Friday, March 25, 2016

ਪਾਉਂਟਾ ਸਾਹਿਬ ਅੱਜ ਵੀ ਦੇਂਦਾ ਹੈ ਕਵਿਤਾ ਦੀ ਸ਼ਕਤੀ ਦਾ ਸੁਨੇਹਾ

ਹੋਲਾ ਮੁਹੱਲਾ ਦੇ 332ਵੇਂ ਆਯੋਜਨ ਮੌਕੇ ਹੋਇਆ ਸ਼ਾਨਦਾਰ ਕਵੀ ਦਰਬਾਰ 
ਸ੍ਰੀ ਪਾਉਂਟਾ ਸਾਹਿਬ ਤੋਂ ਪਰਤ ਕੇ ਕਾਰਤਿਕਾ ਸਿੰਘ

ਜ਼ਿੰਦਗੀ ਕਦੇ ਵੀ, ਕਿਸੇ ਵੀ ਯੁਗ ਵਿੱਚ ਆਸਾਨ ਨਹੀਂ ਸੀ। ਹਰ ਕਦਮ ਤੇ ਨਿੱਤ ਨਵੀਂ ਚੁਣੌਤੀ ਦੇਂਦੀ ਜ਼ਿੰਦਗੀ ਸੰਘਰਸ਼ਾਂ ਦੇ ਨਵੇਂ ਰਾਹਾਂ ਤੇ ਤੁਰਨਾ ਸਿਖਾਉਂਦੀ ਰਹੀ। ਕਦਮ ਕਦਮ ਤੇ ਆਉਂਦੀਆਂ ਮੁਸ਼ਕਲਾਂ ਜਿੰਦਗੀ ਜਿਊਣਾ ਸਿਖਾਉਂਦੀਆਂ ਰਹੀਆਂ। ਮੁਸ਼ਕਲਾਂ ਦੇਖ ਕੇ ਦਿਲ ਕਈ ਵਾਰ ਘਬਰਾ ਵੀ ਜਾਂਦਾ ਪਰ ਸ੍ਰੀ ਪਾਉਂਟਾ ਸਾਹਿਬ ਵਿਖੇ ਪੁੱਜ ਕੇ ਮੁਸ਼ਕਲਾਂ ਵਾਲੇ ਹਾਲਾਤ ਨੂੰ ਵੀ ਮੁਸਕਰਾ ਕੇ ਦੇਖਣਾ ਆ ਗਿਆ। ਇਹ ਉਹ ਪਾਵਨ ਅਸਥਾਨ ਹੈ ਜਿੱਥੇ ਕੋਈ ਸੁਣ  ਸਕੇ ਤਾਂ ਉਸਨੂੰ ਤੀਰਾਂ ਅਤੇ ਕਲਮਾਂ ਦੇ ਆਪਸੀ ਸਬੰਧਾਂ ਵਿੱਚ ਲੁਕੇ ਸੰਗੀਤ ਦੀਆਂ ਅਲੌਕਿਕ ਧੁਨਾਂ ਸੁਣਾਈ ਦੇਂਦੀਆਂ ਹਨ। ਇਹ ਉਹ ਇਤਿਹਾਸਿਕ ਥਾਂ ਹੈ ਜਿੱਥੇ ਦਸ਼ਮੇਸ਼ ਪਿਤਾ ਨੇ ਸਾਨੂੰ ਦੱਸਿਆ ਕਿ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਮੁਸਕਰਾ ਕੇ ਕਿਵੇਂ ਕਰਨਾ ਹੈ। ਜ਼ਿੰਦਗੀ ਦੇ ਸੰਘਰਸ਼ ਵਿੱਚ ਕਲਮ ਤੇ ਕਟਾਰ ਦਾ ਸਬੰਧ ਸਾਨੂੰ ਸਮਝਾਇਆ। ਹਥਿਆਰਾਂ ਅਤੇ ਵਿਚਾਰਾਂ ਦੇ ਸੁਮੇਲ ਦਾ ਭੇਦ ਸਮਝਾਇਆ। ਜਿੰਦਗੀ ਵਿੱਚ ਹਰ ਚੈਲੰਜ ਵੰਗਾਰਦਾ ਹੈ।  ਸਿਰਫ ਵੰਗਾਰਦਾ ਹੀ ਨਹੀਂ ਜਾਲ ਵੀ ਸੁੱਟਦਾ ਹੈ। ਸਾਨੂੰ ਆਪਣੇ ਅਸੂਲਾਂ ਤੋਂ ਪਿਛੇ ਹਟ ਕੇ ਸੌਖੀ ਅਤੇ ਆਰਾਮ ਦਾਇਕ ਜ਼ਿੰਦਗੀ ਜਿਊਣ ਦੇ ਲਾਲਚ ਵੀ ਦੇਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸਦੇ ਹਨ ਕਿ ਕਿਵੇਂ ਇਹਨਾਂ ਔਕੜਾਂ ਦੇ ਬਾਵਜੂਦ ਅਡੋਲ ਰਹਿ ਕੇ ਕੁਦਰਤ ਦੇ ਸੰਗੀਤ ਨਾਲ ਇੱਕ ਮਿੱਕ ਹੋਣਾ ਹੈ ਅਤੇ ਅਸੂਲਾਂ ਨੂੰ ਨਹੀਂ ਤਿਆਗਣਾ। ਲਾਲਚਾਂ ਦੇ ਜਾਲ ਵਿੱਚ ਫਸ ਕੇ ਧਰਮ ਨਹੀਂ ਛੱਡਣਾ। ਜੇ ਲੋੜ ਪਵੇ ਤਾਂ ਕੁਰਬਾਨੀ ਤੋਂ ਵੀ ਪਿੱਛੇ ਨਹੀਂ ਹਟਣਾ। 
ਪ੍ਰਸਿਧ ਸ਼ਾਇਰ ਕ੍ਰਿਸ਼ਨ ਬਿਹਾਰੀ ਨੂਰ ਹੁਰਾਂ ਨੇ ਕਿਸੇ ਵੇਲੇ ਆਖਿਆ ਸੀ:
ਜ਼ਿੰਦਗੀ ਸੇ ਬੜੀ ਸਜ਼ਾ ਹੀ ਨਹੀਂ
ਔਰ ਕਿਆ ਜੁਰਮ ਹੈ ਪਤਾ ਹੀ ਨਹੀਂ!
ਜਦੋਂ ਵਿਅਕਤੀ ਪਾਉਂਟਾ ਸਾਹਿਬ ਵਿਖੇ ਪਹੁੰਚਦਾ ਹੈ ਤਾਂ ਸਮਝ ਆਉਂਦੀ ਹੈ ਕਿ ਜਦੋਂ ਦੁਸ਼ਮਣ ਫੋਜਾਂ ਦੀਆ  ਸਾਜਿਸ਼ਾਂ ਦਾ ਵੀ ਪਤਾ ਹੋਵੇ, ਦੁਸ਼ਮਨਾਂ ਦੇ ਟਿੱਡੀ ਦਲ ਦੀ ਸਮਰਥਾ ਦਾ ਵੀ ਪਤਾ ਹੋਵੇ ਉਦੋਂ ਸਿਰਫ ਸਚ ਅਤੇ ਪ੍ਰਮਾਤਮਾ ਦੇ ਆਸਰੇ ਸਾਰੇ ਹਾਲਾਤ ਦਾ ਸਾਹਮਣਾ ਕਰਦਿਆਂ ਕਵਿਤਾ ਕਿਵੇਂ ਲਿਖਣੀ ਹੈ। ਪਹਾੜਾਂ ਵਰਗੀਆਂ ਮੁਸ਼ਕਿਲਾਂ, ਯਮੁਨਾ ਜੀ ਦੇ ਪਾਣੀ ਵਰਗੀ ਤੇਜ਼ ਰਫਤਾਰੀ ਅਤੇ  ਇਹਨਾਂ ਸਾਰੀਆਂ ਔਖਿਆਈਆਂ ਦੇ ਬਾਵਜੂਦ ਕਵਿਤਾ ਦੀ ਰਚਨਾ----ਕਰਦਿਆਂ ਕੁਦਰਤ ਨਾਲ ਅਭੇਦ ਹੋਣ ਦਾ ਅਹਿਸਾਸ ਕਿਵੇਂ ਕਰਨਾ ਹੈ ! 
ਇਹ ਸਭ ਕੁਝ ਕਿਸੇ ਚਮਤਕਾਰ ਤੋਂ ਘੱਟ ਨਹੀਂ।  

ਇਹ ਅਸਥਾਨ ਗਵਾਹ ਹੈ ਉਸ ਸ਼ਖਸੀਅਤ ਦਾ ਜਿਸ ਵਰਗਾ ਕੋਈ ਹੋਰ ਨਹੀਂ। ਮਜ਼ਲੂਮਾਂ ਉੱਪਰ ਜ਼ੁਲਮ ਕਰਨ ਵਾਲਿਆਂ ਦੇ ਨਾਲ ਟੱਕਰ ਕਿਵੇਂ ਲੈਣੀ ਹੈ ਅਤੇ ਸੂਖਮ ਖਿਆਲਾਂ ਨੂੰ ਆਪਣੇ ਸ਼ਬਦਾਂ ਵਿੱਚ ਕੈਦ ਕਰਨ ਵਾਲੇ ਕਵੀ ਹਿਰਦਿਆਂ ਨੂੰ ਉਤਸ਼ਾਹਿਤ ਕਿਵੇਂ ਕਰਨਾ ਹੈ। ਇਹ ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਬਹੁਤ ਹੀ ਰਮਣੀਕ ਹੈ। ਇਸ ਅਸਥਾਨ ਤੇ ਜੇ ਪਲ ਭਰ ਲਈ ਵੀ ਲਿਵ ਜੁੜ ਜਾਵੇ ਤਾਂ ਸਮਝ ਆਉਣ ਲੱਗਦੀ ਹੈ ਕਿ ਮਾਲਾ ਕਿਓਂ ਤਲਵਾਰ ਬਣੀ? ਇਸ ਅਸਥਾਨ ਤੇ ਪਹੁੰਚ ਕੇ ਧਿਆਨ ਜੁੜਦਿਆਂ ਹੀ ਤਲਵਾਰ ਵਿੱਚ ਕਲਮ ਅਤੇ ਕਲਮ ਵਿੱਚ ਤਲਵਾਰ ਦਾ ਜਾਦੂ ਪਤਾ ਲੱਗਦਾ ਹੈ। ਤੀਰਾਂ ਨਾਲ ਕਿਵੇਂ ਕਵਿਤਾ ਲਿਖੀ ਜਾਂਦੀ ਹੈ ਅਤੇ ਕਲਮਾਂ ਨਾਲ ਕਿਵੇਂ ਜੋਸ਼ ਭਰਿਆ ਜਾਂਦਾ ਹੈ ਇਸਦਾ ਅਹਿਸਾਸ ਹੁੰਦਾ ਹੈ।
ਸ਼ਹੀਦੀ ਸਾਕੇ ਬਾਰੇ ਇਹ ਜਾਣਕਾਰੀ ਪੰਥਕ ਓਆਰਜੀ ਤੋਂ ਧੰਨਵਾਦ ਸਹਿਤ 
ਇਥੇ ਆਉਣ ਦਾ ਪ੍ਰੋਗਰਾਮ ਅਚਾਨਕ ਹੀ ਬਣਿਆ।  ਨਾ ਮੇਰੇ ਨਾਲ ਕੈਮਰਾ ਟੀਮ ਸੀ ਅਤੇ ਨਾ ਹੀ ਕੋਈ ਹੋਰ ਸਹਾਇਕ। ਇਸ ਲਈ ਛੋਟੇ ਕੈਮਰੇ ਨਾਲ ਕੀਤੀ ਇਸ ਨਿਮਾਣੀ ਜਿਹੀ ਕੋਸ਼ਿਸ਼ ਵਿੱਚ ਬਹੁਤ ਸਾਰੀਆਂ ਊਣਤਾਈਆਂ ਹਨ-ਬਹੁਤ ਸਾਰੀਆਂ ਕਮੀਆਂ। ਭੀੜ ਕਾਰਣ ਕੈਮਰਾ ਵੀ ਹਿੱਲਦਾ ਰਿਹਾ। ਇਸ ਲਈ ਖਿਮਾ ਕਰ ਦੇਣਾ।

ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਲਾ ਮੋਹੱਲਾ ਦੇ 332ਵੇਂ ਆਯੋਜਨ ਮੌਕੇ ਪੁੱਜੇ ਹੋਏ ਕਵੀ ਸਨ ਜਲੰਧਰ ਤੋਂ ਇੰਜੀਨੀਅਰ ਕਰਮਜੀਤ ਸਿੰਘ ਨੂਰ, ਦਸੂਹਾ ਤੋਂ ਸਰਦਾਰ ਚੈਨ ਸਿੰਘ ਚਕਰਵਰਤੀ, ਮੁੰਬਈ ਤੋਂ ਚਰਨ ਸਿੰਘ ਦਰਦੀ, ਲੁਧਿਆਣਾ ਤੋਂ ਹਰੀ ਸਿੰਘ ਜਾਚਕ, ਦਿੱਲੀ ਤੋਂ ਗੁਰਚਰਨ ਸਿੰਘ ਚਰਨ , ਦਿੱਲੀ ਤੋਂ ਹੀ ਅਮਰਜੀਤ ਸਿੰਘ ਅਮਰ, ਜੰਡਿਆਲਾ ਤੋਂ ਤਰਲੋਕ ਸਿੰਘ ਦੀਵਾਨਾ,
ਜਲੰਧਰ ਤੋਂ ਹੀ ਪੰਜਾਬ ਦਾ ਦੁੱਖ ਹੱਡੀਂ ਹੰਢਾ ਕੇ ਕਵਿਤਾ ਰਚਣ ਵਾਲੇ ਫਕੀਰ ਚੰਦ ਤੁਲੀ, ਰਛਪਾਲ ਸਿੰਘ ਪਾਲ, ਅਵਤਾਰ ਸਿੰਘ ਤਾਰੀ, ਬਲਵੀਰ ਸਿੰਘ ਕਮਲ ਅਤੇ ਗੂੰਜਵੀਂ ਆਵਾਜ਼ ਵਾਲੇ ਸੁਰਿੰਦਰ ਸਿੰਘ ਰਮਤਾ।  ਇਹਨਾਂ ਸਾਰੀਆਂ ਨੇ ਬਹੁਤ ਚੰਗਾ ਰੰਗ ਬੰਨਿਆ। 
ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਮੈਨੇਜਰ ਕੁਲਵੰਤ ਸਿੰਘ ਹੁਰਾਂ ਦੇ ਜਿਹਨਾਂ ਸਾਨੂੰ ਇਸ ਮਕਸਦ ਲਈ ਪੂਰਾ ਸਹਿਯੋਗ ਦਿੱਤਾ। 

ਇਸਦੇ ਨਾਲ ਹੀ ਗੁਰੂ ਘਰ ਦੇ ਸ਼ਰਧਾਲੂ ਸਰਦਾਰ ਹਰਜੀਤ ਸਿੰਘ ਅਤੇ ਅਜੀਤ ਕੌਰ ਦੇ ਪਰਿਵਾਰ ਦੇ ਵੀ ਅਸੀਂ ਸ਼ੁਕਰਗੁਜ਼ਰ ਹਾਂ ਜਿਹਨਾਂ ਦੇ ਉੱਦਮ ਅਤੇ ਉਪਰਾਲੇ ਸਦਕਾ ਇਸ ਤੀਰਥ ਅਸਥਾਨ ਦੀ ਯਾਤਰਾ ਸੰਭਵ ਹੋ ਸਕੀ। 
ਇਸ ਛੋਟੇ ਜਹੇ ਉਪਰਾਲੇ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। 

No comments: