Friday, April 15, 2016

45 ਸਾਲਾਂ ਤੋਂ ਨਿਰੰਤਰ ਚੱਲ ਰਹੀ ਮਿੰਨੀ ਪੱਤਿ੍ਰਕਾ "ਅਣੂ" ਦਾ ਤਾਜ਼ਾ ਅੰਕ ਰੀਲੀਜ਼

Fri, Apr 15, 2016 at 2:52 PM
ਸਿਰੜ ਅਤੇ ਪ੍ਰਤਿਬਧਤਾ ਦੀ ਮਿਸਾਲ ਹੈ ਇਹ ਮਿੰਨੀ ਮੈਗਜ਼ੀਨ ਅਣੂ 
ਲੁਧਿਆਣਾ :  15 ਅਪ੍ਰੈਲ 2016: {*ਗੁਲਜ਼ਾਰ ਸਿੰਘ ਪੰਧੇਰ (ਡਾ.)//ਪੰਜਾਬ ਸਕਰੀਨ}
ਪੰਜਾਬੀ ਭਵਨ ਲੁਧਿਆਣਾ ਵਿਖੇ ਅਦਾਰਾ ਅਣੂ ਮੰਚ ਵੱਲੋਂ ਮਿੰਨੀ ਪੱਤਿ੍ਰਕਾ ਅਣੂ ਦੇ ਤਾਜ਼ੇ ਅੰਕ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਪ੍ਰਧਾਨਗੀ ਮੰਡਲ ਵਿਚ ਡਾ. ਸ. ਸ. ਜੌਹਲ, ਪ੍ਰੋ. ਨਰਿੰਜਨ ਤਸਨੀਮ, ਪ੍ਰੋ. ਗੁਰਭਜਨ ਸਿੰਘ ਗਿੱਲ, ਸ੍ਰੀ ਸੁਰਿੰਦਰ ਕੈਲੇ, ਸ੍ਰੀ ਕੇ. ਕੇ. ਬਾਵਾ, ਪ੍ਰੋ. ਰਵਿੰਦਰ ਭੱਠਲ, ਸ੍ਰੀ ਤ੍ਰੈਲੋਚਨ ਲੋਚੀ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਰਾਮਪੁਰੀ, ਪ੍ਰੋ. ਮਹਿੰਦਰਦੀਪ ਗਰੇਵਾਲ ਅਤੇ ਸ੍ਰੀ ਦਲਵੀਰ ਲੁਧਿਆਣਵੀ ਸ਼ਾਮਲ ਸਨ। ਲੋਕ ਅਰਪਨ ਕਰਦਿਆਂ ਡਾ. ਸ. ਸ. ਜੌਹਲ ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਵਿਲੱਖਣ ਯਤਨ ਹੈ ਜੋ ਪਿਛਲੇ 45 ਸਾਲ ਤੋਂ ਲਗਾਤਾਰ ਛਪ ਰਿਹਾ ਹੈ। ਮਿੰਨੀਆਂ ਕਹਾਣੀਆਂ, ਕਵਿਤਾਵਾਂ ਅਤੇ ਲਘੂ ਲੇਖ ਵਗੈਰਾ ਭਾਵੇਂ ਛੋਟੇ ਆਕਾਰ ਦੇ ਹੁੰਦੇ ਹਨ ਪਰ ਕਿਸੇ ਵੀ ਗੱਲੋਂ ਉਨ੍ਹਾਂ ਦਾ ਸਾਹਿਤਕ ਮੁੱਲ ਘੱਟ ਨਹੀਂ ਹੁੰਦਾ। ਪ੍ਰੋ. ਨਰਿੰਜਨ ਤਸਨੀਮ ਹੋਰਾਂ ਕਿਹਾ ਕਿ ਅਣੂ ਦੇ ਤਾਜ਼ੇ ਅੰਕ ਵਿਚਲੀਆਂ ਰਚਨਾਵਾਂ ਜਿਥੇ ਪ੍ਰਮੁੱਖ ਲੇਖਕਾਂ ਦੇ ਮੁੱੱਲਵਾਨ ਵਿਚਾਰਾਂ ਨੂੰ ਪੇਸ਼ ਕਰਦੀਆਂ ਹਨ ਉਥੇ ਕਲਾਤਮਿਕ ਪੱਖੋਂ ਵੀ ਪੂਰੀਆਂ ਉਤਰਦੀਆਂ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਣੂ ਦੀ ਲੰਮੀ ਯਾਤਰਾ ਬਕਾਇਦਾ ਸਾਹਤਿਕ ਇਤਿਹਾਸ ਦੇ ਪੰਨੇ ਸੰਭਾਲੀ ਬੈਠੀ ਹੈ। ਪ੍ਰੋ. ਮਹਿੰਦਰਦੀਪ ਗਰੇਵਾਲ ਨੇ ਕਿਹਾ ਕਿ "ਅਣੂ" ਦੀ ਉਮਰ ਮੇਰੀ ਆਪਣੀ ਸਾਹਿਤਕ ਉਮਰ ਦੀ ਤਰ੍ਹਾਂ ਦੀ ਹੈ। ਪ੍ਰੋ. ਰਵਿੰਦਰ ਭੱਠਲ ਦਾ ਵਿਚਾਰ ਸੀ ਕਿ ਅਣੂ ਮਿੰਨੀ ਰਚਨਾਵਾਂ ਦੇ ਮਾਮਲੇ ਵਿਚ ਆਪਣੀ ਵਿਸ਼ੇਸ਼ ਪਹਿਚਾਣ ਅਤੇ ਥਾਂ ਰੱਖਦਾ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਅਣੂ ਦੀਆਂ ਰਚਨਾਵਾਂ ਦੀ ਚੋਣ ਸਮੇਂ ਇਕ ਦ੍ਰਿਸ਼ਟੀ ਹਮੇਸ਼ਾ ਹਾਜ਼ਰ ਰਹਿੰਦੀ ਨਜ਼ਰ ਆਉਦੀ ਹੈ ਕਿ ਸਾਡੇ ਵਿਸ਼ੇਸ਼ ਕਰਕੇ ਪੇਂਡੂ ਰਹਿਤਲ ਦੇ ਦੁੱਖਾਂ ਦਰਦਾਂ ਬੜੇ ਮਾਰਮਿਕ ਸਲੀਕੇ ਨਾਲ ਬਿਆਨ ਕੀਤਾ ਜਾਂਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਗੁਰਚਰਨ ਕੌਰ ਕੋਚਰ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਹਰਬੰਸ ਮਾਲਵਾ, ਜਨਮੇਜਾ ਸਿੰਘ ਜੌਹਲ, ਮਲਕੀਅਤ ਸਿੰਘ ਔਲਖ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਅਜੀਤ ਪਿਆਸਾ, ਦਰਸ਼ਨ ਸਿੰਘ ਔਲਖ, ਜਗੀਰ ਸਿੰਘ ਪ੍ਰੀਤ, ਜਸਵੀਰ ਝੱਜ ਸ਼ਾਮਲ ਸਨ।


ਗੁਲਜ਼ਾਰ ਸਿੰਘ ਪੰਧੇਰ (ਡਾ.)
ਪ੍ਰੈੱਸ ਸਕੱਤਰ
94647-62825

No comments: