Saturday, March 12, 2016

ਸੰਖੇਪ ਪਰ ਅਹਿਮ ਖਬਰਾਂ

ਬੀ ਐਸ ਐਫ ਅਤੇ ਨਕਸਲੀਆਂ ਦਰਮਿਆਨ ਮੁਕਾਬਲੇ ਵਿੱਚ ਦੋ ਜਵਾਨ ਸ਼ਹੀਦ 
ਕਾਂਕੇਰ: 12 ਮਾਰਚ 2016: (ਪੀ ਐਸ ਬੀ//ਇੰਟ): ਨਕਸਲੀ ਗੁੱਟਾਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਝੜੱਪਾਂ ਦਾ ਸਿਲਸਿਲਾ ਕਿਤੇ ਨ ਕਿਤੇ ਜਾਰੀ ਹੀ ਰਹਿੰਦਾ ਹੈ।  ਤਾਜ਼ਾ ਵਾਰਦਾਤ ਹੋਈ ਹੈ  ਛੱਤੀਸਗੜ੍ਹ ਦੇ ਕਾਂਕੇਰ ਵਿੱਚ ਜਿੱਥੇ ਬੀ.ਐਸ.ਐਫ. ਤੇ ਨਕਸਲੀਆਂ ਵਿਚਕਾਰ ਮੁੱਠਭੇੜ ਹੋਈ ।  ਇਸ ਮੁਕਾਬਲੇ ਵਿੱਚ ਸੁਰੱਖਿਆ ਬਲ ਦੇ ਦੋ ਜਵਾਨ ਸ਼ਹੀਦ ਹੋ ਗਏ ਤੇ 4 ਜ਼ਖਮੀ ਹੋ ਗਏ ਹਨ। 
ਮੱਤੇਵਾਲ ਨੇੜੇ ਪਾਵਨ ਸਰੂਪਾਂ ਨੂੰ ਅੱਗ 
ਮੱਤੇਵਾਲ 12 ਮਾਰਚ 2016:(ਪੀ ਐਸ ਬੀ//ਇੰਟ): ਬਾਣੀ ਦੇ ਪਾਵਨ ਸਰੂਪਾਂ ਨੂੰ ਅੱਗ ਲਾਉਣ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ ਹੈ। ਬੀਤੀ ਦਰਮਿਆਨੀ ਰਾਤ ਨਜਦੀਕੀ ਪਿੰਡ ਰਾਮਦੀਵਾਲੀ ਮੁਸਲਮਾਨਾ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਪਿੰਡਦੇ ਹੀ 3 ਸ਼ਰਾਰਤੀ ਅਨਸਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪਾ ਤੇ 10 ਗੁਟਕਾ ਸਾਹਿਬ ਨੁੰ ਅਗਨ ਭੇਂਟ ਕੀਤਾ। ਪਿੰਡ ਵਾਸੀਆਂ ਨੇ ਦੋਸ਼ੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ। ਪੁਲਿਸ ਦੋਸ਼ੀਆਂ ਤੋਂ ਪੁੱਛਗਿਛ ਕਰ ਰਹੀ ਹੈ। 
ਉੱਤਰੀ ਭਾਰਤ ਵਿੱਚ ਮੀਂਹ ਨਾਲ ਠੰਡ 
ਚੰਡੀਗੜ੍ਹ, 12 ਮਾਰਚ 2016:(ਪੀ ਐਸ ਬੀ//ਇੰਟ): ਗਿਰਗਟ ਵਾਂਗ ਰੰਗ ਬਦਲਦਾ ਮੌਸਮ ਬਾਰ ਬਾਰ ਕੁਦਰਤ ਦੇ ਸੁਨੇਹੇ ਦੇ ਰਿਹਾ ਹੈ। ਥੋੜ੍ਹ ਚਿਰੀ ਸਰਦੀ ਮਗਰੋਂ ਜੇਠ ਹਾੜ੍ਹ ਵਰਗੀ ਗਰਮੀ ਅਤੇ ਹੁਣ ਫਿਰ ਸਰਦੀ। ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਉਤਰ ਭਾਰਤ ਦੇ ਕਈ ਇਲਾਕਿਆਂ 'ਚ ਮੀਂਹ ਤੇ ਗੜੇਮਾਰੀ ਹੋਈ ਹੈ। ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਗਿਆ ਹੈ। ਉਥੇ ਹੀ, ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਲੋਕਾਂ ਨੇ ਕੰਬਲ ਰਜਾਈਆਂ ਫਿਰ ਕਢ ਲਈਆਂ ਹਨ। ਅਗਲੇ 48 ਘੰਟਿਆਂ ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ੳੁੱਤਰਾਖੰਡ ਵਿੱਚ ਬਰਫ਼ਾਨੀ ਤੂਫਾਨ ਆੳੁਣ ਦੀ ਵੀ ਚਿਤਾਵਨੀ ਦਿੱਤੀ ਗੲੀ ਹੈ। ਇਹ ਚਿਤਾਵਨੀ ਬਰਫ਼ਬਾਰੀ ਤੇ ਬਰਫ਼ਾਨੀ ਤੂਫ਼ਾਨ ਅਧਿਐਨ ਸੰਸਥਾ ਨੇ ਦਿੱਤੀ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ 13 ਮਾਰਚ ਨੂੰ
ਸ੍ਰੀ ਆਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਾਨਕਸ਼ਾਹੀ ਨਵੇਂ ਵਰ੍ਹੇ ਦੀ ਆਮਦ ’ਤੇ 13 ਮਾਰਚ ਨੂੰ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਹ ਜਾਣਕਾਰੀ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ 548ਵੇਂ ਨਵੇਂ ਵਰ੍ਹੇ ਦੀ ਆਮਦ ਨੂੰ ਲੈ ਕੇ 30 ਫੱਗਣ 13 ਮਾਰਚ ਨੂੰ ਤਖ਼ਤ ਵਿਖੇ    ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ, ਭਾਈ ਰਾਮ ਸਿੰਘ, ਭਾਈ ਰਛਪਾਲ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਧਰਮਵੀਰ ਸਿੰਘ, ਆਦਿ ਕੀਰਤਨ ਅਤੇ ਕਥਾ ਜ਼ਰੀਏ 1 ਚੇਤ ਤੜਕਸਾਰ 14 ਮਾਰਚ ਤੱਕ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਨਗੇ।
800 ਕਰੋੜ ਰੁਪਏ ਠੱਗਣ ਵਾਲੀ ਕੰਪਨੀ ਵਿਰੁਧ ਉਚ ਪਧਰੀ ਜਾਂਚ ਦਾ ਭਰੋਸਾ 
ਚੰਡੀਗੜ੍ਹ: 11 ਮਾਰਚ 2016: (ਪੀ ਐਸ ਬੀ//ਇੰਟ)
ਦਸ ਹਜ਼ਾਰ ਲੋਕਾਂ ਨਾਲ ਠੱਗੀ ਮਾਰਨ ਵਾਲੀ ਰੀਅਲ ਅਸਟੇਟ ਕੰਪਨੀ ਖ਼ਿਲਾਫ਼ ਉੱਚ ਪੱਧਰੀ ਜਾਂਚ ਨਿਰਪੱਖ ਤਰੀਕੇ ਨਾਲ ਮੁਕੰਮਲ ਹੋਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਵਿਧਾਇਕ ਸੁਨੀਲ ਕੁਮਾਰ ਜਾਖੜ ਵੱਲੋਂ ਵਿਧਾਨ ਸਭਾ ਵਿੱਚ ਉਠਾਏ ਗਏ ਸਵਾਲ ਦੇ ਜਵਾਬ ਵਿੱਚ ਇਹ ਐਲਾਨ ਕੀਤਾ।
ਸਿਫਰ ਕਾਲ ਦੌਰਾਨ ਜਾਖੜ ਨੇ ਕਿਹਾ ਕਿ ਅਬੋਹਰ ਦੇ ਇੱਕ ਕੰਪਨੀ ਮਾਲਕ ਨੀਰਜ ਵੱਲੋਂ 2012 ਵਿੱਚ ਬਣਾਈ ਗਈ ਕੰਪਨੀ ਨੇ ਸਾਧਾਰਨ ਲੋਕਾਂ ਤੋਂ ਪਲਾਟ ਦੇਣ ਦੇ ਨਾਮ ’ਤੇ 800 ਕਰੋੜ ਰੁਪਏ ਵਸੂਲ ਲਏ। ਕੰਪਨੀ ਕੋਲ ਵਸੂਲੇ ਪੈਸੇ ਦੇ ਬਰਾਬਰ ਜ਼ਮੀਨ ਹੀ ਨਹੀਂ ਹੈ। ਇਸ ਖ਼ਿਲਾਫ਼ ਧਾਰਾ 420 ਦੇ 18 ਪਰਚੇ ਦਰਜ ਹਨ ਪਰ ਇੱਕ ਮੰਤਰੀ ਇਸ ਜਾਂਚ ਵਿੱਚ ਅੜਿੱਕੇ ਡਾਹ ਰਿਹਾ ਹੈ। ਜਾਖੜ ਨੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ’ਤੇ ਅਪਰਾਧੀਆਂ ਨੂੰ ਮਿਲਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ ਕਿ  ਲੋਕਾਂ ਵੱਲੋਂ ਪੈਸਾ ਮੰਗਣ ’ਤੇ ਕੰਪਨੀ ਦਾ ਦਫ਼ਤਰ ਉਸੇ ਫਾਰਮ ਹਾਊਸ ਵਿੱਚ ਤਬਦੀਲ ਕਰ ਲਿਆ, ਜਿਥੇ ਦਲਿਤ ਨੌਜਵਾਨ ਭੀਮ ਕਾਂਡ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਨੇੇਚਰ ਹਾਈਟਸ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਇਹ  ਜ਼ਮੀਨ ਹੁਣ ਰੋਆਇਲ ਸਿਟੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਕਰ ਦਿੱਤੀ ਹੈ। ਇਸ ਕੰਪਨੀ ਦੇ ਦਫ਼ਤਰ ਵਿੱਚੋਂ ਭੀਮ ਟਾਂਕ ਦੀ ਹੱਤਿਆ ਦੇ ਅਪਰਾਧ ਵਿੱਚ ਸ਼ਾਮਲ ਦੋ ਮੁਲਜ਼ਮ ਗ੍ਰਿਫ਼ਤਾਰ ਹੋਏ ਹਨ।
ਜਾਖੜ ਨੇ ਕਿਹਾ ਕਿ ਪੀੜਤ ਪਰਿਵਾਰਾਂ ਸਮੇਤ ਡੀਜੀਪੀ ਕੋਲ ਜਾਣ ਦੇ ਬਾਵਜੂਦ ਜਾਂਚ ਅੱਗੇ ਨਹੀਂ ਵਧੀ। ਇਸ ’ਤੇ  ਸੁਖਬੀਰ ਬਾਦਲ ਨੇ ਕਿਹਾ ਕਿ ਉਹ ਡੀਜੀਪੀ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦੇਣਗੇ। ਮਾਮਲੇ ਨੂੰ ਅੰਤਿਮ ਨਤੀਜੇ ਤੱਕ ਲਿਜਾਇਆ ਜਾਵੇਗਾ।

No comments: