Sunday, April 10, 2016

ਪੁਸਤਕ ‘ਮਾਂਵਾਂ’ ਵਿਚ ਲੇਖਕ ਨੇ ਕੀਤੀ ਜੀਵਨ ਦੇ ਸਾਰੇ ਰੰਗਾਂ ਨੂੰ ਭਰਨ ਦੀ ਕੋਸ਼ਿਸ਼

ਕਾਵਿ ਪੁਸਤਕ ‘ਮਾਂਵਾਂ’ ਸ਼ਲਾਘਾਯੋਗ ਉਪਰਾਲਾ- ਡੀ.ਈ.ਓ[ਸਸ] ਚਾਹਲ
ਲੁਧਿਆਣਾ: 10 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
‘ਸਮਾਜਿਕ ਸਰੋਕਾਰਾਂ, ਵਾਤਾਵਰਣ, ਲੋਹੜੀ, ਵਿਸਾਖੀ, ਨਵਾਂ ਸਾਲ, ਪ੍ਰਵਾਸ-ਪੀੜ, ਮਾਤ ਭੂਮੀ, ਜਨਮ ਦੇਣ ਵਾਲੀ ਮਾਂ ਅਤੇ ਮਾਂ ਬੋਲੀ ਪੰਜਾਬੀ ਬਾਰੇ ਗੰਭੀਰ ਬਾਤਾਂ ਪਾਉਂਦੀ ਕਾਵਿ ਪੁਸਤਕ ‘ਮਾਂਵਾਂ’ ਡਾ.ਬਲਵਿੰਦਰ ਸਿੰਘ ਕਾਲੀਆ ਦਾ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ। ਸਾਨੂੰ ਆਪਣੇ ਅਜਿਹੇ ਸਾਹਿਤਕ ਰੁਚੀਆਂ ਵਾਲੇ ਅਧਿਆਪਕਾਂ ’ਤੇ ਮਾਣ ਹੈ ਜੋ ਆਪਣੇ ਅਧਿਆਪਨ-ਕਾਰਜ ਨੂੰ ਬਾਖੂਬੀ ਨਿਭਾਉਣ ਦੇ ਨਾਲ ਨਾਲ ਪੰਜਾਬੀ ਪਾਠਕਾਂ ਲਈ ਪੜ੍ਹਨ ਤੇ ਮਾਨਣ ਯੋਗ ਰਚਨਾਵਾਂ ਵੀ ਪ੍ਰਦਾਨ ਕਰ ਰਹੇ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਪਰਜਮੀਤ ਕੌਰ ਚਾਹਲ ਜ਼ਿਲ੍ਹਾ ਸਿੱਖਿਆ ਅਧਿਕਾਰੀ [ਸਸ] ਨੇ ਆਪਣੇ ਦਫਤਰ ਵਿਖੇ ਡਾ.ਕਾਲੀਆ ਦੀ ਨਵਪ੍ਰਕਾਸ਼ਿਤ ਪੁਸਤਕ ‘ਮਾਂਵਾਂ’ ਨੂੰ ਰਲੀਜ਼ ਕਰਨ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਡਾ.ਕਾਲੀਆ ਦੀਆਂ ਪਹਿਲੀਆਂ ਪੁਸਤਕਾਂ ਵੀ ਕਾਬਲੇ ਤਾਰੀਫ ਸਨ ਤੇ ਇਸੇ ਕਰਕੇ ਹੀ ਉਸ ਦੀ ਬਾਲ ਕਾਵਿ ਪੁਸਤਕ ‘ਅੱਖਰਮਾਲਾ’ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸਾਲ-2012 ਦੀ ਸਰਵੋਤਮ ਪੁਸਤਕ ਵਜੋਂ ਸਨਮਾਨਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ‘ਮਾਂਵਾਂ’ ਵਿਚ ਲੇਖਕ ਨੇ ਜੀਵਨ ਦੇ ਸਾਰੇ ਰੰਗਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਦੀ ਭਾਸ਼ਾ ਬਹੁਤ ਹੀ ਸੁਖਾਲੀ, ਰੌਚਿਕ ਅਤੇ ਪਾਠਕ ਨੂੰ ਆਨੰਦਿਤ ਕਰਨ ਵਾਲੀ ਹੈ।  ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ.ਚਰਨਜੀਤ ਸਿੰਘ ਅਤੇ ਸ੍ਰੀ ਅਸ਼ੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਅਫਸਰ ਸ੍ਰੀ ਅਨਿਲ ਸੰਧੀਰ, ਆਈ.ਸੀ.ਟੀ ਅਧਿਕਾਰੀ ਜਸਵੀਰ ਸਿੰਘ, ਜ਼ਿਲ੍ਹਾ ਗਾਈਡੈਂਸ ਅਧਿਕਾਰੀ ਸੰਤੋਖ ਸਿੰਘ ਗਿੱਲ, ਜ਼ਿਲ੍ਹਾ ਐਜੂਸੈਟ ਅਧਿਕਾਰੀ ਰਾਜਵੰਤ ਗਰੇਵਾਲ, ਏ.ਈ.ਓ ਅਜੀਤ ਪਾਲ ਸਿੰਘ ਤੇ ਦਫਤਰ ਦੇ ਬਹੁਤ ਸਾਰੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

No comments: