Saturday, March 26, 2016

ਉੱਤਰਾਖੰਡ: ਸਟਿੰਗ ਓਪਰੇਸ਼ਨ ਨਾਲ ਸਨਸਨੀ

ਸਟਿੰਗ ਵਾਲੇ ਪਤਰਕਾਰ ਦਾ ਪੇਸ਼ਾ ਹੀ ਬਲੈਕ ਮੇਲਿੰਗ-ਮੁੱਖ ਮੰਤਰੀ ਰਾਵਤ
ਨਵੀਂ ਦਿੱਲੀ/ਦੇਹਰਾਦੂਨ: 26  ਮਾਰਚ 2016:  (ਪੰਜਾਬ ਸਕਰੀਨ ਬਿਊਰੋ): 
ਉੱਤਰਾਖੰਡ  ਦੇ ਘਟਨਾਕ੍ਰਮ ਵਿੱਚ ਤੇਜ਼ੀ ਜਾਰੀ ਹੈ। ਸਟਿੰਗ ਓਪਰੇਸ਼ਨ ਦੇ ਮਾਮਲੇ ਨੇ ਇਸਨੂੰ ਹੋਰ ਵਿਵਾਦਿਤ ਬਣਾ ਦਿੱਤਾ ਹੈ। ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਸ ਨੂੰ ਫ਼ਰਜ਼ੀ ਦੱਸਦਿਆਂ ਕਿਹਾ ਹੈ ਕਿ ਸ਼ਟਿੰਗ 'ਚ ਜਿਹੜੇ ਪੱਤਰਕਾਰ ਓਮੇਸ਼ ਸ਼ਰਮਾ ਦਾ ਜ਼ਿਕਰ ਹੈ, ਉਸ ਦਾ ਪੇਸ਼ਾ ਹੀ ਬਲੈਕ ਮੇਲਿੰਗ ਹੈ। ਸਟਿੰਗ ਵਾਲੇ ਪਤਰਕਾਰ ਦਾ ਪੇਸ਼ਾ ਹੀ ਬਲੈਕ ਮੇਲਿੰਗ-ਮੁੱਖ ਮੰਤਰੀ ਹਰੀਸ਼ ਰਾਵਤ
ਵਿਧਾਨ ਸਭਾ 'ਚ ਬਹੁਮਤ ਸਾਬਤ ਕਰਨ ਤੋਂ ਦੋ ਦਿਨ ਪਹਿਲਾਂ ਕਾਂਗਰਸ ਦੇ ਬਾਗੀਆਂ ਨੇ ਇੱਕ ਨਿਊਜ਼ ਚੈਨਲ ਦਾ ਵੀਡੀਓ ਸ਼ਟਿੰਗ ਜਾਰੀ ਕਰਕੇ ਸਨਸਨੀ ਫੈਲਾ ਦਿੱਤੀ ਹੈ। ਵੀਡੀਓ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਕਥਿਤ ਤੌਰ 'ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਲਈ ਰਿਸ਼ਵਤ ਦੀ ਪੇਸ਼ਕਸ਼ 'ਤੇ ਕਿਸੇ ਨਾਲ ਗੱਲ ਕਰ ਰਹੇ ਹਨ। ਜਿਸ ਸ਼ਖਸ ਨਾਲ ਉਹ ਗੱਲ ਕਰ ਰਹੇ ਹਨ, ਉਸ ਦਾ ਨਾਂਅ ਓਮੇਸ਼ ਸ਼ਰਮਾ ਦਸਿਆ ਗਿਆ ਹੈ। 
ਸ਼ਟਿੰਗ ਸਾਹਮਣੇ ਆਉਣ ਮਗਰੋਂ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਸ ਨੂੰ ਫ਼ਰਜ਼ੀ ਦੱਸ ਦਿੱਤਾ। ਉਨ੍ਹਾ ਕਿਹਾ ਕਿ ਸ਼ਟਿੰਗ 'ਚ ਜਿਹੜੇ ਪੱਤਰਕਾਰ ਓਮੇਸ਼ ਸ਼ਰਮਾ ਦਾ ਜ਼ਿਕਰ ਹੈ, ਉਸ ਦਾ ਪੇਸ਼ਾ ਹੀ ਬਲੈਕ ਮੇਲਿੰਗ ਹੈ।
ਜਦੋਂ ਪੱਤਰਕਾਰਾਂ ਨੇ ਇਸ ਬਾਰੇ ਸੂਬਾ ਕਾਂਗਰਸ ਪ੍ਰਧਾਨ ਕਿਸ਼ੋਰ ਉਪਾਧਿਆਏ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਇਸ ਬਾਰੇ ਅਜੇ ਕੁਝ ਕਹਿ ਸਕਣਾ ਮੁਸ਼ਕਲ ਹੈ, ਜਦਕਿ ਬਾਗ਼ੀਆਂ ਨੇ ਵਿਧਾਇਕਾਂ ਦੀ ਖਰੀਦੋ-ਫਰੋਖਤ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਬਾਗੀ ਵਿਧਾਇਕਾਂ ਵਿਜੈ ਬਹੂਗੁਣਾ, ਹਰਕ ਸਿੰਘ ਰਾਵਤ, ਅੰਮ੍ਰਿਤਾ ਰਾਵਤ, ਡਾ. ਸ਼ੈਲੇਂਦਰ ਮੋਹਨ ਸਿੰਘ, ਕੁੰਵਰ ਪ੍ਰਣਾਬ ਸਿੰਘ, ਸੁਬੋਧ ਓਨਿਆਲ, ਸ਼ੈਲਾ ਰਾਣੀ ਰਾਵਤ ਅਤੇ ਪ੍ਰਦੀਪ ਬੱਤਰਾ ਨੇ ਰਾਵਤ ਸਰਕਾਰ ਨੂੰ ਡੇਗਣ ਲਈ ਭਾਜਪਾ ਨਾਲ ਹੱਥ ਮਿਲਾ ਲਿਆ ਹੈ। ਹਰੀਸ਼ ਰਾਵਤ ਸਰਕਾਰ ਨੇ ਸੋਮਵਾਰ ਨੂੰ ਭਰੋਸੇ ਦਾ ਵੋਟ ਹਾਸਲ ਕਰਨਾ ਹੈ, ਜਦਕਿ ਸਪੀਕਰ ਗੋਵਿੰਦ ਸਿੰਘ ਕੁੰਜਵਾਲ ਨੇ ਸਾਰੇ ਵਿਧਾਇਕਾਂ ਨੂੰ ਦਲ-ਬਦਲੀ ਕਾਨੂੰਨ ਤਹਿਤ ਨੋਟਿਸ ਜਾਰੀ ਕੀਤਾ ਹੈ।
ਅੱਜ ਪ੍ਰੈਸ ਕਾਨਫ਼ਰੰਸ 'ਚ ਵੀਡੀਓ ਜਾਰੀ ਕਰਦਿਆਂ ਬਾਗੀ ਵਿਧਾਇਕਾਂ ਹਰਕ ਸਿੰਘ ਰਾਵਤ ਨੇ ਕਿਹਾ ਕਿ ਓਮੇਸ਼ ਸ਼ਰਮਾ ਦਾ ਫ਼ੋਨ ਆਇਆ ਅਤੇ ਉਨ੍ਹਾ ਕਿਹਾ ਕਿ ਮੁੱਖ ਮੰਤਰੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ। ਮੈਂ ਹਰੀਸ਼ ਰਾਵਤ ਨਾਲ ਗੱਲ ਕੀਤੀ ਅਤੇ ਆਪਣੀਆਂ ਸ਼ਿਕਾਇਤਾਂ ਬਾਰੇ ਦਸਿਆ। ਮੈਂ ਮੁੱਖ ਮੰਤਰੀ ਨੂੰ ਦਸਿਆ ਕਿ ਸ਼ਰਾਬ ਮਾਫ਼ੀਆ, ਜ਼ਮੀਨ ਮਾਫ਼ੀਆ ਅਤੇ ਖਾਨ ਮਾਫ਼ੀਆ ਸਰਕਾਰ 'ਤੇ ਹਾਵੀ ਹੈ ਅਤੇ ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਦਾ।
ਉਨ੍ਹਾ ਦੋਸ਼ ਲਾਇਆ ਕਿ ਰਾਵਤ ਵੱਲੋਂ ਵਿਧਾਇਕਾਂ ਨੂੰ 15-15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾ ਵੱਲੋਂ 9 ਬਾਗੀ ਵਿਧਾਇਕਾਂ ਅਤੇ ਭਾਜਪਾ ਵਿਧਾਇਕਾਂ ਨੂੰ ਲਾਲਚ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾ ਨੇ ਬਾਗੀ ਅਤੇ ਭਾਜਪਾ ਵਿਧਾਇਕਾਂ ਦੀ ਸੁਰੱਖਿਆ ਦੀ ਮੰਗ ਕੀਤੀ। ਸ਼ਟਿੰਗ ਦੇ ਵੀਡੀਓ 'ਚ ਵੀ ਹਰੀਸ਼ ਰਾਵਤ 15 ਕਰੋੜ ਦੀ ਗੱਲ ਕਰਦੇ ਸੁਣਾਈ ਦੇ ਰਹੇ ਹਨ। ਉਹ ਆਖਦੇ ਹਨ ਕਿ 10 ਦਾ ਪ੍ਰਬੰਧ ਉਮੇਸ਼ ਸ਼ਰਮਾ ਅਤੇ ਬਾਕੀ 5 ਦਾ ਪ੍ਰਬੰਧ ਉਹ ਆਪ ਕਰਨਗੇ। ਰਾਵਤ ਨੇ ਕਿਹਾ ਕਿ ਇਹ ਵੀਡੀਓ ਸ਼ਟਿੰਗ 23 ਮਾਰਚ ਨੂੰ ਜਾਲੀ ਗ੍ਰਾਂਟ 'ਚ ਕੀਤਾ ਗਿਆ ਸੀ ਅਤੇ ਉਨ੍ਹਾ ਨੂੰ ਨਿਊਜ਼ ਚੈਨਲ ਤੋਂ ਹੀ ਸ਼ਟਿੰਗ ਦਾ ਟੋਪ ਮਿਲਿਆ ਹੈ, ਜਿਹੜਾ ਉਨ੍ਹਾ ਨੇ ਰਾਜਪਾਲ ਨੂੰ ਭੇਜ ਕੇ ਸੂਬੇ 'ਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਹੈ।

No comments: