Friday, April 22, 2016

ਜੇ ਮਾਤਾ ਚੰਦ ਕੌਰ ਦਾ ਕਤਲ ਨਾ ਹੁੰਦਾ ਤਾਂ ਹੋ ਜਾਣੀ ਸੀ ਫੇਰ ਏਕਤਾ

ਭੈਣੀ ਸਾਹਿਬ ਵਿੱਚ ਕਿਸੇ ਨੇ ਵੀ ਕਾਤਲਾਂ ਦਾ ਪਿੱਛਾ ਕਿਓਂ ਨਾ ਕੀਤਾ?
 ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵੱਲੋਂ ਉਠਾਏ ਗਏ ਕਈ ਅਹਿਮ ਸੁਆਲ
ਲੁਧਿਆਣਾ: 21 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਸ੍ਰੀ ਭੈਣੀ ਸਾਹਿਬ ਵਿਖੇ ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਤੋਂ ਬਾਅਦ ਦੋਵੇਂ ਨਾਮਧਾਰੀ ਗੁਟ ਸੜਕਾਂ ਤੇ ਉਤਰ ਆਏ ਹਨ।  ਕੁਝ ਦਿਨ ਪਹਿਲਾਂ ਠਾਕੁਰ ਉਦੈ ਸਿੰਘ ਦੇ ਪੈਰੋਕਾਰਾਂ ਨੇ ਰੋਸ ਮਾਰਚ ਕਢਿਆ ਸੀ ਅਤੇ ਹੁਣ ਠਾਕੁਰ ਦਲੀਪ ਸਿੰਘ ਦੇ ਪੈਰਿਕਾਰਾਂ ਨੇ ਸ਼ਾਂਤੀ ਮਾਰਚ ਕਢਿਆ ਹੈ। ਇਹਨਾਂ ਦੋਹਾਂ ਮਾਰਚਾਂ ਦਾ ਮਕਸਦ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਗ੍ਰਿਫਤਾਰੀ ਅਤੇ ਇਨਸਾਫ਼ ਦੀ ਮੰਗ ਨੂੰ ਹੋਰ ਉਭਾਰਨਾ ਹੈ। ਦੋਵੇਂ ਧੜੇ ਇਸ ਕਤਲ ਲਈ ਇੱਕ ਦੂਜੇ ਤੇ ਦੋਸ਼ ਲਾ ਰਹੇ ਹਨ। ਅੱਜ ਵਾਲੇ ਮਾਰਚ ਦੌਰਾਨ ਕੁਝ ਗੱਲਾਂ ਬੜੀ ਦਲੀਲ ਅਤੇ ਤਥਾਂ ਨਾਲ ਕੀਤੀਆਂ ਗਈਆਂ ਹਨ। 
ਸ੍ਰੀ ਭੈਣੀ ਸਾਹਿਬ ਨੂੰ ਸੀਲ ਕਰਨ ਅਤੇ ਕਈ ਹੋਰ ਅਹਿਮ ਮੰਗਾਂ ਨੂੰ ਲੈ ਕੇ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵੱਲੋਂ ਅੱਜ ਲੁਧਿਆਣਾ ਵਿੱਚ ਵਿਸ਼ਾਲ ਸ਼ਾਂਤੀ ਮਾਰਚ ਕੀਤਾ ਗਿਆ। ਵਿਸ਼ਵਕਰਮਾ ਚੋਂਕ ਤੋਂ ਸ਼ੁਰੂ ਹੋ ਕੇ ਇਹ ਮਾਰਚ ਬੜੇ ਹੀ ਪੁਰਅਮਨ ਢੰਗ ਨਾਲ ਜਗਰਾਓਂ ਪੁਲ ਅਤੇ ਭਾਰਤ ਨਗਰ ਚੋਂਕ ਰਾਹੀਂ ਹੁੰਦਾ ਹੋਇਆ ਪਹਿਲਾਂ ਡੀਸੀ ਦਫਤਰ ਅਤੇ ਫਿਰ ਪੁਲਿਸ ਕਮਿਸ਼ਨਰ ਦਫਤਰ ਕੋਲ ਪਹੁੰਚਿਆ। ਭਾਰੀ ਸੁਰੱਖਿਆ ਫੋਰਸ ਦੀ ਮੌਜੂਦਗੀ ਵਿੱਚ ਇਹਨਾਂ ਪੈਰੋਕਾਰਾਂ ਨੂੰ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਪੂਰੇ ਇਨਸਾਫ਼ ਦਾ  ਭਰੋਸਾ ਦੁਆਇਆ। ਇਸ ਮਾਰਚ ਦੇ ਆਗੂਆਂ ਦਾ ਕਹਿਣਾ ਸੀ ਕਿ ਮਾਤਾ ਚੰਦ ਕੌਰ ਦੇ ਕਾਤਲ ਕਿਤਿਓਂ ਬਾਹਰੋਂ ਨਹੀਂ ਸਨ ਆਏ ਬਲਕਿ ਅੰਦਰੋਂ ਹੀ ਨਿਕਲੇ ਅਤੇ ਅੰਦਰ ਹੀ ਲੁਕ ਗਏ। ਇਹਨਾਂ ਆਗੂਆਂ ਨੇ ਸੁਆਲ ਵੀ ਕੀਤੇ ਕਿ ਜੇ ਦੋ ਹਮਲਾਵਰ ਬਾਹਰੋਂ ਆਏ ਸਨ ਤਾਂ ਅੰਦਰ ਮੌਜੂਦ ਭਾਰੀ ਸੁਰੱਖਿਆ ਗਾਰਦ ਨੇ ਆਧੁਨਿਕ ਹਥਿਆਰਾਂ ਦੇ ਹੋਣ ਦੇ ਬਾਵਜੂਦ ਉਹਨਾਂ ਨੂੰ ਫੜਨ ਲਈ ਉਹਨਾਂ ਦਾ ਪਿੱਛਾ ਕਿਓਂ ਨਹੀਂ ਕੀਤਾ।
ਇਸ ਮਕਸਦ ਦੇ ਪਰਚੇ ਸਾਰੇ ਮਾਰਚ ਦੌਰਾਨ ਵੀ ਥਾਂ ਥਾਂ ਵੰਡੇ ਗਏ। ਇੱਕ ਪਰਚੇ ਵਿੱਚ ਦਸ ਅਤੇ ਦੂਜੇ ਵਿੱਚ 11 ਨੁਕਤੇ ਉਠਾਏ ਗਏ  ਹਨ। ਨਾਮਧਾਰੀਆਂ ਦੇ ਇਸ ਧੜੇ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਸੰਨ 2006 ਅਤੇ 2009 ਵਿੱਚ ਇਸੇ ਤਰਾਂ ਸਥਿਤੀ ਨਾਜ਼ੁਕ ਬਣੀ ਸੀ ਪਰ ਮਾਤਾ ਚੰਦ ਕੌਰ ਨੇ ਦੂਰ ਅੰਦੇਸ਼ੀ ਅਤੇ ਸਿਆਣਪ ਨਾਲ ਸਾਰਾ ਮਾਮਲਾ ਨਜਿਠ ਕੇ ਏਕਤਾ ਕਰਵਾ ਦਿੱਤੀ ਸੀ। ਇਸ ਵਾਰ ਵੀ ਏਕਤਾ ਜਤਨਾਂ ਦੀ ਗੱਲ 23 ਮਾਰਚ 2016 ਨੂੰ ਜਦੋਂ ਮਾਤਾ ਜੀ ਨੇ ਆਪਣੇ ਮੂੰਹੋਂ ਕਢੀ ਤਾਂ ਉਹਨਾਂ ਨੂੰ ਦੋ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੇ ਮਾਤਾ ਜੀ ਨੂੰ ਕਾਫੀ ਬੁਰਾ ਭਲਾ ਕਿਹਾ ਅਤੇ ਗੰਭੀਰ ਨਤੀਜਿਆਂ ਦੀਆਂ ਧਮਕੀਆਂ ਵੀ ਦਿੱਤੀਆਂ।  ਇਸ ਤੇ ਮਾਤਾ ਜੀ ਨੇ ਦੋਹਾਂ ਨੂੰ ਸੰਗਤਾਂ ਦੀ ਅਦਾਲਤ ਵਿੱਚ ਬੇਨਕਾਬ ਕਰਨ ਦੀ ਗੱਲ ਕਹੀ ਤਾਂ ਦੋਹਾਂ ਵੱਲੋਂ ਮਾਤਾ ਜੀ ਨੂੰ ਲਾਂਭੇ ਕਰਨ ਦੀ ਸਾਜਿਸ਼ ਰਚੀ ਗਈ। ਇਹਨਾਂ ਸੂਤਰਾਂ ਨੇ ਦੱਸਿਆ ਕਿ ਮਿੱਥੇ ਹੋਏ ਪ੍ਰੋਗ੍ਰਾਮ ਮੁਤਾਬਿਕ ਮਾਤਾ ਜੀ ਨੇ 2-3 ਅਪ੍ਰੈਲ 2016 ਨੂੰ ਠਾਕੁਰ ਉਦੈ ਸਿੰਘ ਅਤੇ ਸੰਤ ਜਗਤਾਰ ਸਿੰਘ ਹੁਰਾਂ ਦੇ ਨਾਲ ਬੈੰਗਲੋਰ ਜਾਣਾ ਸੀ ਪਰ ਮਾਤਾ ਜੀ ਨੂੰ ਸਾਜਿਸ਼ ਤਹਿਤ ਦਿੱਲੀ ਤੋਂ ਹੀ ਵਾਪਿਸ ਭੈਣੀ ਸਾਹਿਬ ਭੇਜ ਦਿੱਤਾ ਗਿਆ। ਅਗਲੇ ਹੀ ਦਿੰਨ 4 ਅਪ੍ਰੈਲ ਨੂੰ ਮਾਤਾ ਜੀ ਦਾ ਕਤਲ ਕਰ ਦਿੱਤਾ ਗਿਆ। ਇਹਨਾਂ ਸੂਤਰਾਂ ਨੇ ਕਰਤਾਰ ਸਿੰਘ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਮਾਤਾ ਜੀ ਦਾ ਕਤਲ ਸਾਇਲੈਂਸਰ ਲੱਗੇ ਹਥਿਆਰ ਨਾਲ ਹੋਇਆ।  ਇਸ ਬਿਆਨ ਦਾ ਪੁਲਿਸ ਨੇ ਅਗਲੀ ਹੀ ਦਿਨ ਖੰਡਣ ਕਰ ਦਿੱਤਾ ਸੀ ਕਿ 9 ਐਮ ਐਮ ਵਾਲੀ ਇਸ ਹਥਿਆਰ ਨੂੰ ਸਾਇਲੈਂਸਰ ਲੱਗ ਹੀ ਨਹੀਂ ਸਕਦਾ। ਜਿਸ ਰਸਤੇ ਤੇ ਇਹ ਕਤਲ ਹੋਇਆ ਉਸ ਰਸਤੇ ਤੇ ਵੀ ਮਾਤਾ ਜੀ ਕਦੇ ਕਦਾਈ ਹੀ ਆਇਆ ਜਾਇਆ ਕਰਦੇ ਸਨ। ਇਸ ਲਈ ਅਜਿਹਾ ਕੌਣ ਸੀ ਜਿਸਨੂੰ ਇਹ ਪਤਾ ਸੀ ਕਿ ਅੱਜ ਮਾਤਾ ਜੀ ਇਸ ਰਸਤਿਓਂ ਹੀ ਲੰਘਣਗੇ। ਇਹਨਾਂ ਸੂਤਰਾਂ ਨੇ ਸਾਫ਼ ਕਿਹਾ ਕਿ ਕਤਲ ਤਾਂ ਭੈਣੀ ਸਾਹਿਬ ਦੇ  ਅੰਦਰ ਹੀ ਕੀਤਾ ਗਿਆ ਪਰ ਬਾਅਦ ਵਿੱਚ ਕਾਤਲਾਂ ਵਾਲੀ ਕਹਾਣੀ ਘੜ੍ਹ ਲਈ ਗਈ। ਅਜਿਹੇ ਕਈ ਮੁੱਦੇ ਇਸ ਮਾਰਚ ਵਿੱਚ ਉਠਾਏ ਗਏ। ਮਾਰਚ ਸ਼ਾਂਤ ਸੀ ਪਰ ਪਰਚੇ ਵੰਡੇ ਜਾ ਰਹੇ ਸਨ। ਸਧਾਰਨ ਚਲੇ ਚਲਦਾ ਇਹ ਮਾਰਚ ਕਈ ਵਾਰ ਤੇਜ਼ ਵੀ ਹੋ ਜਾਂਦਾ ਸੀ ਪਰ ਫਿਰ ਵੀ ਇਸ ਨੂੰ ਵਿਸ਼ਵਕਰਮਾ  ਚੋਂਕ ਤੋਂ ਜਗਰਾਓਂ ਪੁਲ ਚੜ੍ਹਦਿਆਂ ਚੜ੍ਹਦਿਆਂ  ਹੀ ਆਧਾ ਘੰਟਾ ਲੱਗ ਗਿਆ।  ਇਸਦਾ ਇੱਕ ਸਿਰ ਅਜੇ ਦੂਖ ਨਿਵਾਰਨ ਕੋਲ ਹੀ ਸੀ ਜਦਕਿ ਦੂਜਾ ਸਿਰ ਭਾਰਤ ਨਗਰ ਚੋਂਕ ਨੇੜੇ ਪੁੱਜ ਚੁੱਕਿਆ ਸੀ।
ਸਫੇਦ ਵਸਤਰਾਂ ਵਾਲੇ ਇਹਨਾਂ ਵਿਅਕਤੀਆਂ ਦੇ ਹੱਥਾਂ ਵਿਚ ਮਾਲਾ ਸੀ ਅਤੇ ਕਈਆਂ  ਨੇ ਸ਼ਕਤੀ ਦਾ ਪ੍ਰਤੀਕ ਭਗੌਤੀ ਵੀ ਫੜੀ ਹੋਈ ਸੀ। ਇਸ ਮਾਰਚ ਨੇ ਆਰੰਭ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਹਿ ਦੇ ਜੈਕਾਰੇ ਲਾਏ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਛੱਡੇ। ਕਮਿਸ਼ਨਰ ਦਫਤਰ ਪਹੁੰਚ ਕੇ ਰਾਜ ਕਰੇਗਾ ਖਾਲਸਾ ਦਾ ਨਾਅਰਾ ਵੀ ਸੁਣਾਈ ਦਿੱਤਾ। ਕੜਕਦੀ ਧੁੱਪ ਅਤੇ ਸਖਤ ਗਰਮੀ ਦੇ ਬਾਵਜੂਦ ਸੰਗਤ ਭਾਰੀ ਗਿਣਤੀ ਵਿੱਚ ਸ਼ਾਮਲ ਹੋਈ। ਬਜ਼ੁਰਗ ਅਵਸਥਾ ਵਾਲੇ ਵੀ ਪੂਰੇ ਜੋਸ਼ ਵਿੱਚ ਸਨ।  ਕਈ ਔਰਤਾਂ ਆਪਣੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਵੀ ਮਾਰਚ ਵਿੱਚ ਸ਼ਾਮਲ ਹੋਈਆਂ। ਜਲੰਧਰ ਤੋਂ ਸਕੂਲੀ ਬੱਚੇ ਵੀ ਵੱਡੀ ਗਿਣਤੀ ਵਿੱਚ ਆਏ ਹੋਏ ਸਨ। 

No comments: