Saturday, April 02, 2016

ਅਕਾਲਗੜ ਮਾਰਕੀਟ ਦੁਕਾਨਦਾਰਾਂ ਵੱਲੋਂ ਗਾਬੜੀਆ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ

ਅਕਾਲਗੜ ਟਰਸਟ 'ਤੇ ਵੀ ਲਾਏ ਘਪਲਿਆਂ ਦੇ ਗੰਭੀਰ ਦੋਸ਼
ਲੁਧਿਆਣਾ 23 ਮਾਰਚ 2016: (ਪੰਜਾਬ ਸਕਰੀਨ ਬਿਊਰੋ): 

ਲੁਧਿਆਣਾ ਦੇ ਪ੍ਰਸਿਧ ਕਾਰੋਬਾਰੀ ਕੇਂਦਰ ਚੋੜਾ ਬਾਜ਼ਾਰ/ਘੰਟਾ ਘਰ ਵਿੱਚ ਬਣੀ ਹੋਈ ਅਕਾਲਗੜ ਮਾਰਕੀਟ ਅਸਲ ਵਿੱਚ ਇੱਕ ਸੁਪਨਾ ਸੀ ਜਿਹੜਾ ਜਾਗਦੀਆਂ ਅੱਖਾਂ ਨਾਲ ਉਦੋਂ ਦੇਖਿਆ ਗਿਆ ਸੀ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਸਨ। ਇਹ ਮਾਰਕੀਟ ਦਿੱਲੀ ਦੇ ਪਾਲਿਕਾ ਬਾਜ਼ਾਰ ਵਾਂਗ ਬੜੇ ਚਾਵਾਂ ਅਤੇ ਸੁਪਨਿਆਂ ਨਾਲ ਸ਼ੁਰੂ ਕੀਤੀ ਗਈ ਸੀ। ਇਸ ਮਾਰਕੀਟ ਤੋਂ ਪਹਿਲਾਂ ਇਸ ਥਾਂ ਦਾ ਵਿਵਾਦ ਕਾਫੀ ਲੰਮਾ ਸਮਾਂ ਚੱਲਿਆ। ਅੱਜ ਕਲ੍ਹ ਸੰਘਣੀ ਭੀੜ ਵਾਲੀ ਇਹ ਮਾਰਕੀਟ ਕਿਸੇ ਵੇਲੇ ਖੁੱਲਾ ਮੈਦਾਨ ਹੁੰਦਾ ਸੀ ਅਤੇ ਇਸ ਮੈਦਾਨ ਵਿਚ ਹੁੰਦਾ ਸੀ ਇੱਕ ਛੋਟੇ ਜਹੇ ਹਾਲ ਵਾਲਾ ਗੁਰਦਵਾਰਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬੜੀ ਮਰਿਯਾਦਾ ਨਾਲ ਕੀਤਾ ਜਾਂਦਾ ਸੀ।  ਇਸ ਮਕਸਦ ਲਈ ਰੱਖੇ ਗਏ ਗ੍ਰੰਥੀ ਸਿੰਘ ਦੀ ਰਿਹਾਇਸ਼ ਵਾਸਤੇ ਇੱਕ ਹੋਰ ਛੋਟਾ ਜਿਹਾ ਕਮਰਾ ਵੀ ਨੇੜੇ ਹੀ ਹੁੰਦਾ ਸੀ। ਗ੍ਰੰਥੀ ਬੜੀ ਸ਼ਰਧਾ ਵਾਲਾ ਸਿੰਘ ਸੀ। ਸਾਧਨ ਬੜੇ ਸੀਮਿਤ ਸਨ ਅਤੇ ਸੰਗਤ ਬਸ ਨਾਮਾਤਰ ਹੀ ਆਉਂਦੀ ਸੀ ਇਸਦੇ ਬਾਵਜੂਦ ਇਹ ਗ੍ਰੰਥੀ ਕੋਸ਼ਿਸ਼ ਕਰਦਾ ਕਿ ਆਏ ਗਏ ਨੂੰ ਚਾਹ ਪਾਣੀ ਅਤੇ ਲੰਗਰ ਜਰੁਰ ਪੁਛਿਆ ਜਾਏ।  ਜਿਸ ਦਿਨ ਲੰਗਰ ਮਸਤਾਨਾ ਹੁੰਦਾ ਉਸ ਦਿਨ ਉਸ ਗ੍ਰੰਥੀ ਦੀਆਂ ਅੱਖਾਂ ਭਰ ਆਉਂਦੀਆਂ। ਆਮ ਤੌਰ ਤੇ ਅਕਾਲੀ ਮੀਟਿੰਗਾਂ ਅਤੇ ਰੈਲੀਆਂ ਇਸ ਅਸਥਾਨ ਦੇ ਗਰਾਊਂਡ ਵਿੱਚ ਹੀ ਹੁੰਦੀਆਂ। ਇਸ ਥਾਂ ਦੀ ਪ੍ਰਾਪਤੀ ਲਈ ਇਸਦਾ ਕੇਸ ਲੜਿਆ ਸਰਦਾਰ ਸ਼ੇਰ ਸਿੰਘ ਬੱਬਰ ਨੇ ਜਿਹਨਾਂ ਨੂੰ ਸਿਖ ਹਲਕਿਆਂ ਵਿੱਚ ਇੱਕ ਕੱਟੜ ਅਕਾਲੀ ਸਿੰਘ ਵੱਜੋਂ ਦੇਖਿਆ ਜਾਂਦਾ ਸੀ। ਇਸ ਅਸਥਾਨ ਦੀ ਪ੍ਰਾਪਤੀ ਦਾ ਸਿਹਰਾ ਵੀ ਅਸਲ ਵਿੱਚ ਉਸ ਬੱਬਰ ਅਕਾਲੀ ਸ਼ੇਰ ਸਿੰਘ ਦੇ ਸੰਘਰਸ਼ ਨੂੰ ਹੀ ਜਾਂਦਾ ਹੈ ਜਿਸਨੇ ਮੁਸ਼ਕਲਾਂ ਅਤੇ ਚਨੌਤੀਆਂ ਦੇ ਬਾਵਜੂਦ ਹਿੰਮਤ ਨਹੀਂ ਸੀ ਛੱਡੀ। ਇਹ ਗੱਲ ਵੱਖਰੀ ਹੈ ਕਿ ਏਨੇ ਲੰਮੇ ਸੰਘਰਸ਼ਾਂ ਮਗਰੋਂ ਬਣੀ ਅਸਮਾਨ ਛੂਹਂਦੀ ਇਮਾਰਤ ਵਾਲੀ ਮਾਰਕੀਟ ਨੂੰ ਸ਼ਾਇਦ ਉਸ ਅਕਾਲੀ ਸਿੰਘ ਨੇ ਆਪਣੀ ਅੱਖੀਂ ਨਹੀਂ ਦੇਖਿਆ। ਕਾਰੋਬਾਰੀ ਹਲਕਿਆਂ ਵਿੱਚ ਵੱਖਰਾ ਥਾਂ ਬਣਾਉਣ ਵਾਲੀ ਇਸ ਮਾਰਕੀਟ ਦਾ ਮਾਮਲਾ ਹੁਣ ਫਿਰ ਵਿਵਾਦਾਂ ਵਿੱਚ ਹੈ। ਇਸ ਮਾਰਕੀਟ ਦੇ ਦੁਕਾਨਦਾਰਾਂ ਨੇ ਗੁਰਦੁਆਰਾ ਅਕਾਲਗੜ ਟਰਸਟ ਉੱਪਰ ਹਿਸਾਬ ਕਿਤਾਬ ਦੇ ਮਾਮਲੇ ਵਿੱਚ ਤਿੱਖੇ ਦੋਸ਼ ਲਾਏ ਹਨ। ਦੁਕਾਨਦਾਰਾਂ ਦੀ ਪ੍ਰਤੀਨਿਧਤਾ ਕੀਤੀ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਉਹਨਾਂ ਦੇ ਨੇੜਲੇ ਸਾਥੀ ਬਲਵਿੰਦਰ ਸਿੰਘ ਭੁੱਲਰ ਹੁਰਾਂ ਨੇ। ਦੁਕਾਨਦਾਰਾਂ ਨੇ ਇਸ ਸੰਘਰਸ਼ ਨੂੰ ਅੱਗੇ ਤੋਰਨ ਲਈ ਇੱਕ ਅਠ ਮੈਂਬਰੀ ਕਮੇਟੀ ਵੀ ਬਣਾਈ ਹੈ ਜਿਹੜੀ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਏਗੀ। ਟਰਸਟ ਉੱਪਰ ਕਰੋੜਾਂ ਰੁਪਏ ਦੇ ਘਪਲਿਆਂ ਦਾ ਦੋਸ਼ ਲਾਉਂਦਿਆਂ ਇਸ ਕਮੇਟੀ ਨੇ ਟਰਸਟ ਨੂੰ 10 ਦਿਨਾਂ ਦਾ ਸਮਾਂ ਵੀ ਦਿੱਤਾ ਹੈ। ਇਸਦੇ ਨਾਲ ਹੀ ਇਸ ਟਰਸਟ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਵਿੱਚ ਤਬਦੀਲੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। 
ਅਕਾਲ ਮਾਰਕੀਟ ਸ਼ਾਪਕੀਪਰਜ ਐਸੋਸੀਏਸ਼ਨ ਦੇ ਸਮੂਹ ਦੁਕਾਨਦਾਰਾਂ ਨੇ ਗੁਰਦੁਆਰਾ ਅਕਾਲਗੜ੍ਹ ਟਰੱਸਟ ਵਿੱਚ ਪਿਛਲੇ ਸਾਲਾਂ ਵਿੱਚ ਹੋਈਆਂ ਘਪਲੇਬਾਜੀਆਂ ਦੇ ਵਿਰੋਧ ਵਿੱਚ ਗੁਰਦੁਆਰਾ ਅਕਾਲਗੜ੍ਹ ਟਰੱਸਟ ਦੇ ਨਵੇਂ ਨਿਯੁਕਤ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। (ਦੇਖੋ ਵੀਡੀਓ
ਇਸ ਪੂਰੇ ਮਾਮਲੇ ਦੀ ਜਾਂਚ ਲਈ ਅਰਵਿੰਦਰ ਸਿੰਘ ਟੋਨੀ, ਗੁਰਦੀਪ ਸਿੰਘ ਗੋਸ਼ਾ, ਬਲਵਿੰਦਰ ਸਿੰਘ ਭੁੱਲਰ, ਮਨਪ੍ਰੀਤ ਸਿੰਘ ਬੰਟੀ, ਪਰਵਿੰਦਰ ਸਿੰਘ ਬੱਗਾ, ਖੁਸ਼ਜੀਤ ਸਿੰਘ, ਜਸਪਾਲ ਸਿੰਘ ਸ਼ਹਿਜਾਦਾ, ਦਵਿੰਦਰ ਸਿੰਘ ਜੋਤੀ ਤੇ ਅਧਾਰਿਤ ਅੱਠ ਮੈਂਬਰੀ ਐਕਸ਼ਨ ਕਮੇਟੀ ਦਾ ਐਲਾਨ ਕੀਤਾ। ਦੁਕਾਨਦਾਰਾਂ ਨੇ ਇਕ ਸੁਰ ਵਿੱਚ ਟਰੱਸਟ ਵਲੋਂ ਪਿਛਲੇ ਸਾਲਾਂ ਵਿੱਚ ਕੀਤੀ ਗਈਆਂ ਘਪਲੇਬਾਜੀਆਂ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਤੱਕ ਕਿਸੇ ਵੀ ਚੋਣ ਰਣਨੀਤਿ ਅਤੇ ਚੁਣੇ ਗਏ ਨਵੇਂ ਪ੍ਰਧਾਨ ਅਤੇ ਨਵੇਂ ਟਰੱਸਟੀਆਂ ਨੂੰ ਮਾਨਤਾ ਨਾ ਦੇਣ ਦਾ ਐਲਾਨ ਕੀਤਾ। ਉਥੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਟਰੱਸਟ ਨੇ ਦੁਕਾਨਦਾਰਾਂ ਦੀ ਚਿਤਾਵਨੀ ਦੇ ਬਾਵਜੂਦ ਕੋਈ ਨਵਾਂ ਪ੍ਰਧਾਨ ਜਾਂ ਟਰਸੱਟੀ ਨਿਯੁਕਤ ਕੀਤਾ ਤਾਂ ਦੁਕਾਨਦਾਰ ਕਾਨੂੰਨੀ ਰਸਤਾ ਅਪਣਾ ਕੇ ਇਸਦਾ ਵਿਰੋਧ ਕਰਣਗੇ। ਟਰਸਟ ਦੇ ਖਿਲਾਫ਼ ਇਹ ਮੀਟਿੰਗ ਟਰਸਟ ਦੇ ਕਮੇਟੀ ਰੂਮ ਵਿੱਚ ਹੀ ਹੋਈ। 
ਜਦੋਂ ਇਸ ਬਾਰੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫੋਨ ਲਗਾਤਾਰ ਸਵਿਚ ਆਫ਼ ਆ ਰਿਹਾ ਸੀ।  ਜਦੋਂ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਜੱਥੇਦਾਰ ਜੀ ਦਾ ਗੋਡਿਆਂ ਦਾ ਅਪਰੇਸ਼ਨ  ਹੋਇਆ ਹੈ ਅਤੇ ਉਹ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ। ਉਹ ਵੀਰਵਾਰ ਨੂੰ ਛੁੱਟੀ ਮਿਲਣ ਮਗਰੋਂ ਘਰ ਪਰਤਣਗੇ ਅਤੇ ਵਾਪਿਸ ਆ ਕੇ ਹੀ ਆਪਣਾ ਪੱਖ ਮੀਡੀਆ ਸਾਹਮਣੇ ਰੱਖਣਗੇ।  ਹੁਣ ਦੇਖਣਾ ਇਹ ਹੈ ਕਿ ਨੇੜ ਭਵਿੱਖ ਵਿੱਚ ਲੀਡਰਸ਼ਿਪ ਦਾ ਟਕਰਾਓ ਸਾਹਮਣੇ ਆਉਂਦਾ ਹੈ ਜਾਂ ਘਪਲਿਆਂ ਦਾ ਮਾਮਲਾ?

No comments: