Thursday, April 28, 2016

ਕਾਮਰੇਡ ਸਤਨਾਮ ਅੱਜ ਸਦੀਵੀ ਵਿਛੋੜਾ ਦੇ ਗਏ

ਖੱਬੀਆਂ ਧਿਰਾਂ ਵਿੱਚ ਉਦਾਸੀ ਦੀ ਲਹਿਰ-ਸ਼ਰਧਾਂਜਲੀ ਸਮਾਗਮ 8 ਮਈ ਨੂੰ 
ਖੱਬੇ ਗੌਤਮ ਨਵਲੱਖਾ ਨਜ਼ਰ ਆ ਰਹੇ ਹਨ ਅਤੇ ਵਿਚਕਾਰ ਕਾ. ਸਤਨਾਮ ਜਾਨ ਮਿਰਡਲ ਨੂੰ ਜੰਗਲਨਾਮਾ ਦੀ ਕਾਪੀ ਭੇਂਟ ਕਰਨ ਵਕਤ
ਪੰਜਾਬੀ ਸਾਹਿਤ ਦੀ ਝੋਲੀ ਬਹੁਮੁੱਲਾ ਸਫ਼ਰਨਾਮਾ 'ਜੰਗਲਨਾਮਾ', ਸੰਸਾਰ ਪ੍ਰਸਿਧ ਨਾਵਲ ਸਪਾਰਟਕਸ ਦਾ ਪੰਜਾਬੀ ਵਿਚ ਅਨੁਵਾਦ, ਇਨਕਲਾਬੀ ਸ਼ਾਇਰ ਜਗਮੋਹਣ ਜੋਸ਼ੀ ਦੀ ਉਰਦੂ ਸ਼ਾਇਰੀ 'ਪੈਮਾਨੇ ਇਨਕਲਾਬ ਦਾ ਲਿੱਪੀਅੰਤਰ' ਅਤੇ ਹੋਰ ਕਾਫ਼ੀ ਕੁਝ ਪਾਉਣ ਵਾਲੇ ਗੰਭੀਰ ਲੇਖਕ, ਇਨਕਲਾਬੀ ਚਿੰਤਕ, ਕਾਰਕੁਨ ਅਤੇ ਸਭ ਤੋ. ਵੱਧ ਇਕ ਜ਼ਹੀਨ ਇਨਸਾਨ ਕਾ. ਸਤਨਾਮ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ। ਇਹ ਸਫ਼ਰਨਾਮਾ ਮਾਓਵਾਦੀ ਲਹਿਰ ਦੇ ਗੜ੍ਹ ਬਸਤਰ ਵਿਚ ਇਨਕਲਾਬੀਆਂ ਨਾਲ ਵਿਚਰਨ ਦੇ ਸਿੱਧੇ ਅਨੁਭਵ ਉੱਪਰ ਅਧਾਰਤ ਹੈ। 70ਵਿਆਂ ਵਿਚ ਨਕਸਲਬਾੜੀ ਲਹਿਰ ਦੇ ਮੁੱਢਲੇ ਦੌਰ ਵਿਚ ਪੜ੍ਹਾਈ ਛੱਡਕੇ ਗੁਰਮੀਤ ਨਾਂ ਦਾ ਜੋ ਨੌਜਵਾਨ ਸਾਡੇ ਲੋਕਾਂ ਦੀ ਜ਼ਿੰਦਗੀ ਨੂੰ ਇਨਕਲਾਬੀ ਤਬਦੀਲੀ ਰਾਹੀਂ ਬਿਹਤਰ ਬਣਾਉਣ ਦੇ ਸੰਘਰਸ਼ ਵਿਚ ਕੁੱਦਿਆ ਸੀ ਉਸਦੀ ਪਛਾਣ ਸਤਨਾਮ ਵਜੋਂ ਬਣੀ। ਲੰਮੇ ਸਮੇਂ ਤੋਂ ਉਹ ਅੱਜ ਦੇ ਦੌਰ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਸਨ। ਆਖਿ਼ਰਕਾਰ ਅੱਜ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ। ਉਨ੍ਹਾਂ ਦੀਆਂ ਯਾਦਾਂ ਦੀ ਵਸੀਹ ਚੰਗੇਰ ਵਿੱਚੋਂ ਪੇਸ਼ ਨੇ ਕੁਝ ਯਾਦਗਾਰੀ ਤਸਵੀਰਾਂ।
ਸਤਨਾਮ ਵਰਗੇ ਲੇਖਕ ਦਾ ਇਸ ਤਰ੍ਹਾਂ ਤੁਰ ਜਾਣਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ
ਜਗਤ ਪ੍ਰਸਿੱਧ ਇਨਕਲਾਬੀ ਸਡੀਡਿਸ਼ ਲੇਖਕ ਜਾਨ ਮਿਰਡਲ ਜਦੋਂ ਸਾਡੇ ਸੱਦੇ ਉੱਪਰ ਲੁਧਿਆਣਾ ਇਕ ਰੂ-ਬ-ਰੂ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਏ ਸਨ ਤਾਂ ਮੈਨੂੰ ਤੇ ਸਤਨਾਮ ਨੂੰ ਜਾਨ ਮਿਰਡਲ ਅਤੇ ਗੌਤਮ ਨਵਲੱਖਾ ਨਾਲ ਕਾਫ਼ੀ ਵਕਤ ਗੁਜ਼ਾਰਨ ਤੇ ਵਿਚਾਰ-ਚਰਚਾ ਕਰਨ ਦਾ ਮੌਕਾ ਮਿਲਿਆ। ਜਾਨ ਮਿਰਡਲ ਅਤੇ ਗੌਤਮ ਨਵਲੱਖਾ ਨਾਲ ਉਨ੍ਹਾਂ ਦੀਆਂ ਇਹ ਯਾਦਗਾਰੀ ਤਸਵੀਰਾਂ ਮੈਂ 8 ਫਰਵਰੀ 2012 ਨੂੰ ਪ੍ਰੋਫੈਸਰ ਏ.ਕੇ.ਮਲੇਰੀ ਦੇ ਘਰ ਲੁਧਿਆਣਾ ਵਿਖੇ ਅਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਕੈਮਰਾਬੰਦ ਕੀਤੀਆਂ ਸਨ। ਤਸਵੀਰ ਵਿਚ ਖੱਬੇ ਗੌਤਮ ਨਵਲੱਖਾ ਨਜ਼ਰ ਆ ਰਹੇ ਹਨ ਅਤੇ ਵਿਚਕਾਰ ਕਾ. ਸਤਨਾਮ। ਜਾਨ ਮਿਰਡਲ ਨੂੰ ਜੰਗਲਨਾਮਾ ਦੀ ਕਾਪੀ ਭੇਂਟ ਕਰਨ ਵਕਤ। ਗੌਤਮ ਤੇ ਸਤਨਾਮ ਉਨ੍ਹਾਂ ਨਾਲ ਕੋਈ ਨੁਕਤਾ ਸਾਂਝਾ ਕਰ ਰਹੇ ਹਨ। ਦੂਜੀ ਤਸਵੀਰ ਵਿਚ ਸਤਨਾਮ ਜਾਨ ਮਿਰਡਲ ਨਾਲ ਰੂ-ਬ-ਰੂ ਪ੍ਰੋਗਰਾਮ ਵਿਚ ਪ੍ਰਧਾਨਗੀ ਮੰਡਲ ਵਿਚ ਸ਼ੁਸ਼ੋਭਤ ਹਨ। ਅਲਵਿਦਾ ਪਿਆਰੇ ਕਾਮਰੇਡ।
                                                                                                                --ਬੂਟਾ  ਸਿੰਘ ਨਵਾਂ ਸ਼ਹਿਰ 

Mandhir Singh ਨੇ ਲਿਖਿਆ--ਬਹੁਤ ਮਾੜਾ ਹੋੲਿਅਾ ਨਾਂ ਪੂਰਾ ਹੋਣ ਵਾਲਾ ਘਾਟਾ ਸ਼ਰਧਾਜਲੀ ਸਮਾਗਮ 8 ਮੲੀ ਨੂੰ ਹੋਵੇਗਾ

Pinder Surja ਹੁਰਾਂ ਨੇ ਆਖਿਆ--ਇਨਕਲਾਬੀ ਲਹਿਰ ਨੂੰ ਉਹਨਾ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ ਲਾਲ ਸਲਾਮ ਕਾਮਰੇਡ "ਅਲਵਿਦਾ

Sushil Dosanjh ਨੇ ਲਿਖਿਆ--ਬਹੁਤ ਦੁਖਦਾਇਕ।
ਨਾਲ ਹੀ ਇਸ ਸਵਾਲ ਨੂੰ ਵੀ ਟਕਰਨਾ ਚਾਹੀਦੈ ਕਿ ਕੋਈ ਇਨਕਲਾਬੀ ਸਾਥੀ ਏਦਾਂ ਕਿਉਂ ਕਰਦੈ?

Buta Singh Nawanshahr ਨੇ ਵੀ ਕਿਹਾ--ਕਮਿਊਨਿਸਟ ਇਨਕਲਾਬੀ ਲਹਿਰ ਵਿਚ ਸ਼ਾਮਲ ਹੋਕੇ ਸਾਥੀ ਖ਼ੁਦਕੁਸ਼ੀ ਦਾ ਕਦਮ ਕਿਉਂ ਚੁੱਕਦੇ ਹਨ, ਇਹ ਸਵਾਲ ਸੱਚੀਉਂ ਹੀ ਸੰਜੀਦਗੀ ਨਾਲ ਵਿਚਾਰਨ ਵਾਲਾ ਹੈ ਸੁਸ਼ੀਲ ਵੀਰ।


ਸਤਨਾਮ ਵਰਗੇ ਲੇਖਕ ਦਾ ਇਸ ਤਰ੍ਹਾਂ ਤੁਰ ਜਾਣਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ

No comments: