Wednesday, April 27, 2016

1984 ਸਿੱਖ ਕਤਲੇਆਮ ਲਈ ਹਰ ਕਾਂਗਰਸੀ ਆਗੂ ਜਿੰਮੇਵਾਰ--CM ਬਾਦਲ

Wed, Apr 27, 2016 at 3:35 PM
ਪਾਣੀਆਂ ਦੀ ਰਾਖੀ ਲਈ ਵੱਡੀਆਂ ਕੁਰਬਾਨੀਆਂ ਲਈ ਤਿਆਰ ਰਹਿਣ ਦਾ ਸੱਦਾ
-ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਮਾਰੂਥਲ ਬਣਾਉਣ ਦੀ ਕਾਂਗਰਸ ਅਤੇ ਆਪ ਦੀ ਵਿਉਂਤਬੰਦੀ ਦੀ ਨਿੰਦਾ
-ਕਾਂਗਰਸ ਨੇ ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਦਿੱਤਾ ਪੰਜਾਬ ਦਾ ਪਾਣੀ 
-ਕੇਜਰੀਵਾਲ ਆਪਣੇ ਜੱਦੀ ਸੂਬੇ ਹਰਿਆਣੇ ਦੇ ਹਿੱਤਾਂ ਦੀ ਕਰ ਰਿਹਾ ਹੈ ਪੂਰਤੀ
-ਕਾਂਗਰਸ ਵਾਂਗ ਆਪ ਵੀ ਪੰਜਾਬ ਵਿਰੋਧੀ
-ਸ਼ਹੀਦ ਭਗਤ ਸਿੰਘ ਦੇਸ਼ ਦੇ ਸਭ ਤੋਂ ਵੱਧ ਸਨਮਾਨਿਤ ਅਜਾਦੀ ਘੁਲਾਟੀਏ
-ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ 80 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਐਲਾਨੇ 
ਸ੍ਰੀ ਮੁਕਤਸਰ ਸਾਹਿਬ: 27 ਅਪ੍ਰੈਲ 2016: (ਪੰਜਾਬ ਸਕਰੀਨ ਬਿਓਰੋ):
            ਪੰਜਾਬ ਦੇ ਲੋਕਾਂ ਨੂੰ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਹੇਂ ਰਲ ਕੇ ਰਾਜ ਨੂੰ ਮਾਰੂਥਲ ਬਣਾਊਣ ਦੀਆਂ ਸਾਜ਼ਿਸਾਂ ਰੱਚ ਰਹੀਆਂ ਹਨ।
ਅੱਜ ਇੱਥੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਹੇਂ ਪਾਰਟੀਆਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਦੀਆਂ ਦੁਸ਼ਮਣ ਹਨ, ਜਿਸ ਕਾਰਨ ਇਹ ਲਗਾਤਾਰ ਪੰਜਾਬ ਤੋਂ ਉਸਦਾ ਪਾਣੀ ਖੋਹਣ ਲਈ ਵਿਉਂਤਾਂ ਰੱਚ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਸੂੁਚੇਤ ਕੀਤਾ ਕਿ ਆਉਣ ਵਾਲੀਆਂ ਪੀੜੀਆਂ ਦੇ ਲਈ ਪਾਣੀ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਸੰਘਰਸ਼ ਵਿੱਢਣਾ ਪਵੇਗਾ ਤਾਂ ਜੋ ਕੋਈ ਵੀ ਸਾਡੇ ਸੂਬੇ ਦਾ ਪਾਣੀ ਸਾਥੋਂ ਖੋਹ ਨਾ ਸਕੇ।
ਕਾਂਗਰਸ ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵੱਖਰੇ-ਵੱਖਰੇ ਸਮੇਂ ਤੇ ਪਾਣੀਆਂ ਦੇ ਸਮਝੌਤੇ ਕਰਕੇ ਪੰਜਾਬ ਤੋਂ ਉਸਦਾ ਪਾਣੀ ਖੋਹਣ ਦੇ ਮਨਸੂਬੇ ਘੜੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ, ਰਾਜਸਥਾਨ ਅਤੇ ਹੋਰ ਸੂਬੇ ਜਿੰਨ੍ਹਾਂ ਦਾ ਪੰਜਾਬ ਦੇ ਪਾਣੀ ਤੇ ਕੋਈ ਵੀ ਹੱਕ ਨਹੀਂ ਹੈ, ਨੂੰ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਦਾ ਪਾਣੀ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਯਾਦ ਕਰਵਾਇਆ ਕਿ ਸੂਬਾ ਕਾਂਗਰਸ ਦੇ ਮੌਜੂਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਐਸ.ਵਾਈ.ਐਲ. ਨਹਿਰ ਦਾ ਨੀਂਹ ਪੱਥਰ ਰੱਖਣ ਮੌਕੇ ਸ੍ਰੀਮਤੀ ਗਾਂਧੀ ਦਾ ਜੋਰਦਾਰ ਢੰਗ ਨਾਲ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਸੱਚਾ ਪੰਜਾਬੀ ਕਾਂਗਰਸ ਨੂੰ ਪੰਜਾਬ ਤੋਂ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀ ਅਤੇ ਸ੍ਰੀ ਦਰਬਾਰ ਸਾਹਿਬ ਤੇ ਕਰਵਾਏ ਗਏ ਹਮਲੇ ਲਈ ਕਦੀ ਮਾਫ ਨਹੀਂ ਕਰ ਸਕਦਾ। 

No comments: