Friday, March 11, 2016

ਹੁਣ ਵਿਜੇ ਮਾਲਿਆ ਵੀ ਸਿਸਟਮ ਦੀਆਂ ਕਾਲੀਆਂ ਭੇਡਾਂ ਨੇ ਬਚਾ ਕੇ ਕੱਢ ਦਿੱਤਾ

ਵਿਜੇ ਮਾਲਿਆ ਨੇ 17 ਬੈਂਕਾਂ ਦਾ ਕਈ ਹਜ਼ਾਰ ਕਰੋੜ ਦਾ ਕਰਜ਼ਾ ਮੋੜਨਾ ਸੀ
ਕਈ ਦਿਨਾਂ ਤੋਂ ਜਿਹੜੇ ਵਿਜੇ ਮਾਲਿਆ ਬਾਰੇ ਇਹ ਰੌਲਾ ਪੈਂਦਾ ਸੁਣਿਆ ਜਾ ਰਿਹਾ ਸੀ ਕਿ ਉਸ ਨੂੰ ਇਸ ਦੇਸ਼ ਦੀ ਕਾਨੂੰਨ ਦੀ ਮਸ਼ੀਨਰੀ ਹਰ ਥਾਂ ਸੁੰਘਦੀ ਫਿਰਦੀ ਹੈ ਤੇ ਕਿਸੇ ਵੀ ਵਕਤ ਫੜਿਆ ਜਾ ਸਕਦਾ ਹੈ, ਉਸ ਨੂੰ ਕਿਸੇ ਨੇ ਨਹੀਂ ਫੜਿਆ ਤੇ ਉਹ ਸਭ ਤੋਂ ਸੁਰੱਖਿਅਤ ਪਨਾਹਗਾਹ ਵਿੱਚ ਪਹੁੰਚ ਗਿਆ ਹੈ। ਸੁਰੱਖਿਅਤ ਅੱਡਾ ਉਹ ਹੀ ਹੈ, ਜਿੱਥੇ ਕ੍ਰਿਕਟ ਦਾ ਫਰਾਡੀਆ ਲਲਿਤ ਮੋਦੀ ਜਾ ਕੇ ਲੁਕਿਆ ਹੋਇਆ ਹੈ। ਉਹ ਵੀ ਲੰਡਨ ਵਿੱਚ ਬੈਠਾ ਸੀ ਤੇ ਵਿਜੇ ਮਾਲਿਆ ਵੀ ਓਥੇ ਪਹੁੰਚ ਗਿਆ ਹੈ। ਇਸ ਬਾਰੇ ਤਸਦੀਕ ਦੀ ਖ਼ਬਰ ਅੱਜ ਆ ਗਈ ਹੈ। ਵਿਜੇ ਮਾਲਿਆ ਇਸ ਦੇਸ਼ ਤੋਂ ਨਿਕਲਿਆ ਕਿਵੇਂ, ਇਸ ਸੰਬੰਧ ਵਿੱਚ ਹੁਣ ਦੂਸ਼ਣਬਾਜ਼ੀ ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। 
ਸਧਾਰਨ ਛੋਟਾ ਕਾਰੋਬਾਰੀ ਵਿਜੇ ਮਾਲਿਆ ਭਾਰਤ ਦੇ ਪੂੰਜੀ ਬਾਜ਼ਾਰ ਵਿੱਚ ਕੁੰਡੀਆਂ ਪਾਉਂਦਾ ਇਸ ਤਰ੍ਹਾਂ ਪੌੜੀ-ਪੌੜੀ ਚੜ੍ਹਦਾ ਗਿਆ, ਜਿਵੇਂ ਸਹਾਰਾ ਵਾਲਾ ਸੁਬਰਤੋ ਰਾਏ ਤੇ ਘੋੜਿਆਂ ਦਾ ਉਹ ਵਪਾਰੀ ਹਸਨ ਅਲੀ ਚੜ੍ਹ ਗਏ ਸਨ, ਜਿਹੜਾ ਹੁਣ ਭਾਰਤ ਸਰਕਾਰ ਦਾ ਇੱਕ ਲੱਖ ਕਰੋੜ ਦਾ ਦੇਣਦਾਰ ਹੈ। ਸੁਬਰਤੋ ਰਾਏ ਜੇਲ੍ਹ ਵਿੱਚ ਚਲਾ ਗਿਆ, ਕਿਉਂਕਿ ਭੱਜਣ ਦੇ ਰਾਹ ਵੇਲੇ ਸਿਰ ਬੰਦ ਹੋ ਗਏ ਸਨ ਅਤੇ ਉਸ ਦੀ ਮੁਲਾਇਮ ਸਿੰਘ ਯਾਦਵ ਅਤੇ ਉੁਸ ਦੇ ਮੁੱਖ ਮੰਤਰੀ ਪੁੱਤਰ ਅਖਿਲੇਸ਼ ਉੱਤੇ ਰੱਖੀ ਟੇਕ ਕੰਮ ਨਹੀਂ ਸੀ ਆ ਸਕੀ। ਹਸਨ ਅਲੀ ਕੋਲ ਵਕੀਲਾਂ ਦੀ ਇਹੋ ਜਿਹੀ ਜ਼ੋਰਦਾਰ ਟੀਮ ਹੈ ਕਿ ਕਾਨੂੰਨ ਨੂੰ ਝਕਾਨੀ ਦੇਈ ਜਾਂਦਾ ਹੈ ਤੇ ਇਸ ਕੰਮ ਵਿੱਚ ਉਸ ਦੀ ਮਦਦ ਸੰਸਾਰ ਦੀ ਹਥਿਆਰ ਮੰਡੀ ਦੇ ਵੱਡੇ ਵਪਾਰੀ ਵੀ ਭਾਰਤ ਸਰਕਾਰ ਤੱਕ ਉਲਟੀ-ਸਿੱਧੀ ਪਹੁੰਚ ਰਾਹੀਂ ਕਰੀ ਜਾਂਦੇ ਹਨ। ਇਸੇ ਤਰ੍ਹਾਂ ਹੁਣ ਵਿਜੇ ਮਾਲਿਆ ਵੀ ਸਿਸਟਮ ਦੀਆਂ ਕਾਲੀਆਂ ਭੇਡਾਂ ਨੇ ਬਚਾ ਕੇ ਕੱਢ ਦਿੱਤਾ ਹੈ।
ਹੁਣ ਪਤਾ ਲੱਗ ਰਿਹਾ ਹੈ ਕਿ ਵਿਜੇ ਮਾਲਿਆ ਨੇ ਭਾਰਤ ਦੀਆਂ ਸਤਾਰਾਂ ਬੈਂਕਾਂ ਦਾ ਕਈ ਹਜ਼ਾਰ ਕਰੋੜ ਦਾ ਕਰਜ਼ਾ ਮੋੜਨਾ ਸੀ, ਪਰ ਮੋੜਦਾ ਨਹੀਂ ਸੀ। ਬੈਂਕਾਂ ਦੇ ਅਧਿਕਾਰੀਆਂ ਅਤੇ ਬੋਰਡਾਂ ਨੇ ਵੀ ਉਸ ਨੂੰ ਕਰਜ਼ਾ ਮੋੜਨ ਲਈ ਕਦੀ ਮਜਬੂਰ ਨਹੀਂ ਸੀ ਕੀਤਾ। ਖਿਲਾਰਾ ਤਾਂ ਓਦੋਂ ਪਿਆ, ਜਦੋਂ ਕੇਸ ਸੁਪਰੀਮ ਕੋਰਟ ਚਲਾ ਗਿਆ। ਕੋਰਟ ਨੇ ਹੁਕਮ ਕਰ ਦਿੱਤਾ ਕਿ ਕਈ-ਕਈ ਸੌ ਕਰੋੜ ਵਾਲੇ ਡਿਫਾਲਟਰਾਂ ਦੇ ਨਾਂਅ ਜਾਰੀ ਕਰ ਦਿੱਤੇ ਜਾਣ ਅਤੇ ਇਸ ਵਿੱਚ ਪਹਿਲਾ ਕੁਹਾੜਾ ਵਿਜੇ ਮਾਲਿਆ ਉੱਤੇ ਚੱਲਣ ਦਾ ਸਬੱਬ ਹੋ ਗਿਆ। ਇੱਕ ਬੈਂਕ ਨੇ ਕਿਹਾ ਕਿ ਉਸ ਨੇ ਪੰਜ ਸੌ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਸੀ ਤੇ ਮੋੜਦਾ ਨਹੀਂ ਸੀ। ਦੂਸਰੇ ਨੇ ਨੌਂ ਸੌ ਕਰੋੜ ਕਿਹਾ ਅਤੇ ਇਸ ਪਿੱਛੋਂ ਵਾਰੀ-ਵਾਰੀ ਸਾਰੇ ਬੈਂਕ ਉਸ ਦੀ ਦੇਣਦਾਰੀ ਦੱਸਣ ਲੱਗ ਪਏ। ਹੈਰਾਨੀ ਵਾਲੀ ਗੱਲ ਇਹ ਪਤਾ ਲੱਗੀ ਕਿ ਜਦੋਂ ਇੱਕ ਬੈਂਕ ਵੱਲੋਂ ਉਸ ਨੂੰ ਵਿਲ-ਫੁਲ ਡਿਫਾਲਟਰ (ਜਾਣ-ਬੁੱਝ ਕੇ ਕਰਜ਼ਾ ਨਾ ਮੋੜਨ ਵਾਲਾ) ਐਲਾਨ ਕੀਤਾ ਜਾ ਚੁੱਕਾ ਸੀ, ਉਸ ਦੇ ਬਾਅਦ ਵੀ ਕੁਝ ਬੈਂਕਾਂ ਨੇ ਉਸ ਨੂੰ ਹੋਰ ਕਰਜ਼ਾ ਦੇ ਛੱਡਿਆ। ਇਹ ਕੰਮ ਸਿਰਫ਼ ਮਾਇਆ ਦਾ ਛੱਟਾ ਦੇ ਕੇ ਕਰਵਾਇਆ ਜਾਂਦਾ ਹੈ। ਜਦੋਂ ਵਿਜੇ ਮਾਲਿਆ ਫਸਣ ਲੱਗਾ ਤਾਂ ਬੈਂਕਾਂ ਵਾਲੇ ਸਰਗਰਮ ਹੋ ਗਏ ਹਨ।
ਇਸ ਬੁੱਧਵਾਰ ਦੇ ਦਿਨ ਜਦੋਂ ਸੁਪਰੀਮ ਕੋਰਟ ਵਿੱਚ ਸਤਾਰਾਂ ਬੈਂਕਾਂ ਨੇ ਸਾਂਝੀ ਅਰਜ਼ੀ ਪਾਈ ਕਿ ਮਾਲਿਆ ਨੂੰ ਦੇਸ਼ ਵਿੱਚੋਂ ਬਾਹਰ ਭੱਜਣ ਤੋਂ ਰੋਕਿਆ ਜਾਵੇ ਤਾਂ ਹੋਰ ਵੀ ਹੈਰਾਨੀ ਵਾਲੀਆਂ ਗੱਲਾਂ ਸਾਹਮਣੇ ਆਈਆਂ। ਇੱਕ ਤਾਂ ਇਹ ਕਿ ਇਨ੍ਹਾਂ ਬੈਂਕਾਂ ਨੇ ਪਹਿਲਾਂ ਇਸ ਬਾਰੇ ਕਾਰਵਾਈ ਹੀ ਨਹੀਂ ਸੀ ਕੀਤੀ ਤੇ ਜਦੋਂ ਕੀਤੀ ਤਾਂ ਸਰਕਾਰ ਦੇ ਵਕੀਲ ਨੇ ਇਹ ਭੇਦ ਖੋਲ੍ਹ ਦਿੱਤਾ ਕਿ ਰੋਕਣਾ ਕਿਸ ਨੂੰ ਹੈ, ਮਾਲਿਆ ਦੋ ਮਾਰਚ ਦਾ ਏਥੋਂ ਨਿਕਲ ਗਿਆ ਹੈ। ਫਿਰ ਇਹ ਗੱਲ ਪੁੱਛੀ ਗਈ ਕਿ ਵਿਜੇ ਮਾਲਿਆ ਦੇ ਵਿਰੁੱਧ ਕਾਰਵਾਈ ਹੁਣ ਤੱਕ ਕੀ ਹੋਈ ਤਾਂ ਪਤਾ ਲੱਗਾ ਕਿ ਕਰਜ਼ਾ ਵਸੂਲੀ ਟ੍ਰਿਬਿਊਨਲ ਹੁਣ ਭਾਵੇਂ ਬਹੁਤ ਸਖ਼ਤ ਹੈ, ਪਰ ਜਦੋਂ ਕਾਰਵਾਈ ਕਰਨ ਦੀ ਲੋੜ ਸੀ ਤਾਂ ਉਸ ਨੇ ਸੱਤਰ ਤੋਂ ਵੱਧ ਵਾਰੀ ਸੁਣਵਾਈ ਦੀ ਤਾਰੀਖ ਮੁਲਤਵੀ ਕਰ ਛੱਡੀ ਸੀ। ਤੀਸਰੀ ਗੱਲ ਇਹ ਪਤਾ ਲੱਗੀ ਕਿ ਅੰਬਾਲੇ ਦੀ ਇੱਕ ਅਦਾਲਤ ਨੇ ਵਿਜੇ ਮਾਲਿਆ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਸਨ, ਪਰ ਉਨ੍ਹਾਂ ਬਾਰੇ ਕਿਸੇ ਵੀ ਹਵਾਈ ਅੱਡੇ ਨੂੰ ਇਹ ਸੂਚਨਾ ਨਹੀਂ ਸੀ ਭੇਜੀ ਗਈ ਕਿ ਇਸ ਬੰਦੇ ਨੂੰ ਰੋਕਣਾ ਹੈ। ਜਦੋਂ ਉਹ ਚਲਾ ਗਿਆ ਤਾਂ ਅੱਖਾਂ ਓਹਲੇ ਹੋ ਗਏ ਸੱਪ ਦੀ ਲਕੀਰ ਉੱਤੇ ਸੋਟੇ ਮਾਰਨ ਦਾ ਕੰਮ ਹਰ ਕੋਈ ਕਰੀ ਜਾਂਦਾ ਹੈ।
ਕਾਂਗਰਸ ਵਾਲੇ ਹੁਣ ਭਾਜਪਾ ਵਾਲਿਆਂ ਨੂੰ ਦੋਸ਼ ਦੇ ਰਹੇ ਹਨ ਕਿ ਉਸ ਨੂੰ ਜਾਣ ਦਿੱਤਾ ਹੈ ਤੇ ਭਾਜਪਾ ਵਾਲੇ ਇਹ ਕਹਿੰਦੇ ਹਨ ਕਿ ਕਾਂਗਰਸੀ ਸਰਕਾਰ ਵੇਲੇ ਉਸ ਨੂੰ ਦੋਸ਼ੀ ਮੰਨਿਆ ਜਾ ਚੁੱਕਾ ਸੀ, ਪਰ ਕਾਰਵਾਈ ਨਹੀਂ ਸੀ ਕੀਤੀ ਗਈ। ਦੋਸ਼ੀ ਦੋਵੇਂ ਧਿਰਾਂ ਹਨ, ਕਿਉਂਕਿ ਬੈਂਕਾਂ ਨਾਲ ਠੱਗੀਆਂ ਕਰਨ ਦਾ ਕੰਮ ਕਾਂਗਰਸੀ ਰਾਜ ਦੇ ਵਿੱਚ ਵੀ ਹੋਇਆ ਸੀ ਤੇ ਭਾਜਪਾ ਰਾਜ ਵਿੱਚ ਵੀ। ਕਿੰਗਫਿਸ਼ਰ ਏਅਰਲਾਈਨ ਦਾ ਭੱਠਾ ਬਿਠਾ ਕੇ ਵੀ ਉਹ ਦੇਸ਼ ਵਿੱਚ ਐਸ਼ ਕਰਦਾ ਰਿਹਾ ਸੀ, ਪਰ ਕਾਂਗਰਸੀ ਸਰਕਾਰ ਨੇ ਕੁਝ ਨਹੀਂ ਸੀ ਕੀਤਾ। ਜਦੋਂ ਨਵਾਂ ਰਾਜ ਆ ਗਿਆ ਤਾਂ ਇਨ੍ਹਾਂ ਨੇ ਵੀ ਸਾਰਾ ਕੁਝ ਜਾਣਦੇ ਹੋਣ ਦੇ ਬਾਵਜੂਦ ਉਸ ਨੂੰ ਫੜਨ ਦੀ ਲੋੜ ਨਹੀਂ ਸਮਝੀ। ਜਿਹੜਾ ਪੈਸਾ ਲੁਟੇਰੇ ਲੁੱਟੀ ਜਾ ਰਹੇ ਹਨ, ਲਲਿਤ ਮੋਦੀ ਲੁੱਟਦਾ ਹੋਵੇ ਜਾਂ ਵਿਜੇ ਮਾਲਿਆ, ਉਹ ਪੈਸਾ ਭਾਰਤ ਦੇ ਨਾਗਰਿਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦਾ ਹੈ। ਨਾ ਇਸ ਦੀ ਚਿੰਤਾ ਭਾਜਪਾ ਵਾਲਿਆਂ ਨੂੰ ਹੈ ਤੇ ਨਾ ਕਾਂਗਰਸ ਵਾਲਿਆਂ ਨੂੰ। ਦੋਵਾਂ ਪਾਰਟੀਆਂ ਦੇ ਲੀਡਰਾਂ ਦੀ ਚੋਰਾਂ ਤੇ ਲੁਟੇਰਿਆਂ ਨਾਲ ਪੱਕੀ-ਪੀਡੀ ਸਾਂਝ ਹੋਣ ਕਾਰਨ ਉਹ ਲੁੱਟ ਕੇ ਖਿਸਕ ਜਾਂਦੇ ਹਨ।
ਬਹੁਤ ਸੁਣਿਆ ਜਾਂਦਾ ਹੈ ਕਿ ਭਾਰਤ ਵਿੱਚ ਸਹਿਣਸ਼ੀਲਤਾ ਦੀ ਘਾਟ ਹੈ, ਪਰ ਇਹੋ ਜਿਹੇ ਕੇਸ ਵੇਖੇ ਜਾਣ ਤਾਂ ਇੰਜ ਜਾਪਦਾ ਹੈ ਕਿ ਸਹਿਣਸ਼ੀਲਤਾ ਦੀ ਘਾਟ ਵਿਚਾਰਾਂ ਦੇ ਮੈਦਾਨ ਵਿੱਚ ਹੈ, ਚੋਰਾਂ ਨਾਲ ਸਹਿਣਸ਼ੀਲਤਾ ਦੀ ਨੀਤੀ ਸਿਖ਼ਰਾਂ ਛੋਹ ਰਹੀ ਹੈ। ਭ੍ਰਿਸ਼ਟਾਚਾਰ ਦੀ ਨੀਂਹ ਉੱਤੇ ਖੜੀ ਇਸੇ ਸਹਿਣਸ਼ੀਲਤਾ ਦਾ ਲਾਭ ਉਠਾ ਕੇ ਵਿਜੇ ਮਾਲਿਆ ਆਪਣੀ ਸੁਰੱਖਿਅਤ ਪਨਾਹਗਾਹ ਵਿੱਚ ਇੰਗਲੈਂਡ ਜਾ ਪਹੁੰਚਾ ਹੈ ਤੇ ਲੋਕ ਵੇਖਦੇ ਰਹੇ ਹਨ।

No comments: