
ਉਨ੍ਹਾਂ ਦੱਸਿਆ ਕਿ ਇਸ ਟੀਮ ਦੇ ਮੈਂਬਰ ਡੀ. ਜੀ. ਪੀ. (ਅਪਰਾਧ) ਹਰਦੀਪ ਸਿੰਘ ਢਿੱਲੋਂ ਖ਼ੁਦ ਇਸ ਸਬੰਧੀ ਸਾਰਾ ਮਾਮਲਾ ਜਾਂਚ ਰਹੇ ਹਨ। ਇਸ ਤੋਂ ਇਲਾਵਾ ਇਸ ਟੀਮ 'ਚ ਐਡੀਸ਼ਨਲ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਐੱਸ. ਐੱਸ. ਪੀ. ਖੰਨਾ ਸਤਿੰਦਰ ਸਿੰਘ ਤੇ ਏ. ਆਈ. ਜੀ. ਰਾਮਚਰਨ ਸਿੰਘ ਬਰਾੜ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ, ਪ੍ਰੰਤੂ ਇਹ ਕਤਲ ਕਿਸ ਮਾਮਲੇ ਨਾਲ ਜੁੜਿਆ ਹੋਇਆ ਹੈ, ਸਬੰਧੀ ਡੀ. ਜੀ. ਪੀ. ਪੱਤਰਕਾਰਾਂ ਦੇ  ਸਵਾਲਾਂ ਨੂੰ ਟਾਲ ਗਏ | ਇਸ ਮੌਕੇ ਡੀ. ਜੀ. ਪੀ. ਅਰੋੜਾ ਨੇ ਸਤਿਗੁਰੂ ਜਗਜੀਤ ਸਿੰਘ ਦੀ ਪੁਰਾਤਨ ਕੋਠੀ, ਜਿੱਥੇ ਮਾਤਾ ਚੰਦ ਕੌਰ ਵਿਸ਼ਰਾਮ ਕਰਦੇ ਸਨ, ਦਾ ਪੁਲਿਸ ਅਫ਼ਸਰਾਂ ਨਾਲ ਦੌਰਾ ਵੀ ਕੀਤਾ | ਇਸ ਮੌਕੇ ਪੁਲਿਸ ਕਮਿਸ਼ਨਰ ਲੁਧਿਆਣਾ ਜਤਿੰਦਰ ਸਿੰਘ ਔਲਖ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਕਾਬਿਲ-ਏ-ਜ਼ਿਕਰ ਹੈ ਕਿ ਨਾਮਧਾਰੀ ਧੜਿਆਂ ਵਿੱਚ ਚੱਲ ਰਹੀ ਆਪਸੀ ਖਿੱਚੋਤਾਣ ਮਗਰੋਂ  ਸਖਤ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਵਾਲੇ ਏਸ ਅਸਥਾਨ ਵਿੱਚ ਮੋਟਰ ਸਾਈਕਲ ਸਵਾਰਾਂ ਵੱਲੋਂ ਇਸ ਤਰਾਂ ਗੁਰੂ ਮਾਤਾ ਨੂੰ ਬੇਰਹਿਮੀ ਨਾਲ ਕਤਲ ਕਰਕੇ ਬੜੇ ਆਰਾਮ ਨਾਲ ਫਰਾਰ ਹੋ ਜਾਣਾ ਕਈ ਸੁਆਲ ਖੜੇ ਕਰਦਾ ਹੈ। ਇਸਤੋ ਸਾਫ਼ ਹੈ ਕਿ ਕਾਤਲਾਂ ਨੂੰ ਅੰਦਰਲੇ ਸਿਸਟਮ ਦੀ ਪੂਰੀ ਜਾਣਕਾਰੀ ਸੀ ਅਤੇ ਉਹ ਚੱਪੇ ਚੱਪੇ ਤੋਂ ਵਾਕਿਫ਼ ਸਨ।
ਚੇਤੇ ਰਹੇ ਕਿ ਨਾਮਧਾਰੀ ਸਤਿਗੁਰੁ ਜਗਜੀਤ ਸਿੰਘ ਹੁਰਾਂ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਤੋਂ ਬਾਅਦ ਠਾਕੁਰ ਦਲੀਪ ਸਿੰਘ ਅਤੇ ਠਾਕੁਰ ਉਦੈ ਸਿੰਘ ਹੁਰਾਂ ਦੇ ਸਮਰਥਕਾਂ ਦਰਮਿਆਨ ਹਿੰਸਕ ਟਕਰਾਓ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਫੇਸਬੁਕ ਵਰਗੇ ਸੋਸ਼ਲ ਮੀਡੀਆ ਉੱਪਰ ਅਸ਼ਲੀਲ ਸ਼ਬਦਾਂ ਦੀ ਜੰਗ ਅਤੇ ਧਮਕੀਆਂ ਦਾ ਸਿਲਸਿਲਾ ਵੀ ਜਾਰੀ ਹੈ। ਹੁਣ ਲੁਧਿਆਣਾ ਵਿੱਚ ਨਵੇਂ ਹਮਲੇ ਨੇ ਇੱਕ ਵਾਰ ਫੇਰ ਹਾਲਾਤ ਦੇ ਨਾਜ਼ੁਕ ਹੋਣ ਦਾ ਸੰਕੇਤ ਦਿੱਤਾ ਹੈ। ਠਾਕੁਰ ਦਲੀਪ ਸਿੰਘ ਦੇ ਸਮਰਥਕ ਏਕਤਾ ਦੇ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਲੁਧਿਆਣਾ ਵਿੱਚ ਅਗਸਤ ਮਹੀਨੇ ਦੌਰਾਨ 22 ਦਿਨ ਲੰਮੀ ਭੁੱਖ ਹੜਤਾਲ ਅਤੇ ਮਰਨ ਵਰਤ ਵੀ ਰੱਖ ਚੁੱਕੇ ਹਨ। ਇਸ ਅਰਸੇ ਦੌਰਾਨ ਠਾਕੁਰ ਉਦੈ ਸਿੰਘ ਦਾ ਧੜਾ ਇਸ ਗੁੱਟ ਨੂੰ ਲੁਧਿਆਣਾ ਵਾਲੇ ਸ਼ਹੀਦੀ ਸਮਾਰਕ ਤੋਂ ਖੂਹ ਦਾ ਪਾਣੀ ਤੱਕ ਦੇਣ ਤੋਂ ਵੀ ਪਿਛੇ ਹਟ ਗਿਆ। ਠਾਕੁਰ ਉਦੈ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕੀ ਅਸਲ ਵਿੱਚ ਠਾਕੁਰ ਦਲੀਪ ਸਿੰਘ ਗੱਦੀ ਦੀ ਲੜਾਈ ਲੜ੍ਹ ਰਹੇ ਹਨ। ਠਾਕੁਰ ਉਦੈ ਸਿੰਘ ਵਾਲੇ ਧੜੇ ਮੁਤਾਬਿਕ ਏਕਤਾ ਧੜਾ ਏਕਤਾ ਦੇ ਨਾਮ ਥੱਲੇ ਭੈਣੀ ਸਾਹਿਬ ਦੀ ਜ਼ਮੀਨ ਜਾਇਦਾਦ ਤੇ ਕਬਜਾ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਏਕਤਾ ਧੜੇ ਦਾ ਕਹਿਣਾ ਹੈ ਕਿ ਠਾਕੁਰ ਦਲੀਪ ਸਿੰਘ ਤਾਂ ਖੁਦ ਜ਼ਮੀਨਾਂ ਜਾਇਦਾਦਾਂ ਨੂੰ ਛੱਡ ਕੇ ਤਪ-ਤਪੱਸਿਆ ਦੇ ਰਾਹ ਪਏ ਹੋਏ ਹਨ। ਉਹਨਾਂ ਕੋਲ ਨਾਮਧਾਰੀ ਸੰਗਤ 80 ਫੀਸਦੀ ਹੈ ਅਤੇ ਦੂਜੇ ਮਸਾਂ 20 ਫੀਸਦੀ। ਏਕਤਾ ਧੜੇ ਨੇ ਕਈ ਵਾਰ ਕਿਹਾ ਹੈ ਅਸੀਂ ਕੇਵਲ ਏਕਤਾ ਚਾਹੁੰਦੇ ਹਾਂ।  ਭੈਣੀ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ--ਬਸ ਹੋਰ ਕੁਝ ਨਹੀਂ।

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਮਾਤਾ ਚੰਦ ਕੌਰ ਦਾ ਸੰਸਕਾਰਕੁਝ ਹੋਰ ਸਬੰਧਿਤ ਲਿੰਕ-


ਨਾਮਧਾਰੀ ਵਿਵਾਦ ਹੋਰ ਤਿੱਖਾ:ਏਕਤਾ ਧੜੇ ਵੱਲੋਂ ਜਲੰਧਰ ਵਿਚ ਮੀਡੀਆ ਮੀਟ


No comments: