Sunday, March 20, 2016

ਹਰੀਸ਼ ਰਾਵਤ ਨੂੰ 28 ਮਾਰਚ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ

ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਖਾਰਜ ਕਰਨ ਦੀ ਚੇਤਾਵਨੀ
ਨਵੀਂ ਦਿੱਲੀ: 20 ਮਾਰਚ 2016: (ਪੰਜਾਬ ਸਕਰੀਨ ਬਿਊਰੋ):
ਸਿਧਾਂਤਾਂ ਦੀਆਂ ਗੱਲਾਂ ਸ਼ਾਇਦ ਕਹਿਣ ਸੁਣਨ ਵਿੱਚ ਹੀ ਲੱਗਦੀਆਂ ਹਨ ਜਦੋਂ ਸੱਤਾ ਸਾਹਮਣੇ ਹੋਵੇ ਤਾਂ ਸਾਰੇ ਅਸੂਲ ਛਿੱਕੇ ਟੰਗ, ਕੇ ਅਤੇ ਦੁਨੀਆ ਭਰ ਦੇ ਵਾਅਦੇ ਕਰਕੇ ਕੁਰਸੀ ਨੂੰ ਹਾਸਿਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।  ਉੱਤਰਾਖੰਡ ਦੇ ਘਟਨਾਕ੍ਰਮ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਆਪਣੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਦਲ ਬਦਲ ਵਿਰੋਧੀ ਕਾਨੂੰਨ ਵੀ ਬੇਬਸ ਜਹੇ ਨਜਰ ਆ ਰਹੇ ਹਨ। ਦਲ ਬਦਲੀ ਕਰ ਸਕਣ ਵਾਲੇ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਖਾਰਜ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ। 
ਖਬਰਾਂ ਮੁਤਾਬਿਕ ਉਤਰਾਖੰਡ ਦੀ ਸਿਆਸਤ 'ਚ ਆਇਆ ਭੁਚਾਲ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਮੁੱਖ ਮੰਤਰੀ ਹਰੀਸ਼ ਰਾਵਤ ਸੂਬੇ ਦੀ ਸਿਆਸੀ ਸਥਿਤੀ ਬਾਰੇ ਹਾਈ ਕਮਾਂਡ ਨਾਲ ਵਿਚਾਰ-ਵਟਾਂਦਰਾ ਕਰਨ ਲਈ ਅੱਜ ਸ਼ਾਮ ਦਿੱਲੀ ਪਹੁੰਚ ਗਏ।
ਜ਼ਿਕਰਯੋਗ ਹੈ ਕਿ ਉਤਰਾਖੰਡ 'ਚ ਕਾਂਗਰਸ ਦੇ 9 ਵਿਧਾਇਕਾਂ ਦੀ ਬਗਾਵਤ ਮਗਰੋਂ ਹਰੀਸ਼ ਰਾਵਤ ਸਰਕਾਰ ਸੰਕਟ 'ਚ ਹੈ। ਉਤਰਾਖੰਡ ਦੇ ਰਾਜਪਾਲ ਕ੍ਰਿਸ਼ਨਕਾਂਤ ਪਾਲ ਨੇ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਵਿਧਾਨ ਸਭਾ 'ਚ 28 ਮਾਰਚ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਹਰੀਸ਼ ਰਾਵਤ ਨੇ ਦਾਅਵਾ ਕੀਤਾ ਕਿ ਉਨ੍ਹਾ ਨੂੰ ਬਹੁਮਤ ਪ੍ਰਾਪਤ ਹੈ ਅਤੇ ਇਸ ਦੇ ਨਾਲ ਹੀ ਉਨ੍ਹਾ ਭਾਰਤੀ ਜਨਤਾ ਪਾਰਟੀ 'ਤੇ 5-5 ਕਰੋੜ ਰੁਪਏ ਦਾ ਲਾਲਚ ਦੇ ਕੇ ਕਾਂਗਰਸ ਵਿਧਾਇਕਾਂ ਨੂੰ ਖਰੀਦਣ ਦਾ ਦੋਸ਼ ਵੀ ਲਾਇਆ।
ਮੁੱਖ ਮੰਤਰੀ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਉਹ ਸੂਬੇ 'ਚ ਲੋਕਤੰਤਰ ਦਾ ਕਤਲ ਕਰ ਰਹੀ ਹੈ। ਉਨ੍ਹਾ ਕਿਹਾ ਕਿ ਭਾਜਪਾ ਨੂੰ ਲੋਕਤੰਤਰ ਦਾ ਕਤਲ ਕਰਨ ਦੀ ਥਾਂ ਰੰਗਾਂ ਦੀ ਹੋਲੀ ਖੇਡਣੀ ਚਾਹੀਦੀ ਹੈ। ਇਸ ਦੌਰਾਨ ਵਿਧਾਨ ਸਭਾ ਸਪੀਕਰ ਵੱਲੋਂ ਬਗਾਵਤ ਕਰਨ ਵਾਲੇ 9 ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਬੀਤੀ ਰਾਤ ਦੇਹਰਾਦੂਨ ਦੇ ਐੱਮ ਐੱਲ ਏ ਹੋਸਟਲ ਅਤੇ ਵਿਧਾਇਕਾਂ ਦੀ ਰਿਹਾਇਸ਼ 'ਤੇ ਪੁਲਸ ਦੀ ਮੌਜੂਦਗੀ 'ਚ ਨੋਟਿਸ ਚਿਪਕਾ ਦਿੱਤੇ ਗਏ। ਨੋਟਿਸ 'ਚ ਵਿਧਾਇਕਾਂ ਨੂੰ 26 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇ ਉਨ੍ਹਾਂ ਨੋਟਿਸ ਦਾ ਜੁਆਬ ਨਾ ਦਿੱਤਾ ਤਾਂ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰੀ ਖਾਰਜ ਕਰ ਦਿੱਤੀ ਜਾਵੇਗੀ। ਸੰਸਦੀ ਮਾਮਲਿਆਂ ਦੀ ਮੰਤਰੀ ਇੰਦਰਾ ਹਿਰਦੇਸ਼ ਨੇ ਇਸ ਨੂੰ ਦਲ ਬਦਲ ਕਾਨੂੰਨ ਤਹਿਤ ਕੀਤੀ ਗਈ ਕਾਰਵਾਈ ਦੱਸਿਆ ਹੈ। ਉਨ੍ਹਾ ਕਿਹਾ ਕਿ ਭਾਜਪਾ ਉਥੇ ਪੈਸੇ ਅਤੇ ਸਿਆਸੀ ਧੱਕੇ ਨਾਲ ਸਰਕਾਰ ਬਣਾਉਣਾ ਚਾਹੁੰਦੀ ਹੈ, ਜਿੱਥੇ ਇਸ ਵੇਲੇ ਉਹਨਾ ਦੀ ਸਰਕਾਰ ਹੈ। ਇਸ ਦੌਰਾਨ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ 'ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਬਿਹਾਰ 'ਚ ਨਾਕਾਮ ਹੋਣ ਮਗਰੋਂ ਵਿਧਾਇਕਾਂ ਦੀ ਖਰੀਦੋ-ਫਰੋਖਤ ਰਾਹੀਂ ਚੁਣੀ ਹੋਈ ਸਰਕਾਰ ਨੂੰ ਡੇਗਣਾ, ਪੈਸੇ ਅਤੇ ਸੱਤਾ ਦੀ ਦੁਰਵਰਤੋਂ ਕਰਨਾ ਭਾਜਪਾ ਦੀ ਨਵੀਂ ਪਛਾਣ ਬਣ ਗਈ ਹੈ। ਉਨ੍ਹਾ ਕਿਹਾ ਕਿ ਪਹਿਲਾਂ ਅਰੁਣਾਚਲ ਅਤੇ ਹੁਣ ਉਤਰਾਖੰਡ 'ਚ ਲੋਕਤੰਤਰ ਅਤੇ ਸੰਵਿਧਾਨ 'ਤੇ ਹਮਲਾ ਮੋਦੀ ਜੀ ਦੀ ਭਾਜਪਾ ਦਾ ਅਸਲੀ ਚਿਹਰਾ ਹੈ।

No comments: